ਸਿੱਖ ਰੈਫਰੈਂਸ ਲਾਇਬਰੇਰੀ ਦੇ ਦਸਤਾਵੇਜ਼ਾਂ ਚੋਂ 53 ਕਿਤਾਬਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਦਿੱਤੀਆਂ, ਹੋਰ ਕੋਈ ਦਸਤਾਵੇਜ਼ ਨਹੀਂ ਸਰਕਾਰ ਕੋਲ ਨਹੀਂ - ਗ੍ਰਹਿ ਮੰਤਰਾਲਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਬਲੂ ਸਟਾਰ ਮੌਕੇ ਸਿੱਖ ਰੈਫਰੈਂਸ ਲਾਇਬਰੇਰੀ ਦਾ ਫੌਜ, ਸੀਬੀਆਈ ਜਾਂ ਹੋਰ ਕਿਸੇ ਏਜੰਸੀ ਵਲੋਂ ਚੁੱਕਿਆ ਗਿਆ ਦਸਤਾਵੇਜ਼ ਹੁਣ ਭਾਰਤ ਸਰਕਾਰ ਕੋਲ ਬਕਾਇਆ ਨਹੀਂ ਹੈ।

ਬੀਬੀਸੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਇਸ ਸਬੰਧੀ ਜਾਣਕਾਰੀ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਲਿਖਤੀ ਤੌਰ ਉੱਤੇ ਦਾਅਵਾ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਮੌਕੇ ਚੁੱਕੇ ਗਏ ਸਾਰੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੇ ਗਏ ਹਨ।

ਗ੍ਰਹਿ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਬਾਬਤ ਕੋਈ ਚਿੱਠੀ ਜਾਂ ਪੱਤਰ ਮੰਤਰਾਲੇ ਨੂੰ ਨਹੀਂ ਮਿਲਿਆ ਹੈ, ਜਿਸ ਸਬੰਧੀ ਦਾਅਵਾ ਕੁਝ ਸਮਾਂ ਪਹਿਲਾਂ ਮੀਡੀਆ ਵਿਚ ਕੀਤਾ ਗਿਆ ਸੀ।

ਗ੍ਰਹਿ ਮੰਤਰਾਲੇ ਨੇ ਮਿਤੀ 12 ਜੂਨ ਦੀ ਆਪਣੀ ਚਿੱਠੀ ਰਾਹੀਂ ਕਿਹਾ ਹੈ, "ਪਹਿਲਾਂ ਹੀ ਸਿੱਖ ਰੈਫਰੈਂਸ ਲਾਇਬਰੇਰੀ ਬਾਰੇ 53 ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ।"

ਦਸਤਾਵੇਜ਼ ਵਾਪਸੀ ਦੀ ਲਗਾਤਾਰ ਹੋ ਰਹੀ ਹੈ ਮੰਗ

ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਸਾਲ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਹਰਿਮੰਦਰ ਸਾਹਿਬ ਦੀ ਲਾਇਬਰੇਰੀ ਤੋਂ ਗਾਇਬ ਕੀਤੇ ਗਏ ਇਤਿਹਾਸਕ ਦਸਤਾਵੇਜ਼ ਵਾਪਸ ਕੀਤੇ ਜਾਣ।

ਪਰ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਜਾਂ ਭਾਰਤੀ ਫ਼ੌਜ ਕੋਲ ਇਸ ਤਰੀਕੇ ਦੇ ਕੋਈ ਦਸਤਾਵੇਜ਼ ਨਹੀਂ ਹਨ। ਬੀਬੀਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਰਟੀਆਈ ਪਾ ਕੇ ਇਸ ਬਾਰੇ ਜਾਣਕਾਰੀ ਮੰਗੀ ਸੀ।

ਗ੍ਰਹਿ ਮੰਤਰਾਲੇ ਨੇ ਬੀਬੀਸੀ ਨੂੰ ਲਿਖਿਆ, "ਇਸ ਤੋਂ ਇਲਾਵਾ ਨਾ ਤਾਂ ਫ਼ੌਜ ਤੇ ਨਾ ਕੇਂਦਰੀ ਜਾਂਚ ਬਿਉਰੋ (ਸੀਬੀਆਈ) ਕੋਲ ਕੋਈ ਦਸਤਾਵੇਜ਼ ਜਾਂ ਕਿਤਾਬ ਨਹੀਂ ਹੈ।"

ਇਹ ਵੀ ਪੜ੍ਹੋ-

1984 ਵਿੱਚ ਇਸ ਆਪ੍ਰੇਸ਼ਨ ਵੇਲੇ ਹਰਿਮੰਦਰ ਸਾਹਿਬ ਤੋਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੱਢਣ ਦੇ ਨਾਂ ਉੱਤੇ ਫ਼ੌਜ ਵੱਲੋਂ ਟੈਂਕਾਂ ਤੇ ਬੰਦੂਕਾਂ ਦੀ ਵਰਤੋਂ ਕੀਤੀ ਗਈ ਸੀ।

ਆਪ੍ਰੇਸ਼ਨ ਬਲੂ ਸਟਾਰ ਕਾਰਨ ਹੀ ਦੋ ਸਿੱਖਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਕਤਲ ਕਰ ਦਿੱਤਾ ਸੀ।

ਇਸ ਆਪ੍ਰੇਸ਼ਨ ਤੋਂ ਬਾਅਦ ਲਗਭਗ ਇੱਕ ਦਹਾਕੇ ਤੱਕ ਪੰਜਾਬ ਵਿੱਚ ਕਾਲਾ ਦੌਰ ਚੱਲਦਾ ਰਿਹਾ ਸੀ।

ਗ੍ਰਹਿ ਮੰਤਰਾਲੇ ਨੂੰ ਨਹੀਂ ਮਿਲੀ ਮੁੱਖ ਮੰਤਰੀ ਦੀ ਚਿੱਠੀ

ਇਸ ਸਾਲ ਮਾਰਚ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬਰੇਰੀ ਤੋਂ ਗਾਇਬ ਕੀਤੇ ਗਏ ਇਤਿਹਾਸਕ ਦਸਤਾਵੇਜ਼ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ ਸੀ।

ਉਨ੍ਹਾਂ ਛੇਤੀ ਤੋਂ ਛੇਤੀ ਇਸ ਮੁੱਦੇ ਨੂੰ ਹੱਲ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਦੇ ਦਖ਼ਲ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸਿੱਖ ਭਾਈਚਾਰੇ ਦਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਮਸਲਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਜੂਨ 1984 ਵਿੱਚ ਸੁਰੱਖਿਆ ਬਲਾਂ ਨੇ ਸਿੱਖ ਧਰਮ ਦੇ ਬਹੁਤ ਸਾਰੀ ਕੀਮਤੀ ਤੇ ਇਤਿਹਾਸਕ ਦਸਤਾਵੇਜ਼ ਚੁੱਕੇ ਗਏ ਸਨ ਜਿਸ ਦਾ ਹਾਲੇ ਤੱਕ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਯੂਕੇ ਤੋਂ ਸਿੱਖ ਸੰਗਠਨ ਦੀ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਦੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।

ਇਸ ਦੌਰਾਨ ਭਾਰਤ ਤੇ ਯੂਕੇ ਵਿੱਚ ਸਿੱਖ ਭਾਈਚਾਰੇ ਦੇ ਸੰਬੰਧਾਂ ਬਾਰੇ ਕੁਝ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿੱਚ ਹਰਿਮੰਦਰ ਸਾਹਿਬ ਤੋਂ ਹਾਸਿਲ ਦਸਤਾਵੇਜ਼ਾਂ ਦਾ ਵਿਸ਼ਾ ਵੀ ਸ਼ਾਮਲ ਸੀ।

ਬੀਬੀਸੀ ਪੱਤਰਕਾਰ ਨੇ ਗ੍ਰਹਿ ਮੰਤਰਾਲੇ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਸ ਚਿੱਠੀ ਉੱਪਰ ਕੀਤੀ ਕਾਰਵਾਈ ਬਾਰੇ ਵੀ ਸਵਾਲ ਕੀਤਾ ਸੀ ਪਰ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਈ ਚਿੱਠੀ ਜਾਂ ਬੇਨਤੀ ਨਹੀਂ ਪੁੱਜੀ ਹੈ।

ਇਹ ਵੀ ਪੜ੍ਹੋ-

ਕੀ ਹੋਇਆ ਸੀ ਗਾਇਬ?

ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਦਿੱਲੀ ਦੀ ਸੰਸਥਾ 'ਦਿ ਸਿੱਖ ਫੋਰਮ' ਵੱਲੋਂ ਇਸ ਬਾਬਤ ਦੋ ਵਾਰੀ ਬੇਨਤੀਆਂ ਪ੍ਰਾਪਤ ਹੋਈਆਂ ਸਨ, ਜਿਸ ਦਾ ਜਵਾਬ ਵੀ ਉਨ੍ਹਾਂ ਨੂੰ ਦਿੱਤਾ ਗਿਆ ਸੀ।

ਸਿੱਖ ਫੋਰਮ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਚੋਪੜਾ ਤੇ ਮੁੱਖ ਸਕੱਤਰ ਡੀਆਈਜੀ ਪ੍ਰਤਾਪ ਸਿੰਘ ਦੇ ਹਸਤਾਖ਼ਰ ਹੇਠ ਭੇਜੀਆਂ ਗਈਆਂ ਚਿੱਠੀਆਂ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਫ਼ੌਜ ਨੇ ਬਲੂ ਸਟਾਰ ਦੌਰਾਨ ਕਈ ਕੀਮਤੀ ਦਸਤਾਵੇਜ਼ ਤੇ ਹੋਰ ਸਮਾਨ ਉੱਥੋਂ ਕਬਜ਼ੇ ਵਿਚ ਲਿਆ ਸੀ।

ਇਹਨਾਂ ਵਿਚ ਹੱਥਾਂ ਨਾਲ ਲਿਖੇ ਗਏ ਆਦਿ ਗ੍ਰੰਥ, ਸਿੱਖ ਗੁਰੂਆਂ ਦੇ ਹੁਕਮਨਾਮੇ, ਕਿਤਾਬਾਂ ਦੀ ਅਸਲ ਜਾਂ ਖਰੜਾ, ਲਾਇਬਰੇਰੀ ਵਿੱਚ ਸੰਭਾਲ ਕੇ ਰੱਖੇ ਹੋਏ ਰਿਕਾਰਡ ਤੇ ਪੇਂਟਿੰਗਾਂ ਸ਼ਾਮਲ ਸੀ।

ਜੂਨ 2018 ਦੀ ਚਿੱਠੀ ਵਿੱਚ ਫੋਰਮ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹ ਸਾਰੀਆਂ ਚੀਜ਼ਾਂ ਲਾਇਬ੍ਰੇਰੀ ਤੇ ਮਿਊਜ਼ੀਅਮ ਨੂੰ ਅੱਗ ਲਾਉਣ ਤੋਂ ਪਹਿਲਾਂ ਉੱਥੋਂ ਚੁੱਕ ਲਈਆਂ ਗਈਆਂ ਸਨ।

ਭਾਰਤ ਦੇ ਪ੍ਰਧਾਨ ਮੰਤਰੀ ਦਾ 53 ਕਿਤਾਬਾਂ ਵਾਪਸ ਕਰਨ ਲਈ ਧੰਨਵਾਦ ਕਰਦੇ ਹੋਏ ਫੋਰਮ ਨੇ ਕਿਹਾ ਕਿ ਫ਼ੌਜ ਤੇ ਸੀਬੀਆਈ ਬਾਕੀ ਦਸਤਾਵੇਜ਼ ਵੀ ਵਾਪਸ ਕਰਨਗੇ ਤਾਂ ਇਸ ਨਾਲ ਸਿੱਖਾਂ ਵਿਚਾਲੇ ਰੋਸ ਵੀ ਘਟੇਗਾ।

ਜੁਲਾਈ ਦੇ ਮਹੀਨੇ ਵਿੱਚ ਜਵਾਬ ਦਿੰਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਉਸ ਕੋਲ ਕੋਈ ਕਿਤਾਬ ਜਾਂ ਦਸਤਾਵੇਜ਼ ਨਹੀਂ ਹੈ ਤੇ ਉਸ ਨੇ ਪਹਿਲਾਂ ਹੀ ਸਾਰੀਆਂ ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਹਨ।

ਹੁਣ ਕੀ ਕਰੇਗੀ ਕਮੇਟੀ?

ਗ੍ਰਹਿ ਮੰਤਰਾਲੇ ਵਲੋਂ ਸ਼੍ਰੋਮਣੀ ਕਮੇਟੀ ਨੂੰ ਦਸਾਤਵੇਜ਼ ਵਾਪਸ ਕੀਤੇ ਜਾਣ ਤੋਂ ਬਾਅਦ ਸਿੱਖ ਜਗਤ ਵਿਚ ਵੱਡਾ ਵਿਵਾਦ ਖੜਾ ਹੋ ਗਿਆ ਸੀ। ਇਸ ਬਾਬਤ ਇੱਕ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਗਈ ਹੈ।

ਜਦੋਂ ਬੀਬੀਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਕਿ ਇਸ ਮਾਮਲੇ ਬਾਰੇ ਗਠਿਚ ਕੀਤੀ ਗਈ ਕਮੇਟੀ ਮਾਮਲੇ ਦੀ ਦੀ ਜਾਂਚ ਕਰ ਰਹੀ ਹੈ।

ਇਸ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ, "ਇਸ ਬਾਰੇ 10 ਜੁਲਾਈ ਨੂੰ ਇੱਕ ਮੀਟਿੰਗ ਰੱਖੀ ਗਈ ਹੈ। ਅੰਮ੍ਰਿਤਸਰ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਇਹ ਵੇਖਿਆ ਜਾਵੇਗਾ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਕੀ ਕੀ ਹੋਇਆ ਹੈ ਤੇ ਕੀ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)