ਕੰਗਨਾ ਰਣੌਤ ਸਣੇ 62 ਹਸਤੀਆਂ ਨੇ ਕੀਤਾ ਮੋਦੀ ਦਾ ਬਚਾਅ: ‘ਬੋਲਣ ਦੀ ਆਜ਼ਾਦੀ ਹੁਣ ਜਿੰਨੀ ਕਦੇ ਨਹੀਂ ਰਹੀ’

ਭਾਰਤ ਵਿੱਚ ਭੀੜ ਹੱਥੀਂ ਕਤਲ ਦੇ ਮਾਮਲੇ ਅਤੇ ਕਥਿਤ ਕੱਟੜਤਾ ਦੇ ਵਧਦੇ ਪ੍ਰਭਾਵ ਤੋਂ ਚਿੰਤਤ 49 ਕਲਾਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਦਾ ਜਵਾਬ ਆ ਗਿਆ ਹੈ।

ਮੋਦੀ ਨੇ ਤਾਂ ਜਵਾਬ ਨਹੀਂ ਦਿੱਤਾ ਪਰ ਅਦਾਕਾਰਾ ਕੰਗਨਾ ਰਣੌਤ, ਲੇਖਕ ਤੇ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ, ਸੇਵਾਮੁਕਤ ਮੇਜਰ ਜਨਰਲ ਪੀ.ਕੇ. ਮਲਿਕ ਸਮੇਤ 62 ਹਸਤੀਆਂ ਨੇ ਪ੍ਰਧਾਨ ਮੰਤਰੀ ਅਤੇ ਸਰਕਾਰ ਦਾ ਬਚਾਅ ਕਰਦਿਆਂ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ।

ਇਨ੍ਹਾਂ ਨੇ 49 ਬੁੱਧੀਜੀਵੀਆਂ ਦੇ ਖ਼ਤ ਨੂੰ 'ਚੋਣਵੀਂ ਨਰਾਜ਼ਗੀ ਅਤੇ ਝੂਠਾ ਬਿਰਤਾਂਤ' ਆਖਿਆ ਹੈ।

ਇਹ ਵੀ ਜ਼ਰੂਰਪੜ੍ਹੋ

ਕੀ ਲਿਖਿਆ ਹੈ ਜਵਾਬੀ ਖ਼ਤ ਵਿੱਚ...

ਖ਼ਤ ਵਿੱਚੋਂ ਲਏ ਗਏ ਕੁਝ ਅੰਸ਼ ਹਨ: "23 ਜੁਲਾਈ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਲਿਖੇ ਗਏ ਖੁਲ੍ਹੇ ਖ਼ਤ ਨੇ ਸਾਨੂੰ ਹੈਰਾਨ ਕੀਤਾ ਹੈ... ਇਸ ਵਿੱਚ ਮੁਲਕ ਦੀ ਚੇਤਨਾ ਦੇ ਆਪੂਬਣੇ ਰਾਖਿਆਂ ਨੇ ਚੋਣਵੀਂ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸਾਫ਼ ਤੌਰ 'ਤੇ ਸਿਆਸੀ ਪੱਖਪਾਤ ਵਿਖਾਇਆ ਹੈ... ਇਹ ਪ੍ਰਧਾਨ ਮੰਤਰੀ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਨਕਾਰਾਤਮਕ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੈ।"

"ਉਸ ਖ਼ਤ 'ਤੇ ਹਸਤਾਖਰ ਕਰਨ ਵਾਲੇ (49 ਲੋਕ) ਉਦੋਂ ਚੁੱਪ ਸਨ ਜਦੋਂ ਆਦਿਵਾਸੀ ਲੋਕ ਨਕਸਲੀਆਂ ਦਾ ਸ਼ਿਕਾਰ ਬਣ ਰਹੇ ਸਨ... ਉਦੋਂ ਵੀ ਚੁੱਪ ਸਨ ਜਦੋਂ ਭਾਰਤ ਨੂੰ ਤੋੜਨ ਦੀ ਆਵਾਜ਼ ਉੱਠੀ ਸੀ।"

ਵੱਡਾ ਦਾਅਵਾ

ਜਵਾਬੀ ਖ਼ਤ ਵਿੱਚ ਮੋਦੀ ਦਾ ਬਚਾਅ ਕਰਦਿਆਂ ਇਹ ਦਾਅਵਾ ਕੀਤਾ ਗਿਆ ਹੈ, "ਅਸਲ ਵਿੱਚ ਮੋਦੀ ਸ਼ਾਸਨ ਦੌਰਾਨ ਅਸੀਂ ਵੱਖਰੀ ਰਾਇ ਰੱਖਣ ਅਤੇ ਸਰਕਾਰ ਤੇ ਵਿਵਸਥਾ ਦੀ ਆਲੋਚਨਾ ਕਰਨ ਦੀ ਸਭ ਤੋਂ ਜ਼ਿਆਦਾ ਆਜ਼ਾਦੀ ਵੇਖ ਰਹੇ ਹਾਂ। ਅਸਹਿਮਤੀ ਦੀ ਭਾਵਨਾ ਮੌਜੂਦਾ ਵੇਲੇਂ ਨਾਲੋਂ ਵੱਧ ਮਜ਼ਬੂਤ ਕਦੇ ਨਹੀਂ ਰਹੀ।"

ਇਹ ਵੀ ਲਿਖਿਆ ਹੈ ਕਿ "ਜਾਪਦਾ ਹੈ, ਬੋਲਣ ਦੀ ਆਜ਼ਾਦੀ ਦੇ ਨਾਂ 'ਤੇ ਭਾਰਤ ਦੀ ਆਜ਼ਾਦੀ, ਏਕਤਾ ਤੇ ਅਖੰਡਤਾ ਨੂੰ ਧੋਖਾ ਦਿੱਤਾ ਜਾ ਸਕਦਾ ਹੈ"।

ਜਵਾਬ ਕਿਸ ਚੀਜ਼ ਦਾ ਹੈ?

ਇਹ ਖ਼ਤ ਜਿਸ ਖੁੱਲੇ ਖ਼ਤ ਦਾ ਜਵਾਬ ਹੈ ਉਸ 'ਤੇ ਫ਼ਿਲਮਕਾਰ ਅਨੁਰਾਗ ਕਸ਼ਯਪ, ਲੇਖਕ-ਇਤਿਹਾਸਕਾਰ ਰਾਮਚੰਦਰ ਗੁਹਾ ਅਤੇ ਅਪਰਣਾ ਸੇਨ ਵਰਗੇ ਕਲਾਕਾਰਾਂ ਦੇ ਦਸਤਖ਼ਤ ਸਨ।

ਉਸ ਵਿੱਚ ਮੰਗ ਸੀ ਕਿ ਲਿੰਚਿੰਗ ਦੀਆਂ ਘਟਨਾਵਾਂ ਨੂੰ ਹੋਣੋਂ ਰੋਕਿਆ ਜਾਵੇ। ਦਾਅਵਾ ਸੀ ਕਿ ਅਜਿਹੀਆਂ 90 ਫ਼ੀਸਦੀ ਘਟਨਾਵਾਂ 2014 ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੋਈਆਂ ਹਨ।

ਕਿਹਾ ਗਿਆ ਸੀ ਕਿ ਮੁਸਲਮਾਨ ਭਾਰਤ ਦੀ ਆਬਾਦੀ ਦਾ 14 ਫ਼ੀਸਦੀ ਹਿੱਸਾ ਹਨ ਪਰ 62 ਫ਼ੀਸਦੀ ਅਪਰਾਧਾਂ ਦੇ ਸ਼ਿਕਾਰ ਹਨ।

ਇਹ ਵੀ ਜ਼ਰੂਰਪੜ੍ਹੋ

ਇਹ ਵੀ ਜ਼ਰੂਰਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)