Result 2019: ਮੋਦੀ ਦੇ ਭਾਰਤ ਚ ਸਭ ਤੋਂ ਤਾਕਤਵਾਰ ਆਗੂ ਬਣਨ ਪਿੱਛੇ 5 ਕਾਰਨ - ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਸੰਜੌਏ ਮਜੂਮਦਾਰ
- ਰੋਲ, ਡਿਪਟੀ ਮੈਨੇਜਿੰਗ ਐਡੀਟਰ ਬੀਬੀਸੀ ਵਰਲਡ ਸਰਵਿਸ ਇੰਡੀਆ
ਇਨ੍ਹਾਂ ਚੋਣਾਂ ਦੇ ਨਤੀਜੇ ਕਿਸੇ ਪਾਸਿਓਂ ਵੀ ਕਿਸੇ ਚਮਤਕਾਰ ਤੇ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਹਨ। ਨਰਿੰਦਰ ਮੋਦੀ ਇੰਦਰਾ ਗਾਂਧੀ ਤੋਂ ਬਾਅਦ ਦੂਸਰੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਲਗਤਾਰ ਪੂਰਣ ਬਹੁਮਤ ਹਾਸਲ ਕੀਤਾ ਹੈ।
ਭਾਜਪਾ ਨੇ ਪੱਛਮੀ ਤੇ ਉੱਤਰੀ ਭਾਰਤ ਵਿੱਚ ਆਪਣੀ ਪਕੜ ਕਾਇਮ ਰੱਖੀ ਹੈ ਸਗੋਂ ਦੱਖਣੀ ਤੇ ਪੂਰਬੀ ਭਾਰਤ ਵਿੱਚ ਵੀ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ।
ਕਾਂਗਰਸ ਨੇ ਆਪਣਾ ਵੋਟ ਫ਼ੀਸਦ ਨਾਮ ਮਾਤਰ ਸੁਧਾਰਿਆ ਹੈ ਅਤੇ ਜਿੱਤੀਆਂ ਸੀਟਾਂ ਵਿੱਚ ਵੀ ਮਾਮੂਲੀ ਸੁਧਾਰ ਹੋਇਆ ਹੈ।
ਰਾਹੁਲ ਗਾਂਧੀ ਆਪਣਾ ਪਰਿਵਾਰਕ ਕਿਲ੍ਹਾ—ਅਮੇਠੀ ਭਾਜਪਾ ਨੂੰ ਹਾਰ ਗਏ ਹਨ।
ਇਹ ਵੀ ਪੜ੍ਹੋ:
ਅਜਿਹਾ 1999 ਤੋਂ ਬਾਅਦ ਪਹਿਲੀ ਵਾਰ ਤੇ ਆਜ਼ਾਦੀ ਤੋਂ ਬਾਅਦ ਤੀਸਰੀ ਵਾਰ ਹੋਇਆ ਹੈ ਕਿ ਕਾਂਗਰਸ ਨੇ ਅਮੇਠੀ ਸੀਟ ਹਾਰੀ ਹੋਵੇ।
ਮੋਦੀ ਦਾ ਜਾਦੂ
ਭਾਜਪਾ ਦੀ ਜਿੱਤ ਪੂਰਣ ਤੌਰ ’ਤੇ ਸਿਰਫ਼ ਨਰਿੰਦਰ ਮੋਦੀ ਦੀ ਵਜ੍ਹਾ ਕਾਰਨ ਹੈ। ਉਹ ਹੁਣ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹਨ।

ਤਸਵੀਰ ਸਰੋਤ, AFP
ਪਾਰਟੀ ਦੀਆਂ ਕਈ ਅੰਦਰੂਨੀ ਕਮਜ਼ੋਰੀਆਂ ਹੋਣ ਅਤੇ ਅਜਿਹੇ ਉਮੀਦਵਾਰਾਂ ਦੇ ਬਾਵਜ਼ੂਦ ਜਿਨ੍ਹਾਂ ਨੇ ਆਪਣੇ ਪਿਛਲੇ ਵਾਅਦੇ ਪੂਰੇ ਨਹੀਂ ਕੀਤੇ, ਮੋਦੀ ਵੋਟਰਾਂ ਨੂੰ ਸਿੱਧੀ ਅਪੀਲ ਕਰਨ ਵਿੱਚ ਸਫ਼ਲ ਰਹੇ ਹਨ।
ਇਸ ਦਾ ਅਰਥ ਹੈ ਕਿ ਸਮਾਜਿਕ ਗਠਜੋੜ ਜਿਨ੍ਹਾਂ ਨੂੰ ਵਿਰੋਧੀਆਂ ਨੇ ਬੜੇ ਧਿਆਨ ਨਾਲ ਉਸਾਰਿਆ ਸੀ। ਉਹ ਪ੍ਰਧਾਨ ਮੰਤਰੀ ਦੇ ਸਾਹਮਣੇ ਆਉਂਦਿਆਂ ਹੀ ਢਹਿ-ਢੇਰੀ ਹੋ ਗਿਆ ਹੈ।
ਨਰਿੰਦਰ ਮੋਦੀ ਨੇ ਸਾਬਤ ਕਰ ਦਿੱਤਾ ਕਿ ਹਿੰਦੁਤਵ ਨੂੰ ਜੇ ਰਾਸ਼ਟਰੀ ਸੁਰੱਖਿਆ ਦਾ ਤੜਕਾ ਲਾ ਦਿੱਤਾ ਜਾਵੇ ਤਾਂ ਇਹ ਦੂਸਰੇ ਸਾਰੇ ਸਮਾਜਿਕ ਤੇ ਆਰਥਿਕ ਮਸਲਿਆਂ, ਜਿਵੇਂ ਨੌਕਰੀਆਂ, ਆਰਥਿਕ ਤਰੱਕੀ ਅਤੇ ਖੇਤੀ ਸੰਕਟ 'ਤੇ ਵੀ ਭਾਰੂ ਪੈ ਸਕਦਾ ਹੈ।
ਵਿਰੋਧੀ ਧਿਰ ਦਾ ਸਫ਼ਾਇਆ
ਰਾਹੁਲ ਗਾਂਧੀ ਨੂੰ ਸਮੁੱਚੀ ਵਿਰੋਧੀ ਧਿਰ ਦੀ ਕਾਰਗੁਜ਼ਾਰੀ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤੇ ਵਾਕਈ ਉਨ੍ਹਾਂ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨੂੰ ‘ਚੌਕੀਦਾਰ ਚੋਰ’ ਹੈ ਕਹਿ ਕੇ ਉਨ੍ਹਾਂ ’ਤੇ ਸਿੱਧਾ ਹਮਲਾ ਕਰਨਾ ਇੱਕ ਬੁਰੀ ਚਾਲ ਸੀ ਜੋ ਕਿ ਬੁਰੀ ਤਰ੍ਹਾਂ ਮਹਿੰਗੀ ਪਈ।
ਉਨ੍ਹਾਂ ਦੀ ਗਠਜੋੜ ਕਰਨ ਵਿੱਚ ਨਾਕਾਮੀ, ਉਮੀਦਵਾਰਾਂ ਦੀ ਦੇਰੀ ਨਾਲ ਚੋਣ ਅਤੇ ਪ੍ਰਿਅੰਕਾ ਗਾਂਧੀ ਨੂੰ ਆਖ਼ਰੀ ਮੌਕੇ 'ਤੇ ਮੰਚ 'ਤੇ ਲਿਆਉਣਾ ਵੀ ਪੂਰੀ ਨਾਕਾਮ ਸਾਬਤ ਹੋਇਆ।
ਫਿਰ ਵੀ ਇਹ ਇੱਕ ਤੱਥ ਹੈ ਕਿ ਭਾਜਪਾ ਨੇ ਸਿਰਫ਼ ਰਾਹੁਲ ਗਾਂਧੀ ਨੂੰ ਹੀ ਖ਼ਤਮ ਨਹੀਂ ਕੀਤਾ ਸਗੋਂ ਹਰੇਕ ਵੱਡੇ ਵਿਰੋਧੀ ਦਲ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ। ਅਖਿਲੇਸ਼ ਯਾਦਵ ਅਤੇ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿੱਚ ਕੁਝ ਮੁਕਾਬਲਾ ਦਿੱਤਾ ਪਰ ਆਖ਼ਰ ਉਹ ਵੀ ਧਰਾਸ਼ਾਈ ਹੋ ਗਏ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਜਿਨ੍ਹਾਂ ਨੇ ਨਰਿੰਦਰ ਮੋਦੀ ਨਾਲ ਸਿੱਧੀ ਟੱਕਰ ਲਈ, ਉਨ੍ਹਾਂ ਨੂੰ ਆਪਣੇ ਹੀ ਵਿਹੜੇ ਵਿੱਚ ਮੂੰਹ ਦੀ ਖਾਣੀ ਪਈ।

ਤਸਵੀਰ ਸਰੋਤ, PTI
ਐੱਨਡੀਏ ਦੇ ਜਿਹੜੇ ਪੁਰਾਣੇ ਸਹਿਯੋਗੀਆਂ ਨੇ ਨਰਿੰਦਰ ਮੋਦੀ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੀ ਔਕਾਤ ਵੀ ਦਿਖਾ ਦਿੱਤੀ ਗਈ।
ਜਿਵੇਂ ਓਡੀਸ਼ਾ ਵਿੱਚ ਨਵੀਨ ਪਟਨਾਇਕ, ਟੀਆਰਐੱਸ ਆਗੂ ਕੇ ਚੰਦਰਸ਼ੇਖ਼ਰ ਰਾਓ ਜਿਨ੍ਹਾਂ ਨੇ ਗਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਆਵੇਦਾਰ ਵਜੋਂ ਵੀ ਪੇਸ਼ ਕੀਤਾ।
ਭਾਜਪਾ ਦਾ ਵਿਸਥਾਰ
ਭਾਰਤ ਦਾ ਸਿਆਸੀ ਨਕਸ਼ਾ ਅੱਜ ਭਾਜਪਾ ਦੇ ਹੈਰਾਨ ਕਰਨ ਵਾਲੀ ਜਿੱਤ ਦਾ ਸ਼ੀਸ਼ਾ ਬਣਿਆ ਹੋਇਆ ਹੈ। ਇਸ ਤੋਂ ਵੀ ਵਧੇਰੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਨੇ ਆਪਣੀ ਸਾਲ 2014 ਦੀ ਆਪਣੀ ਕਾਰਗੁਜ਼ਾਰੀ ਕਾਇਮ ਰੱਖੀ ਹੈ।
ਉਸ ਨੇ ਗੁਜਰਾਤ, ਰਾਜਸਥਾਨ, ਹਿਮਾਚਲ, ਹਰਿਆਣਾ, ਦਿੱਲੀ, ਉੱਤਰਾਖੰਡ, ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਖ਼ਬਰ ਲਿਖੇ ਜਾਣ ਤੱਕ ਆਏ ਰੁਝਾਨਾਂ ਮੁਤਾਬਕ ਲਗਭਗ 2014 ਜਿੰਨੀਆਂ ਸੀਟਾਂ ਜਿੱਤ ਲਈਆਂ ਹਨ।
ਇਹ ਵੀ ਪੜ੍ਹੋ:
ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ ਸੀਟਾਂ ਗੁਆਈਆਂ ਹਨ ਪਰ ਉਨੀਆਂ ਨਹੀਂ ਜਿੰਨੀਆਂ ਦੀ ਉਮੀਦ ਕੀਤੀ ਜਾ ਰਹੀ ਸੀ। ਇਸ ਨੇ ਬਿਹਾਰ, ਮਹਾਰਾਸ਼ਟਰ, ਕਰਨਾਟਕ ਅਤੇ ਅਸਾਮ ਵਿੱਚ ਆਪਣੀ ਕਾਰਗੁਜ਼ਾਰੀ ਸੁਧਾਰੀ ਹੈ।
ਹੁਣ ਭਾਜਪਾ ਦੇ ਦੋ ਵੱਡੇ ਆਗੂ—ਮੋਦੀ ਤੇ ਅਮਿਤ ਸ਼ਾਹ— ਦਾ ਦਿਲ ਜੋ ਗੱਲ ਸਭ ਤੋਂ ਵੱਧ ਖ਼ੁਸ਼ ਕਰੇਗੀ ਉਹ ਹੈ, ਪਾਰਟੀ ਦਾ ਨਵੇਂ ਇਲਾਕਿਆਂ ਵਿੱਚ ਵਿਸਥਾਰ।

ਤਸਵੀਰ ਸਰੋਤ, Getty Images
ਬੰਗਾਲ, ਓਡੀਸ਼ਾ ਅਤੇ ਤੇਲੰਗਾਨਾ ਵਿੱਚ ਭਾਜਪਾ ਵਿਰੋਧੀਆਂ ਦੇ ਦਬਦਬੇ ਵਾਲੀਆਂ ਥਾਵਾਂ ਵਿੱਚ ਸੰਨ੍ਹ ਲਾਉਣ 'ਚ ਸਫ਼ਲ ਰਹੀ ਹੈ। ਬੰਗਾਲ ਤੇ ਓਡੀਸ਼ਾ ਵਿੱਚ ਤਾਂ ਇਹ ਵਿਰੋਧੀਆਂ ਲਈ ਇੱਕ ਵੱਡਾ ਖ਼ਤਰਾ ਹੈ।
ਪੱਛਮੀ ਬੰਗਾਲ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਹੈਰਾਨੀਜਨਕ ਹੈ ਜਿਸ ਦੀ ਭਾਜਪਾ ਨੇ ਵੀ ਉਮੀਦ ਨਹੀਂ ਕੀਤੀ ਹੋਣੀ। ਸੰਘ ਪਰਿਵਾਰ ਤੇ ਭਾਜਪਾ ਲਈ ਇਸ ਵਿੱਚ ਹੋਰ ਵੀ ਵੱਡੀ ਖ਼ੁਸ਼ੀ ਦਾ ਸਬੱਬ ਇਹ ਹੈ ਕਿ ਇਹ ਜਿੱਤ ਖੱਬੇ ਪੱਖੀਆਂ ਨੂੰ ਢਹਿਢੇਰੀ ਕਰਕੇ ਹਾਸਲ ਕੀਤੀ ਗਈ ਹੈ।
ਕਦੇ ਖੱਬੇ ਪੱਖੀਆਂ ਦਾ ਗੜ੍ਹ ਰਹੇ ਪੱਛਮੀਂ ਬੰਗਾਲ ਤੋਂ ਉਨ੍ਹਾਂ ਦਾ ਇੱਕ ਵੀ ਮੈਂਬਰ ਪਾਰਲੀਮੈਂਟ ਮੈਂਬਰ ਨਹੀਂ ਬਚਿਆ ਹੈ।
ਵੰਸ਼ਵਾਦ ਦੀ ਮੌਤ
ਰਾਹੁਲ ਗਾਂਧੀ ਦੀ ਅਮੇਠੀ ਤੋਂ ਹਾਰ ਦਰਸਾਉਂਦਾ ਹੈ ਕਿ ਕਿਵੇਂ ਦੇਸ ਦੇ ਕਈ ਹਿੱਸਿਆਂ ਵਿੱਚੋਂ ਵੰਸ਼ਵਾਦੀ ਸਿਆਸਤ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ ਗਿਆ ਹੈ।
ਹਾਲਾਂਕਿ ਭਾਜਪਾ ਵਿੱਚ ਵੀ ਵੰਸ਼ਵਾਦੀ ਸਿਆਸਤ ਹੈ। ਅਨੁਰਾਗ ਠਾਕੁਰ ਹਿਮਾਚਲ ਵਿੱਚ, ਦੁਸ਼ਿਅੰਤ ਸਿੰਘ ਰਾਜਸਥਾਨ ਵਿੱਚ ਅਤੇ ਪੂਨਮ ਮਹਾਜਨ, ਮਹਾਰਾਸ਼ਟਰ ਵਿੱਚ ਕੁਝ ਵੰਸ਼ਵਾਦੀ ਆਗੂਆਂ ਦੇ ਨਾਮ ਹਨ।
ਜਦਕਿ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਕਾਂਗਰਸ ਅਤੇ ਖੇਤਰੀ ਪਾਰਟੀਆਂ, ਵੰਸ਼ਵਾਦੀ ਸਿਆਸਤ ਲਈ ਵਧੇਰੇ ਜਾਣੀਆਂ ਜਾਂਦੀਆਂ ਹਨ।

ਤਸਵੀਰ ਸਰੋਤ, CONGRESS
ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਰਾਹੁਲ ਤੋਂ ਇਲਾਵਾ, ਜਿਉਤੀਦਰਾਦਿੱਤੀਆ ਸਿੰਧੀਆ, ਮਿਲਿੰਦ ਦੇਓਰਾਕ, ਜਤਿਨ ਪ੍ਰਸਾਦ, ਅਸ਼ੋਕ ਚਵਾਨ ਵਰਗੇ ਕਾਂਗਰਸ ਦੇ ਕਈ ਅਜਿਹੇ ਵੰਸ਼ਵਾਦੀ ਉਮੀਦਵਾਰ ਹਨ ਜਿਹੇੜੇ ਹਾਰੇ ਹਨ।
ਮੁਲਾਇਮ ਸਿੰਘ ਯਾਦਵ ਦੀ ਨੂੰਹ ਡਿੰਪਲ ਅਤੇ ਭਤੀਜਾ ਧਰਮਿੰਦਰ ਯਾਦਵ ਅਤੇ ਕਨੀਮੋਜ਼ੀ ਅਤੇ ਭਤੀਜਾ ਦਇਆ ਨਿਧੀ ਮਾਰਨ ਵਰਗੇ ਇਸ ਨੇਰ੍ਹੀ ਵਿੱਚ ਬਚ ਵੀ ਗਏ ਹਨ।
ਫਿਰ ਵੀ ਇਹ ਤਾਂ ਸਾਫ਼ ਹੋ ਹੀ ਗਿਆ ਹੈ ਕਿ ਹੁਣ ਸਿਰਫ਼ ਪਰਿਵਾਰ ਦੇ ਨਾਂ ਤੇ ਵੋਟਾਂ ਨਹੀਂ ਜਿੱਤੀਆਂ ਜਾ ਸਕਦੀਆਂ ਕਾਂਗਰਸ ਦੇ ਜਿਉਤਰਦਿੱਤੀਆ ਸਿੰਧੀਆ ਦੀ ਹਾਰ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਪਸ਼ਟ ਕਰਦੀ ਹੈ।
ਕਾਂਗਰਸ ਦੱਖਣ ਦੇ ਪਠਾਰ ਪਿੱਛੇ ਲੁਕੀ
ਜੇ ਦੱਖਣੀ ਸੂਬੇ ਨਾ ਹੁੰਦੇ ਤਾਂ ਕਾਂਗਰਸ ਦੇ ਇਤਿਹਾਸ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਹੁੰਦੀ।
ਕਾਂਗਰਸ ਵੱਲੋਂ ਜਿੱਤੀਆਂ ਸੀਟਾਂ ਵਿੱਚੋਂ ਦੱਖਣੀ ਸੂਬਿਆਂ, ਕੇਰਲਾ, ਤਾਮਿਲ ਨਾਡੂ, ਕਰਨਾਟਕ ਅਤੇ ਤੇਲੰਗਾਨਾ ਦਾ ਯੋਗਦਾਨ ਵੱਡਾ ਹੈ। ਕਾਂਗਰਸ ਦੀਆਂ ਬਚੀਆਂ ਸੀਟਾਂ ਵਿੱਚੋਂ ਪੰਜਾਬ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ:
ਤੱਥ ਇਹ ਵੀ ਹੈ ਕਿ ਉਹ ਉੱਤਰ ਪ੍ਰਦੇਸ਼, ਬਿਹਾਰ ਵਿੱਚੋਂ ਉਹ ਸਾਫ਼ ਕਰ ਦਿੱਤੇ ਗਏ ਹਨ। ਉਹ ਹਰਿਆਣਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਆਪਣੀ ਜ਼ਮੀਨ ਬਚਾਉਣ ਵਿੱਚ ਨਾਕਾਮ ਰਹੇ ਹਨ, ਜਿੱਥੇ ਹਾਲੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ।

ਤਸਵੀਰ ਸਰੋਤ, Reuters
ਰਾਹੁਲ ਗਾਂਧੀ ਦੀ ਅਗਵਾਈ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ ਪਰ ਪ੍ਰਿਅੰਕਾ ਗਾਂਧੀ ਵੀ ਕੋਈ ਜਾਦੂ ਨਹੀਂ ਦਿਖਾ ਸਕੀ। ਹੁਣ ਕੀ ਕਾਂਗਰਸ ਨੂੰ ਕੋਈ ਬਦਲਵੀਂ ਅਗਵਾਈ ਦੀ ਤਲਾਸ਼ ਕਰਨੀ ਪਵੇਗੀ?
ਇਸ ਤੋਂ ਵੀ ਵੱਧ ਕੇ ਐਨਡੀਏ ਕੋਲ ਲੋਕ ਸਭਾ ਵਿੱਚ ਬਹੁਤ ਵੱਡਾ ਬਹੁਮਤ ਹੈ। ਹੁਣ ਜਿਸ ਦੀ ਪੂਰੀ ਸੰਭਾਵਨਾ ਹੈ ਜਗਨ ਮੋਹਨ ਰੈੱਡੀ ਨੇ ਵੀ ਉਸਦੀ ਹਮਾਇਤ ਕੀਤੀ ਤਾਂ, ਐਨਡੀਏ ਲੋਕ ਸਭਾ ਵਿੱਚ ਦੋ ਤਿਹਾਈ ਦਾ ਆਂਕੜਾ ਪਾਰ ਕਰ ਜਾਵੇਗੀ।
ਇਸ ਦਾ ਮਤਲਬ ਇਹ ਹੋਵੇਗਾ ਕਿ ਵਿਰੋਧੀ ਧਿਰ ਸਿਰਫ਼ ਨਾ ਮਾਤਰ ਦੀ ਹੀ ਰਹਿ ਜਾਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












