ਕੀ ਉਤਰਾਖੰਡ ਦੇ 132 ਪਿੰਡਾਂ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਧੀ ਨੇ ਜਨਮ ਨਹੀਂ ਲਿਆ?

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਰਿਪੋਰਟ ਆਈ ਕਿ ਉਤਰਾਖੰਡ ਦੇ 132 ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੋਈ ਧੀ ਹੀ ਨਹੀਂ ਜੰਮੀ ਤਾਂ ਇਸ ਨੇ ਹਲਚਲ ਮਚਾ ਕੇ ਰੱਖ ਦਿੱਤੀ ਤੇ ਸਰਕਾਰ ਨੂੰ ਜਾਂਚ ਕਰਵਾਉਣ ਲਈ ਮਜਬੂਰ ਹੋਣਾ ਪਿਆ।

ਇਹ 'ਨੋ-ਗਰਲ ਵਿਲੇਜਿਜ਼' (ਬਿਨਾਂ ਕੁੜੀਆਂ ਦੇ ਪਿੰਡ) ਉੱਤਰਕਾਸ਼ੀ ਦੇ ਹਨ ਜਿੱਥੇ ਕਰੀਬ 4 ਲੱਖ ਲੋਕ 550 ਪਿੰਡਾਂ ਅਤੇ ਪੰਜ ਕਸਬਿਆਂ ਵਿੱਚ ਰਹਿੰਦੇ ਹਨ। ਜ਼ਿਆਦਾਤਰ ਇਲਾਕਾ ਪਹਾੜੀ ਅਤੇ ਦੂਰ-ਦੁਰਾਡਾ ਹੈ।

ਭਾਰਤ ਪਹਿਲਾਂ ਹੀ ਭਿਆਨਕ ਲਿੰਗ-ਅਨੁਪਾਤ ਅਸੰਤੁਲਨ ਨਾਲ ਜੂਝ ਰਿਹਾ ਹੈ। ਮੁੱਖ ਤੌਰ 'ਤੇ ਇਹ ਇਲਾਕਾ ਗ਼ੈਰ-ਕਾਨੂੰਨੀ ਗਰਭਪਾਤ ਦੇ ਕਾਰਨ ਸੁਰਖ਼ੀਆਂ ਵਿੱਚ ਵੀ ਆਇਆ ਹੈ। ਉੱਥੇ ਇਹ ਖ਼ਬਰ ਹੋਰ ਰੋਸ ਦਾ ਕਾਰਨ ਬਣ ਰਹੀ ਹੈ। ਹਾਂ ਪਰ ਹੋ ਸਕਦਾ ਹੈ ਕਿ ਇਹ ਪੂਰੇ ਤਰੀਕੇ ਨਾਲ ਸੱਚ ਵੀ ਨਹੀਂ ਹੋਵੇ।

ਰਿਪੋਰਟ ਮੁਤਾਬਕ ਅਪ੍ਰੈਲ ਤੋਂ ਜੂਨ ਮਹੀਨੇ ਵਿੱਚ ਇੱਥੇ 216 ਮੁੰਡਿਆਂ ਨੇ ਜਨਮ ਲਿਆ ਪਰ ਕਿਸੇ ਕੁੜੀ ਨੇ ਨਹੀਂ। ਅਧਿਆਕਰੀਆਂ ਮੁਤਾਬਕ ਇਸੇ ਸਮੇਂ ਦੌਰਾਨ 129 ਵੱਖ-ਵੱਖ ਪਿੰਡਾਂ ਵਿੱਚ 180 ਕੁੜੀਆਂ ਪੈਦਾ ਹੋਈਆਂ ਪਰ ਕਿਸੇ ਮੁੰਡੇ ਨੇ ਜਨਮ ਨਹੀਂ ਲਿਆ।

ਇਨ੍ਹਾਂ ਮਾੜੇ ਹਾਲਾਤ ਦਾ ਇੱਕ ਹੋਰ ਪੱਖ ਹੈ ਕਿ 166 ਹੋਰ ਪਿੰਡਾਂ ਵਿੱਚ 88 ਕੁੜੀਆਂ ਤੇ 78 ਮੁੰਡਿਆਂ ਨੇ ਜਨਮ ਲਿਆ ਹੈ।

ਇਹ ਵੀ ਪੜ੍ਹੋ:

ਉੱਤਰਕਾਸ਼ੀ ਵਿੱਚ ਅਪ੍ਰੈਲ ਤੋ ਜੂਨ ਮਹੀਨੇ ਤੱਕ ਕੁੱਲ 961 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਕੁੱਲ 479 ਕੁੜੀਆਂ ਪੈਦਾ ਹੋਈਆਂ ਅਤੇ 468 ਮੁੰਡੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ 1000 ਮਰਦਾਂ ਪਿੱਛੇ 1,024 ਔਰਤਾਂ ਦਾ ਹੈ ਜਦਕਿ ਕੌਮੀ ਔਸਤ 1,000 ਮਰਦਾਂ ਪਿੱਛੇ 933 ਔਰਤਾਂ ਦੀ ਹੈ।

ਅਧਿਕਾਰੀ ਕਹਿੰਦੇ ਹਨ ਕਿ ਇਹ ਅੰਕੜਾ ਜ਼ਿਲ੍ਹੇ ਦੇ ਚੰਗੇ ਲਿੰਗ ਅਨੁਪਾਤ — 1,000 ਮਰਦਾਂ ਪਿੱਛੇ 1,024 ਔਰਤਾਂ — ਦੇ ਨੇੜੇ ਖੜ੍ਹਦਾ ਹੈ, ਜੋ ਕਿ ਰਾਸ਼ਟਰੀ ਅਨੁਪਾਤ (1,000:933) ਤੋਂ ਬਿਹਤਰ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਵ ਤੌਰ 'ਤੇ ਮੀਡੀਆ ਵੱਲੋਂ ਵਲੰਟੀਅਰ ਹੈਲਥ ਵਰਕਰਾਂ ਕੋਲੋਂ ਡਾਟਾ ਲਿਆ ਗਿਆ ਹੈ। 600 ਦੇ ਕਰੀਬ ਵਰਕਰਾਂ ਨੂੰ ਪ੍ਰੈਗਨੈਂਸੀ ਅਤੇ ਜਨਮ ਦਰਜ ਕਰਨ, ਟੀਕਾਕਰਣ ਅਤੇ ਜਨਮ ਕੰਟਰੋਲ ਪ੍ਰੋਗਰਾਮਾਂ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਆਸ਼ੀਸ਼ ਚੌਹਾਨ ਦਾ ਕਹਿਣਾ ਹੈ, "ਮੈਨੂੰ ਜਾਪਦਾ ਹੈ ਕਿ ਮੀਡੀਆ ਰਿਪੋਰਟਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਪਰਿਪੇਖ ਨੂੰ ਸਮਝਿਆ ਨਹੀਂ ਜਾ ਰਿਹਾ। ਅਸੀਂ ਫਿਰ ਵੀ ਜਾਂਚ ਦੇ ਹੁਕਮ ਦੇ ਦਿੱਤੇ ਹਨ।"

ਹੁਣ 82 ਪਿੰਡਾਂ ਵਿੱਚ ਜਾਂਚ ਲਈ 26 ਕਰਮਚਾਰੀ ਭੇਜੇ ਗਏ ਹਨ ਜੋ ਇਹ ਵੇਖਣਗੇ ਕਿ ਅੰਕੜਿਆਂ 'ਚ ਗਲਤੀ ਤਾਂ ਨਹੀਂ।

ਗਲਤੀ ਹੋਈ ਕਿੱਥੇ?

ਇੱਕ ਤਾਂ ਇਹ ਹੋਇਆ ਹੋ ਸਕਦਾ ਹੈ ਕਿ ਅੰਕੜੇ ਅਧੂਰੇ ਹੋਣ ਅਤੇ ਸਿਹਤ ਕਰਮੀਆਂ ਨੇ ਗ਼ਲਤੀ ਕਰ ਦਿੱਤੀ ਹੋਵੇ।

ਦੂਜਾ ਇਹ ਵੀ ਵੇਖਣਾ ਪਵੇਗਾ ਕਿ ਉੱਤਰਕਾਸ਼ੀ ਵਿੱਚ ਆਬਾਦੀ ਬਹੁਤ ਘੱਟ ਅਤੇ ਵਿਰਲੀ ਹੈ। ਇੱਕ ਪਿੰਡ ਦੀ ਔਸਤ ਅਬਾਦੀ 500 ਹੈ ਤੇ ਕਈ ਪਿੰਡਾਂ 'ਚ ਤਾਂ 100 ਲੋਕ ਹੀ ਹਨ।

ਅਜਿਹੇ ਨਿੱਕੇ ਪਿੰਡਾਂ ਵਿੱਚ 10-15 ਘਰ ਹੁੰਦੇ ਹਨ ਅਤੇ ਜੇ ਸਿਰਫ ਮੁੰਡੇ ਵੀ ਪੈਦਾ ਹੋ ਰਹੇ ਹਨ ਤਾਂ ਇਸ ਦਾ ਕੋਈ ਵੱਡਾ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ।

ਆਸ਼ੀਸ਼ ਚੌਹਾਨ ਦਾ ਕਹਿਣਾ ਹੈ, "ਜੇ ਵਾਕਈ ਇਨ੍ਹਾਂ ਪਿੰਡਾਂ ਵਿੱਚ ਕੁੜੀਆਂ ਪੈਦਾ ਹੀ ਨਹੀਂ ਹੋ ਰਹੀਆਂ ਤਾਂ ਸੂਬੇ ਦੇ ਅੰਕੜਿਆਂ ਉੱਤੇ ਵੀ ਤਾਂ ਅਸਰ ਨਜ਼ਰ ਆਉਂਦਾ!"

ਸਥਾਨਕ ਵਸਨੀਕ ਕਹਿੰਦੇ ਹਨ ਕਿ ਇਸ ਇਲਾਕੇ ਵਿੱਚ ਲਿੰਗ ਦੇ ਆਧਾਰ 'ਤੇ ਵਿਤਕਰਾ ਨਹੀਂ ਹੈ ਅਤੇ ਇਸੇ ਕਰਕੇ ਇੱਥੇ ਲਿੰਗ ਅਨੁਪਾਤ ਚੰਗਾ ਹੈ।

ਰੌਸ਼ਨੀ ਰਾਵਤ ਨਾਂ ਦੀ ਇੱਕ ਵਸਨੀਕ ਨੇ ਹਿੰਦੁਸਤਾਨ ਟਾਈਮਜ਼ ਅਖਬਾਰ ਨੂੰ ਆਖਿਆ, "ਕੁੜੀ ਹੋਵੇ ਜਾਂ ਮੁੰਡਾ, ਅਸੀਂ ਸਿਰਫ਼ ਸਿਹਤਮੰਦ ਬੱਚਾ ਪੈਦਾ ਹੋਣ ਦੀ ਦੁਆ ਕਰਦੇ ਹਾਂ।"

ਇਸ ਇਲਾਕੇ ਵਿੱਚ ਰਵਾਇਤੀ ਤੌਰ 'ਤੇ ਔਰਤਾਂ ਹੀ ਖੇਤਾਂ ਵਿੱਚ ਕੰਮ ਕਰਦੀਆਂ ਹਨ ਅਤੇ ਘਰ ਵੀ ਸਾਂਭਦੀਆਂ ਹਨ। ਮਰਦਾਂ ਵਿੱਚ ਤਾਂ ਸ਼ਰਾਬ ਦੀ ਆਦਤ ਵੀ ਬਹੁਤ ਮਿਲਦੀ ਹੈ।

ਅਧਿਕਾਰੀ ਕਹਿੰਦੇ ਹਨ ਕਿ ਇੱਥੇ ਕੰਨਿਆ ਭਰੂਣ ਹੱਤਿਆ ਦਾ ਕੋਈ ਮਾਮਲਾ ਕਈ ਸਾਲਾਂ ਤੋਂ ਨਹੀਂ ਆਇਆ। ਅਲਟਰਾਸਾਊਂਡ ਲਈ ਪੂਰੇ ਜ਼ਿਲ੍ਹੇ ਵਿੱਚ ਤਿੰਨ ਮਸ਼ੀਨਾਂ ਹਨ, ਤਿੰਨੋਂ ਹੀ ਸਰਕਾਰੀ ਹਸਪਤਾਲਾਂ ਵਿੱਚ।

ਇਹ ਵੀ ਪੜ੍ਹੋ:

ਆਸ਼ੀਸ਼ ਚੌਹਾਨ ਕਹਿੰਦੇ ਹਨ, "ਇੱਥੇ ਕੋਈ ਅਜਿਹਾ ਵੱਡਾ ਕਾਰੋਬਾਰ ਨਹੀਂ ਕਿ ਭਰੂਣ ਹੱਤਿਆ ਕੀਤੀ ਜਾਵੇ ਜਾਂ ਗਰਭਪਾਤ ਕਰਵਾ ਦਿੱਤੇ ਜਾਣ।"

ਹਾਂ, ਇੱਕ ਗੱਲ ਜ਼ਰੂਰ ਹੈ — ਇੱਥੇ ਵਧੇਰੇ ਬੱਚਿਆਂ ਦਾ ਜਨਮ ਘਰ ਵਿੱਚ ਵੀ ਹੁੰਦਾ ਹੈ।

2019 ਦੇ ਅਪ੍ਰੈਲ ਤੋਂ ਲੈ ਕੇ ਜੂਨ ਤੱਕ 961 ਜਨਮਾਂ ਵਿੱਚੋਂ 207 ਘਰਾਂ ਵਿੱਚ ਹੋਏ। ਬਾਕੀ ਹਸਪਤਾਲਾਂ ਵਿੱਚ ਹੋਏ। ਘਰਾਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਵਿੱਚੋਂ 109 ਮੁੰਡੇ ਸਨ ਤੇ 93 ਕੁੜੀਆਂ, ਜੋ ਕਿ ਜ਼ਿਲ੍ਹੇ ਦੇ ਲਿੰਗ ਅਨੁਪਾਤ ਤੋਂ ਉਲਟ ਜਾਪਦਾ ਹੈ।

ਜ਼ਿਲ੍ਹੇ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਰਹੇ ਡਾ. ਚੰਦਨ ਸਿੰਘ ਰਾਵਤ ਨੇ ਦੱਸਿਆ, "ਇਹ ਇੱਕ ਬੁਝਾਰਤ ਹੈ। ਇਸ ਦੀ ਹੋਰ ਜਾਂਚ ਕਰਾਂਗੇ।"

ਇੱਕ ਹਫ਼ਤੇ ਵਿੱਚ ਇਸ ਬਾਰੇ ਸਾਫ਼ ਤਸਵੀਰ ਨਜ਼ਰ ਆਉਣ ਦੀ ਉਮੀਦ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)