ਬਿਸਕੁਟ 'ਚੋਰੀ' ਮਗਰੋਂ ਸਕੂਲੀ ਵਿਦਿਆਰਥੀ ਦੀ ਮੌਤ ਅਤੇ ਅਣਸੁਲਝੇ ਸਵਾਲ

ਤਸਵੀਰ ਸਰੋਤ, Getty Images
- ਲੇਖਕ, ਦਿਨੇਸ਼ ਉਪਰੇਤੀ
- ਰੋਲ, ਬੀਬੀਸੀ ਪੱਤਰਕਾਰ, ਉੱਤਰਾਖੰਡ ਦੇ ਰਾਨੀ ਪੋਖਤੀ ਪਿੰਡ ਤੋਂ
'ਇੱਕੋ ਪੁੱਤ ਸੀ ਮੇਰਾ, ਉਸੇ ਨੂੰ ਮਾਰ ਦਿੱਤਾ। ਹੁਣ ਮੈਨੇਜਰ ਮੈਨੂੰ ਧਮਕਾ ਰਿਹਾ ਹੈ' ਉੱਤਰਾਖੰਡ ਬਾਲ ਸੁਰੱਖਿਆ ਆਯੋਗ ਦੀ ਪ੍ਰਧਾਨ ਊਸ਼ਾ ਨੇਗੀ ਦੇ ਦਫ਼ਤਰ ਵਿੱਚ ਇਨਸਾਫ਼ ਲਈ ਹਾੜੇ ਕੱਢ ਰਿਹਾ ਇਹ ਵਿਅਕਤੀ ਸੱਤਵੀਂ ਜਮਾਤ ਦੇ ਵਿਦਿਆਰਥੀ ਵਾਸੂ ਦਾ ਪਿਤਾ ਹੈ।
12 ਸਾਲਾ ਵਾਸੂ ਨੂੰ 10 ਮਾਰਚ ਨੂੰ ਕਥਿਤ ਤੌਰ ’ਤੇ ਉਸ ਦੇ ਸਕੂਲ ਵਿੱਚ ਸੀਨੀਅਰ ਵਿਦਿਆਰਥੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਵਾਸੂ ਛੁੱਟੀਆਂ ਵਿੱਚ ਆਪਣੇ ਮਾਂ-ਬਾਪ ਕੋਲ ਜਾਣ ਬਾਰੇ ਬਹੁਤ ਖ਼ੁਸ਼ ਸੀ। ਵਾਸੂ ਦੇ ਦੋ ਹੀ ਪੇਪਰ ਰਹਿੰਦੇ ਸਨ। 11 ਮਾਰਚ ਨੂੰ ਗਣਿਤ ਦਾ ਪਰਚਾ ਹੋਣਾ ਸੀ ਅਤੇ 15 ਮਾਰਚ ਨੂੰ ਸਾਇੰਸ ਦਾ, ਵਾਸੂ ਦੀਆਂ ਦੋ ਭੈਣਾਂ ਵੀ ਉਸੇ ਸਕੂਲ ਵਿੱਚ ਨੌਵੀਂ ਤੇ ਗਿਆਰਵੀਂ ਦੀਆਂ ਵਿਦਿਆਰਥਣਾਂ ਰਹੀਆਂ ਸਨ।
ਪਰ ਪ੍ਰੀਖਿਆ ਤੋਂ ਕੁਝ ਹੀ ਘੰਟੇ ਪਹਿਲਾਂ ਵਾਸੂ ਨਾਲ ਅਣਹੋਣੀ ਹੋ ਗਈ। ਬੇਹੱਦ ਗੰਭੀਰ ਹਾਲਤ ਵਿੱਚ ਉਸ ਨੂੰ ਜੈਲੀਗ੍ਰਾਂਟ ਦੇ ਹਿਮਾਲਿਅਨ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਭਗ ਇੱਕ ਘੰਟੇ ਮਗਰੋਂ ਡਾਕਟਰਾਂ ਨੇ ਉਸ ਨੂੰ ਮੁਰਦਾ ਐਲਾਨ ਦਿੱਤਾ।
ਇਹ ਵੀ ਪੜ੍ਹੋ:
ਵਾਸੂ ਦੀ ਸਭ ਤੋਂ ਵੱਡੀ ਭੈਣ ਵੀ ਇਸੇ ਸਕੂਲ ਵਿੱਚ ਪੜ੍ਹਦੀ ਸੀ, ਜਿਸ ਕਾਰਨ ਝਪਟੂ ਨੂੰ ਆਪਣੀ ਦੂਸਰੀ ਧੀ ਅਤੇ ਪੁੱਤ ਦੇ ਫਿਕਰ ਨਹੀਂ ਸੀ।
ਝਪਟੂ, ਯੂਪੀ ਦੇ ਹਾਪੁੜ ਵਿੱਚ ਰਹਿੰਦੇ ਹਨ ਅਤੇ ਕੋਹੜ ਪੀੜਤ ਹਨ। ਉਨ੍ਹਾਂ ਨੇ ਸਾਰਿਆਂ ਬੱਚਿਆਂ ਨੂੰ ਇਸੇ ਸੰਸਥਾ ਵਿੱਚ ਪੜ੍ਹਨ ਲਈ ਭੇਜਿਆ ਸੀ, ਜੋ ਕੋਹੜ ਪੀੜਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਅਤੇ ਰਹਿਣ-ਖਾਣ ਦਾ ਬੰਦੋਬਸਤ ਕਰਦੀ ਹੈ।
ਬੇਟੇ ਦੀ ਬੇਰਹਿਮ ਹੱਤਿਆ ਨੇ ਪਲਟੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੂਰੀ ਤਰ੍ਹਾਂ ਤੋੜ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਵੀ ਸਕੂਲ ਤੋਂ ਹਟਾ ਲਿਆ ਹੈ।

ਵਾਸੂ ਪੜ੍ਹਨ ਵਿੱਚ ਔਸਤ ਸੀ, ਬਹੁਤਾ ਮਿਹਨਤੀ ਨਹੀਂ ਸੀ ਪਰ ਖ਼ੁਸ਼ਦਿਲ ਸੀ। ਇੱਕਦਮ ਫਰੈਂਡਲੀ' ਵਾਸੂ ਬਾਰੇ ਇਹ ਗੱਲਾਂ ਵਾਸੂ ਦੀ ਵਾਈਸ ਪ੍ਰਿੰਸੀਪਲ ਮਾਇਆ ਬਹਾਦੁਰ ਨੇ ਕਹੀਆਂ।
ਉਨ੍ਹਾਂ ਨੇ ਦੱਸਿਆ, "ਮੇਰੇ ਕੋਲ ਕਦੇ ਕੋਈ ਸ਼ਿਕਾਇਤ ਨਹੀਂ ਆਈ ਕਿ ਵਾਸੂ ਨੇ ਕਿਸੇ ਦੇ ਨਾਲ ਮਾਰ-ਕੁੱਟ ਕੀਤੀ ਹੋਵੇ। ਇੱਥੋਂ ਤੱਕ ਕਿ ਛੋਟੇ-ਮੋਟੇ ਝਗੜੇ ਦੀ ਸ਼ਿਕਾਇਤ ਵੀ ਨਹੀਂ ਮਿਲੀ।"
ਵਾਸੂ ਦੇ ਜਮਾਤ ਅਧਿਆਪਕ ਅਮਿਤ ਪਾਲ ਕਹਿੰਦੇ ਹਨ, ਵਾਲੀਬਾਲ, ਕ੍ਰਿਕਿਟ ਵਿੱਚ ਬਹੁਤ ਵਧੀਆ ਸੀ ਵਾਸੂ। ਪੜ੍ਹਨ ਵਿੱਚ ਤੇਜ਼ ਨਹੀਂ ਸੀ ਪਰ ਕਦੇ ਅਜਿਹਾ ਨਹੀਂ ਹੋਇਆ ਕਿ ਉਸ ਨੂੰ ਬਹੁਤ ਜ਼ਿਆਦਾ ਝਿੜਕਣ ਦੀ ਲੋੜ ਪਈ ਹੋਵੇ।"
ਤਾਂ ਫਿਰ 10 ਮਾਰਚ ਨੂੰ ਅਜਿਹਾ ਕੀ ਹੋਇਆ ਕਿ ਕਥਿਤ ਤੌਰ 'ਤੇ ਦੋ ਸੀਨੀਅਰ ਵਿਦਿਆਰਥੀ ਵਾਸੂ ਨਾਲ ਇਸ ਹੱਦ ਤੱਕ ਨਾਰਾਜ਼ ਹੋਏ ਕਿ ਉਨ੍ਹਾਂ ਨੇ ਉਸ ਨੂੰ ਇਨ੍ਹਾਂ ਕੁੱਟਿਆ ਕਿ ਉਸਦੀ ਮੌਤ ਹੋ ਗਈ।
ਪੁਲਿਸ ਨੇ ਹੁਣ ਤੱਕ ਜੋ ਜਾਂਚ ਪੜਤਾਲ ਕੀਤੀ ਹੈ, ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮ ਵਿਦਿਆਰਥੀ ਇਸ ਗੱਲੋਂ ਨਾਰਾਜ਼ ਸਨ ਕਿ ਵਾਸੂ ਨੇ ਦੁਕਾਨ ਤੋਂ ਬਿਸਕੁਟ ਚੋਰੀ ਕੀਤਾ ਸੀ। ਜਿਸ ਕਾਰਨ ਸਕੂਲ ਮੈਨੇਜਰ ਨੇ ਸਾਰੇ ਵਿਦਿਆਰਥੀਆਂ ਨੂੰ ਝਿੜਕਿਆ ਤੇ ਚੇਤਾਵਨੀ ਦਿੱਤੀ ਕਿ ਹੁਣ ਉਨ੍ਹਾਂ ਦੇ ਹੋਸਟਲ 'ਚੋਂ ਬਾਹਰ ਜਾਣ 'ਤੇ ਪਾਬੰਦੀ ਲਾਈ ਜਾ ਸਕਦੀ ਹੈ।
ਬੀਬੀਸੀ ਦੀ ਇਸ ਮਾਮਲੇ ਵਿੱਚ ਪੜਤਾਲ ਤੋਂ ਪਹਿਲਾਂ ਇਹ ਸਮਝ ਲਈਏ ਕਿ ਇਸ ਮਾਮਲੇ ਵਿੱਚ ਹੋਸਟਲ ਮੈਨੇਜਮੈਂਟ ਅਤੇ ਪੁਲਿਸ ਦਾ ਕੀ ਕਹਿਣਾ ਹੈ।
ਹੋਸਟਲ ਮੈਨੇਜਮੈਂਟ ਦਾ ਪ੍ਰਤੀਕਰਮ
ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। 10 ਮਾਰਚ ਨੂੰ ਐਤਵਾਰ ਕਾਰਨ ਸਕੂਲ ਬੰਦ ਸੀ। ਸ਼ਾਮ ਨੂੰ ਜਦੋਂ ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਸਟੱਡੀ ਹਾਲ ਵਿੱਚ ਬਿਠਾਇਆ ਗਿਆ ਤਾਂ ਵਾਸੂ ਟੇਬਲ ਤੇ ਸਿਰ ਸੁੱਟ ਕੇ ਬੈਠਾ ਸੀ। ਵਾਰਡਨ ਅਜੇ ਕੁਮਾਰ ਨੇ ਜਦੋਂ ਵਾਸੂ ਨੂੰ ਪੁੱਛਿਆ ਤਾਂ ਉਹ ਕੁਝ ਨਹੀਂ ਬੋਲਿਆ।

ਉਸ ਦੇ ਨਾਲ ਬੈਠੇ ਅਨੀਸ ਨੇ ਦੱਸਿਆ ਕਿ ਵਾਸੂ ਦੀ ਸਿਹਤ ਠੀਕ ਨਹੀਂ ਹੈ। ਵਾਰਡਨ ਨੇ ਬੱਚਿਆਂ ਦੀ ਮਦਦ ਨਾਲ ਉਸ ਨੂੰ ਉਠਾਇਆ ਤਾਂ ਉਸ ਨੇ ਉਲਟੀ ਕਰ ਦਿੱਤੀ।
ਵਾਸੂ ਨੂੰ 20 ਕਿਲੋਮੀਟਰ ਦੂਰ ਜੈਲੀਗ੍ਰਾਂਟ ਹਸਪਤਾਲ ਲਿਜਾਇਆ ਗਿਆ ਅਤੇ ਨਾਲ ਹੀ ਹਾਪੁੜ ਵਿੱਚ ਰਹਿ ਰਹੇ ਉਸ ਦੇ ਪਿਤਾ ਨੂੰ ਵੀ ਵਾਸੂ ਦੀ ਹਾਲਤ ਬਾਰੇ ਸੂਚਨਾ ਦਿੱਤੀ ਗਈ।
ਸ਼ਾਮੀਂ ਸੱਤ-ਸਵਾ ਸੱਤ ਵਜੇ ਵਾਸੂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਵਾਸੂ ਦਾ ਗਲਾ ਚੋਕ ਹੋ ਗਿਆ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ। ਲਗਭਗ 8.25 'ਤੇ ਡਾਕਟਰਾਂ ਨੇ ਵਾਸੂ ਨੂੰ ਮੁਰਦਾ ਐਲਾਨ ਕਰ ਦਿੱਤਾ।
ਵਾਸੂ ਦੇ ਪਿਤਾ ਝਪਟੂ ਯਾਦਵ, ਉਨ੍ਹਾਂ ਦੀ ਪਤਨੀ, ਸਭ ਤੋਂ ਵੱਡੀ ਬੇਟੀ ਅਤੇ ਵਾਸੂ ਦੀ ਨਾਨੀ ਰਾਤ ਲਗਭਗ ਇੱਕ ਵਜੇ ਹਸਪਤਾਲ ਪਹੁੰਚੇ। ਇਸੇ ਦੌਰਾਨ, ਹਸਪਤਾਲ ਨੇ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਅਤੇ ਪੁਲਿਸ ਨੇ ਲਾਸ਼ ਨੂੰ ਰਿਸ਼ੀਕੇਸ਼ ਦੇ ਏਮਜ਼ ਵਿੱਚ ਭੇਜ ਦਿੱਤਾ। ਵਾਸੂ ਦੇ ਪਿਤਾ ਲਾਸ਼ ਲੈਣ ਏਮਜ਼ ਪਹੁੰਚੇ।
ਉੱਥੇ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਸ਼ਾਇਦ ਝਪਟੂ ਕੋਲ ਸ਼ੱਕ ਜ਼ਾਹਰ ਕੀਤਾ ਕਿ ਵਾਸੂ ਦੀ ਮੌਤ ਬਹੁਤ ਜ਼ਿਆਦਾ ਕੁੱਟੇ ਜਾਣ ਕਾਰਨ ਹੋਈ ਹੈ। ਝਪਟੂ ਲਾਸ਼ ਲੈ ਕੇ ਸਕੂਲ ਪਹੁੰਚੇ ਤਾਂ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਹੋਇਆ ਹੈ ਅਤੇ ਉਨ੍ਹਾਂ ਨੇ ਹੋਸਟਲ ਪ੍ਰਬੰਧਕਾਂ ਨੂੰ ਕਾਤਲ ਉਨ੍ਹਾਂ ਦੇ ਹਵਾਲੇ ਕਰਨ ਨੂੰ ਕਿਹਾ।
ਉਸ ਸਮੇਂ ਤੱਕ ਹੋਸਟਲ ਮੈਨੇਜਮੈਂਟ ਨੂੰ ਕੁੱਟਮਾਰ ਬਾਰੇ ਪਤਾ ਨਹੀਂ ਸੀ। ਵਾਰਡਨ ਅਜੇ ਨੇ ਵੀ ਕੋਈ ਜਾਣਕਾਰੀ ਹੋਣ ਤੋਂ ਮਨ੍ਹਾਂ ਕੀਤਾ। ਵਾਸੂ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਸਮਝਾਉਣ ਤੋਂ ਬਾਅਦ ਉਹ ਵਾਸੂ ਦਾ ਅੰਤਿਮ ਸੰਸਕਾਰ ਈਸਾਈ ਰੀਤੀ-ਰਿਵਾਜਾਂ ਮੁਤਾਬਕ ਸਕੂਲ ਦੇ ਅੰਦਰ ਹੀ ਕਰਨ ਨੂੰ ਤਿਆਰ ਹੋ ਗਏ।

ਪੁਲਿਸ ਕੀ ਕਹਿੰਦੀ ਹੈ
11 ਮਾਰਚ ਸੇਵੇਰੇ ਸਾਢੇ 8 ਵਜੇ ਹਿਮਾਲਿਅਨ ਹਸਪਤਾਲ ਜੈਲੀਗ੍ਰਾਂਟ ਤੋਂ ਵਾਸੂ ਦਾ ਡੈੱਥ ਮੈਮੋ ਮਿਲਣ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਵਾਸੂ ਦੇ ਪਿਤਾ ਦੀ ਮੌਜੂਦਗੀ ਵਿੱਚ ਹੀ ਪੋਸਟਮਾਰਟਮ ਕੀਤਾ ਗਿਆ। ਇਲਾਜ ਕਰਨ ਵਾਲੇ ਡਾਕਟਰਾਂ ਦੀ ਰਿਪੋਰਟ ਵਿੱਚ ਵਾਸੂ ਨੂੰ ਨਿਮੋਨੀਆ, ਸਾਹ ਰੁਕਣ ਅਤੇ ਕਿਸੇ ਜ਼ਹਿਰੀਲੀ ਚੀਜ਼ ਦੇ ਲੱਛਣ ਮਿਲੇ ਸਨ।
14 ਮਾਰਚ ਨੂੰ ਵਾਸੂ ਦੇ ਪਿਤਾ ਨੇ ਕਤਲ ਦੇ ਸ਼ੱਕ ਤਹਿਤ ਸਕੂਲ ਮੈਨੇਜਮੈਂਟ, ਵਾਰਡਨ ਅਤੇ ਹੋਰਾਂ ਖ਼ਿਲਾਫ ਬਿਆਨ ਦਿੱਤਾ। 23 ਮਾਰਚ ਨੂੰ ਏਮਜ਼ ਤੋਂ ਪੋਸਟਮਾਰਟਮ ਦੀ ਰਿਪੋਰਟ ਮਿਲੀ, ਜਿਸ ਵਿੱਚ ਪਾਇਆ ਗਿਆ ਕਿ ਵਾਸੂ ਦੀ ਮੌਤ ਅੰਦਰੂਨੀ ਸੱਟ ਅਤੇ ਖੂਨ ਵਗਣ ਕਾਰਨ ਹੋਈ ਹੈ। ਇਸ ਤੋਂ ਬਾਅਦ ਝਪਟੂ ਯਾਦਵ ਦੇ ਬਿਆਨ ਦੇ ਅਧਾਰ ਤੇ ਐੱਫਆਈਆਰ ਦਰਜ ਕੀਤੀ ਗਈ ਤੇ ਵਾਰਡਨ ਅਸ਼ੋਕ ਅਤੇ ਸਹਾਇਕ ਪ੍ਰਬੰਧਕ ਪ੍ਰਵੀਣ ਮੈਸੀ ਨੂੰ ਨਾਮਜ਼ਦ ਕੀਤਾ ਗਿਆ।
ਤਹਿਕੀਕਾਤ ਵਿੱਚ ਪਤਾ ਲੱਗਿਆ ਕਿ 10 ਮਾਰਚ ਨੂੰ ਹੋਸਟਲ ਦੇ ਚਰਚ ਜਾਣ ਸਮੇਂ ਰਾਹ ਵਿੱਚ ਪੈਂਦੀ ਕਰਿਆਨੇ ਦੀ ਦੁਕਾਨ ਤੋਂ ਬਿਸਕੁਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੁਕਾਨਦਾਰ ਲੇਖਪਾਲ ਸਿੰਘ ਰਾਵਤ ਨੇ ਤੁਰੰਤ ਸਕੂਲ ਜਾ ਕੇ ਇਸ ਦੀ ਸ਼ਿਕਾਇਤ ਪ੍ਰਵੀਣ ਮੈਸੀ ਕੋਲ ਕੀਤੀ।
ਦੁਕਾਨਦਾਰ, ਕਿਉਂਕਿ ਸਿੱਧੇ-ਸਿੱਧੇ ਵਾਸੂ ਨੂੰ ਨਹੀਂ ਪਹਿਚਾਣ ਸਕਿਆ, ਇਸ ਲਈ ਉਸ ਨੇ ਕਿਹਾ ਕਿ ਜਿਹੜਾ ਬੱਚਾ ਚੋਰੀ ਕਰ ਰਿਹਾ ਸੀ ਉਸ ਨੇ ਦੋ ਰੁਪਏ ਦਾ ਹੇਅਰਬੈਂਡ ਵੀ ਖਰੀਦਿਆ ਸੀ। ਤਲਾਸ਼ੀ ਦੌਰਾਨ ਉਹ ਹੇਅਰਬੈਂਡ ਵਾਸੂ ਦੀ ਜੇਬ੍ਹ ਵਿੱਚੋਂ ਮਿਲਿਆ, ਜਿਸ ਤੋ ਬਾਅਦ ਪ੍ਰਬੰਧਕ ਨੇ ਵਾਸੂ ਨੂੰ ਬਹੁਤ ਝਿੜਕਿਆ।

ਪ੍ਰਵੀਣ ਨੇ ਦੁਕਾਨਦਾਰ ਨੂੰ ਭਰੋਸਾ ਦਿੱਤਾ ਕਿ ਮੁੜ ਤੋਂ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਖੂਬ ਝਿੜਕਿਆ ਅਤੇ ਚੇਤਾਵਨੀ ਦਿੱਤੀ ਕਿ ਜੇ ਉਹ ਨਾ ਸੁਧਰੇ ਤਾਂ ਉਨ੍ਹਾਂ ਨੂੰ ਹੋਸਟਲ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕਿਸੇ ਕਰਮਚਾਰੀ ਦੀ ਹਾਜਰੀ ਵਿੱਚ ਹੀ ਉਹ ਹੋਸਟਲ ਤੋਂ ਬਾਹਰ ਜਾ ਸਕਣਗੇ।
ਬਾਅਦ ਵਿੱਚ ਹੋਸਟਲ ਵਿਦਿਆਰਥੀਆਂ ਦੀ ਪੁੱਛ-ਗਿੱਛ ਤੋਂ ਪਤਾ ਚੱਲਿਆ ਕਿ 12ਵੀਂ ਦੇ ਦੋ ਵਿਦਿਆਰਥੀਆਂ ਸ਼ੁਭਾਂਕਰ (ਪੁੱਤਰ-ਗੰਗਾਧਰ, 19 ਸਾਲ, ਦੇਹਰਾਦੂਨ) ਅਤੇ ਲਕਸ਼ਮਣ ਰਾਏ (ਪੁੱਤਰ-ਮਦਨ ਰਾਏ, 19 ਸਾਲ, ਬਠਿੰਡਾ ਪੰਜਾਬ) ਨੇ ਵਾਸੂ ਨੂੰ ਪਹਿਲਾਂ ਤੋਂ ਉਸਦੇ ਹੋਸਟਲ ਕਮਰੇ ਵਿੱਚ ਕੁੱਟਿਆ ਤੇ ਫਿਰ ਹੋਸਟਲ ਦੀ ਛੱਤ ਤੇ ਲਿਜਾ ਕੇ ਕ੍ਰਿਕਿਟ ਬੈਟ ਅਤੇ ਵਿਕਟ ਨਾਲ ਮਾਰਿਆ। ਬਾਅਦ ਵਿੱਚ ਇਨ੍ਹਾਂ ਮੁੰਡਿਆਂ ਨੇ ਵਾਸੂ ਨੂੰ ਕੁਰਕੁਰੇ ਅਤੇ ਬਿਸਕੁਟ ਖਵਾਏ ਤੇ ਠੰਢੇ ਪਾਣੀ ਨਾਲ ਨਵ੍ਹਾਇਆ।
ਪੁਲਿਸ ਨੇ ਇਹ ਬੈਟ ਹੋਸਟਲ ਵਿੱਚ ਹੀ ਰਹਿ ਰਹੇ ਪੀਟੀਆਈ ਅਸ਼ੋਕ ਸੋਲੋਮਨ ਦੇ ਬੈੱਡ ਹੇਠੋਂ ਬਰਾਮਦ ਕੀਤਾ, ਜਦੋਂਕਿ ਅਧਸੜਿਆ ਵਿਕਟ ਕੂੜੇ ਸਾੜਨ ਵਾਲੇ ਥਾਂ ਤੋਂ ਬਰਮਾਦ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋਵਾਂ ਵਿਦਿਆਰਥੀਆਂ ਅਤੇ ਪੀਟੀਆਈ ਅਸ਼ੋਕ ਸੋਲੋਮਨ, ਪ੍ਰਵੀਣ ਮੈਸੀ ਅਤੇ ਵਾਰਡਨ ਅਜੇ ਨੂੰ ਲਾਪ੍ਰਵਾਹੀ ਵਰਤਣ ਅਤੇ ਜਾਣਬੁੱਝ ਕੇ ਚੀਜ਼ਾਂ ਛੁਪਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ।
ਬੀਬੀਸੀ ਦੀ ਪੜਤਾਲ ਅਤੇ ਖੜ੍ਹੇ ਹੁੰਦੇ ਸਵਾਲ?
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਲਗਭਗ 35 ਕਿੱਲੋਮੀਟਰ ਦੂਰ ਰਾਨੀ ਪੋਖਰੀ ਅਧੀਨ ਭੋਗਪੁਰ ਪਿੰਡ ਵਿੱਚ ਹੋਮ ਅਕੈਡਮੀ ਦੇ ਨਾਂ ਥੱਲੇ ਇਹ ਸਕੂਲ 1974 ਤੋਂ ਚੱਲ ਰਿਹਾ ਹੈ।
ਇਸ ਸਕੂਲ ਨੂੰ ਚਲਾਉਣ ਵਾਲੀ ਸੰਸਥਾ ਚਿਲਡਰਨ ਹੋਮ ਸੁਸਾਈਟੀ ਨੂੰ ਅਮਰੀਕੀ ਨਾਗਰਿਕ ਡਾਕਟਰ ਜੇਮਜ਼ ਟੇਲਰ ਨੇ 1945 ਵਿੱਚ ਸ਼ੁਰੂ ਕੀਤਾ ਸੀ। ਸਕੂਲ ਮੁੱਖ ਸੜਕ ਤੋਂ ਕਾਫ਼ੀ ਅੰਦਰ ਹੈ ਅਤੇ ਇਸ ਤੋਂ ਦੋ ਕਿੱਲੋਮੀਟਰ ਦੂਰ ਰਾਜਾਜੀ ਨੈਸ਼ਨਲ ਪਾਰਕ ਦਾ ਸੰਘਣਾ ਜੰਗਲ ਸ਼ੁਰੂ ਹੋ ਜਾਂਦਾ ਹੈ।

ਸਕੂਲ ਦੇ ਇਲਾਵਾ ਸੰਸਥਾ ਵੱਲੋਂ ਇੱਕ ਹੋਸਟਲ ਵੀ ਚਲਾਇਆ ਜਾਂਦਾ ਹੈ। ਜਿਸ ਵਿੱਚ ਦੇਸ ਭਰ ਤੋਂ ਕੋਹੜ ਪੀੜਤਾਂ ਦੇ ਬੱਚਿਆਂ ਦੀ ਮੁਫ਼ਤ ਦੇਖਭਾਲ ਕੀਤੀ ਜਾਂਦੀ ਹੈ ਅਤੇ ਹੋਮ ਅਕੈਡਮੀ ਵਿੱਚ ਪੜ੍ਹਾਇਆ ਜਾਂਦਾ ਹੈ। ਵਿਦਿਆਰਥੀਆਂ ਲਈ ਦੋ ਮੰਜਿਲਾਂ ਵਾਲੇ ਹੋਸਟਲ ਤੋਂ ਸਕੂਲ ਲਗਭਗ ਦੋ ਕਿੱਲੋਮੀਟਰ ਦੂਰ ਹੈ। ਜਦਕਿ 6ਵੀਂ ਤੋਂ 12ਵੀਂ ਦੀਆਂ ਵਿਦਿਆਰਥਣਾਂ ਲਈ ਹੋਸਟਲ ਸਕੂਲ ਦੇ ਅੰਦਰ ਹੀ ਬਣਿਆ ਹੋਇਆ ਹੈ। 10 ਮਾਰਚ ਨੂੰ ਮੁੰਡਿਆਂ ਦੇ ਹੋਸਟਲ ਵਿੱਚ ਵਾਸੂ ਸਮੇਤ 43 ਬੱਚੇ ਰਹਿ ਰਹੇ ਸਨ, ਜਦਕਿ ਕੁੜੀਆਂ ਦੇ ਹੋਸਟਲ ਵਿੱਚ 26 ਵਿਦਿਆਰਥਣਾਂ ਸਨ।
ਸਕੂਲ ਵਿੱਚ ਆਸਪਾਸ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਹਨ ਅਤੇ ਕੁੱਲ ਮਿਲਾ ਕੇ ਸਾਰੇ ਸਕੂਲ ਵਿਦਿਆਰਥੀਆਂ ਦੀ ਸੰਖਿਆ 448 ਹੈ, ਜਿਨ੍ਹਾਂ ਚੋਂ 222 ਵਿਦਿਆਰਥਣਾਂ ਅਤੇ 226 ਵਿਦਿਆਰਥੀ ਹਨ। ਸਕੂਲ ਪ੍ਰੰਬਧਕਾਂ ਦਾ ਕਹਿਣਾ ਹੈ ਕਿ ਕੋਹੜ ਪੀੜਤਾਂ ਦੇ ਬੱਚਿਆਂ ਲਈ ਹੋਸਟਲ ਮੁਫ਼ਤ ਹੈ ਪਰ ਸਕੂਲੀ ਫੀਸ 200 ਰੁਪਏ ਮਹੀਨਾ ਤਾਰਨੀ ਪੈਂਦੀ ਹੈ। ਜੇ ਕਈ ਵਿਦਿਆਰਥੀ ਇਹ ਫੀਸ ਨਾਲ ਦੇ ਸਕੇ ਤਾਂ ਸੰਸਥਾ ਉਸਦਾ ਖ਼ਰਚ ਚੁੱਕਦੀ ਹੈ।
ਸਕੂਲ ਵਿੱਚ ਕੁੱਲ ਮਿਲਾ ਕੇ 30 ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ 22 ਫੈਕਲਟੀ ਮੈਂਬਰ ਹਨ। ਹੋਸਟਲ ਦੇ ਪ੍ਰਬੰਧ ਲਈ ਇੱਕ ਵਾਰਡਨ ਹੈ, ਗੇਟ 'ਤੇ ਇੱਕ ਗਾਰਡ ਹੈ ਅਤੇ ਸਕੂਲ ਦੇ ਪੀਟੀਆਈ ਵੀ ਸਕੂਲ ਦੇ ਅੰਦਰ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਕੁਝ ਮੈੱਸ ਕਰਮਚਾਰੀ ਵੀ ਹਨ।
ਹੋਸਟਲ ਦੋ ਮੰਜ਼ਿਲਾਂ ਦਾ ਹੈ ਅਤੇ ਇਸਦੇ ਆਲੇ-ਦੁਆਲੇ ਖੇਤ ਹਨ। ਲਗਭਗ 200 ਮੀਟਰ ਦੀ ਦੂਰੀ ਤੱਕ ਕੋਈ ਹੋਰ ਇਮਾਰਤ ਨਹੀਂ ਹੈ। ਪੁਲਿਸ ਦੀ ਥਿਊਰੀ ਕਹਿੰਦੀ ਹੈ ਕਿ ਪਹਿਲਾਂ ਬੱਚੇ ਨੂੰ ਕੁੱਟਿਆ ਗਿਆ ਅਤੇ ਫਿਰ ਉਸ ਨੂੰ ਛੱਤ ਤੇ ਲਿਜਾ ਕਿ ਕੁੱਟਿਆ ਗਿਆ। ਜਿੱਥੇ ਉਸਦੀ ਬੱਲੇ ਅਤੇ ਡੰਡੇ ਨਾਲ ਕੁੱਟਿਆ ਗਿਆ। ਕੀ ਕਿਸੇ ਨੇ ਚੀਕਾਂ ਦੀ ਅਵਾਜ਼ ਨਹੀਂ ਸੁਣੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਰਾਣੀ ਪੋਖਰੀ ਐੱਸਐੱਚਓ ਪੀਡੀ ਭੱਟ ਕਹਿੰਦੇ ਹਨ, "ਕਿਸੇ ਬੱਚੇ ਨੇ ਕੁਝ ਨਹੀਂ ਦੱਸਿਆ। ਹੋਸਟਲ ਪ੍ਰਬੰਧਨ ਤਾਂ ਇਹੀ ਕਹਿ ਰਿਹਾ ਹੈ। ਅਸੀਂ ਬੱਚਿਆਂ ਤੋਂ ਵੱਖਰੇ-ਵੱਖਰੇ ਕਰਕੇ ਪੁੱਛ-ਗਿੱਛ ਕੀਤੀ। ਬਾਅਦ ਵਿੱਚ ਬੱਚਿਆਂ ਨੇ ਦੱਸਿਆ ਕਿ ਵਾਸੂ ਨੂੰ ਕੁੱਟਿਆ ਗਿਆ ਸੀ। ਉਹ ਇਹ ਗੱਲ ਕਿਸੇ ਨੂੰ ਦੱਸੇ ਨਾ ਇਸੇ ਕਰਕੇ ਮੁਲਜ਼ਮਾਂ ਨੇ ਉਸ ਨੂੰ ਕੁਰਕੁਰੇ ਤੇ ਬਿਸਕੁਟ ਖਵਾਏ ਅਤੇ ਠੰਡੇ ਪਾਣੀ ਨਾਲ ਨਵ੍ਹਾਇਆ।"

ਪਰ ਵਾਸੂ ਨੂੰ ਮਾਰਨ ਦਾ ਮੰਤਵ ਕੀ ਸੀ? ਕੀ ਮੁਲਜ਼ਮ ਵਾਕਈ ਇਸ ਗੱਲੋਂ ਪ੍ਰੇਸ਼ਾਨ ਹੋ ਗਏ ਸਨ ਕਿ ਵਾਸੂ ਕਰਕੇ ਉਨ੍ਹਾਂ ਦੇ ਹੋਸਟਲ ਤੋਂ ਬਾਹਰ ਜਾਣ ਤੇ ਪਾਬੰਦੀ ਲੱਗ ਸਕਦੀ ਹੈ?
ਇਸ ਬਾਰੇ ਪੁਲਿਸ ਅਤੇ ਹੋਸਟਲ ਮੈਨੇਜਮੈਂਟ ਦੇ ਬਿਆਨ ਮੇਲ ਨਹੀਂ ਖਾਂਦੇ। ਐੱਸਐੱਚਓ ਭੱਟ ਕਹਿੰਦੇ ਹਨ,"ਪਹਿਲਾਂ ਤਾਂ ਉਹ ਸਾਫ਼ ਮੁ੍ੱਕਰ ਰਹੇ ਸਨ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ। ਅਸੀਂ ਖ਼ੂਬ ਪੁੱਛ-ਗਿੱਛ ਕੀਤੀ ਤਾਂ ਕਿਤੇ ਮੁਲਜ਼ਮਾਂ ਨੇ ਮੰਨਿਆ। ਉਹ ਚਸ਼ਮਦੀਦ ਵੀ ਮੌਜੂਦ ਹਨ ਜਿਨ੍ਹਾਂ ਨੇ ਵਾਸੂ ਦੇ ਕੁੱਟ ਪੈਂਦੀ ਦੇਖੀ ਸੀ।"
ਹੋਸਟਲ ਪ੍ਰਬੰਧਕ ਕੇਲਬ ਰਾਮ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਹੋਸਟਲ ਤੋਂ ਬਾਹਰ ਨਾ ਨਿਕਲਣ ਦੀ ਕੋਈ ਚਿਤਾਵਨੀ ਦਿੱਤੀ ਗਈ ਸੀ। ਉਹ ਕਹਿੰਦੇ ਹਨ, "ਵਾਰਡਨ ਅਜੇ ਕੁਮਾਰ ਨੇ ਤਾਂ ਸਾਨੂੰ ਅਜਿਹਾ ਕੁਝ ਨਹੀਂ ਦੱਸਿਆ, ਨਾ ਹੀ ਪ੍ਰਵੀਣ ਮੈਸੀ ਨੇ ਦੁਕਾਨਦਾਰ ਦੀ ਸ਼ਿਕਾਇਤ ਤੇ ਅਜਿਹੀ ਕੋਈ ਚੇਤਾਵਨੀ ਦੇਣ ਦੀ ਗੱਲ ਦੱਸੀ।"
ਦੁਕਾਨਦਾਰ ਲੇਖਪਾਲ ਰਾਵਤ ਦੱਸਦੇ ਹਨ, ਮੈਂ ਤਾਂ ਆਪਣੀ ਸ਼ਿਕਾਇਤ ਕਰ ਕੇ ਚਲਿਆ ਗਿਆ। ਅਜਿਹੀ ਕੋਈ ਗੱਲ ਮੇਰੇ ਸਾਹਮਣੇ ਨਹੀਂ ਹੋਈ।"
ਹੋਸਟਲ ਮੈਨੇਜਮੈਂਟ ਵੀ ਕੁਝ ਗੱਲਾਂ ਤੇ ਮਿੱਟੀ ਪਾਉਂਦਾ ਦਿਸਿਆ। ਅਸੀਂ ਜਦੋਂ ਹੋਸਟਲ ਪ੍ਰਬੰਧਕ ਕੇਲਬ ਰਾਮ ਅਤੇ ਬਿਜ਼ਨਸ ਪ੍ਰਬੰਧਕ ਸੰਤੋਸ਼ ਕੁਮਾਰ ਤੋਂ ਇਹ ਪੁੱਛਿਆ ਕਿ ਵਾਸੂ ਦੇ ਪਿਤਾ ਵੱਲੋਂ ਇਹ ਇਲਜ਼ਾਮ ਲਾਏ ਜਾਣ ਮਗਰੋਂ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ, ਉਨ੍ਹਾਂ ਨੇ ਵਾਰਡਨ ਅਜੇ ਕੁਮਾਰ ਖ਼ਿਲਾਫ ਕੀ ਕਾਰਵਾਈ ਕੀਤੀ। ਦੋਵਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ।
ਕਾਰਵਾਈ ਲਈ ਸਮਾਂ ਵੀ ਥੋੜ੍ਹਾ ਨਹੀਂ ਸੀ। 11 ਮਾਰਚ ਨੂੰ ਵਾਸੂ ਦੇ ਪਿਤਾ ਨੇ ਕਤਲ ਦਾ ਸ਼ੱਕ ਜਤਾਇਆ ਸੀ ਅਤੇ 23 ਮਾਰਚ ਤੱਕ (ਪੋਸਟਮਾਰਟਮ ਰਿਪੋਰਟ ਆਉਣ ਤੱਕ) ਅਜੇ ਨੂੰ ਇੱਕ ਮੈਮੋ ਤੱਕ ਜਾਰੀ ਨਹੀਂ ਕੀਤਾ ਗਿਆ ਅਤੇ ਉਹੀ ਵਾਰਡਨ ਬਣੇ ਰਹੇ।
ਸਕੂਲ ਦੇ ਖ਼ਿਲਾਫ਼ ਰੋਜ਼ ਭਾਂਤ-ਭਾਂਤ ਦੀਆਂ ਖ਼ਬਰਾਂ ਛਪ ਰਹੀਆਂ ਹਨ ਜਿਸ ਕਾਰਨ ਸਕੂਲ ਦੇ ਅਧਿਆਪਕਾਂ ਵਿੱਚ ਗੁੱਸਾ ਹੈ। ਦੋ ਸਾਲਾਂ ਤੋਂ ਇਸ ਸਕੂਲ ਦੀ ਪ੍ਰਿੰਸੀਪਲ ਮਾਇਆ ਬਹਾਦੁਰ ਕਹਿੰਦੇ ਹਨ, "ਹੁਣ ਕੋਈ ਕਹਿ ਰਿਹਾ ਹੈ ਕਿ ਸਕੂਲ ਵਿੱਚ ਕੁਝ ਸਾਲ ਪਹਿਲਾਂ ਇੱਕ ਕੁੜੀ ਨਾਲ ਬਲਾਤਕਾਰ ਹੋਇਆ, ਕੋਈ ਕੁਝ ਕਹਿ ਰਿਹਾ ਹੈ ਤੇ ਕੋਈ ਕੁਝ... ਮੈਂ ਤਾਂ ਇਸੇ ਸਕੂਲ ਵਿੱਚ ਪੜ੍ਹੀ ਹਾਂ ਅਤੇ ਹੁਣ ਇੱਥਏ ਹੀ ਪੜ੍ਹਾ ਵੀ ਰਹੀ ਹਾਂ। ਕਦੇ ਅਜਿਹ ਕੁਝ ਨਹੀਂ ਹੋਇਆ।"
ਉਹ ਕਹਿੰਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ। ਵਾਸੂ ਦਾ ਮਾਮਲਾ ਸੰਸਥਾ ਦੇ ਹੋਸਟਲ ਨਾਲ ਜੁੜਿਆ ਹੋਇਆ ਹੈ ਅਤੇ ਸਕੂਲ ਨਾਲ ਇਸ ਦਾ ਕੋਈ ਵਾਹ-ਵਾਸਤਾ ਨਹੀਂ ਹੈ। ਫਿਰ ਵੀ ਮੀਡੀਆ ਵਿੱਚ ਸਕੂਲ ਬਾਰੇ ਅਨਾਪ-ਸ਼ਨਾਪ ਛਾਪਿਆ ਜਾ ਰਿਹਾ ਹੈ।"
ਤਾਂ ਕੀ ਇਸ ਘਟਨਾ ਨੇ ਸਕੂਲ ਵਿੱਚ ਹੋਣ ਵਾਲੇ ਦਾਖ਼ਲਿਆਂ ਤੇ ਕੋਈ ਅਸਰ ਪਿਆ ਹੈ। ਮਾਇਆ ਦਾ ਕਹਿਣਾ ਹੈ,"ਮੈਨੂੰ ਤਾਂ ਨਹੀਂ ਲਗਦਾ। ਪਿਛਲੇ ਸਾਲ 35 ਨਵੇਂ ਦਾਖਲੇ ਹੋਏ ਸਨ। ਇਸ ਸਾਲ ਵੀ ਹੁਣ ਤੱਕ 23 ਨਵੇਂ ਰਜਿਸਟਰੇਸ਼ਨ ਹੋ ਚੁੱਕੇ ਹਨ ਅਤੇ 11ਵੀਂ ਵਿੱਚ ਹਾਲੇ ਦਾਖਲੇ ਸ਼ੁਰੂ ਨਹੀਂ ਹੋਏ ਅਤੇ ਦਸਵੀਂ ਦਾ ਨਤੀਜਾ ਹਾਲੇ ਆਉਣਾ ਹੈ।"
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












