ਕ੍ਰਿਕਟ ਵਿਸ਼ਵ ਕੱਪ: ਉਹ 15 ਖਿਡਾਰੀ ਜੋ ਭਾਰਤ ਨੂੰ ਜੇਤੂ ਬਣਾ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਦਿਨੇਸ਼ ਉਪ੍ਰੇਤੀ
- ਰੋਲ, ਬੀਬੀਸੀ ਪੱਤਰਕਾਰ
ਦੁਨੀਆਂ ਭਰ ਦੇ ਕ੍ਰਿਕਟ ਖਿਡਾਰੀ ਇਨ੍ਹੀ ਦਿਨੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਦਮ ਦਿਖਾ ਰਹੇ ਹਨ। 20-20 ਓਵਰਾਂ ਦੇ ਇਸ ਟੂਰਨਾਮੈਂਟ ਵਿੱਚ ਖਿਡਾਰੀ ਆਪਣੀ ਕਾਰਗੁਜ਼ਾਰੀ ਨਾਲ ਆਪਣੇ-ਆਪਣੇ ਦੇਸ਼ ਦੇ ਸਿਲੈਕਟਕਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
ਇਹ ਟੂਰਨਾਮੈਂਟ ਇਸ ਲਈ ਵੀ ਖ਼ਾਸ ਹੈ ਕਿਉਂਕਿ ਸਿਲੈਕਸ਼ਨ ਦੀ ਬਾਰਡਰ ਲਾਈਨ 'ਤੇ ਖੜ੍ਹੇ ਖਿਡਾਰੀਆਂ ਕੋਲ ਮੌਕਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਦਿਖਾ ਕੇ ਆਪਣੇ ਲਈ ਵਿਸ਼ਵ ਕੱਪ ਟਿਕਟ ਪੱਕਾ ਕਰਾ ਸਕਣ।
ਮਈ ਦੇ ਅੰਤ ਵਿੱਚ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਸੋਮਵਾਰ ਨੂੰ ਮੁੰਬਈ ਵਿੱਚ ਕੀਤਾ ਜਾਵੇਗਾ।
ਟੀਮ ਇੰਡੀਆ ਦੀ ਸਿਲੈਕਸ਼ਨ ਲਈ ਐੱਮਐੱਸਕੇ ਦੀ ਪ੍ਰਧਾਨਗੀ ਹੇਠ ਇੱਕ ਕੌਮੀ ਸਿਲੈਕਸ਼ਨ ਕਮੇਟੀ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਅਤੇ ਮੁੱਖ ਕੋਚ ਰਵੀ ਸ਼ਾਸ਼ਤਰੀ ਵੀ ਇਸ ਬੈਠਕ ਵਿੱਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ:
ਵਿਸ਼ਵ ਕੱਪ ਲਈ ਖਿਡਾਰੀਆਂ ਦੇ ਨਾਮ ਕੌਮਾਂਤਰੀ ਕ੍ਰਿਕਟ ਕਾਊਸਲ ਨੂੰ ਭੇਜਣ ਦੀ ਆਖ਼ਰੀ ਤਰੀਕ ਹਾਲਾਂਕਿ 23 ਅਪ੍ਰੈਲ ਹੈ ਪਰ ਭਾਰਤੀ ਸਿਲੈਕਟਰਾਂ ਨੇ ਇਹ ਕੰਮ ਇੱਕ ਹਫ਼ਤਾ ਪਹਿਲਾਂ ਹੀ ਮੁਕਾ ਲੈਣ ਦਾ ਫੈਸਲਾ ਕੀਤਾ ਹੈ।
ਇਸ ਦੇ ਪਿੱਛੇ ਖਿਡਾਰੀਆਂ ਨੂੰ ਮਾਨਸਿਕ ਪੱਖੋਂ ਪੱਕਿਆਂ ਹੋਣ ਦਾ ਸਮਾਂ ਦੇਣ ਦੀ ਮਨਸ਼ਾ ਵੀ ਹੋ ਸਕਦੀ ਹੈ।

ਤਸਵੀਰ ਸਰੋਤ, BCCI/Twitter
ਉਂਝ ਤਾਂ ਐੱਮਐੱਸਕੇ ਪ੍ਰਸਾਦ ਹੁਣ ਤੱਕ ਦੋ ਮਹੀਨੇ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਸਿਲੈਕਟਰਾਂ ਦੇ ਦਿਮਾਗ ਵਿੱਚ 20 ਖਿਡਾਰੀਆਂ ਦਾ ਪੂਲ ਹੈ ਅਤੇ ਕਿਸੇ ਕਿਸਮ ਦੀ ਸ਼ਸ਼ੋਪੰਜ ਨਹੀਂ ਹੈ। ਹੁਣ ਇਨ੍ਹਾਂ ਵਿੱਚੋਂ 15 ਖਿਡਾਰੀ ਚੁਣੇ ਜਾਣੇ ਹਨ।
ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਸੀ ਕਿ ਆਈਪੀਐੱਲ ਵਿੱਚ ਕਾਰਗੁਜ਼ਾਰੀ ਨੂੰ ਖਿਡਾਰੀਆਂ ਦੇ ਵਿਸ਼ਵ ਕੱਪ ਟੀਮ ਵਿੱਚ ਚੋਣ ਦਾ ਅਧਾਰ ਨਹੀਂ ਬਣਾਇਆ ਜਾਵੇਗਾ। ਮਤਲਬ ਇਹ ਹੋਇਆ ਕਿ ਜੇ ਟੀਮ ਵਿੱਚ ਲਗਭਗ ਸਾਰੇ ਪੱਕੇ ਮੰਨੇ ਜਾ ਰਹੇ ਕਿਸੇ ਖਿਡਾਰੀ ਦੀ ਜੇ ਆਈਪੀਐੱਲ ਵਿੱਚ ਕਾਰਗੁਜ਼ਾਰੀ ਫਿੱਕੀ ਵੀ ਰਹੀ ਤਾਂ ਇਹ ਉਸ ਦਾ ਟੀਮ ਵਿੱਚੋਂ ਪੱਤਾ ਸਾਫ਼ ਕਰਨ ਦਾ ਅਧਾਰ ਨਹੀਂ ਬਣੇਗੀ।
ਇਹ ਗੱਲ ਵੱਖਰੀ ਹੈ ਕਿ ਪ੍ਰਸਾਦ ਦੇ ਇਹ ਫਾਰਮੂਲਾ ਸਾਰੇ ਖਿਡਾਰੀਆਂ ਉੱਪਰ ਲਾਗੂ ਹੈ। ਸਿਲੈਕਸ਼ਨ ਦੀ ਬਾਰਡਰ ਲਾਈਨ 'ਤੇ ਖੜ੍ਹੇ ਖਿਡਾਰੀਆਂ ਨੂੰ ਆਈਪੀਐੱਲ ਦਾ ਮਹੱਤਵ ਜਰੂਰ ਪਤਾ ਹੋਵੇਗਾ।
ਆਈਸੀਸੀ ਦੀ ਰੈਂਕਿੰਗ ਵਿੱਚ ਨੰਬਰ ਇੱਕ, ਭਾਰਤ ਦੋ ਵਾਰ ਵਿਸ਼ਵ ਜੇਤੂ ਰਿਹਾ ਹੈ। ਪਹਿਲੀ ਵਾਰ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਹੇਠ ਇੰਗਲੈਂਡ ਵਿੱਚ ਚੈਂਪੀਅਨ ਬਣਿਆ ਸੀ ਅਤੇ ਦੂਸਰੀ ਵਾਰ 2011 ਵਿੱਚ ਭਾਰਤ ਦੇ ਅੰਦਰ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ।

ਤਸਵੀਰ ਸਰੋਤ, Getty Images
50 ਓਵਰਾਂ ਦੇ ਇਸ ਫਾਰਮੈਟ ਲਈ ਉਂਝ ਤਾਂ ਆਦਰਸ਼ ਟੀਮ ਕਾਂਬੀਨੇਸ਼ਨ ਪੰਜ ਬੱਲੇਬਾਜ਼, ਦੋ ਆਲਰਾਊਂਡਰ, ਤਿੰਨ ਤੇਜ਼ ਗੇਂਦਬਾਜ਼ ਅਤੇ ਇੱਕ ਵਿਕਟਕੀਪਰ ਮੰਨਿਆ ਜਾਂਦਾ ਹੈ।
ਇੱਕ ਨਜ਼ਰ ਉਨ੍ਹਾਂ ਖਿਡਾਰੀਆਂ ਉੱਪਰ ਜਿਨ੍ਹਾਂ ਦਾ ਵਿਸ਼ਵ ਕੱਪ ਟਿਕਟ ਪੱਕਾ ਹੈ ਅਤੇ ਜਿਨ੍ਹਾਂ ਬਾਰੇ ਸਿਲੈਕਟਰਾਂ ਵਿੱਚ ਬਹਿਸਬਾਜ਼ੀ ਹੋ ਸਕਦੀ ਹੈ।
ਟੀਮ ਦੀ ਓਪਨਿੰਗ ਜੋੜੀ ਰੋਹਿਤ ਸ਼ਰਮਾ ਅਤੇ ਸ਼ਿਖ਼ਰ ਧਵਨ ਨਾਲ ਕਿਸੇ ਛੇੜਛਾੜ ਦੀ ਕੋਈ ਉਮੀਦ ਨਹੀਂ ਹੈ।

ਤਸਵੀਰ ਸਰੋਤ, Getty Images
ਰੋਹਿਤ ਸ਼ਰਮਾ (ਉੱਪ ਕਪਤਾਨ)
ਕੁਝ ਹੀ ਦਿਨਾਂ ਵਿੱਚ 32 ਸਾਲਾਂ ਦੇ ਹੋਣ ਜਾ ਰਹੇ ਸੱਜੇ ਹੱਥੇ ਦੇ ਇਸ ਧਮਾਕੇਦਾਰ ਬੱਲੇਬਾਜ਼ ਵਿੱਚ ਕਿਸੇ ਵੀ ਦਿਨ ਇਕੱਲੇ ਆਪਣੇ ਦਮ ਕਿਸੇ ਟੀਮ ਨੂੰ ਜਿਤਾਉਣ ਦੀ ਸਮਰੱਥਾ ਹੈ। 206 ਇੱਕ ਰੋਜ਼ਾ ਮੈਚਾਂ ਦੇ ਅਨੁਭਵ ਵਾਲੇ ਰੋਹਿਤ ਵੰਨ-ਡੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਤਿੰਨ ਦੂਹਰੇ ਸੈਂਕੜ ਜੜਨ ਵਾਲੇ ਦੁਨੀਆਂ ਦੇ ਇੱਕਲੇ ਬੱਲੇਬਾਜ਼ ਹਨ।
ਲਗਭਗ 88 ਦਾ ਸਟਰਾਈਕ ਰੇਟ ਰੱਖਣ ਵਾਲੇ ਰੋਹਿਤ ਦੀ ਔਸਤ 47.39 ਹੈ। ਉਨ੍ਹਾਂ ਦੇ ਨਾਂ 37 ਸੈਂਕੜੇ ਅਤੇ 41 ਅਰਧ-ਸੈਂਕੜੇ ਹਨ ਅਤੇ ਉਹ ਹੁਣ ਤੱਕ 8010 ਦੌੜਾ ਬਣਾ ਚੁੱਕੇ ਹਨ।
ਰੋਹਿਤ ਨੇ 2015 ਵਿੱਚ ਪਿਛਲੇ ਵਿਸ਼ਵ ਕੱਪ ਦੌਰਾਨ 8 ਮੌਚਾਂ ਵਿੱਚ 47.14 ਦੀ ਔਸਤ ਨਾਲ 330 ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਸਟਰਾਈਕ ਰੇਟ 91.66 ਰਿਹਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਬਣਾਏ ਸਨ।

ਤਸਵੀਰ ਸਰੋਤ, Getty Images
ਸ਼ਿਖਰ ਧਵਨ
33 ਸਾਲਾ ਇਸ ਖੱਬੂ ਬੱਲੇਬਾਜ਼ ਵਿੱਚ ਟੀਮ ਦੇ ਸਾਥੀਆਂ ਵਿੱਚ ਗੱਬਰ ਕਹੇ ਜਾਂਦੇ ਹਨ। 128 ਇੱਕ-ਰੋਜ਼ਾ ਮੈਚਾਂ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਨੇ 16 ਸੈਂਕੜੇ ਬਣਾਏ ਹਨ ਅਤੇ 44.62 ਦੀ ਔਸਤ ਨਾਲ ਕੁਲ 5355 ਦੌੜਾਂ ਬਣਾਈਆਂ ਹਨ।
ਧਵਨ ਦਾ ਆਈਸੀਸੀ ਟੂਰਨਾਮੈਂਟਸ ਵਿੱਚ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਧਵਨ ਨੇ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਵਿੱਚ 5 ਮੈਚਾਂ ਵਿੱਚ ਇੱਕ ਸੈਂਕੜੇ ਨਾਲ 363 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਔਸਤ 90.75 ਰਿਹਾ ਸੀ। ਇਸ ਟੂਰਨਾਮੈਂਟਸ ਵਿੱਚ ਭਾਰਤ ਜੇਤੂ ਰਿਹਾ ਸੀ।
2015 ਵਿਸ਼ਵ ਕੱਪ ਵਿੱਚ ਧਵਨ ਨੇ 8 ਮੈਚਾਂ ਵਿੱਚ 412 ਦੌੜਾਂ ਬਣਾਈਆਂ ਸਨ,ਜਿਨ੍ਹਾਂ ਵਿੱਚ 2 ਸੈਂਕੜੇ ਸ਼ਾਮਲ ਸੀ। ਆਸਟਰੇਲੀਆ-ਨਿਊਜ਼ੀਲੈਂਡ ਦੀ ਮੇਜ਼ਬਾਨੀ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਧਵਨ ਦਾ ਔਸਤ 91.75 ਰਿਹਾ ਸੀ।
ਇੰਗਲੈਂਡ ਵਿੱਚ ਹੋਈ 2017 ਆਈਸੀਸੀ ਚੈਂਪੀਅਨਜ਼ ਟਰਾਫ਼ੀ ਵਿੱਚ ਵੀ ਧਵਨ ਨੇ 5 ਮੈਚਾਂ ਵਿੱਚ 67,60 ਦੀ ਔਸਤ ਨਾਲ 338 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਸੈਂਕੜਾ ਅਤੇ 2 ਅਰਧ-ਸੈਂਕੜੇ ਸਨ।
ਵਿਰਾਟ ਕੋਹਲੀ (ਕਪਤਾਨ)

ਤਸਵੀਰ ਸਰੋਤ, Getty Images
ਆਈਸੀਸੀ ਦੇ ਬੱਲੇਬਾਜ਼ਾਂ ਦੀ ਵੰਨ-ਡੇ ਰੈਂਕਿੰਗ ਵਿੱਚ ਨੂੰ ਪਹਿਲੇ ਨੰਬਰ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ 227 ਇੱਕ ਰੋਜ਼ਾ ਮੈਚਾਂ ਦਾ ਤਜ਼ਰਬਾ ਹੈ। 30 ਸਾਲਾਂ ਦੇ ਕੋਹਲੀ ਇੱਕ ਰੋਜ਼ਾ ਮੈਂਚਾਂ ਵਿੱਚ 41 ਸੈਂਕੜੇ ਅਤੇ 49 ਅਰਧ ਸੈਂਕੜੇ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੇ 19843 ਦੌੜਾਂ ਬਣਾਈਆਂ ਹਨ।
ਵਿਰਾਟ ਦਾ ਇਹ ਤੀਜਾ ਵਿਸ਼ਵ ਕੱਪ ਹੋਵੇਗਾ। 2011 ਵਿੱਚ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ 9 ਮੈਚਾਂ ਵਿੱਚ 282 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਸੀ।
2013 ਦੀ ਆਈਸੀਸੀ ਚੈਂਪੀਅਨਜ਼ ਟਰਾਫ਼ੀ ਵਿੱਚ ਕੋਹਲੀ ਨੇ 5 ਮੈਚਾਂ ਵਿੱਚ 176 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਔਸਤ 58.66 ਦਾ ਸੀ।
2015 ਦੇ ਵਿਸ਼ਵ ਕੱਪ ਵਿੱਚ ਕੋਹਲੀ ਨੇ 8 ਮੈਚਾਂ ਵਿੱਚ 50.83 ਦੀ ਔਸਤ ਨਾਲ 305 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚ ਇੱਕ ਸੈਂਕੜਾ ਸ਼ਾਮਲ ਸੀ।
2017 ਦੀ ਆਈਸੀਸੀ ਚੈਂਪੀਅਨਜ਼ ਟਰਾਫ਼ੀ ਵਿੱਚ ਕੋਹਲੀ ਨੇ 5 ਮੈਚਾਂ ਵਿੱਚ 258 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਦਾ ਔਸਤ 129 ਦਾ ਸੀ।
ਅੰਬਾਟੀ ਰਾਊਡੂ ਜਾਂ ਵਿਜੇ ਸ਼ੰਕਰ

ਤਸਵੀਰ ਸਰੋਤ, Getty Images
ਭਾਰਤੀ ਕ੍ਰਿਕਟ ਦੇ ਥਿੰਕ ਟੈਂਕਸ ਨੂੰ ਚੌਥੇ ਨੰਬਰ ਬਾਰੇ ਦਿਮਾਗ ਭਿੜਾਉਣੇ ਪੈਣਗੇ। ਇਸ ਨੰਬਰ ਲਈ ਅੰਬਾਟੀ ਰਾਊਡੂ ਅਤੇ ਵਿਜੇ ਸ਼ੰਕਰ ਦਰਮਿਆਨ ਟੱਕਰ ਮੰਨੀ ਜਾ ਰਹੀ ਹੈ।
ਉਂਝ ਵੀ ਇਸ ਨੰਬਰ ਬਾਰੇ ਪ੍ਰਯੋਗ ਕਾਫੀ ਲੰਬੇ ਸਮੇਂ ਤੋਂ ਹੁੰਦੇ ਆਏ ਹਨ। ਟੀਮ ਮੈਨੇਜਮੈਂਟ ਨੇ ਪਹਿਲਾਂ ਇਸ ਥਾਂ ਤੇ ਕੇਐਲ ਰਾਹੁਲ, ਧੋਨੀ, ਸੁਰੇਸ਼ ਰੈਨਾ, ਕੇਦਾਰ ਜਾਘਵ ਅਤੇ ਮਨੀਸ਼ ਪਾਂਡਿਆ ਨੂੰ ਪਰਖਿਆ ਪਰ ਪਹਿਲਾਂ ਏਸ਼ੀਆ ਕੱਪ ਅਤੇ ਫਿਰ ਵੈਸਟ ਇੰਡੀਜ਼ ਦੇ ਖਿਲਾਫ਼ ਅੰਬਾਟੀ ਰਾਊਡੂ ਨੇ ਇਸ ਨੰਬਰ ਤੇ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਸੀਟ ਲਗਭਗ ਪੱਕੀ ਕਰ ਲਈ ਸੀ।
ਨਿਊਜ਼ੀਲੈਂਡ ਦੇ ਖ਼ਿਲਾਫ ਪੰਜਵੇਂ ਇੱਕ ਰੋਜ਼ਾ ਮੈਚ ਵਿੱਚ 90 ਦੌੜਾਂ ਦੀ ਜੇਤੂ ਪਾਰੀ ਕਾਰਨ ਸਿਲੈਕਟਰ ਇਸ ਥਾਂ ਬਾਰੇ ਬੇਫਿਕਰੇ ਹੋਣ ਹੀ ਵਾਲੇ ਸਨ ਕਿ ਆਸਟਰੇਲੀਆ ਖ਼ਿਲਾਫ ਘਰੇਲੂ ਇੱਕ ਰੋਜ਼ਾ ਲੜੀ ਵਿੱਚ ਰਾਊਡੂ ਪਹਿਲੇ ਤਿੰਨ ਮੈਚਾਂ ਵਿੱਚ 13, 18 ਅਤੇ 2 ਦੌੜਾਂ ਹੀ ਬਣਾ ਸਕੇ ਅਤੇ ਫਿਰ ਉਨ੍ਹਾਂ ਨੂੰ ਆਖਰੀ ਮੈਚ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਹੈਦਰਾਬਾਦ ਦੇ 33 ਸਾਲਾ ਰਾਊਡੂ ਨੂੰ 55 ਇੱਕ ਰੋਜ਼ਾ ਮੈਚਾਂ ਦਾ ਤਜ਼ਰਬਾ ਹੈ ਅਤੇ ਉਨ੍ਹਾਂਦਾ ਔਸਤ 47 ਦਾ ਰਿਹਾ ਹੈ ।
ਇਹ ਸਹੀ ਹੈ ਕਿ ਸ਼ਾਇਦ ਰਾਊਡੂ ਬਹੁਤ ਵਧੀਆ ਫੌਰਮ ਵਿੱਚ ਨਹੀਂ ਹਨ ਪਰ ਕ੍ਰਿਕਟ ਵਿੱਚ ਹੀ ਤਾਂ ਇਹ ਕਹਾਵਤ ਹੈ ਕਿ- ਫਾਰਮ ਇਜ਼ ਟੈਂਪਰੇਰੀ, ਕਲਾਸ ਇਜ਼ ਪਰਮਾਨੈਂਟ।

ਤਸਵੀਰ ਸਰੋਤ, Getty Images
ਰਾਊਡੂ ਨੂੰ ਚੌਥੇ ਨੰਬਰ ਲਈ ਟੱਕਰ ਦੇ ਸਕਦੇ ਹਨ ਵਿਜੇ ਸ਼ੰਕਰ। ਸ਼ੰਕਰ ਨੇ ਆਸਟਰੇਲੀਆ ਖ਼ਿਲਾਫ ਇੱਕ-ਰੋਜ਼ਾ ਲੜੀ ਵਿੱਚ ਚਾਰ ਮੈਚਾਂ ਵਿੱਚ 30 ਦੀ ਔਸਤ ਨਾਲ 112 ਸਟਰਾਈਕਸ ਨਾਲ 120 ਦੌੜਾਂ ਬਣਾ ਕੇ ਕਪਤਾਨ ਕੋਹਲੀ ਅਤੇ ਸਿਲੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਉਹ ਵਧੀਆ ਗੇਂਦਬਾਜ਼ੀ ਵੀ ਕਰ ਲੈਂਦੇ ਹਨ।
ਇਹ ਨਹੀਂ ਭੁੱਲਣਾ ਚਾਹੀਦਾ ਕਿ 2003 ਦੇ ਵਿਸ਼ਵ ਕੱਪ ਵਿੱਚ ਵੀਵੀਐੱਸ ਲਕਸ਼ਮਣ ਦੀ ਥਾਂ ਦਿਨੇਸ਼ ਮੋਂਗੀਆ ਨੂੰ ਵੀ ਕੁਝ ਅਜਿਹੇ ਹੀ ਕਾਰਨਾਂ ਕਰਕੇ ਟੀਮ ਵਿੱਚ ਥਾਂ ਦਿੱਤੀ ਗਈ ਸੀ ਅਤੇ 2011 ਦੇ ਵਿਸ਼ਵ ਕੱਪ ਵਿੱਚ ਯੁਵਰਾਜ ਸਿੰਘ ਨੇ ਬੱਲੇਬਾਜ਼ ਦੇ ਨਾਲ-ਨਾਲ ਪੰਜਵੇਂ ਨੰਬਰ ਦੇ ਗੇਂਦਬਾਜ਼ ਦੀ ਭੂਮਿਕਾ ਵੀ ਸੋਹਣੀ ਨਿਭਾਈ ਸੀ। ਯੁਵਰਾਜ ਨੇ ਪੂਰੇ ਟੂਰਨਾਮੈਂਟ ਵਿੱਚ 15 ਵਿਕਟ ਲਏ ਸਨ।
ਮਹਿੰਦਰ ਸਿੰਘ ਧੋਨੀ

ਤਸਵੀਰ ਸਰੋਤ, Getty Images
37 ਸਾਲਾ ਧੋਨੀ ਇੱਕਲੌਤੇ ਕਪਤਾਨ ਰਹੇ ਹਨ, ਜਿਨ੍ਹਾਂ ਨੇ ਆਪਣੀ ਅਗਵਾਈ ਵਿੱਚ ਟੀਮ ਨੂੰ ਆਈਸੀਸੀ ਦੇ ਤਿੰਨ ਟੂਰਨਾਮੈਂਟ ਜਿਤਾਏ ਹਨ। 341 ਇੱਕ-ਰੋਜ਼ਾ ਮੈਚਾਂ ਖੇਡ ਚੁੱਕੇ ਵਿਕਟਕੀਪਰ ਬੱਲੇਬਾਜ਼ ਧੋਨੀ 50.72 ਦੀ ਔਸਤ ਨਾਲ 10,500 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਨਾਂ 10 ਸੈਂਕੜੇ ਅਤੇ 71 ਅਰਧ-ਸੈਂਕੜੇ ਹਨ।
ਧੋਨੀ ਦਾ ਇਹ ਚੌਥਾ ਵਿਸ਼ਵ ਕੱਪ ਹੋਵੇਗਾ।
ਵੈਸਟ ਇੰਡੀਜ਼ ਵਿੱਚ 2006-07 ਵਿੱਚ ਖੇਡੇ ਗਏ ਆਪਣੇ ਪਹਿਲੇ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਧੋਨੀ ਨੂੰ ਆਪਣਾ ਜੌਹਰ ਦਿਖਾਉਣ ਦਾ ਖ਼ਾਸ ਮੌਕਾ ਨਹੀਂ ਮਿਲਿਆ ਸੀ। ਧੋਨੀ ਤਿੰਨ ਮੈਚਾਂ ਵਿੱਚ ਸਿਰਫ਼ 29 ਦੌੜਾਂ ਬਣਾ ਸਕੇ ਸਨ।
ਉਸ ਤੋਂ ਚਾਰ ਸਾਲ ਬਾਅਦ 2011 ਵਿੱਚ ਉਨ੍ਹਾਂ ਨੇ ਆਪਣੀ ਕਪਤਾਨੀ ਵਿੱਚ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ। ਧੋਨੀ ਨੇ ਟੂਰਨਾਮੈਂਟ ਵਿੱਚ 9 ਮੈਚਾਂ ਵਿੱਚ 48.20 ਦੀ ਔਸਤ ਨਾਲ 241 ਦੌੜਾਂ ਬਣਾਈਆਂ ਸਨ।
2015 ਦੇ ਵਿਸ਼ਵ ਕੱਪ ਵਿੱਚ ਵੀ ਧੋਨੀ ਦਾ ਬੱਲਾ ਖ਼ੂਬ ਬੋਲਿਆ ਸੀ। ਧੋਨੀ ਨੇ 8 ਮੈਚਾਂ ਵਿੱਚ 59.25 ਦੀ ਔਸਤ ਨਾਲ 237 ਦੌੜਾਂ ਬਣਾਈਆ ਸਨ, ਜਿਨ੍ਹਾਂ ਵਿੱਚ ਦੋ ਅਰਧ-ਸੈਂਕੜੇ ਸ਼ਾਮਲ ਸਨ।
ਕੇਦਾਰ ਜਾਧਵ ਜਾਂ ਦਿਨੇਸ਼ ਕਾਰਤਿਕ?

ਤਸਵੀਰ ਸਰੋਤ, Getty Images
ਕੇਦਾਰ ਜਾਧਵ ਦੀ ਭੂਮਿਕਾ ਟੀਮ ਵਿੱਚ ਕੁੱਲ ਮਿਲਾ ਕੇ ਇੱਕ ਹਰਫਨਮੌਲਾ ਖਿਡਾਰੀ ਦੀ ਹੈ। ਸੱਜੇ ਹੱਥ ਦੇ ਬੱਲੇਬਾਜ਼ 34 ਸਾਲ ਜਾਧਵ ਨੇ 59 ਇੱਕ-ਰੋਜ਼ਾ ਮੈਚ ਖੇਡੇ ਹਨ। ਆਸਟਰੇਲੀਆ ਦੇ ਖਿਲਾਫ਼ ਹਾਲ ਹੀ ਵਿੱਚ ਮੁਕੰਮਲ ਹੋਈ ਘਰੇਲੂ ਲੜੀ ਵਿੱਚ ਜਾਘਵ ਨੇ 81,11, 26, 19 ਅਤੇ 44 ਦੌੜਾਂ ਬਣਾਈਆਂ। ਜਾਘਵ ਇੱਕ-ਰੋਜ਼ਾ ਮੈਚਾਂ ਵਿੱਚ 27 ਵਿਕਟਾਂ ਵੀ ਲੈ ਚੁੱਕੇ ਹਨ।
ਦਿਨੇਸ਼ ਕਾਰਤਿਕ ਟੀਮ ਵਿੱਚ ਥਾਂ ਬਣਾ ਸਕਣਗੇ ਜਾਂ ਨਹੀਂ ਇਹ ਤਾਂ ਠੀਕ-ਠੀਕ ਨਹੀਂ ਕਿਹਾ ਜਾ ਸਕਦਾ ਪਰ ਉਹ ਅਜਿਹੇ ਬੱਲੇਬਾਜ਼ ਹਨ ਜੋ ਵਿਕਟਕੀਪਰ ਹੋਣ ਦੇ ਨਾਲ-ਨਾਲ ਪਹਿਲੇ ਤੋਂ ਅਖ਼ੀਰਲੇ ਨੰਬਰ ਤੱਕ ਕਿਸੇ ਵੀ ਥਾਂ ਬੱਲੇਬਾਜ਼ੀ ਕਰ ਸਕਦੇ ਹਨ।
ਸ਼੍ਰੀਲੰਕਾ ਵਿੱਚ ਹੋਈ ਨਿਦਹਾਸ ਟਰਾਫੀ ਦੌਰਾਨ ਕਾਰਤਿਕ ਨੇ ਦਿਖਾਇਆ ਸੀ ਕਿ ਉਹ ਨਾ ਸਿਰਫ਼ ਤੇਜੀ ਨਾਲ ਸਟਰਾਈਕ ਬਦਲਣ ਦੇ ਮਾਹਰ ਹਨ ਸਗੋਂ ਕੁਝ ਮੈਚ ਤਾਂ ਉਨ੍ਹਾਂ ਨੇ ਆਪਣੇ ਦਮ ਤੇ ਜਿਤਾਏ ਵੀ ਸਨ।
33 ਸਾਲਾਂ ਦੇ ਕਾਰਤਿਕ ਨੇ 91 ਇੱਕ-ਰੋਜ਼ਾ ਮੈਚ ਖੇਡੇ ਹਨ ਅਤੇ ਉਨ੍ਹਾਂ ਨੇ 31 ਦੀ ਔਸਤ ਨਾਲ 1738 ਦੌੜਾਂ ਵੀ ਬਣਾਈਆਂ ਹਨ। ਇਨ੍ਹਾਂ ਦੌੜਾਂ ਵਿੱਚ 9 ਅਰਧ- ਸੈਂਕੜੇ ਸ਼ਾਮਲ ਹਨ। ਰਿਜ਼ਰਵ ਵਿਕਟਕੀਪਰ ਵਜੋਂ ਟੀਮ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਦਾਅਵੇਦਾਰੀ ਵਿੱਚ ਕਾਫ਼ੀ ਵਜ਼ਨ ਹੈ।
ਹਾਰਦਿਕ ਪਾਂਡਿਆ ਜਾਂ ਰਵਿੰਦਰ ਜਡੇਜਾ

ਤਸਵੀਰ ਸਰੋਤ, Getty Images
2018 ਵਿੱਚ ਏਸ਼ੀਆ ਕੱਪ ਤੋਂ ਪਹਿਲਾਂ ਤੱਕ ਹਾਰਦਿਕ ਪਾਂਡਿਆ ਦਾ ਗ੍ਰਾਫ ਤੇਜ਼ੀ ਨਾਲ ਚੜ੍ਹ ਰਿਹਾ ਸੀ ਅਤੇ ਇੱਥੋਂ ਤੱਕ ਕਿ ਕਈ ਕ੍ਰਿਕਿਟ ਵਿਸ਼ਲੇਸ਼ਕ ਤਾਂ ਉਨ੍ਹਾਂ ਨੂੰ ਦੂਸਰਾ ਕਪਿਲ ਦੇਵ ਤੱਕ ਦੱਸਣ ਲੱਗੇ ਸਨ।
ਲੇਕਿਨ ਸੱਟ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਰਹਿਣਾ ਪਿਆ। ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਰਵਿੰਦਰ ਜਡੇਜਾ ਨੂੰ ਭਰਭੂਰ ਮੌਕਾ ਮਿਲਿਆ। ਕੁਝ ਮਹੀਨਿਆਂ ਬਾਅਦ ਹਾਰਦਿਕ ਪਾਂਡਿਆ ਟੀਮ ਵਿੱਚ ਵਾਪਸ ਆ ਗਏ ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਰਹਿਣਾ ਪਿਆ। ਇਸ ਵਾਰ ਕਾਰਨ ਸੱਟ ਨਹੀਂ ਸੀ ਸਗੋਂ ਇੱਕ ਟੀਵੀ ਪ੍ਰੋਗਰਾਮ ਵਿੱਚ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਸੀ।
ਖ਼ੈਰ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਉਨ੍ਹਾਂ ਨੇ ਕਈ ਵਾਰ ਖ਼ੁਦ ਨੂੰ ਟੀਮ ਲਈ ਉਪਯੋਗੀ ਸਾਬਤ ਕੀਤਾ ਹੈ। ਹਾਰਦਿਕ ਨੂੰ 45 ਇੱਕ-ਰੋਜ਼ਾ ਮੈਚਾਂ ਦਾ ਤਜ਼ਰਬਾ ਹੈ ਅਤੇ ਉਹ 29 ਤੋਂ ਵਧੇਰੇ ਔਸਤ ਨਾਲ 731 ਦੌੜਾਂ ਬਣਾ ਚੁੱਕੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ 44 ਇੱਕ-ਰੋਜ਼ਾ ਵਿਕਟ ਵੀ ਦਰਜ਼ ਹਨ। ਨਿਊਜ਼ੀਲੈਂਡ ਖ਼ਿਲਾਫ ਆਖ਼ਰੀ ਦੋ ਮੈਚਾਂ ਵਿੱਚ ਹਾਰਦਿਕ ਨੇ 16 ਅਤੇ 45 ਦੌੜਾਂ ਬਣਾਈਆਂ ਸਨ।
ਹਾਰਦਿਕ ਨੂੰ ਆਖ਼ਰੀ ਗਿਆਰਵੇਂ ਖਿਡਾਰੀ ਵਜੋਂ ਹਰਫਨਮੌਲਾ ਰਵਿੰਦਰ ਜ਼ਡੇਜਾ ਤੋਂ ਟੱਕਰ ਮਿਲ ਸਕਦੀ ਹੈ। 151 ਇੱਕ-ਰੋਜ਼ਾ ਮੈਚ ਖੇਡ ਚੁੱਕੇ ਰਵਿੰਦਰ 30 ਸਾਲਾਂ ਦੇ ਹਨ ਅਤੇ ਉਨ੍ਹਾਂ ਨੇ 2035 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦਾ ਔਸਤ ਹੈ 29.92 ਦਾ।
ਖੱਬੇ ਹੱਥ ਦੇ ਗੇਂਦਬਾਜ਼ ਰਵਿੰਦਰ 174 ਵਿਕਟਾਂ ਲੈ ਚੁੱਕੇ ਹਨ।
ਰਵਿੰਦਰ ਨੂੰ ਜੇ ਇਸ ਵਾਰ ਮੌਕਾ ਮਿਲਿਆ ਤਾਂ ਇਹ ਉਨ੍ਹਾਂ ਦਾ ਦੂਸਰਾ ਵਿਸ਼ਵ ਕੱਪ ਹੋਵੇਗਾ. 2015 ਦੇ ਵਿਸ਼ਵ ਕੱਪ ਵਿੱਚ ਰਵਿੰਦਰ ਨੇ 8 ਮੈਚਾਂ ਵਿੱਚ 57 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੂਰਨਾਮੈਂਟ ਵਿੱਚ 9 ਵਿਕਟਾਂ ਵੀ ਆਪਣੇ ਨਾਮ ਕੀਤੀਆਂ ਸਨ।
ਭੁਵਨੇਸ਼ਵਰ ਕੁਮਾਰ

ਤਸਵੀਰ ਸਰੋਤ, Getty Images
ਇੰਗਲੈਂਡ ਦੇ ਵਿਕਟਾਂ ਉੱਪਰ ਭੁਵਨੇਸ਼ਵਰ ਕੁਮਾਰ ਦੀ ਸਵਿੰਗ ਬੇਹੱਦ ਕਾਰਗਰ ਅਤੇ ਮਾਰੂ ਸਾਬਤ ਹੋ ਸਕਦੀ ਹੈ। ਭੁਵਨੇਸ਼ਵਰ ਦਾ ਦਾਅਵਾ ਤਿੰਨ ਤੇਜ਼ ਗੇਂਦਬਾਜ਼ਾਂ ਦੇ ਕੋਟੇ ਵਿੱਚ ਪ੍ਰਮੁੱਖ ਮੰਨਿਆ ਜਾ ਰਿਹਾ ਹੈ।
29 ਸਾਲ ਭੁਵਨੇਸ਼ਵਰ ਨੇ 105 ਮੈਚ ਖੇਡੇ ਹਨ। ਉਨ੍ਹਾਂ ਨੇ 118 ਵਿਕਟਾਂ ਲਈਆਂ ਹਨ। ਭੁਵਨੇਸ਼ਵਰ ਉਨ੍ਹਾਂ ਗੇਂਦਬਾਜ਼ਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਉੱਤੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਦਾ ਕੁਝ ਭਰੋਸਾ ਕੀਤਾ ਜਾ ਸਕਦਾ ਹੈ।
ਕੁਲਦੀਪ ਯਾਦਵ

ਤਸਵੀਰ ਸਰੋਤ, Reuters
ਪਿਛਲੇ ਕੁਝ ਮਹੀਨਿਆਂ ਵਿੱਚ ਕੁਲਦੀਪ ਯਾਦਵ ਨੇ ਆਪਣੀ ਗੇਂਦਬਾਜ਼ੀ ਵਿੱਚ ਵਿਭਿੰਨਤਾ ਨਾਲ ਵਿਰੋਧੀ ਬੱਲੇਬਾਜ਼ਾਂ ਦੀ ਕਰੜੀ ਪ੍ਰੀਖਿਆ ਲਈ ਹੈ। ਉਹ ਗੇਂਦ ਨੂੰ ਫਲਾਈਟ ਕਰਵਾਉਣੋਂ ਨਹੀਂ ਡਰਦੇ ਅਤੇ ਪਿਟਾਈ ਹੋ ਜਾਣ 'ਤੇ ਹੌਂਸਲਾ ਨਹੀਂ ਹਾਰਦੇ।
ਕੁਲਦੀਪ ਨੂੰ 44 ਇੱਕ-ਰੋਜ਼ਾ ਮੈਚਾਂ ਦਾ ਅਨੁਭਵ ਹੈ ਅਤੇ ਉਹ ਆਪਣੇ ਖਾਤੇ ਵਿੱਚ ਹੁਣ ਤੱਕ 87 ਵਿਕਟਾਂ ਪਾ ਚੁੱਕੇ ਹਨ।
2018 ਵਿੱਚ ਦੱਖਣੀ ਅਫਰੀਕਾ ਵਿੱਚ ਇੱਕ-ਰੋਜ਼ਾ ਲੜੀ ਵਿੱਚ ਉੁਨ੍ਹਾਂ ਨੇ 17 ਵਿਕਟਾਂ ਲੈ ਕੇ ਆਪਣਾ ਲੋਹਾ ਮਨਵਾਇਆ ਸੀ। ਇੰਗਲੈਂਡ ਵਿੱਚ ਵੀ ਉਨ੍ਹਾਂ ਨੇ ਤਿੰਨ ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ।
2018 ਦੇ ਏਸ਼ੀਆ ਕੱਪ ਵਿੱਚ ਕੁਲਦੀਪ ਨੇ 10 ਵਿਕਟ ਲਏ ਸਨ, ਜਦ ਕਿ ਭਾਰਤ ਦੀ ਮੇਜ਼ਬਾਨੀ ਵਿੱਚ ਆਸਟਰੇਲੀਆ ਦੇ ਖ਼ਿਲਾਫ਼ ਖੇਡੀ ਗਈ ਇਸ ਇੱਕ-ਰੋਜ਼ਾ ਲੜੀ ਵਿੱਚ ਵੀ ਉਨ੍ਹਾਂ ਨੇ ਇੰਨੇ ਹੀ ਵਿਕਟ ਲਏ ਸਨ।
ਯੁਜਵੇਂਦਰ ਚਹਲ

ਤਸਵੀਰ ਸਰੋਤ, Getty Images
ਕੁਲਦੀਪ ਦੇ ਨਾਲ ਯੁਜਵੇਂਦਰ ਦੀ ਜੋੜੀ ਕੁਲਚਾ ਦੇ ਨਾਮ ਨਾਲ ਜਾਣੀ ਜਾਂਦੀ ਹੈ 23 ਸਾਲਾਂ ਦੇ ਚਹਲ ਨੂੰ ਲੈਗਬ੍ਰੇਕਰ ਗੁਗਲੀ ਵਿੱਚ ਮਹਾਰਤ ਹਾਸਲ ਹੈ। ਉਨ੍ਹਾਂ ਨੇ ਕੁੱਲ 41 ਇੱਕ-ਰੋਜ਼ਾ ਮੈਚ ਖੇਡੇ ਹਨ ਅਤੇ ਉਹ 72 ਵਿਕਟਾਂ ਲੈ ਚੁੱਕੇ ਹਨ।
ਦੱਖਣੀ ਅਫਰੀਕਾ ਵਿੱਚ ਚਹਲ ਨੇ 6 ਮੈਚਾਂ ਵਿੱਚ 16 ਵਿਕਟ ਤੋੜੇ ਸਨ। ਨਿਊਜ਼ੀਲੈਂਡ ਸੀਰੀਜ਼ ਵਿੱਚ ਵੀ ਚਹਲ ਭਾਰਤ ਲਈ 'ਹੁਕਮ ਦਾ ਇੱਕਾ' ਸਾਬਤ ਹੋਏ ਸਨ ਅਤੇ ਉਨ੍ਹਾਂ ਨੇ 5 ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ।
ਜਸਪ੍ਰੀਤ ਬੁਮਰਾਹ

ਤਸਵੀਰ ਸਰੋਤ, Getty Images
ਕਪਤਾਨ ਕੋਹਲੀ ਆਪਣੇ ਗੇਂਦਬਾਜ਼ਾਂ ਵਿੱਚੋਂ ਜੇ ਕਿਸੇ ਉੱਪਰ ਸਭ ਤੋਂ ਵਧੇਰੇ ਵਿਸ਼ਵਾਸ਼ ਕਰਦੇ ਹਨ ਤਾਂ ਉਹ ਨਾਮ ਹੈ ਜਸਪ੍ਰੀਤ ਬੁਮਰਾਹ।
ਪਿਛਲੇ ਕੁਝ ਮੈਚਾਂ ਵਿੱਚ ਬੁਮਰਾਹ ਨੇ ਆਖ਼ਰੀ ਓਵਰਾਂ ਵਿੱਚ ਕਪਤਾਨ ਦਾ ਭਰੋਸਾ ਕਾਇਮ ਰੱਖਿਆ ਹੈ। ਉਹ ਆਪਣੀ ਗੇਂਦਬਾਜ਼ੀ ਦੀ ਵਿਭਿੰਨਤਾ ਨਾਲ ਨਾ ਸਿਰਫ ਬੱਲੇਬਾਜ਼ਾਂ ਨੂੰ ਬੰਨ੍ਹੀ ਰੱਖਣ ਦੀ ਸਮਰੱਥਾ ਰੱਖਦੇ ਹਨ ਸਗੋਂ ਵਿਕਟਾਂ ਪੁੱਟਣ ਦਾ ਦਮ ਵੀ ਰੱਖਦੇ ਹਨ। ਬੁਮਰਾਹ ਟੀ-20, ਇੱਕ-ਰੋਜ਼ਾ ਅਤੇ ਟੈਸਟ ਮੈਚਾਂ ਵਿੱਚ ਗੇਂਦਬਾਜ਼ੀ ਕਰ ਚੁੱਕੇ ਹਨ।
ਹਾਲਾਂਕਿ ਕ੍ਰਿਕਟ ਮਾਹਰਾਂ ਨੂੰ ਸ਼ੱਕ ਹੈ ਕਿ ਕਿਤੇ ਆਈਪੀਐੱਲ ਦੀ ਥਕਾਨ ਜਸਪ੍ਰੀਤ ਵਰਗੇ ਗੇਂਦਬਾਜ਼ ਉੱਪਰ ਅਸਰ ਨਾ ਪਾਵੇ ਅਤੇ ਉਹ ਵਿਸ਼ਵ ਕੱਪ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਉੱਕ ਜਾਣ।
25 ਸਾਲਾ ਬੁਮਰਾਹ ਨੇ 49 ਇੱਕ-ਰੋਜ਼ਾ ਮੈਚ ਖੇਡੇ ਹਨ ਅਤੇ ਉਨ੍ਹਾਂ ਦੇ ਖਾਤੇ ਵਿੱਚ 85 ਵਿਕਟਾਂ ਹਨ। ਪਤਾ ਨਹੀਂ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਦਿਖਾ ਸਕਣਗੇ ਜਾਂ ਨਹੀਂ
ਮੁਹੰਮਦ ਸ਼ਮੀ

ਤਸਵੀਰ ਸਰੋਤ, Getty Images
ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੀਜੇ ਤੇਜ਼ ਗੇਂਦਬਾਜ਼ ਦੇ ਰੂਪ ਵਿੱਚ ਟੀਮ ਵਿੱਚ ਥਾਂ ਮਿਲ ਸਕਦੀ ਹੈ। 28 ਸਾਲਾਂ ਦੇ ਸ਼ਮੀ ਨੂੰ 63 ਇੱਕ-ਰੋਜ਼ਾ ਮੈਚਾਂ ਦਾ ਅਨੁਭਵ ਹੈ।
ਸ਼ਮੀ ਇੱਕ-ਰੋਜ਼ਾ ਕੌਮਾਂਤਰੀ ਕੈਰੀਅਰ ਵਿੱਚ 113 ਵਿਕਟਾਂ ਲੈ ਚੁੱਕੇ ਹਨ ਅਤੇ ਛੇ ਵਾਰ ਕਿਸੇ ਮੈਚ ਵਿੱਚ ਚਾਰ ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁੱਕੇ ਹਨ।
ਸ਼ਮੀ ਦੀ ਚੋਣ ਹੋ ਗਈ ਤਾਂ ਇਹ ਉਨ੍ਹਾਂ ਦਾ ਦੂਸਰਾ ਵਿਸ਼ਵ ਕੱਪ ਹੋਵੇਗਾ। ਸਾਲ 2015 ਦੇ ਵਿਸ਼ਵ ਕੱਪ ਵਿੱਚ ਸ਼ਮੀ ਨੇ 7 ਮੈਚਾਂ ਵਿੱਚ 17 ਵਿਕਟਾਂ ਲਈਆਂ ਸਨ।
ਇਸ ਤੋਂ ਇਲਾਵਾ ਸਿਲੈਕਟਰ ਜਿਨ੍ਹਾਂ ਕੁਝ ਹੋਰ ਨਾਵਾਂ ਦੀ ਵਿਚਾਰ ਕਰ ਸਕਦੇ ਹਨ ਉਨ੍ਹਾਂ ਵਿੱਚ ਪ੍ਰਮੁੱਖ ਹਨ, ਦਿੱਲੀ ਦੇ ਧਮਾਕੇਦਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਕੇਐੱਲ ਰਾਹੁਲ, ਆਜਿੰਕਯ ਰਹਾਣੇ, ਰਵੀ ਚੰਦਰਨ ਅਵਿਨਾਸ਼ ਅਤੇ ਸੁਰੇਸ਼ ਰੈਨਾ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












