ਲੋਕ ਸਭਾ ਚੋਣਾਂ 2019: ਕੀ ਗੈਰ-ਜਾਟਾਂ 'ਤੇ ਦਾਅ ਲਾ ਕੇ ਜਾਟਾਂ ਦੇ ਗੜ੍ਹ ਨੂੰ ਫਤਿਹ ਕਰ ਸਕੇਗੀ ਭਾਜਪਾ

ਤਸਵੀਰ ਸਰੋਤ, Reuters
- ਲੇਖਕ, ਖੁਸ਼ਬੂ ਸੰਧੂ
- ਰੋਲ, ਬੀਬੀਸੀ ਪੰਜਾਬੀ ਪੱਤਰਕਾਰ
ਲੋਕ ਸਭਾ ਚੋਣਾਂ 2019 ਦੇ ਛੇਵੇਂ ਗੇੜ੍ਹ ਵਿੱਚ ਅੱਜ ਹਰਿਆਣਾ ਵਿੱਚ ਵੀ ਵੋਟਾਂ ਪੈਣਗੀਆਂ। ਸੂਬੇ ਦੀਆਂ 10 ਲੋਕ ਸਭਾ ਸੀਟਾਂ ਉੱਤੇ 223 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ।
ਸਭ ਤੋਂ ਵੱਧ, 29 ਉਮੀਦਵਾਰ ਸੋਨੀਪਤ ਤੋਂ ਖੜੇ ਹੋਏ ਹਨ ਤੇ ਸਭ ਤੋਂ ਘੱਟ, 16 ਕਰਨਾਲ ਤੋਂ ਖੜੇ ਹੋਏ ਹਨ।
ਵੋਟਿੰਗ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਚੱਲੇਗੀ। ਸੁਰੱਖਿਆ ਦੇ ਮੱਦੇਨਜ਼ਰ 67000 ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ।
ਕੀ ਹਨ ਅਹਿਮ ਮੁੱਦੇ?
ਹਰਿਆਣਾ ਦੇ ਵੱਖ ਵੱਖ ਖੇਤਰਾਂ ਵਿਚ ਫਰਵਰੀ 2016 ਦੌਰਾਨ 30 ਵਿਅਕਤੀਆਂ ਦੀ ਜਾਨ ਲੈਣ ਵਾਲੇ ਜਾਟ ਅੰਦੋਲਨ ਤੋਂ ਬਾਅਦ ਸੂਬੇ ਦਾ ਜਾਤ ਆਧਾਰਿਤ ਧਰੁਵੀਕਰਨ ਹੋ ਗਿਆ।
ਹਰਿਆਣਾ ਵਿਚ 30 ਫੀਸਦ ਅਬਾਦੀ ਵਾਲੇ ਜਾਟ ਸਭ ਤੋਂ ਵੱਧ ਪ੍ਰਭਾਵੀ ਭਾਈਚਾਰਾ ਹੈ। ਉਨ੍ਹਾਂ ਮੁਤਾਬਕ ਭਾਜਪਾ ਸਰਕਾਰ ਨੇ ਉਨ੍ਹਾਂ ਦੇ 10 ਫੀਸਦ ਕੋਟੇ ਨੂੰ ਬਚਾਉਣ ਲਈ ਜ਼ਿਆਦਾ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ:
ਮੁੱਖ ਸਿਆਸੀ ਪਾਰਟੀਆਂ ਵਿੱਚੋਂ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਜਾਟਾਂ ਦਾ ਦਬਦਬਾ ਹੈ। ਭਾਜਪਾ ਨੇ ਵਿਧਾਨ ਸਭਾ ਦੀਆਂ 90 'ਚੋਂ 47 ਸੀਟਾਂ ਜਿੱਤਣ ਤੋਂ ਬਾਅਦ ਗੈਰ-ਜਾਟ ਪੰਜਾਬੀ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਬਣਾਇਆ ਸੀ।
ਇਸ ਵਾਰ ਭਾਜਪਾ ਨੇ ਜਾਟਾਂ ਦੇ ਇਲਾਕੇ ਵਿੱਚ ਗੈਰ-ਜਾਟ ਉਮੀਦਵਾਰ ਉਤਾਰੇ ਹਨ। ਬਾਕੀ ਤਿੰਨ ਪਾਰਟੀਆਂ, ਕਾਂਗਰਸ, ਇਨੈਲੋ ਤੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ ਨੇ ਜਾਟਾਂ ਨੂੰ ਹੀ ਉਤਾਰਿਆ ਹੈ। ਇਸ ਕਾਰਨ ਜਾਟਾਂ ਦੇ ਵੋਟਾਂ ਜਾ ਬਟਵਾਰਾ ਹੋ ਸਕਦਾ ਹੈ।
ਇਸ ਵਾਰ ਭਾਜਪਾ ਨੇ ਜਾਟਾਂ ਦੇ ਪ੍ਰਭਾਵ ਵਾਲੀਆਂ ਦੋ ਸੀਟਾਂ ਸੋਨੀਪਤ ਅਤੇ ਰੋਹਤਕ ਤੋਂ ਗੈਰ-ਜਾਟਾਂ ਨੂੰ ਉਮੀਦਵਾਰ ਬਣਾਇਆ ਹੈ। ਇਸ ਦਾ ਮਕਸਦ ਭਾਜਪਾ ਗੈਰ-ਜਾਟ ਵੋਟਰਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਤਸਵੀਰ ਸਰੋਤ, Getty Images
ਡੇਰਾ ਸੱਚਾ ਸੌਦਾ ਦਾ ਅਸਰ
2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਗੂਆਂ ਨੇ ਖੁਲ੍ਹੇ ਆਮ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੋਟਾਂ ਮੰਗੀਆਂ ਸਨ।
2017 ਵਿੱਚ ਰਾਮ ਰਹੀਮ ਨੂੰ ਸਜ਼ਾ ਮਿਲਣ ਤੋਂ ਬਾਅਦ, ਡੇਰਾ ਪ੍ਰੇਮੀ ਹਿੰਸਾ 'ਤੇ ਉਤਰ ਆਏ ਸਨ। 30 ਤੋਂ ਵੱਧ ਲੋਕ ਮਾਰੇ ਗਏ ਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ।
ਰਾਮ ਰਹੀਮ ਤਾਂ ਜੇਲ੍ਹ ਵਿੱਚ ਹੈ, ਉਸ ਦੇ ਬਾਵਜੂਦ ਡੇਰਾ ਪ੍ਰੇਮੀਆਂ ਨੇ ਪੰਜਾਬ ਤੇ ਹਰਿਆਣਾ ਦੇ ਨਾਮ ਚਰਚਾ ਕੇਂਦਰਾਂ ਵਿੱਚ ਪ੍ਰੋਗਰਾਮ ਰੱਖੇ। ਵੇਖਣਾ ਹੋਏਗਾ ਕਿ ਰਾਮ ਰਹੀਮ ਦੇ ਪ੍ਰੇਮੀ ਇਸ ਵਾਰ ਕਿਹੜੀ ਪਾਰਟੀ ਨੂੰ ਵੋਟ ਕਰਦੇ ਹਨ।
ਇਹ ਵੀ ਪੜ੍ਹੋ:
ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਦਰਾਰ
2014 ਵਿੱਚ ਹੋਈਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਨੇ 19 ਸੀਟਾਂ ਜਿੱਤੀਆਂ ਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ। ਕਾਂਗਰਸ ਤੀਜੇ ਨੰਬਰ 'ਤੇ ਆਈ।
ਪਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੇ ਦੋ ਬੇਟਿਆਂ ਦੇ ਪਰਿਵਾਰਾਂ ਵਿੱਚ ਦਰਾੜ ਕਰਕੇ ਪਾਰਟੀ ਵਿੱਚ ਵੰਡੀ ਗਈ।
ਛੋਟੇ ਬੇਟੇ ਅਭੇ ਚੌਟਾਲਾ ਤਾਂ ਇਨੈਲੋ ਵਿੱਚ ਹੀ ਰਹੇ ਪਰ ਓਪੀ ਚੌਟਾਲਾ ਦੇ ਪੋਤੇ ਦੁਸ਼ਯੰਤ ਚੌਟਾਲਾ ਨੇ ਆਪਣੀ ਵੱਖਰੀ ਪਾਰਟੀ ਜਨਨਾਇਕ ਜਨਤਾ ਦਲ ਬਣਾ ਲਈ।
ਦੁਸ਼ਯੰਤ ਓਪੀ ਚੌਟਾਲਾ ਦੇ ਵੱਡੇ ਬੇਟੇ ਅਜੇ ਚੌਟਾਲਾ ਦੇ ਬੇਟੇ ਹਨ। ਉਹ ਹਿਸਾਰ ਤੋਂ ਐਮਪੀ ਹਨ ਅਤੇ ਸੰਸਦ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਨ।

ਤਸਵੀਰ ਸਰੋਤ, Sat Singh/BBC
ਜੇਜੇਪੀ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਲਿਆ ਹੈ।
ਆਮ ਆਦਮੀ ਪਾਰਟੀ ਨੇ 2014 ਵਿੱਚ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਚੋਣ ਲੜੀ ਸੀ ਪਰ ਕਿਸੇ ਵੀ ਸੀਟ ਉੱਤੇ ਜਿੱਤ ਹਾਸਲ ਨਹੀਂ ਹੋਈ ਸੀ । ਜੀਂਦ ਜ਼ਿਮਨੀ ਚੋਣ ਵਿੱਚ ਜੇਜੇਪੀ ਨੇ ਵੀ ਖੁਦ ਨੂੰ ਅਜ਼ਮਾਇਆ ਸੀ।
ਭਾਜਪਾ ਨੇ ਸੀਟ ਜਿੱਤੀ ਸੀ ਤੇ ਜੇਜੇਪੀ ਦੇ ਉਮੀਦਵਾਰ ਦਿਗਵਿਜੇ ਚੌਟਾਲਾ ਦੂਜੇ ਨੰਬਰ 'ਤੇ ਆਏ ਸਨ, ਤੇ ਤੀਜੇ ਨੰਬਰ 'ਤੇ ਸਨ ਕਾਂਗਰਸ ਦੇ ਰਣਦੀਪ ਸਿੰਘ ਸੂਰਜੇਵਾਲਾ।
ਨਵੇਂ ਗਠਜੋੜ
ਜੇਜੇਪੀ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਤੋਂ ਇਲਾਵਾ ਨਵੀਂ ਬਣੀ ਲੋਕਤੰਤਰ ਸੁਰਕਸ਼ਾ ਪਾਰਟੀ ਨੇ ਬਹੂਜਨ ਸਮਾਜ ਪਾਰਟੀ ਨਾਲ ਗਠਜੋੜ ਕੀਤਾ ਹੋਇਆ ਹੈ। ਕੁਰੁਕਸ਼ੇਤਰ ਤੋਂ ਸਾਬਕਾ ਭਾਜਪਾ ਐਮਪੀ ਰਾਜਕੁਮਾਰ ਸੈਣੀ ਨੇ ਇਹ ਪਾਰਟੀ ਬਣਾਈ ਹੈ। ਜੋ 2 ਸੀਟਾਂ 'ਤੇ ਲੜ ਰਹੀ ਹੈ ਤੇ ਬਾਕੀ ਦੀਆਂ ਸੀਟਾਂ 'ਤੇ ਬੀਐਸਪੀ ਦੇ ਉਮੀਦਵਾਰ ਹਨ।
ਬੀਐਸਪੀ ਨੇ ਪਹਿਲਾਂ ਇਨੈਲੋ ਨਾਲ ਗਠਜੋੜ ਕੀਤਾ ਸੀ, ਬਲਕਿ ਮਾਇਆਵਤੀ ਨੇ ਅਭੇ ਚੌਟਾਲਾ ਨੂੰ ਰੱਖੜੀ ਵੀ ਬੰਨੀ ਸੀ। ਪਰ ਗਠਜੋੜ ਵਿੱਚ ਮਤਭੇਦ ਹੋਣ ਤੋਂ ਬਾਅਦ ਦੋਵੇਂ ਵੱਖ ਹੋ ਗਏ।
ਵੈਸੇ ਤਾਂ ਸ੍ਰੋਮਣੀ ਅਕਾਲੀ ਦਲ ਇਨੈਲੋ ਦਾ ਸਾਥ ਦਿੰਦਾ ਆਇਆ ਹੈ ਪਰ ਇਸ ਵਾਰ ਉਹ ਭਾਜਪਾ ਨਾਲ ਹੈ।
ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਕੇਂਦਰ ਵਿੱਚ ਸਾਥੀ ਹਨ। ਪਰ ਹਰਿਆਣਾ ਵਿੱਚ ਬਾਦਲ ਤੇ ਚੌਟਾਲਾ ਪਰਿਵਾਰ ਵਿਚ ਨਜ਼ਦੀਕੀਆਂ ਕਰਕੇ ਅਕਾਲੀ ਦਲ ਇਨੈਲੋ ਦਾ ਸਾਥ ਦਿੰਦੇ ਆਏ ਹਨ।
ਇਹ ਵੀ ਪੜ੍ਹੋ:
ਮੁੱਖ ਉਮੀਦਵਾਰ
ਸੋਨੀਪਤ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਚੋਣ ਲੜ ਰਹੇ ਹਨ। ਉਹ ਚਾਹੁੰਦੇ ਸੀ ਕਿ ਉਹ ਅਕਤੂਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਧਿਆਨ ਦੇਣ ਪਰ ਪਾਰਟੀ ਨੇ ਇਸ ਵਾਰ ਲੜਣ ਲਈ ਕਿਹਾ।
ਹੁੱਡਾ ਦੇ ਬੇਟੇ ਦੀਪਿੰਦਰ ਹੁੱਡਾ ਰੋਹਤਕ ਤੋਂ ਲੜ ਰਹੇ ਹਨ। ਉਹ ਹਲਕੇ ਤੋਂ ਤਿੰਨ ਵਾਰ ਐਮਪੀ ਰਹਿ ਚੁੱਕੇ ਹਨ। ਇਨ੍ਹਾਂ ਦੋਹਾਂ ਹਲਕਿਆਂ ਵਿੱਚ ਭਾਜਪਾ ਨੇ ਗੈਰ-ਜਾਟ ਖੜੇ ਕੀਤੇ ਹਨ।
ਕਾਂਗਰਸ ਦੇ ਮੁੱਖ ਉਮੀਦਵਾਰਾਂ ਵਿੱਚ ਪਾਰਟੀ ਪ੍ਰਧਾਨ ਅਸ਼ੋਕ ਤੰਵਰ, ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਕਿਰਨ ਚੌਧਰੀ ਦੀ ਧੀ ਸ਼ਰੁਤੀ ਚੌਧਰੀ, ਐਮਐਲਏ ਕੁਲਦੀਪ ਬਿਸ਼ਨੋਈ ਦੇ ਬੇਟੇ ਭਾਵਿਆ ਬਿਸ਼ਨੋਈ ਤੇ ਅੰਬਾਲਾ ਤੋਂ ਚਾਰ ਵਾਰ ਐਮਪੀ ਰਹਿ ਚੁੱਕੀ ਕੁਮਾਰੀ ਸੈਲਜਾ ਸ਼ਾਮਲ ਹਨ।

ਤਸਵੀਰ ਸਰੋਤ, Getty Images
ਦੁਸ਼ਯੰਤ ਚੌਟਾਲਾ ਤੇ ਉਨ੍ਹਾਂ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ ਜੇਜੇਪੀ ਵਲੋਂ ਲੜ ਰਹੇ ਹਨ। ਆਮ ਆਦਮੀ ਪਾਰਟੀ ਆਗੂ ਨਵੀਨ ਜੈਹਿੰਦ ਫਰੀਦਾਬਾਦ ਤੋਂ ਲੜ ਰਹੇ ਹਨ।
ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਵੋਟਾਂ ਮਿਲਣ ਦੀ ਉਮੀਦ ਹੈ। ਅੰਬਾਲਾ ਤੋਂ ਰਤਨ ਲਾਲ ਕਟਾਰੀਆ, ਕੇਂਦਰ ਮੰਤਰੀ ਬੀਰੇਂਦਰ ਸਿੰਘ ਦੇ ਬੇਟੇ ਬ੍ਰਿਜੇਂਦਰ ਸਿੰਘ ਤੇ ਐਮਪੀ ਰਾਓ ਇੰਦਰਜੀਤ ਸਿੰਘ ਭਾਜਪਾ ਦੇ ਮੁੱਖ ਉਮੀਦਵਾਰ ਹਨ।
ਅਭੈ ਚੌਟਾਲਾ ਨੇ ਕੁਰੁਕਸ਼ੇਤਰ ਤੋਂ ਬੇਟੇ ਅਰਜੁਨ ਨੂੰ ਖੜਾ ਕੀਤਾ ਹੈ।
ਔਰਤਾਂ ਦੀ ਹਿੱਸੇਦਾਰੀ
223 ਉਮੀਦਵਾਰਾਂ 'ਚੋਂ ਸਿਰਫ਼ 11 ਔਰਤਾਂ ਹਨ।
ਪ੍ਰਚਾਰ ਵਿੱਚ ਤਾਂ ਔਰਤਾਂ ਦੀ ਹਿੱਸੇਦਾਰੀ ਕਾਫ਼ੀ ਸੀ ਪਰ 2009 ਵਿੱਚ 14 ਮਹਿਲਾ ਉਮੀਦਵਾਰਾਂ ਦੇ ਮੁਕਾਬਲੇ ਇਸ ਵਾਰ ਸਿਰਫ਼ 11 ਹਨ।
ਕਾਂਗਰਸ ਨੇ ਦੋ ਔਰਤਾਂ ਨੂੰ ਉਮੀਦਵਾਰ ਬਣਾਇਆ ਹੈ ਤੇ ਬਾਕੀ ਸਿਆਸੀ ਪਾਰਟੀਆਂ ਨੇ ਇੱਕ-ਇੱਕ ਨੂੰ।
2014 ਵਿੱਚ ਇੱਕ ਵੀ ਔਰਤ ਨਹੀਂ ਜਿੱਤੀ ਸੀ। 10 ਵਿੱਚੋਂ ਛੇ ਹਲਕਿਆਂ ਨੇ ਅੱਜ ਤੱਕ ਕਦੇ ਵੀ ਔਰਤ ਉਮੀਦਵਾਰਾਂ ਨੂੰ ਨਹੀਂ ਜਿਤਾਇਆ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












