ਫਾਜ਼ਿਲਕਾ ਦਾ ਕ੍ਰਿਕਟਰ ਵੀ ਇੰਗਲੈਂਡ 'ਚ ਦਮ ਦਿਖਾਉਣ ਨੂੰ ਤਿਆਰ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਪੰਜਾਬ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਚੋਣ ਇੰਡੀਅਨ ਕ੍ਰਿਕਟ ਟੀਮ(ਫਿਜ਼ੀਕਲੀ ਚੈਲੇਂਜਡ) ਲਈ ਹੋਈ ਹੈ।ਰਾਈਟ ਆਰਮ ਪੇਸਰ ਮਨਦੀਪ ਸਿੰਘ ਇੰਗਲੈਂਡ ਵਿੱਚ ਹੋਣ ਵਾਲੀ ਛੇ ਦੇਸਾਂ ਦੀ ਟੀ-20 ਵਰਲਡ ਸੀਰੀਜ਼ ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡੇਗਾ।

ਮਨਦੀਪ ਦਾ ਪਿੰਡ ਆਜ਼ਮਵਾਲਾ ਭਾਰਤ-ਪਾਕਿਸਤਾਨ ਸਰਹੱਦ ਉੱਤੇ ਸਥਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦਾ ਹੈ।

ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਸਮੇਤ ਸੂਬੇ ਦੇ ਪੰਜ ਜ਼ਿਲ੍ਹਿਆਂ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇ-7 ਫ਼ਾਜ਼ਿਲਕਾ ਦੇ ਸੁਲੇਮਾਨਕੀ ਬਾਰਡਰ ਉੱਤੇ ਜਾ ਕੇ ਖ਼ਤਮ ਹੁੰਦਾ ਹੈ।

ਆਜ਼ਮਵਾਲਾ ਤੋਂ ਖੇਤਾਂ ਰਾਹੀਂ ਜਾਣਾ ਹੋਵੇ ਤਾਂ ਸਰਹੱਦੀ ਤਾਰ ਦਸ ਕੁ ਕਿੱਲੋਮੀਟਰ ਹੀ ਰਹਿ ਜਾਂਦੀ ਹੈ।ਵਾਇਆ ਫ਼ਾਜ਼ਿਲਕਾ ਜੇ ਸੁਲੇਮਾਨਕੀ ਬਾਰਡਰ ਉੱਤੇ ਜਾਣਾ ਹੋਵੇ ਤਾਂ ਇਹ ਦੂਰੀ 34 ਕਿੱਲੋਮੀਟਰ ਬਣਦੀ ਹੈ।

ਇਹ ਵੀ ਪੜ੍ਹੋ:

ਕਈ ਸਹੂਲਤਾਂ ਤੋਂ ਸੱਖਣਾ ਹੈ ਮਨਦੀਪ ਦਾ ਪਿੰਡ

ਮਨਦੀਪ ਦੇ ਪਿੰਡ ਨੂੰ ਜਾਂਦਿਆਂ ਅਬੋਹਰ ਸ਼ਹਿਰ ਤੋਂ ਹੀ ਆਲਾ ਦੁਆਲਾ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਹ ਇਲਾਕਾ ਉਨ੍ਹਾਂ ਨੂੰ ਬਿਲਕੁਲ ਓਪਰਾ ਨਹੀਂ ਲੱਗੇਗਾ ਜਿਨ੍ਹਾਂ ਨੇ ਝੋਨੇ ਦੀ ਕਾਸ਼ਤ ਤੋਂ ਪਹਿਲਾਂ ਦੇ ਮਾਲਵੇ ਨੂੰ ਦੇਖਿਆ ਹੈ।ਕਪਾਹ ਪੱਟੀ ਦੇ ਨਾਂ ਨਾਲ ਜਾਣੇ ਜਾਂਦੇ ਮਾਲਵੇ ਦੇ ਦਰਸ਼ਨ ਇੱਥੇ ਹੋ ਸਕਦੇ ਹਨ।

ਝੋਨੇ ਦੀ ਕਾਸ਼ਤ ਇੱਥੇ ਸ਼ੁਰੂ ਹੋ ਚੁੱਕੀ ਹੈ ਪਰ ਨਰਮਾ ਕਪਾਹ ਦੀ ਕਾਸ਼ਤ ਇਸ ਇਲਾਕੇ ਵਿੱਚ ਜ਼ਿਆਦਾ ਹੈ। ਦਰਖਤਾਂ ਦੀ ਸਥਿਤੀ ਮਾਲਵੇ ਦੇ ਦੂਸਰੇ ਜ਼ਿਲਿਆਂ ਨਾਲੋਂ ਇੰਨੀ ਕੁ ਬਿਹਤਰ ਹੈ ਕਿ ਅੱਖਾਂ ਨਾਲ ਪਛਾਣੀ ਜਾ ਸਕਦੀ ਹੈ।

ਚਾਰ ਸੌ ਫੁੱਟ ਡੂੰਘੇ ਪਾਣੀ ਦੇ ਬੋਰਵੈੱਲਾਂ ਦਾ ਸੰਕਟ ਇੱਥੇ ਹਾਲੇ ਨਹੀਂ ਪਹੁੰਚਿਆ ਹੈ। ਦੋ-ਦੋ ਫੁੱਟ ਦੀ ਡੂੰਘਾਈ ਤੇ ਪਈਆਂ ਮੋਨੋਬਲਾਕ ਮੋਟਰਾਂ ਅਤੇ ਧਰਤੀ ਵਿੱਚੋਂ ਪਾਣੀ ਖਿੱਚਦੇ ਡੀਜ਼ਲ ਇੰਜਨ ਪਾਣੀ ਦੇ ਸੰਕਟ ਤੋਂ ਧਰਵਾਸ ਦਿੰਦੇ ਜਾਪਦੇ ਹਨ।

ਪਿੰਡਾਂ ਸ਼ਹਿਰਾਂ ਵਿੱਚ ਦੀ ਲੰਘਦਿਆਂ ਵਿਕਾਸ ਪੱਖੋਂ ਇਹ ਇਲਾਕਾ ਥੋੜ੍ਹਾ ਪਿੱਛੇ ਲੱਗਦਾ ਹੈ। ਇਸ਼ਿਤਿਹਾਰਬਾਜ਼ੀ ਦੇ ਡਿਜੀਟਲ ਸਾਧਨ ਇਸ ਇਲਾਕੇ ਵਿੱਚ ਹਾਲੇ ਨਹੀਂ ਪਹੁੰਚੇ ਹਨ।ਕੰਧਾਂ ਅਤੇ ਦੁਕਾਨਾਂ ਉੱਤੇ ਕਲੀ ਨਾਲ ਕੀਤੀ ਇਸ਼ਤਿਹਾਰਬਾਜ਼ੀ ਇਸ ਦੀ ਗਵਾਹੀ ਭਰਦੀ ਹੈ।

ਜਿਵੇਂ-ਜਿਵੇਂ ਤੁਸੀਂ ਬਾਰਡਰ ਦੇ ਨਜ਼ਦੀਕ ਜਾਂਦੇ ਹੋ ਹਿੰਦੀ ਵਿੱਚ ਲਿਖੇ ਕੰਧ ਇਸ਼ਤਿਹਾਰ ਧਿਆਨ ਖਿੱਚਦੇ ਹਨ। ਇਸ ਪਿਛਲਾ ਕਾਰਨ ਸ਼ਾਇਦ ਰਾਜਸਥਾਨ ਦਾ ਬਾਰਡਰ ਨਜ਼ਦੀਕ ਹੋਣਾ ਹੈ।ਨੈਸ਼ਨਲ ਹਾਈਵੇਅ ਤੋਂ ਇਲਾਵਾ ਇਲਾਕੇ ਵਿਚਲੀਆਂ ਲਿੰਕ ਸੜਕਾਂ ਬਹੁਤ ਚੰਗੀ ਹਾਲਤ ਵਿੱਚ ਹਨ।

ਪਿੰਡ ਵਾਸੀ ਜਗਸੀਰ ਸਿੰਘ ਇਸ ਦਾ ਕਾਰਨ ਸਮਝਾਉਂਦੇ ਹਨ, "ਬਾਰਡਰ ਏਰੀਆ ਹੋਣ ਕਰਕੇ ਸੜਕਾਂ ਦੀ ਸਥਿਤੀ ਚੰਗੀ ਹੈ। ਪਿੰਡਾਂ ਦੀਆਂ ਫਿਰਨੀਆਂ ਉੱਤੇ ਵੀ ਪੱਕੀਆਂ ਸੜਕਾਂ ਹਨ।''ਇਹ ਸਾਡੇ ਪਿੰਡਾਂ ਦੀ ਇੱਕੋ ਇੱਕ ਚੰਗੀ ਸਹੂਲਤ ਹੈ। ਬਾਰਡਰ ਏਰੀਆ ਕਰਕੇ ਉਂਝ ਸਰਕਾਰਾਂ ਦਾ ਸਾਡੇ ਇਲਾਕੇ ਵੱਲ ਬਹੁਤਾ ਧਿਆਨ ਨਹੀਂ ਹੈ। ਸਾਡੇ ਪਿੰਡ ਦੀਆਂ ਅੰਦਰਲੀਆਂ ਗਲੀਆਂ ਦੀ ਸਥਿਤੀ ਬਹੁਤ ਮਾੜੀ ਹੈ।''

''ਖੇਡ ਸਹੂਲਤਾਂ ਤਾਂ ਦੂਰ ਦੀ ਗੱਲ ਹੈ। ਮਨਦੀਪ ਸਾਡੇ ਪਿੰਡ ਦਾ ਪਹਿਲਾ ਖਿਡਾਰੀ ਹੈ ਜਿਹੜਾ ਕੌਮਾਂਤਰੀ ਕ੍ਰਿਕਟ ਖੇਡੇਗਾ। ਅਸੀਂ ਲਗਪਗ ਦੋ ਦਹਾਕੇ ਪਹਿਲਾਂ ਜਦੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਤਾਂ ਅਜਿਹਾ ਨਹੀਂ ਸੋਚਿਆ ਸੀ। ਇਹ ਸਭ ਮੁੰਡਿਆਂ ਦੀ ਆਪਣੀ ਮਿਹਨਤ ਹੈ। ਖੇਡਾਂ ਦਾ ਸਮਾਨ,ਖ਼ੁਰਾਕ, ਕੋਚਿੰਗ ਸਭ ਅਸੀਂ ਰਲ ਮਿਲ ਕੇ ਕਰਦੇ ਹਾਂ ਸਰਕਾਰੀ ਸਹੂਲਤ ਕੋਈ ਨਹੀਂ ਹੈ।"

ਜਦੋਂ ਅਸੀਂ ਮਨਦੀਪ ਦੇ ਘਰ ਪਹੁੰਚੇ ਤਾਂ ਉਸ ਨੇ ਬੜੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ਪਿੰਡ ਵਿਚਲੇ ਹੋਰ ਘਰਾਂ ਵਾਂਗ ਮਨਦੀਪ ਦਾ ਘਰ ਵੀ ਖੁੱਲ੍ਹਾ ਡੁੱਲ੍ਹਾ ਹੈ।

ਮਨਦੀਪ ਇਸ ਦਾ ਕਾਰਨ ਸਮਝਾਉਂਦਾ ਹੈ, "ਸਾਡੇ ਪਿੰਡ ਵਿੱਚ ਦਾਣਾ ਮੰਡੀ (ਅਨਾਜ ਖ਼ਰੀਦ ਕੇਂਦਰ)ਨਹੀਂ ਹੈ। ਫ਼ਸਲ ਸ਼ਹਿਰ ਲਿਜਾਣ ਤੋਂ ਪਹਿਲਾਂ ਘਰ ਵਿੱਚ ਹੀ ਸੁੱਟਣੀ ਪੈਂਦੀ ਹੈ। ਇਸ ਲਈ ਵਿਹੜੇ ਖੁੱਲ੍ਹੇ ਰੱਖਣੇ ਪੈਂਦੇ ਹਨ।"

ਇਹ ਵੀ ਪੜ੍ਹੋ:

ਅਜਿਹੇ ਮਾਹੌਲ ਅਤੇ ਸਹੂਲਤਾਂ ਦੀ ਥੋੜ੍ਹ ਵਿੱਚ ਮਨਦੀਪ ਨੇ ਨੈਸ਼ਨਲ ਟੀਮ ਵਿੱਚ ਆਪਣੀ ਥਾਂ ਬਣਾਈ ਹੈ ਤਾਂ ਪ੍ਰਾਪਤੀ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ।

ਬਾਰਡਰ ਦਾ ਇਲਾਕਾ ਹੋਣ ਕਰਕੇ ਮਨਦੀਪ ਨੂੰ ਸਹੂਲਤਾਂ ਦੀ ਘਾਟ ਰੜਕਦੀ ਹੈ। ਦੂਜੇ ਪਾਸੇ ਜਦੋਂ ਸਥਾਨਕ ਪਛਾਣ ਦੀ ਗੱਲ ‌ਛਿੜਦੀ ਹੈ ਤਾਂ ਮਨਦੀਪ ਲਈ ਪੰਜਾਬੀ ਹੋਣ ਦਾ ਮਾਣ ਸਰਹੱਦਾਂ ਦਾ ਵੀ ਮੁਥਾਜ ਨਹੀਂ ਰਹਿੰਦਾ।

ਮਨਦੀਪ ਜਦੋਂ ਬਾਡਰ ਦੇ ਦੋਹਾਂ ਪਾਸਿਆਂ ਦੀ ਗੱਲ ਛੇੜਦਾ ਹੈ ਤਾਂ ਮੂੰਹ ਤੋਂ ਖੁਸ਼ੀ ਝਲਕਾਰੇ ਮਾਰਦੀ ਹੈ, "ਪਾਕਿਸਤਾਨੀ ਪੰਜਾਬ ਦੇ ਅਜਿਹੇ ਕਈ ਖਿਡਾਰੀ ਹਨ ਜਿਹੜੇ ਪਾਕਿਸਤਾਨੀ ਟੀਮ ਵਿੱਚ ਖੇਡਦੇ ਹਨ। ਦੇਸ ਭਾਵੇਂ ਵੱਖਰੇ ਹਨ ਪਰ ਉਂਝ ਤਾਂ ਉਹ ਪੰਜਾਬੀ ਹੀ ਹਨ। ਪੰਜਾਬੀ ਬੰਦਾ ਪੰਜਾਬੀ ਨੂੰ ਦੇਖ ਕੇ ਹੀ ਪਛਾਣ ਜਾਂਦਾ ਹੈ, ਜਦੋਂ ਪਾਕਿਸਤਾਨੀ ਖਿਡਾਰੀਆਂ ਨੂੰ ਟੀਵੀ ਉੱਤੇ ਪੰਜਾਬੀ ਬੋਲਦੇ ਸੁਣਦਾ ਹਾਂ ਤਾਂ ਪੰਜਾਬੀ ਹੋਣ 'ਤੇ ਮਾਣ ਹੁੰਦਾ ਹੈ। ਸ਼ਾਇਦ ਪੰਜਾਬੀਆਂ ਦਾ ਖੁੱਲ੍ਹਾ ਖਾਣ ਪੀਣ ਖੇਡ ਵਿੱਚ ਫਾਇਦਾ ਦਿੰਦਾ ਹੈ। ਇੱਧਰਲੇ ਪਾਸੇ ਗੁਕਰੀਤ ਮਾਨ,ਮਨਪ੍ਰੀਤ ਗੋਨੀ, ਸ਼ੁਬਮਨ ਗਿੱਲ ਮੇਰੇ ਇਲਾਕੇ ਦੇ ਹਨ। ਉਂਝ ਯੁਵਰਾਜ ਸਿੰਘ ਮੇਰਾ ਪਸੰਦੀਦਾ ਖਿਡਾਰੀ ਹੈ।ਉਸਦੀ ਖੇਡ ਤੋਂ ਮੈਂ ਬਹਤੁ ਪ੍ਰਭਾਵਿਤ ਹਾਂ।''

ਦੀਪਕ ਸ਼ਰਮਾ ਪਿੰਡ ਦੀ ਪਹਿਲੀ ਕ੍ਰਿਕਟ ਟੀਮ ਬਣਾਉਣ ਵਾਲਿਆਂ ਵਿੱਚੋਂ ਇੱਕ ਹਨ। ਦੀਪਕ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਡੀਪੀ ਦੀ ਅਸਾਮੀ ਉੱਤੇ ਸੇਵਾ ਨਿਭਾ ਰਹੇ ਹਨ।

ਦੀਪਕ ਦੱਸਦੇ ਹਨ, "ਅਸੀਂ 1987 ਵਿੱਚ ਪਹਿਲੀ ਵਾਰ ਪਿੰਡ ਦੀ ਟੀਮ ਬਣਾਈ ਸੀ। ਸ਼ਹਿਰ ਦੇ ਕਾਲਜ ਵਿੱਚ ਮੁੰਡਿਆਂ ਨੂੰ ਖੇਡਦੇ ਦੇਖਿਆ ਤਾਂ ਇਸ ਖੇਡ ਦਾ ਸ਼ੌਕ ਪੈਦਾ ਹੋਇਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀ ਪਨੀਰੀ ਕ੍ਰਿਕਟ ਖਿਡਾਰੀਆਂ ਦੀ ਪਿੰਡ ਵਿੱਚ ਪੈਦਾ ਹੋ ਚੁੱਕੀ ਹੈ। ਸਾਡੇ ਖਿਡਾਰੀਆਂ ਵਿੱਚੋਂ ਹਰ ਦੂਜਾ ਖਿਡਾਰੀ ਬੌਲਰ ਹੈ। ਸਾਡੇ ਖਿਡਾਰੀਆਂ ਕੋਲ ਨੈਚੂਰਲ ਸਵਿੰਗ ਹੈ।''

''ਜੇ ਇਨ੍ਹਾਂ ਮੁੰਡਿਆਂ ਨੂੰ ਮੌਕਾ ਮਿਲੇ ਤਾਂ ਇਹ ਆਈਪੀਐਲ, ਨੈਸ਼ਨਲ ਟੀਮ ਵਿੱਚ ਅਸਾਨੀ ਨਾਲ ਖੇਡ ਸਕਦੇ ਹਨ। ਮਨਦੀਪ ਵੀ ਇਨ੍ਹਾਂ ਵਿੱਚੋਂ ਇੱਕ ਹੈ। ਮਨਦੀਪ ਦੀ ਹੁਣ ਨੈਸ਼ਨਲ ਟੀਮ ਵਿੱਚ ਚੋਣ ਹੋਈ ਹੈ। ਸਾਨੂੰ ਆਸ ਹੈ ਕਿ ਮਨਦੀਪ ਦੀ ਕਾਰਗੁਜ਼ਾਰੀ ਜੇ ਚੰਗੀ ਰਹੀ ਤਾਂ ਬੀਸੀਸੀਆਈ, ਸਰਕਾਰ ਅਤੇ ਸਪੌਨਸਰਾਂ ਦਾ ਧਿਆਨ ਸਾਡੇ ਪਿੰਡ ਵੱਲ ਹੋਵੇਗਾ। ਪਿੰਡਾਂ ਵਿੱਚ ਜੋ ਸਟਰੈਂਥ ਹੈ ਉਹ ਹੋਰ ਕਿਤੇ ਨਹੀਂ ਮਿਲ ਸਕਦੀ।"

ਇਹ ਵੀ ਪੜ੍ਹੋ:

ਮਨਦੀਪ ਦੇ ਕਰੀਅਰ ਦਾ ਸਫ਼ਰ

ਮਨਦੀਪ ਦਾ ਕ੍ਰਿਕਟ ਵੱਲ ਝੁਕਾਅ ਪਿੰਡ ਦੇ ਮਾਹੌਲ ਮੁਤਾਬਿਕ ਸੁਭਾਵਿਕ ਹੀ ਸੀ ਪਰ ਫਿਜ਼ੀਕਲੀ ਚੈਲੇਂਜਡ ਟੀਮ ਵਿੱਚ ਆਉਣਾ ਪਿੱਛੇ ਕਾਰਨ ਕੁਦਰਤੀ ਨਹੀਂ ਸੀ। ਸਾਲ 2007 ਵਿੱਚ ਉਹਦਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਆ ਕੇ ਕੱਟਿਆ ਗਿਆ ਸੀ ।

ਮਨਦੀਪ ਆਪਣੇ ਸਫ਼ਰ ਬਾਰੇ ਦੱਸਦਾ ਹੈ, "ਉਹ ਪੰਜ ਛੇ ਸਕਿੰਟ ਮੈਨੂੰ ਕਦੇ ਨਹੀਂ ਭੁੱਲ ਸਕਦੇ। ਜਦੋਂ ਮੇਰਾ ਹੱਥ ਕੱਟਿਆ ਗਿਆ ਤਾਂ ਪਹਿਲਾ ਖ਼ਿਆਲ ਮਨ ਵਿੱਚ ਇਹੀ ਆਇਆ ਕਿ ਹੁਣ ਮੈਂ ਕ੍ਰਿਕਟ ਨਹੀਂ ਖੇਡ ਸਕਦਾ। ਕਦੇ ਮਾਪਿਆਂ ਸਾਹਮਣੇ ਕਦੇ ਲੁੱਕ-ਲੁੱਕ ਕੇ ਰੋਂਦਾ ਰਿਹਾ। ਜਖਮ ਠੀਕ ਹੋਣ ਤੋਂ ਬਾਅਦ ਮੈਂ ਗਰਾਊਂਡ ਜਾਣਾ ਸ਼ੁਰੂ ਕੀਤਾ।''

''ਪਹਿਲਾਂ ਮੈਂ ਬੈਟਸਮੈਨ ਸੀ ਪਰ ਹਾਦਸੇ ਤੋਂ ਬਾਅਦ ਮੈਂ ਸਪਿੰਨ ਕਰਵਾਉਣੀ ਸ਼ੁਰੂ ਕੀਤੀ। ਫਿਰ ਸੀਨੀਅਰਾਂ ਦੇ ਕਹਿਣ ਤੇ ਫਾਸਟ ਬਾਲਰ ਬਣ ਗਿਆ।ਸਾਲ ਕੁ ਤਾਂ ਬਾਲ ਸਿੱਟਣੀ ਹੀ ਸਿੱਖੀ। ਫਿਰ ਪੇਸ ਵੀ ਮਿਲ ਗਈ। ਕ੍ਰਿਕਟ ਮੇਰੇ ਪਿੰਡ ਦੀ ਖੇਡ ਹੈ। ਮੇਰਾ ਬਚਪਨ ਤੋਂ ਦੇਸ਼ ਲਈ ਖੇਡਣ ਦਾ ਸੁਪਨਾ ਸੀ। ਇਹ ਸ਼ਾਇਦ ਇਸੇ ਤਰਾਂ ਫਿਜ਼ੀਕਲੀ ਚੈਲੇਂਜਡ ਟੀਮ ਰਾਹੀਂ ਹੀ ਪੂਰਾ ਹੋਣਾ ਸੀ। ਹੁਣ ਇਹੀ ਇੱਛਾ ਹੈ ਕਿ ਚੰਗਾ ਖੇਡ ਕੇ ਦੇਸ ਦਾ ਮਾਣ ਵਧਾਈਏ।"

ਆਲ ਇੰਡੀਆ ਕ੍ਰਿਕਟ ਐਸੋਸੀਏਸ਼ਨ ਫ਼ਾਰ ਫਿਜ਼ੀਕਲੀ ਚੈਲੇਂਜਡ ਸੰਸਥਾ ਵੱਲੋਂ ਇੰਗਲੈਂਡ ਵਰਲਡ ਸੀਰੀਜ਼ ਲਈ ਇੰਡੀਅਨ ਟੀਮ ਦੀ ਚੋਣ ਕੀਤੀ ਗਈ ਹੈ।

ਸੰਸਥਾ ਦੇ ਜਨਰਲ ਸਕੱਤਰ ਰਵੀ ਚੌਹਾਨ ਨੇ ਦੱਸਿਆ ਕਿ ਬੀਸੀਸੀਆਈ ਵੱਲੋਂ ਉਨ੍ਹਾਂ ਦੀ ਸੰਸਥਾ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਦੋ ਮਹੀਨੇ ਦੀ ਲੰਮੀ ਚੋਣ ਪ੍ਰਕਿਰਿਆ ਬਾਅਦ 16 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਮਨਦੀਪ ਸਿੰਘ ਨੂੰ ਵੀ ਚੁਣਿਆ ਗਿਆ ਹੈ।

ਇੰਗਲੈਂਡ,ਪਾਕਿਸਤਾਨ,ਜ਼ਿੰਬਾਬਵੇ ਅਤੇ ਭਾਰਤ ਸਮੇਤ ਛੇ ਦੇਸ਼ਾਂ ਦੀਆਂ ਟੀਮਾਂ ਇਸ ਵਰਲਡ ਕ੍ਰਿਕਟ ਸੀਰੀਜ਼ ਵਿੱਚ ਭਾਗ ਲੈ ਰਹੀਆਂ ਹਨ।ਤਿੰਨ ਅਗਸਤ ਨੂੰ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਲਈ ਭਾਰਤੀ ਟੀਮ 25 ਜੁਲਾਈ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)