ਗੁਜਰਾਤ ਦੰਗਿਆਂ ਦੀ ਪੀੜਤ ਬਿਲਕਿਸ ਬਾਨੋ ਨੂੰ 17 ਸਾਲ ਬਾਅਦ ਮਿਲਿਆ ਨਿਆਂ, ਦੱਸੀ ਆਪਣੀ ਹੱਡਬੀਤੀ

ਤਸਵੀਰ ਸਰੋਤ, Getty Images
- ਲੇਖਕ, ਬਿਲਕਿਸ ਬਾਨੋ
- ਰੋਲ, ਬੀਬੀਸੀ ਗੁਜਰਾਤੀ ਲਈ
ਮੈਂ ਖੁਸ਼ ਹਾਂ ਕਿ ਕੋਰਟ ਨੇ ਮੇਰਾ ਸੰਘਰਸ਼ ਅਤੇ ਮੇਰੇ ਨਾਲ ਹੋਈ ਨਾ-ਇਨਸਾਫੀ ਨੂੰ ਸਮਝਿਆ।
ਮੈਂ ਕੋਰਟ ਦੀ ਅਤੇ ਉਨ੍ਹਾਂ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਜੋ ਮੇਰੇ ਨਾਲ ਖੜ੍ਹੇ ਰਹੇ ਪਰ ਮੈਂ ਹੋਰ ਵੀ ਖੁਸ਼ ਹੁੰਦੀ ਜੇ ਮੈਨੂੰ ਨਿਆਂ ਗੁਜਰਾਤ ਵਿੱਚ ਹੀ ਮਿਲਦਾ।
ਮੈਂ ਇੱਕ ਗੁਜਰਾਤੀ ਹਾਂ, ਗੁਜਰਾਤ ਵਿੱਚ ਪੈਦਾ ਹੋਈ ਗੁਜਰਾਤ ਦੀ ਧੀ ਹਾਂ। ਮੈਂ ਇੰਨੀ ਚੰਗੀ ਹਿੰਦੀ ਵੀ ਨਹੀਂ ਬੋਲਦੀ ਜਿੰਨੀ ਚੰਗੀ ਗੁਜਰਾਤੀ ਬੋਲਦੀ ਹਾਂ।
ਪਰ ਜਦੋਂ ਮੈਨੂੰ ਆਪਣੇ ਹੀ ਸੂਬੇ ਵਿੱਚ ਡਰ ਨਾਲ ਰਹਿਣਾ ਪਿਆ, ਮੈਂ ਬਹੁਤ ਨਿਰਾਸ਼ ਹੋਈ। ਮੇਰੇ ਸੂਬੇ ਦੀ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ।
ਮੈਂ ਕਦੇ ਵੀ ਸਕੂਲ ਨਹੀਂ ਗਈ ਤੇ ਨਾ ਹੀ ਕਦੇ ਪੜ੍ਹਾਈ ਕੀਤੀ ਹੈ। ਉਨੀਂ ਦਿਨੀਂ ਕੁੜੀਆਂ ਨੂੰ ਸਕੂਲ ਨਹੀਂ ਭੇਜਦੇ ਸਨ।
ਬਚਪਨ ਵਿੱਚ ਮੈਂ ਬਹੁਤ ਘੱਟ ਬੋਲਦੀ ਸੀ। ਮੈਨੂੰ ਵਾਲਾਂ ਨੂੰ ਕੰਗੀ ਕਰਨਾ ਤੇ ਅੱਖਾਂ 'ਚ ਕਾਜਲ ਪਾਉਣਾ ਬਹੁਤ ਸੋਹਣਾ ਲਗਦਾ ਸੀ, ਪਰ ਪਿਛਲੇ 17 ਸਾਲਾਂ ਵਿੱਚ ਉਹ ਸਭ ਭੁੱਲ ਗਈ ਹਾਂ।
ਇਹ ਵੀ ਪੜ੍ਹੋ:
ਅਸੀਂ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿੰਦੇ ਸੀ। ਮੇਰੀ ਮਾਂ, ਭੈਣਾਂ, ਭਰਾ ਤੇ ਪਿਤਾ, ਸਾਰੇ ਖੁਸ਼ ਸੀ ਪਰ ਹੁਣ ਅਸੀਂ ਇਕੱਲੇ ਹਾਂ।
ਜਦ ਮੇਰਾ ਵਿਆਹ ਹੋਇਆ, ਯਾਕੂਬ ਤੇ ਮੈਂ ਹਮੇਸ਼ਾ ਇਕੱਠਾ ਰਹਿਣਾ ਪਸੰਦ ਕਰਦੇ ਸੀ। ਜਦੋਂ ਮੈਂ ਪੇਕੇ ਜਾਂਦੀ ਸੀ, ਤਾਂ ਕੁਝ ਹੀ ਦਿਨਾਂ ਵਿੱਚ ਯਾਕੂਬ ਮੈਨੂੰ ਮਿਲਣ ਲਈ ਉੱਥੇ ਆ ਜਾਂਦਾ ਸੀ।
ਅਸੀਂ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਮਿਹਨਤ ਕਰ ਰਹੇ ਸੀ। ਪਰ ਉਦੋਂ ਹੀ 2002 ਦੇ ਭਿਆਨਕ ਦੰਗੇ ਹੋ ਗਏ ਅਤੇ ਸਾਨੂੰ ਇਸ ਦਰਦ 'ਚੋਂ ਗੁਜ਼ਰਨਾ ਪਿਆ।
ਮੇਰੇ ਪਰਿਵਾਰ ਦੇ 14 ਜੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੈਂ ਗਰਭ ਤੋਂ ਸੀ ਜਦੋਂ ਮੇਰਾ ਬਲਾਤਕਾਰ ਹੋਇਆ।
ਮੇਰੀ ਧੀ ਸਲੇਹਾ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ।

ਤਸਵੀਰ ਸਰੋਤ, Getty Images
ਉਹ ਮੇਰੀ ਪਹਿਲੀ ਧੀ ਸੀ, ਉਸ ਦਰਦ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।
ਯਾਕੂਬ ਤੇ ਮੈਂ ਆਪਣੀ ਧੀ ਦਾ ਸਸਕਾਰ ਵੀ ਨਹੀਂ ਕਰ ਸਕੇ ਸੀ। ਉਸ ਦੀ ਕੋਈ ਕਬਰ ਵੀ ਨਹੀਂ ਹੈ ਜਿੱਥੇ ਜਾ ਕੇ ਅਸੀਂ ਉਸ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰ ਸਕੀਏ।
ਇਸ ਘਟਨਾ ਦੇ ਨਾਲ ਸਾਡਾ ਪਰਿਵਾਰ ਬਿਖਰ ਗਿਆ ਸੀ।
ਅਸੀਂ ਅੱਗੇ ਵਧਣਾ ਚਾਹੁੰਦੇ ਸੀ ਪਰ ਇਸ ਹਾਦਸੇ ਤੋਂ ਬਾਅਦ ਸਾਡੀ ਜ਼ਿੰਦਗੀ ਰੁੱਕ ਗਈ ਤੇ ਸਾਨੂੰ ਪਿੱਛੇ ਧੱਕਿਆ ਗਿਆ।
ਅਸੀਂ ਕਿਉਂ ਹਾਰ ਨਹੀਂ ਮੰਨੀ?
ਜਦੋਂ ਗੋਧਰਾ ਸਟੇਸ਼ਨ 'ਤੇ ਉਹ ਹਾਦਸਾ ਹੋਇਆ, ਮੈਂ ਆਪਣੇ ਪਤੀ ਨਾਲ ਸੀ। ਸਾਡੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਸਾਡਾ ਇਹੀ ਦਰਦ ਬਾਅਦ 'ਚ ਸਾਡੀ ਤਾਕਤ ਬਣਿਆ।
ਅਸੀਂ ਪਹਿਲਾਂ ਫਿਲਮਾਂ ਵੇਖਦੇ ਸੀ ਪਰ ਪਿਛਲੇ 17 ਸਾਲਾਂ ਵਿੱਚ ਅਸੀਂ ਇੱਕ ਵੀ ਫਿਲਮ ਨਹੀਂ ਵੇਖੀ ਹੈ। ਇੰਨਾਂ ਸਾਲਾਂ ਵਿੱਚ ਕਈ ਲੋਕਾਂ ਨੇ ਮੇਰੇ ਪਤੀ ਨੂੰ ਕਿਹਾ ਕਿ ਇਹ ਜੰਗ ਛੱਡ ਕੇ ਕਿਸੇ ਹੋਰ ਕਮਾਉਣ ਵਾਲੇ ਕੰਮ ਵਿੱਚ ਲੱਗ ਜਾਏ।
ਕਈ ਵਾਰ ਅਸੀਂ ਸੋਚਿਆ ਕਿ ਉਹ ਸਹੀ ਹਨ। ਪਰ ਮੈਂ ਤੇ ਮੇਰੇ ਪਤੀ ਨੇ ਹਮੇਸ਼ਾ ਸੋਚਿਆ ਕਿ ਨਿਆਂ ਲਈ ਸਾਡੀ ਜੰਗ ਇੱਕ ਸਥਿਰ ਜ਼ਿੰਦਗੀ ਤੋਂ ਕਈ ਜ਼ਰੂਰੀ ਸੀ ਅਤੇ ਅਸੀਂ ਅੱਗੇ ਵਧਦੇ ਰਹੇ।
ਜਦੋਂ ਵੀ ਪਿੱਛੇ ਮੁੜਣ ਦਾ ਖਿਆਲ ਆਉਂਦਾ ਤਾਂ ਸਾਡਾ ਜ਼ਮੀਰ ਸਾਨੂੰ ਰੋਕ ਲੈਂਦਾ।

ਤਸਵੀਰ ਸਰੋਤ, Dakshesh Shah
ਇਸ ਦੌਰਾਨ ਅਸੀਂ ਕਈ ਮੁਸ਼ਕਲਾਂ ਵੇਖੀਆਂ ਪਰ ਸਮਾਜ, ਔਰਤਾਂ ਦੇ ਹੱਕ ਲਈ ਸੰਸਥਾਵਾਂ, ਸੀਬੀਆਈ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਜਿਨ੍ਹਾਂ ਨੇ ਵੀ ਸਾਡੀ ਮਦਦ ਕੀਤੀ, ਉਨ੍ਹਾਂ ਕਰਕੇ ਅਸੀਂ ਇਹ ਸਭ ਸਹਿ ਸਕੇ।
ਅਸੀਂ ਦੇਸ ਦੇ ਕਾਨੂੰਨ ਵਿੱਚ ਵਿਸ਼ਵਾਸ ਰੱਖਿਆ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇੱਕ ਦਿਨ ਨਿਆਂ ਮਿਲੇਗਾ ਅਤੇ ਉਹੀ ਹੋਇਆ।
ਹੁਣ ਮੈਨੂੰ ਇਨਸਾਫ ਮਿਲ ਗਿਆ ਹੈ ਪਰ 14 ਜੀਆਂ ਨੂੰ ਗੁਆਉਣ ਦਾ ਦਰਦ ਕਦੇ ਨਹੀਂ ਭੁਲਦਾ। ਜੇ ਮੈਂ ਦਿਨ ਵੇਲੇ ਰੁੱਝੀ ਰਹਿੰਦੀ ਹਾਂ ਤਾਂ ਉਹ ਯਾਦਾਂ ਮੈਨੂੰ ਰਾਤ ਨੂੰ ਪਰੇਸ਼ਾਨ ਕਰਦੀਆਂ ਹਨ।
ਕੇਸ ਦੇ ਦੌਰਾਨ ਮੈਨੂੰ ਹਮੇਸ਼ਾ ਲਗਦਾ ਸੀ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈ। ਹੁਣ ਨਿਆਂ ਮਿਲਣ ਤੋਂ ਬਾਅਦ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਇੱਕ ਅਣਪਛਾਤਾ ਡਰ ਮੇਰੇ ਅੰਦਰ ਬੈਠ ਗਿਆ ਹੈ।
ਸਾਨੂੰ ਲੰਮੇ ਸਮੇਂ ਬਾਅਦ ਨਿਆਂ ਮਿਲਿਆ ਹੈ, ਪਰ ਪਰਿਵਾਰ ਨੂੰ ਗੁਆਉਣ ਦੇ ਦਰਦ ਨੇ ਸਾਡੀ ਜ਼ਿੰਦਗੀ ਵਿੱਚ ਇਕੱਲਾਪਣ ਭਰ ਦਿੱਤਾ ਹੈ।
ਇਹ ਵੀ ਪੜ੍ਹੋ:
ਹੁਣ ਮੈਂ ਸ਼ਾਂਤੀ ਨਾਲ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਆਪਣੀ ਧੀ ਨੂੰ ਵਕੀਲ ਬਣਾਉਣਾ ਚਾਹੁੰਦੀ ਹਾਂ ਤਾਂ ਜੋ ਨਿਆਂ ਦੀ ਭਾਲ ਕਰ ਰਹੇ ਲੋਕਾਂ ਦੀ ਮਦਦ ਕਰੇ।
ਮੈਂ ਦੁਆ ਕਰਦੀ ਹਾਂ ਕਿ ਇਸ ਦੇਸ ਵਿੱਚ ਪਿਆਰ ਤੇ ਸ਼ਾਂਤੀ ਰਹੇ ਨਾ ਕਿ ਨਫ਼ਰਤ ਤੇ ਹਿੰਸਾ।
[ਮੇਹੁਲ ਮਕਵਾਨਾ ਦੀ ਬਿਲਕਿਸ ਬਾਨੋ ਅਤੇ ਉਨ੍ਹਾਂ ਦੇ ਪਤੀ ਯਾਕੂਬ ਰਸੂਲ ਨਾਲ ਗੱਲਬਾਤ 'ਤੇ ਆਧਾਰਿਤ।]
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












