ਕੀ 'ਹਿੰਦੂਤਵ' ਦਾ ਲੋਕ ਸਭਾ ਚੋਣਾਂ 'ਤੇ ਅਸਰ ਪਵੇਗਾ?

ਹਿੰਦੂਤਵ
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਘੜੀ 'ਚ ਰਾਤ ਦੇ ਸਾਢੇ ਗਿਆਰਾਂ ਵਜੇ ਹਨ ਅਤੇ ਬੁਲੰਦਸ਼ਹਿਰ-ਅਲੀਗੜ੍ਹ ਹਾਈਵੇ 'ਤੇ ਇਕ ਟੈਂਪੂ ਟਰੈਵਲਰ ਮਿੰਨੀਬੱਸ ਦੀ ਤਲਾਸ਼ੀ ਕੀਤੀ ਜਾ ਰਹੀ ਹੈ।

ਰੌਬਦਾਰ ਮੁੱਛਾਂ ਵਾਲੇ ਇਕ ਸੱਜਣ ਡ੍ਰਾਈਵਰ ਨੂੰ ਫਟਕਾਰਦੇ ਹੋਏ ਪੁੱਛਦੇ ਹਨ, "ਕੀ ਤੁਹਾਡੇ ਟੈਂਪੂ ਵਿੱਚ ਕੋਈ ਗਊ ਹੈ?"

ਉਨ੍ਹਾਂ ਦੇ ਹੱਥਾਂ ਵਿੱਚ ਇੱਕ ਲਾਠੀ ਹੈ ਅਤੇ ਲੱਕ ਨਾਲ ਇੱਕ ਲਾਇਸੈਂਸ ਵਾਲੀ ਰਿਵਾਲਵਰ ਲਟਕ ਰਹੀ ਹੈ।

ਪਿਛਲੇ ਡੇਢ ਸਾਲ ਤੋਂ ਤਕਰੀਬਨ ਹਰ ਹਫ਼ਤੇ, ਕਿਸੇ ਇੱਕ ਰਾਤ ਨੂੰ ਆਪਣੇ ਚਾਰ ਜਾਂ ਪੰਜ ਗਊ-ਰੱਖਿਅਕ ਸਾਥੀਆਂ ਨਾਲ ਗਸ਼ਤ 'ਤੇ ਬਾਹਰ ਨਿਕਲ ਜਾਂਦੇ ਹਨ ।

ਨਾਮ ਦਾ ਖੁਲਾਸਾ ਨਾ ਕਰਨ ਦੀ ਸ਼ਰਤ 'ਤੇ ਬੋਲੇ, "ਗਊ ਕੱਟਣ ਨਹੀਂ ਦੇਵਾਂਗੇ, ਯੋਗੀ ਨੂੰ ਮਿਟਣ ਨਹੀਂ ਦੇਵਾਂਗੇ।"

ਇਹ ਵੀ ਪੜ੍ਹੋ:

ਚਾਰ ਦਿਨ ਪਹਿਲਾਂ ਅਸੀਂ ਇਸੇ ਸਮੇਂ ਉਤਰਾਖੰਡ ਦੇ ਹਰਿਦੁਆਰ ਪਹੁੰਚੇ ਸੀ।

ਉਦੇਸ਼ ਇਸ ਗੱਲ ਦੀ ਜਾਂਚ ਕਰਨਾ ਸੀ ਕਿ ਪਿਛਲੇ ਕੁਝ ਸਾਲਾਂ ਵਿਚ ਗੰਗਾ ਨਦੀ ਦੇ ਵਿਸ਼ਾਲ ਖੇਤਰ ਵਿੱਚ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਵਿੱਚ ਵਾਧਾ ਹੋਇਆ ਹੈ ਜਾਂ ਨਹੀਂ।

ਅਗਲੀ ਸ਼ਾਮ ਨੂੰ ਹਰ ਕੀ ਪਉੜੀ 'ਤੇ ਗੰਗਾ ਆਰਤੀ ਚੱਲ ਰਹੀ ਸੀ ਅਤੇ ਸਾਡੇ ਨਾਲ ਪੁਰੋਹਿਤ ਸ਼ੈਲੇਸ਼ ਮੋਹਨ ਆ ਬੈਠੇ।

ਹਿੰਦੂਤਵ ਅਤੇ ਇਸ ਨੂੰ ਸਿਆਸਤ ਨਾਲ ਜੋੜਣ ਵਾਲਿਆਂ ਦੀ ਗੱਲ ਸ਼ੁਰੂ ਹੋ ਗਈ ਅਤੇ ਉਸ ਨੇ ਕਿਹਾ, "ਇਹ ਰਾਜਨੀਤੀ ਦਾ ਖੇਤਰ ਹੈ ਹੀ ਨਹੀਂ, ਇਹ ਤਾਂ ਧਰਮ 'ਤੇ ਵਿਸ਼ਵਾਸ ਦਾ ਕੇਂਦਰ ਹੈ। ਜੋ ਇਸ 'ਤੇ ਸਿਆਸਤ ਕਰਦਾ ਹੈ, ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।"

ਪੁਜਾਰੀ ਸ਼ੈਲੇਸ਼ ਮੋਹਨ

ਗੱਲ ਪਤੇ ਦੀ ਸੀ ਪਰ ਪੁਜਾਰੀ ਤੋਂ ਮੈਂ ਇਹ ਸਵਾਲ ਕਿਉਂ ਪੁੱਛਿਆ?

2014 ਵੱਲ ਦੇਖਦੇ ਹਾਂ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲੀ।

ਕੁਝ ਲੋਕ ਮਹਿਸੂਸ ਕਰਦੇ ਹਨ ਕਿ ਨਰਿੰਦਰ ਮੋਦੀ ਦੇ ਨਾਅਰੇ 'ਸਭ ਕਾ ਸਾਥ, ਸਭ ਕਾ ਵਿਕਾਸ' ਕਾਰਨ ਇੰਨਾ ਵੱਡਾ ਬਹੁਮਤ ਮਿਲਿਆ।

ਕੁਝ ਹੋਰਨਾਂ ਨੇ ਮਹਿਸੂਸ ਕੀਤਾ ਕਿ ਹਿੰਦੂ ਰਾਸ਼ਟਰਵਾਦ ਦੀ ਗੱਲ ਜੋਰਸ਼ੋਰ ਨਾਲ ਕਰਨ ਵਾਲੀ ਭਾਜਪਾ ਅਤੇ ਉਸ ਦੀ ਵਿਚਾਰਧਾਰਾ ਵਿੱਚ ਵੋਟਰਾਂ ਦਾ ਭਰੋਸਾ ਵਧਿਆ ਹੈ।

ਇਹਨਾਂ ਸਭ ਦੇ ਵਿੱਚ ਬੱਲ ਮਿਲਿਆ ਕੁਝ ਅਜਿਹੀਆਂ ਦੱਬੀਆਂ ਹੋਈਆਂ ਭਾਵਨਾਵਾਂ ਨੂੰ ਜੋ ਬਾਬਰੀ ਮਸਜਿਦ ਦੇ ਢਹਿਣ ਤੋਂ ਬਾਅਦ ਕਿਤੇ ਦੱਬੀਆਂ ਹੋਈਆਂ ਬੈਠੀਆਂ ਸੀ।

ਗਊ-ਰੱਖਿਆ ਦੇ ਨਾਂ 'ਤੇ ਕਤਲ

ਵੈਸੇ ਹਿੰਦੂਤਵ ਦੀ ਗੱਲ ਕਰਨ ਵਾਲਿਆਂ ਦੀਆਂ ਆਵਾਜ਼ਾਂ ਪਿਛਲੇ ਕੁਝ ਸਾਲਾਂ ਤੋਂ ਕਾਫ਼ੀ ਬੁਲੰਦ ਹੋ ਗਈਆਂ ਹਨ ਅਤੇ ਜਿਹੜੇ ਇਸ ਬਾਰੇ ਗੱਲਾਂ ਜਿਆਦਾ ਕਰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਗੰਗਾ ਨਦੀ ਜਿਸ ਦੀ ਪੂਜਾ ਲੱਖਾਂ ਹਿੰਦੂ ਕਰਦੇ ਹਨ, ਉਸ ਦੀ ਇੱਕ ਵੱਡੀ ਭੂਮਿਕਾ ਹੈ।

ਇੱਕ ਸੱਚ ਇਹ ਵੀ ਹੈ ਕਿ ਇਹਨਾਂ ਗੱਲਾਂ ਨੇ ਭਾਰਤ ਦੇ ਧਰਮ ਨਿਰਪੱਖਤਾ ਢਾਂਚੇ ਨੂੰ ਵੀ ਅਕਸਰ ਭੜਕਾਇਆ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਖ਼ਤਰਨਾਕ ਹਿੰਦੂਵਾਦ ਨਾਲ ਜੁੜੇ ਹੋਏ ਚਿੰਨ੍ਹਾਂ ਦੇ ਨਾਮ 'ਤੇ ਵੱਧ ਰਹੀ ਹਿੰਸਾ ਰਹੀ ਹੈ।

ਪਿਛਲੇ ਕੁਝ ਸਾਲਾਂ ਵਿੱਚ ਗਊ ਦੀ ਤਸਕਰੀ ਨੂੰ ਰੋਕਣ ਦੇ ਨਾਂ 'ਤੇ ਬਹੁਤ ਸਾਰੇ ਲੋਕ ਆਪ ਹੀ ਸੜਕਾਂ 'ਤੇ ਉਤਰ ਆਏ ਸਨ।

ਪੱਛਮੀ ਉੱਤਰ ਪ੍ਰਦੇਸ਼ ਵਿੱਚ ਤਾਂ ਗਊ ਹੱਤਿਆ ਦੇ ਵਿਰੁੱਧ ਚੱਲੀ ਹਿੰਸਕ ਮੁਹਿੰਮ ਵਿੱਚ ਪੁਲਿਸ ਵਾਲੇ ਵੀ ਅਣਛੂਹੇ ਨਹੀਂ ਰਹੇ ਹਨ।

ਇਹ ਵੀ ਪੜ੍ਹੋ:

ਕੁਝ ਮਹੀਨੇ ਪਹਿਲਾਂ, ਬੁਲੰਦਸ਼ਹਿਰ ਵਿੱਚ ਕਥਿਤ ਗਊ ਹੱਤਿਆ ਦਾ ਵਿਰੋਧ ਕਰਨ ਵਾਲੀ ਇੱਕ ਭਾਰੀ ਭੀੜ ਨੇ ਪੁਲਿਸ ਥਾਣੇ ਵਿੱਚ ਅੱਗ ਲਗਾ ਦਿੱਤੀ ਸੀ ਅਤੇ ਸਬ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਕਰ ਦਿੱਤੀ ਸੀ।

ਪੁਲਿਸ ਥਾਣੇ ਦੇ ਨੇੜੇ ਮਹਾਵ ਪਿੰਡ ਵਿੱਚ ਅਮਿਤ ਚੌਧਰੀ ਨਾਲ ਮੁਲਾਕਾਤ ਹੋਈ।

ਉਸ ਦੇ ਅਨੁਸਾਰ, "ਗੋਕਸ਼ੀ ਰੋਕਣ ਦੇ ਚੱਕਰ ਵਿੱਚ ਸਾਡੇ ਖੇਤਾਂ ਨੂੰ ਗਊ ਚਰ ਜਾਂਦੀ ਹੈ। ਇਲਾਕੇ ਦੀ ਬਦਨਾਮੀ ਤਾਂ ਇੰਨੀ ਹੋਈ ਹੈ ਕਿ ਨੇੜਲੇ ਪਿੰਡਾਂ ਵਿੱਚ ਲੜਕੀਆਂ ਦੇ ਰਿਸ਼ਤੇ ਆਉਣੇ ਵੀ ਬੰਦ ਹੋ ਗਏ ਹਨ।''

ਇਸ ਸਭ ਦੇ ਵਿੱਚ ਗੰਗਾ, ਗਊ ਅਤੇ ਭਾਰਤੀ ਸਭਿਆਚਾਰ ਨੂੰ ਬਚਾਉਣ ਲਈ ਨਾਅਰੇ ਲੱਗਦੇ ਰਹੇ।

ਸਾਨੂੰ ਕੁਝ ਅਜਿਹੇ ਲੋਕ ਵੀ ਮਿਲੇ ਜਿਨ੍ਹਾਂ ਨੂੰ ਲੱਗਣ ਲੱਗਿਆ ਹੈ ਕਿ ਹਿੰਦੂ ਬਹੁ ਸੰਖਿਆ ਵਿੱਚ ਹੋ ਕੇ ਵੀ ਇੱਕ ਬੁਰੀ ਹਾਲਤ ਵਿੱਚ ਹਨ।

ਗੌਰਵ ਪ੍ਰਕਾਸ਼, ਬਨਾਰਸ

ਬਨਾਰਸ ਦੇ ਅੱਸੀ ਘਾਟ 'ਤੇ ਇਕ ਨੌਜਵਾਨ ਗੌਰਵ ਪ੍ਰਕਾਸ਼ ਨਾਲ ਮੁਲਾਕਾਤ ਹੋਈ, ਜੋ ਨੌਜਵਾਨਾਂ ਦੀ ਭੀੜ ਦੇ ਨਾਲ ਧਰਮ ਅਤੇ ਰਾਜਨੀਤੀ ਬਾਰੇ ਚਰਚਾ ਵਿੱਚ ਸ਼ਾਮਲ ਸੀ।

ਉਸ ਨੇ ਦੱਸਿਆ, "ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਸ ਸਮੇਂ ਤੋਂ ਅਸਲ ਵਿੱਚ ਲੋਕਾਂ ਦਾ ਰੁਝਾਨ ਹਿੰਦੂਤਵ ਵੱਲ ਵੱਧਿਆ ਹੈ।''

''ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਰਹੀਆਂ ਕਿਤੇ ਨਾ ਕਿਤੇ ਹਿੰਦੂਆਂ ਨੂੰ ਦਬਾਉਣ ਦਾ ਕੰਮ ਕੀਤਾ ਗਿਆ ਸੀ, ਇੱਕ ਟੀਚਾਬੱਧ ਹਿੰਸਕ ਐਕਟ ਆਉਣ ਵਾਲਾ ਸੀ। ਜੇ ਇਹ ਲਾਗੂ ਹੋ ਜਾਂਦਾ, ਤਾਂ ਇਸ ਦੇਸ਼ ਵਿੱਚ ਰਹਿੰਦਿਆਂ ਵੀ ਇਸ ਦੇਸ਼ ਦਾ ਹਿੰਦੂ ਸ਼ਰਨਾਰਥੀ ਹੋ ਜਾਂਦਾ।"

ਗੰਗਾ ਨਦੀ ਕਿਨਾਰੇ ਇਸ ਮੁੱਦੇ 'ਤੇ ਬਹਿਸ ਜਾਰੀ ਹੈ ਕਿ ਹਿੰਦੂਆਂ ਨੂੰ ਭਾਰਤ ਵਿੱਚ ਵੀ ਖ਼ਤਰਾ ਹੋ ਸਕਦਾ ਹੈ।

ਜ਼ਾਹਿਰ ਹੈ ਕਿ ਆਮ ਚੋਣਾਂ ਨੇੜੇ ਹਨ ਤਾਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਹੋ ਰਹੀਆਂ ਕਿ ,"ਪਿਛਲੀ ਬਾਰ ਕੋਈ ਕਮੀ ਰਹਿ ਗਈ ਹੋ ਤਾਂ ਇਸ ਬਾਰ ਨਾ ਹੋਣ ਦੇਣਾ।"

ਸਿਹਤਮੰਦ ਸਮਾਜ ਲਈ ਚੰਗੀਆਂ ਨਹੀਂ ਹਿੰਦੁਤਵ ਦੀਆਂ ਗੱਲਾਂ?

ਅੱਸੀ ਘਾਟ ਤੋਂ ਸ਼ਹਿਰ ਤੱਕ ਵਧਣ 'ਤੇ ਦੁਰਗਾ ਕੁੰਡ ਪੈਂਦਾ ਹੈ, ਜਿਸਦੇ ਸਾਹਮਣੇ ਵਾਲੀ ਗਲੀ ਵਿੱਚ ਰਹਿਣ ਵਾਲਿਆਂ ਨੂੰ ਇਲਾਕੇ ਵਿੱਚ ਸਭ ਜਾਣਦੇ ਹਨ।

ਕ੍ਰਿਸਟੋਫ਼ਰ ਬਚੇਰਟ 40 ਸਾਲ ਪਹਿਲਾਂ ਸਕੂਨ ਦੀ ਤਲਾਸ਼ ਵਿੱਚ ਬਰਤਾਨੀਆ ਤੋਂ ਬਨਾਰਸ ਆਏ ਅਤੇ ਫਿਰ ਇੱਥੇ ਦੇ ਹੋਕੇ ਹੀ ਰਹਿ ਗਏ।

ਇੱਥੇ ਹੀ ਵਿਆਹ ਕੀਤਾ ਅਤੇ ਹੁਣ ਪੋਤੇ-ਪੋਤੀਆਂ ਨਾਲ ਰਹਿੰਦੇ ਹਨ ਅਤੇ ਦਿਨ ਦੇ ਦੌਰਾਨ ਇੱਕ ਪ੍ਰਸਿੱਧ ਕਿਤਾਬਾਂ ਦੀ ਦੁਕਾਨ ਵਿੱਚ ਸਮਾਂ ਬਿਤਾਉਂਦੇ ਹਨ।

ਕ੍ਰਿਸਟੋਫ਼ਰ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਵੱਧਦੀ ਨਫ਼ਰਤ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ।"

ਉਨ੍ਹਾਂ ਮੁਤਾਬਕ, "ਇਹ ਚੀਜ਼ਾਂ ਇੱਕ ਸਿਹਤਮੰਦ ਸਮਾਜ ਲਈ ਚੰਗੀਆਂ ਨਹੀਂ ਹਨ। ਵੱਖੋ-ਵੱਖਰੇ ਸਮਾਜਾਂ ਵਿੱਚ ਨਫ਼ਰਤ ਪੈਦਾ ਕਰਨਾ ਜਾਂ ਕਿਸੇ ਇੱਕ ਦੇ ਵਿਰੁੱਧ ਅਵਾਜ਼ ਚੁੱਕਣਾ ਬਹੁਤ ਸਾਫ਼ ਸੋਚ ਨਹੀਂ ਹੈ। ਜੋ ਸਦੀਆਂ ਤੋਂ ਸ਼ਾਂਤੀ ਨਾਲ ਰਹਿੰਦੇ ਰਹੇ ਹਨ, ਉਸ ਵਿੱਚ ਰੁਕਾਵਟ ਆਉਂਦੀ ਹੈ।"

ਇਹ ਵੀ ਪੜ੍ਹੋ:

ਇੱਕ ਪਾਸੇ ਜਿੱਥੇ ਕ੍ਰਿਸਟੋਫਰ ਵਰਗਿਆਂ ਵਿੱਚ ਅਸਹਿਜ ਹੋਣ ਦੀ ਭਾਵਨਾ ਵੱਧ ਰਹੀ ਹੈ, ਦੂਜੇ ਪਾਸੇ ਖਾਸ ਤੌਰ 'ਤੇ ਉੱਤਰੀ ਭਾਰਤ ਵਿਚ ਗਊ ਹੱਤਿਆ 'ਤੇ ਨਵੇਂ ਕਾਨੂੰਨ ਬਣਾਏ ਗਏ ਹਨ ਅਤੇ ਨਵੇਂ ਟੈਕਸ ਲਗਾਏ ਗਏ ਹਨ।

ਹਾਲ ਹੀ ਵਿੱਚ ਪ੍ਰਯਾਗਰਾਜ ਵਿੱਚ ਆਯੋਜਿਤ ਕੀਤੇ ਗਏ ਕੁੰਭ ਦਾ ਉਦਾਹਰਣ ਲੈ ਲਵੋ।

ਉਥੇ ਪਹੁੰਚਣ 'ਤੇ ਸਾਨੂੰ ਰਾਮ ਮੰਦਰ ਜਾਂ ਮਸਜਿਦ ਦਾ ਮਾਮਲਾ ਥੋੜਾ ਜਿਹਾ ਠੰਡਾ ਪੈਂਦਾ ਦਿੱਖਿਆ, ਪਰ ਗਊ ਰੱਖਿਆ ਜਿਹੇ ਵਿਸ਼ਿਆਂ 'ਤੇ ਕੁਝ ਅਣਜਾਣੇ ਪਹਿਲੂ ਮਜਬੂਤ ਦਿੱਖੇ।

ਮੁਹੰਮਦ ਫੈਜ਼ ਖਾਨ ਖੁਦ ਨੂੰ ਗਊ-ਰੱਖਿਅਕ ਦੱਸਦੇ ਹਨ
ਤਸਵੀਰ ਕੈਪਸ਼ਨ, ਮੁਹੰਮਦ ਫੈਜ਼ ਖਾਨ ਖੁਦ ਨੂੰ ਗਊ-ਰੱਖਿਅਕ ਦੱਸਦੇ ਹਨ

ਇੱਕ ਵੱਡੇ ਅਖਾੜੇ ਵਿੱਚ ਮੁਲਾਕਾਤ ਮੁਹੰਮਦ ਫੈਜ਼ ਖ਼ਾਨ ਨਾਂ ਦੇ ਸੱਜਣ ਨਾਲ ਹੋਈ ਜੋ ਆਪਣੇ ਆਪ ਨੂੰ ਮਾਣ ਨਾਲ ਗਊ ਰੱਖਿਅਕ ਦੇ ਰੂਪ ਵਿੱਚ ਬਿਆਨ ਕਰਦਾ ਹੈ।

ਸਾਡਾ ਪਹਿਲਾ ਸਵਾਲ ਤਿਆਰ ਸੀ, "ਪਹਿਲੂ ਖ਼ਾਨ, ਅਖ਼ਲਾਕ ਅਹਿਮਦ, ਰਕਬਰ ਵਰਗੇ ਲੋਕਾਂ ਦੀ ਹੱਤਿਆ ਗਊ ਦੇ ਨਾਮ 'ਤੇ ਹੋਈ ਤਾਂ ਕੀ ਮੁਸਲਮਾਨ ਲੋਕਾਂ ਵਿੱਚ ਡਰ ਨਹੀਂ ਵੱਧਦਾ ਜਾ ਰਿਹਾ ਅਤੇ ਜੇਕਰ ਵੱਧ ਰਿਹਾ ਹੈ ਤਾਂ ਉਨ੍ਹਾਂ ਨੂੰ ਇੱਕ ਗਊ ਰੱਖਿਅਕ ਬਣਨ ਦੀ ਜ਼ਰੂਰਤ ਕਿਉਂ ਆਣ ਪਈ ਹੈ?"

ਮੰਨਣਾ ਪਏਗਾ, ਮੁਹੰਮਦ ਫੈਜ਼ ਖ਼ਾਨ ਵਰਗੇ ਸਾਡੇ ਸਵਾਲ ਪਹਿਲਾਂ ਹੀ ਜਾਂਚ ਚੁੱਕੇ ਸੀ।

ਉਨ੍ਹਾਂ ਨੇ ਕਿਹਾ, "ਗਊ ਬਹਿਸ ਦਾ ਵਿਸ਼ਾ ਹੈ ਹੀ ਨਹੀਂ। ਅਣਜਾਣੇ ਵਿੱਚ ਇਹ ਸਾਰੀ ਬਹਿਸ ਹੋ ਰਹੀ ਹੈ। ਜੇ ਤੁਸੀਂ ਵੇਦ ਨੂੰ ਖੋਲ੍ਹ ਕੇ ਪੜ੍ਹਦੇ ਹੋ ਤਾਂ ਵੇਦ ਵਿੱਚ ਗਊ ਨੂੰ ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ ਦੀ ਮਾਤਾ ਨਹੀਂ ਦੱਸਿਆ ਗਿਆ ਹੈ।''

''ਵੇਦ ਵਿੱਚ ਕਿਹਾ ਗਿਆ ਹੈ, ਗਾਵੋ ਵਿਸ਼ਵ: ਮਾਤ੍ਰ, ਮਤਲਬ ਗਾਂ ਸਾਰੇ ਸੰਸਾਰ ਦੀ ਮਾਤਾ ਹੈ। ਗਊ ਦਾ ਦੁੱਧ, ਦਹੀਂ, ਘੀ, ਗੋਬਰ-ਗਊ ਮੂਤਰ ਅੱਜ ਹਰ ਸਰੀਰ ਅਤੇ ਹਰੇਕ ਖੇਤ ਦੀ ਲੋੜ ਹੈ।"

ਗਊਸ਼ਾਲਾ ਬਣਾਉਣ ਦਾ ਫੈਸ਼ਨ

ਇਹ ਵੀ ਸੱਚ ਹੈ ਕਿ ਗੰਗਾ ਨਦੀ ਅਤੇ ਇਸਦੇ ਆਲੇ ਦੁਆਲੇ ਦੇ ਵਿਸ਼ਾਲ ਖੇਤਰ ਦੇ ਇੱਕ ਵੱਡੇ ਹਿੱਸੇ ਵਿੱਚ ਗਊਸ਼ਾਲਾ ਬਣਾਉਣ ਦਾ ਫ਼ੈਸ਼ਨ ਜਿਹਾ ਚੱਲ ਗਿਆ ਹੈ।

ਚਾਹੇ ਦਿੱਲੀ ਹੋਵੇ, ਚਾਹੇ ਹਰਿਦੁਆਰ, ਚਾਹੇ ਕਾਨਪੁਰ ਹੋਵੇ ਜਾਂ ਬਨਾਰਸ, ਸੈਂਕੜੇ ਗਊਸ਼ਾਲਾਵਾਂ ਵਿੱਚ ਇੱਕ-ਇੱਕ ਗਊ ਨੂੰ ਲਿਆ ਕੇ ਰੱਖਿਆ ਜਾ ਰਿਹਾ ਹੈ।

ਸੜਕਾਂ 'ਤੇ ਵੀ ਗਊਆਂ ਦਾ ਬੇਲਗਾਂਵ ਘੁੰਮਣਾ ਵੱਧ ਚੁੱਕਿਆ ਹੈ ਅਤੇ ਕਈ ਅਜਿਹੇ ਮਾਮਲੇ ਦਰਜ਼ ਹੋਏ ਹਨ ਜਿਨ੍ਹਾਂ ਵਿਚ ਜੰਗਲੀ ਗਊਆਂ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।

ਪਰ ਇੱਕ ਦੂਜੀ ਸੱਚਾਈ ਇਹ ਵੀ ਹੈ ਕਿ ਆਮ ਲੋਕਾਂ ਨੂੰ ਗਊਸ਼ਾਲਾਵਾਂ ਦੀ ਨਿਰਾਸ਼ਾਜਨਕ ਪ੍ਰਬੰਧ ਨਾਲ ਕੋਈ ਵਿਸ਼ੇਸ਼ ਲੈਣ ਦੇਣ ਨਹੀਂ ਹੈ।

ਮੁਗਲਸਰਾਏ

ਗੱਲ ਹਿੰਦੂ ਰਾਸ਼ਟਰਵਾਦ ਅਤੇ ਸਿਆਸਤ 'ਤੇ ਇਸ ਦੇ ਪ੍ਰਭਾਵ ਦੀ ਹੋਵੇ ਤਾਂ ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰਾਂ ਅਤੇ ਸੜਕਾਂ ਦੇ ਨਾਂ ਬਦਲਣ 'ਤੇ ਵੀ ਬਹਿਸ ਚੱਲ ਰਹੀ ਹੈ।

ਮੁਗ਼ਲਸਰਾਏ ਤੋਂ ਬਾਅਦ ਫੈਜ਼ਾਬਾਦ ਅਤੇ ਇਲਾਹਾਬਾਦ ਵਰਗੇ 'ਮੁਸਲਿਮ ਨਾਮ' ਇਤਿਹਾਸ ਦੇ ਪੰਨਿਆਂ ਵਿੱਚ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਨਵੇਂ ਨਾਮ ਦਿੱਤੇ ਗਏ ਹਨ।

ਨਾਮ ਦੀ ਤਬਦੀਲੀ ਕਰਨ ਦੇ ਪਿੱਛੇ ਕੀ ਮਕਸਦ ਹੈ, ਇਸ ਉੱਤੇ ਕੁਝ ਲੋਕ ਚੁੱਪ ਹਨ ਅਤੇ ਕਈ ਖੁੱਲ੍ਹ ਕੇ ਬੋਲੇ ਵੀ ਹਨ।

ਵੀਡੀਓ ਕੈਪਸ਼ਨ, ਕੀ ਮੁਸਲਮਾਨ ਸੱਚਮੁੱਚ ਇਕਜੁੱਟ ਹੋ ਕੇ ਵੋਟ ਦਿੰਦੇ ਹਨ?

ਪਹਿਲਾਂ ਅਲਾਹਾਬਾਦ ਅਤੇ ਹੁਣ ਪ੍ਰਯਾਗਰਾਜ ਵਿੱਚ ਰਹਿਣ ਵਾਲੀ ਮੰਜੂ ਨਰਾਇਣ ਲੋਕ ਸੰਗੀਤ ਗਾਇਕਾ ਹੈ ਜੋ ਬੇਬਾਕ ਬੋਲਦੀ ਹੈ।

ਉਨ੍ਹਾਂ ਕਿਹਾ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਸ਼ਹਿਰ ਦੀਆਂ ਵਿਸ਼ੇਸ਼ਤਾਵਾਂ ਨੂੰ ਬਦਲਣਾ ਨਹੀਂ ਚਾਹੀਦਾ, ਇਸ ਦੀ ਬਜਾਏ ਹੋਰ ਵਿਕਾਸ ਕਰਨਾ ਚਾਹੀਦਾ ਹੈ।''

''ਜਿਵੇਂ ਮੈਂ ਆਪਣਾ ਨਾਮ ਹੀ ਬਦਲ ਲਵਾਂ, ਕੁਝ ਵੀ XYZ ਰੱਖ ਲਵਾਂ, ਇਸ ਤਰ੍ਹਾਂ ਨਾਂ ਬਦਲਣ ਨਾਲ ਕੁਝ ਨਹੀਂ ਹੁੰਦਾ। ਨਾਂ ਬਦਲਣ ਨਾਲ ਚਿਹਰਾ ਨਹੀਂ ਬਦਲਦਾ, ਬਦਲਣਾ ਹੈ ਤਾਂ ਫਿਰ ਆਪਣੇ ਚੰਗੇ ਗੁਣਾਂ ਨੂੰ ਬਦਲੋ।"

ਗਾਜ਼ੀਪੁਰ ਦੇ ਬ੍ਰਿਜਕੇਤੂ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਨੂੰ 'ਮਹਾਰਾਜ' ਬੁਲਾਉਂਦੇ ਹਨ
ਤਸਵੀਰ ਕੈਪਸ਼ਨ, ਗਾਜ਼ੀਪੁਰ ਦੇ ਬ੍ਰਿਜਕੇਤੂ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਨੂੰ 'ਮਹਾਰਾਜ' ਬੁਲਾਉਂਦੇ ਹਨ

ਖੈਰ ਗਾਜ਼ੀਪੁਰ ਹੋਵੇ ਜਾਂ ਬਾਲਿਆ, ਗੰਗਾ ਨਦੀ ਦੇ ਇਸ ਵੱਡੇ ਖੇਤਰ ਵਿੱਚ ਹੀ ਕੁਝ ਅਜਿਹੀਆਂ ਸੰਸਥਾਵਾਂ ਨੂੰ ਤਾਕਤ ਮਿਲੀ ਹੈ ਜੋ ਖੁਲ੍ਹੇਆਮ ਉਹ ਸਭ ਕਰ ਰਹੇ ਹਨ ਜੋ ਪਹਿਲਾਂ ਚੋਰੀ ਛਿਪੇ ਹੁੰਦਾ ਸੀ।

ਗਾਜ਼ੀਪੁਰ ਕਚਿਹਰੀ ਕੋਲ ਬ੍ਰਿਜਕੇਤੂ ਸਿੰਘ ਨਾਲ ਮੁਲਾਕਾਤ ਹੋਈ ਜੋ ਹਿੰਦੂ ਯੂਥ ਵਹਿਨੀ ਨਾਮਕ ਸੰਗਠਨ ਦੇ ਜ਼ਿਲ੍ਹਾ ਉਪ ਪ੍ਰਧਾਨ ਹਨ।

ਇਹ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਮੋਜੂਦਾ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੂੰ ਇਜੱਤ ਨਾਲ 'ਮਹਾਰਾਜ' ਕਹਿ ਕੇ ਬੁਲਾਉਂਦੇ ਹਨ ਕਿਉਂਕਿ ਉਹ ਇਸਦੇ ਸੰਸਥਾਪਕਾਂ ਵਿੱਚੋਂ ਇੱਕ ਰਹੇ ਹਨ।

ਬ੍ਰਿਜਕੇਤੂ ਸਿੰਘ ਵਰਗਿਆਂ ਦੀ ਚਿੰਤਾ ਇਹ ਹੈ ਕਿ "ਹਿੰਦੂ ਕੁੜੀਆਂ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਿਉਂ ਕਰ ਰਹੀਆਂ ਹਨ?"

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਸਨਾਤਨ ਧਰਮ ਨੂੰ ਵਿਰੋਧੀ ਪਾਰਟੀਆਂ, ਮੁਸਲਿਮ ਧਰਮ ਜਾਂ ਇਸਾਈ ਧਰਮ, ਵੰਡਣ ਦਾ ਕੰਮ ਕਰ ਰਹੇ ਹਨ। ਧਰਮ ਤਬਦੀਲੀ ਕਰਵਾਉਣਾ ਤੇ ਸਾਡੀਆਂ ਧੀਆਂ-ਭੈਣਾਂ ਨੂੰ ਭਜਾ ਕੇ ਲੈ ਜਾਣਾ ਇਸ ਵਿਚ ਸ਼ਾਮਿਲ ਹੈ।''

ਪਰ ਗਾਜ਼ੀਪੁਰ-ਬਾਲਿਆ ਸਰਹੱਦ ਦੇ ਇੱਕ ਛੋਟੇ ਜਿਹੇ ਕਸਬੇ ਮੁਹੰਮਾਦਾਬਾਦ ਵਿੱਚ ਇੱਕ ਡਾਕਟਰ ਫਤਿਹ ਮੁਹੰਮਦ ਸਾਹਿਬ ਨਾਲ ਵੀ ਮੁਲਾਕਾਤ ਹੋਈ।

ਇਨ੍ਹਾਂ ਨੇ ਦੇਸ਼ ਵਿੱਚ ਐਮਰਜੈਂਸੀ ਦਾ ਦੌਰ ਵੀ ਦੇਖਿਆ ਹੈ ਅਤੇ ਕਈ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਨੂੰ ਦੇਖ ਚੁੱਕੇ ਹਨ।

ਡਾ. ਫਤਿਹ ਮੁਹੰਮਦ ਨੇ ਸਿਆਸਤ ਦੇ ਕਈ ਰੰਗ ਵੇਖੇ ਹਨ
ਤਸਵੀਰ ਕੈਪਸ਼ਨ, ਡਾ. ਫਤਿਹ ਮੁਹੰਮਦ ਨੇ ਸਿਆਸਤ ਦੇ ਕਈ ਰੰਗ ਵੇਖੇ ਹਨ

ਜਿਵੇਂ ਹੀ ਅਸੀਂ ਮੌਜੂਦਾ ਰਾਜਨੀਤੀ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਉਨ੍ਹਾਂ ਨੂੰ ਗੁੱਸਾ ਆ ਗਿਆ।

ਉਨ੍ਹਾਂ ਕਿਹਾ, "ਹੁਣ ਰਾਮ ਜਨਮ ਅਸਥਾਨ ਹੈ ਤਾਂ ਭਾਜਪਾ ਇਸ ਦੀ ਵਰਤੋਂ ਕਰ ਰਹੀ ਹੈ। ਰਾਮ ਦੀ ਬੇਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਦਾਜ ਲਈ ਰਾਮ ਦੀ ਬੇਟੀ ਸਾੜ ਦਿੱਤੀ ਜਾਂਦੀ ਹੈ, ਟੀਵੀ ਲਈ ਸਾੜ ਦਿੱਤੀ ਜਾਂਦੀ ਹੈ ਅਤੇ ਉਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਨੇਤਾ ਵੀ ਹਨ।''

''ਉਹਨਾਂ ਨੂੰ ਬਾਬਰੀ ਮਸਜਿਦ ਚਾਹੀਦੀ ਹੈ ਪਰ ਬਾਬਰ ਦੀਆਂ ਲੱਖਾਂ ਕੁੜੀਆਂ ਰੋਟੀ ਲਈ ਕੋਠੇ 'ਤੇ ਆਪਣਾ ਸ਼ਰੀਰ ਵੇਚ ਰਹੀਆਂ ਹਨ। ਇਸ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਚਿੰਤਾ ਨਹੀਂ ਹੈ ਪਰ ਬਾਬਰੀ ਮਸਜਿਦ ਦੀ ਬਹੁਤ ਚਿੰਤਾ ਹੈ।"

ਚਾਹ 'ਤੇ ਚੱਲੇ ਲੰਬੇ ਵਿਚਾਰ ਵਟਾਂਦਰੇ ਦੇ ਬਾਅਦ ਜਦੋਂ ਜਾਣ ਦਾ ਸਮਾਂ ਆਇਆ ਤਾਂ ਡਾ. ਫਤਿਹ ਨੇ ਕਿਹਾ, "ਧਰਮ ਅੱਜ ਮਨੁੱਖਤਾ ਦਾ ਦੁਸ਼ਮਣ ਬਣ ਗਿਆ ਲੱਗਦਾ ਹੈ, ਇਸ ਲਈ ਧਰਮ ਤੋਂ ਦੂਰ ਰਹੋ ਤਾਂ ਠੀਕ ਰਹੇਗਾ। ਜੇ ਇਸਦੇ ਚੱਕਰ ਵਿੱਚ ਪਓਗੇ ਤਾਂ ਬਰਬਾਦ ਹੋ ਜਾਵੋਗੇ।''

ਜਦ ਧਾਰਮਿਕ ਜਲਸੇ ਫਿਰਕੂ ਹੁੰਦੇ ਗਏ

ਗੰਗਾ ਦੇ ਕਿਨਾਰੇ ਚਲਦੇ-ਚਲਦੇ ਅਸੀਂ ਬਿਹਾਰ ਵਿੱਚ ਦਾਖਲ ਹੋ ਗਏ।

ਪਿਛਲੇ ਕੁਝ ਸਾਲਾਂ ਵਿੱਚ ਹਿੰਦੂ ਧਰਮ ਦੀ ਰਾਜਨੀਤੀ ਮਤਲਬ ਹਿੰਦੂਤਵ ਨੂੰ ਤਿਉਹਾਰਾਂ ਅਤੇ ਧਾਰਮਿਕ ਜਲਸਿਆਂ ਦੇ ਜ਼ਰੀਏ ਵੀ ਮਜਬੂਤ ਅਤੇ ਹਮਲਾਵਰ ਬਣਾਉਣ ਦੀਆਂ ਕੋਸ਼ਿਸ਼ਾਂ ਇੱਥੇ ਦੇਖੀਆਂ ਗਈਆਂ ਹਨ।

ਨਤੀਜਾ ਇਹ ਹੋਇਆ ਕਿ ਅਜਿਹੇ ਧਾਰਮਿਕ ਜਲਸੇ ਫਿਰਕੂ ਤਣਾਅ ਦੀਆਂ ਘਟਨਾਵਾਂ ਵਿਚ ਬਦਲ ਗਏ।

ਗੱਲ 2018 ਦੇ ਪਹਿਲੇ ਮਹੀਨਿਆਂ ਦੀ ਸੀ ਜਦੋਂ ਔਰੰਗਾਬਾਦ ਵਿੱਚ ਰਾਮਨੌਮੀ ਦੇ ਜਲੂਸ ਤੋਂ ਬਾਅਦ ਫ਼ਿਰਕੂ ਦੰਗੇ ਭੜਕ ਗਏ।

ਮੁਹੰਮਦ ਨਈਮ

ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਿੱਜੀ ਐਂਬੂਲੈਂਸ ਚਲਾਉਣ ਵਾਲੇ ਮੁਹੰਮਦ ਨਈਮ ਦੁਪਹਿਰ ਦੇ ਖਾਣੇ ਲਈ ਆਪਣੇ ਘਰ ਜਾ ਰਹੇ ਸੀ ਕਿ ਇਨ੍ਹਾਂ ਦੰਗਿਆਂ ਵਿੱਚ ਫੱਸ ਗਏ।

ਪੰਜ ਵਿਅਕਤੀਆਂ ਦਾ ਪਰਿਵਾਰ ਚਲਾਉਣ ਵਾਲੇ ਨਈਮ ਹੁਣ ਅਪਾਹਿਜ ਹੋ ਚੁੱਕੇ ਹਨ।

ਆਪਣੇ ਕੱਚੇ ਘਰ ਦੇ ਵਿਹੜੇ ਵਿੱਚ ਮੰਜੇ 'ਤੇ ਬੈਠੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਅਤੇ ਦੱਸਿਆ, "ਸਾਡੀ ਸੜਕ 'ਤੇ ਹੀ ਪੱਥਰਬਾਜ਼ੀ ਹੋ ਰਹੀ ਸੀ ਪਰ ਸਾਨੂੰ ਪਤਾ ਨਹੀਂ ਸੀ।''

''ਅਸੀਂ ਆਪਣੇ ਮੁਹੱਲੇ ਦੀ ਸੜਕ 'ਤੇ ਆਏ ਹੀ ਸੀ, ਜੇ ਦੋ ਮਿੰਟ ਦਾ ਵੀ ਸਮਾਂ ਮਿਲਦਾ ਤਾਂ ਆਪਣੀ ਗਲੀ ਵਿੱਚ ਦਾਖਲ ਹੋ ਜਾਂਦੇ। ਪਰ ਇੰਨਾਂ ਵੀ ਸਮਾਂ ਨਹੀਂ ਮਿਲਿਆ। ਗੋਲੀ ਚੱਲੀ, ਇੱਕ ਪਾਸੇ 'ਤੇ ਲੱਗੀ ਅਤੇ ਅਸੀਂ ਉੱਥੇ ਹੀ ਡਿੱਗ ਗਏ।"

ਇਹ ਵੀ ਪੜ੍ਹੋ:

ਇਹੀ ਕਹਾਣੀ ਭਾਗਲਪੁਰ ਜਾ ਕੇ ਸੁਣਨ ਨੂੰ ਮਿਲੀ। ਉਥੇ ਵੀ ਇੱਕ ਧਾਰਮਿਕ ਜਲੂਸ ਤੋਂ ਬਾਅਦ ਭੜਕੀ ਹਿੰਸਾ ਵਿੱਚ ਲੋਕਾਂ ਦੇ ਸਮੂਹ ਦੇ ਲੋਕਾਂ ਦੀਆਂ ਦੁਕਾਨਾਂ ਵਿੱਚ ਅੱਗ ਲਗਾ ਦਿੱਤੀ ਸੀ।

ਦੁਕਾਨਦਾਰਾਂ ਨੂੰ ਮੁਆਵਜ਼ਾ ਤਾਂ ਮਿਲ ਗਿਆ ਹੈ, ਪਰ ਇਲਾਕੇ ਵਿੱਚ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਅਤੇ ਭੜਕਾਊ ਬਿਆਨਬਾਜ਼ੀ ਅੱਜ ਵੀ ਜਾਰੀ ਹੈ।

ਇਸ ਕੇਸ ਵਿੱਚ ਭਾਜਪਾ ਦੇ ਇਕ ਪ੍ਰਮੁੱਖ ਆਗੂ ਅਤੇ ਕੇਂਦਰੀ ਮੰਤਰੀ ਦਾ ਪੁੱਤਰ ਵੀ ਨਾਮਜ਼ਦ ਹੈ।

ਪਟਨਾ ਨਾਲ ਲੱਗਦੇ ਫੁਲਵਾੜੀ ਸ਼ਰੀਫ ਵਿੱਚ ਵੀ ਇਹੋ ਜਿਹਾ ਮਾਮਲਾ ਹੋਇਆ ਸੀ।

ਦਿਲਚਸਪ ਗੱਲ ਇਹ ਹੈ ਕਿ ਦੰਗਿਆਂ ਵਿਚ ਨਾਮਜ਼ਦ ਕੀਤੇ ਗਏ ਬਹੁਤ ਸਾਰੇ ਲੋਕਾਂ ਵਿੱਚੋਂ ਇੱਕ ਸੰਜੀਤ ਕੁਮਾਰ ਯਾਦਵ, ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਬੈਠੇ ਕਹਿ ਰਹੇ ਸੀ, ''ਯਾਦ ਰੱਖੋ, ਚੋਣਾਂ ਆ ਗਈਆਂ ਹਨ। ਸਾਰੇ ਹਿੰਦੂਆਂ ਨੂੰ ਬਾਹਰ ਨਿਕੱਲ ਕੇ ਵੱਡੇ ਬਹੁਮੱਤ ਨਾਲ ਵੋਟਾਂ ਪਾਉਣੀਆਂ ਹਨ। ਭੁੱਲਣਾ ਨਹੀਂ ਕਿਸੇ ਨੇ ਵੀ।"

ਬਨਾਰਸ

ਗੱਲ ਜੇਕਰ ਪਿਛਲੇ 2014 ਦੀਆਂ ਚੋਣਾਂ ਦੀ ਹੋਵੇ ਤਾਂ ਮੁੱਦੇ ਵਿਕਾਸ ਜਾਂ ਚੰਗੇ ਸ਼ਾਸਨ ਦੇ ਆਲੇ-ਦੁਆਲੇ ਘੁੰਮ ਰਹੇ ਸਨ।

ਪਰ ਪਿਛਲੇ ਕੁਝ ਸਾਲਾਂ ਵਿੱਚ, ਭਾਰਤੀ ਬਨਾਮ ਬਾਹਰੀ 'ਤੇ ਹਾਏ ਤੌਬਾ ਮੱਚੀ ਹੋਈ ਹੈ।

ਇੱਕ ਜ਼ਮਾਨੇ ਵਿੱਚ ਕਮਿਊਨਿਸਟਾਂ ਦੇ ਗੜ੍ਹ ਰਹੇ ਪੱਛਮੀ ਬੰਗਾਲ ਵਿੱਚ ਵੀ ਫਿਰਕੂ ਹਿੰਸਾ ਦੇ ਮਾਮਲੇ ਸਾਹਮਣੇ ਆਏ ਸਨ।

ਬੰਗਲਾਦੇਸ਼ ਦੇ ਨੇੜੇ ਮਾਲਦਾ ਦੇ ਕਲਿਆਚੌਕ ਕਸਬੇ ਵਿੱਚ ਦੋ ਸਾਲ ਪਹਿਲਾਂ ਇੱਕ ਧਾਰਮਿਕ ਜਲੂਸ ਨੇ ਦੰਗਿਆਂ ਦਾ ਰੂਪ ਧਾਰ ਲਿਆ ਸੀ।

ਕਲਿਆਚੌਕ ਤੱਕ ਪਹੁੰਚਣ 'ਤੇ ਪਾਇਆ ਗਿਆ ਕਿ ਇੱਥੇ ਜਨਮਸੰਖਿਆ ਦੇ ਅਨੁਸਾਰ ਹਿੰਦੂ ਘੱਟਗਿਣਤੀ ਅਤੇ ਮੁਸਲਿਮ ਬਹੁਗਿਣਤੀ ਹਨ।

ਪਰ ਪਹਿਲਾਂ ਦੰਗੇ ਕਦੇ ਨਹੀਂ ਹੋਏ ਤੇ ਹੁਣ ਅਜਿਹਾ ਕੀ ਬਦਲ ਗਿਆ?

'ਜੇ ਮੰਦਿਰ ਨਹੀਂ ਬਚਾ ਸਕਦੇ, ਤਾਂ ਕਿਸ ਗੱਲ ਦੇ ਹਿੰਦੂ'

19 ਸਾਲ ਦੇ ਤਨਮੋਯ ਤਿਵਾਰੀ ਉਸ ਦਿਨ ਭੜਕੀ ਹਿੰਸਾ ਦੀ ਚਪੇਟ ਵਿੱਚ ਆ ਗਏ ਸੀ, ਪਰ ਦੰਗਿਆਂ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ।

ਤਨਮੋਯ ਨੇ ਕਿਹਾ, "ਮੈਂ ਨਹੀਂ ਜਾਣਦਾ ਸੀ ਕਿ ਗੋਲੀ ਮੇਰੇ ਪੈਰ 'ਚ ਵੱਜੇਗੀ, ਗਲਤੀ ਸਿਰਫ ਇੰਨੀ ਸੀ ਕਿ ਮੈਂ ਹਿੰਦੂ ਸੀ। ਜੇ ਮੇਰੇ ਅੱਗੇ ਕੋਈ ਮੰਦਿਰ ਤੋੜੇਗਾ ਤਾਂ ਅਸੀਂ ਕਿੱਥੇ ਦੇ ਹਿੰਦੂ ਜੇ ਮੰਦਿਰ ਵੀ ਨਹੀਂ ਬਚਾ ਸਕਦੇ।''

''ਜੇ ਮੰਦਿਰ ਨੂੰ ਬਚਾਉਂਦਿਆਂ ਜਾਨ ਵੀ ਚਲੀ ਜਾਂਦੀ ਤਾਂ ਕੋਈ ਅਫਸੋਸ ਨਹੀਂ ਹੁੰਦਾ।''

ਆਰਐਸਐਸ

ਪਿਛਲੇ ਕੁਝ ਸਾਲਾਂ ਵਿੱਚ ਪੱਛਮੀ ਬੰਗਾਲ 'ਚ ਵੀ ਆਰਐਸਐਸ ਨੇ ਆਪਣੇ ਪੈਰ ਪਸਾਰੇ ਹਨ।

ਭਾਰਤ ਵਿੱਚ ਆਰਐਸਐਸ ਦੀਆਂ 60,000 ਤੋਂ ਵੱਧ ਸ਼ਾਖਾਵਾਂ ਲੱਗਦੀਆਂ ਹਨ ਅਤੇ ਸੰਘ ਨੇ ਆਪ 2016 ਵਿੱਚ ਕਿਹਾ ਸੀ, "2015-16 ਦੌਰਾਨ ਸ਼ਾਖਾਵਾਂ ਵਿੱਚ ਵਾਧਾ 1925 'ਚ ਹੋਈ ਇਸ ਦੀ ਸਥਾਪਨਾ ਤੋਂ ਬਾਅਦ ਸਭ ਤੋਂ ਵੱਧ ਸੀ।"

ਪੱਛਮੀ ਬੰਗਾਲ ਵਿੱਚ ਆਰਐਸਐਸ ਦੀਆਂ ਸ਼ਾਖ਼ਾਵਾਂ ਦੀ ਗਿਣਤੀ 2011 ਵਿਚ ਕੇਵਲ 530 ਸੀ, ਇਹ ਆਂਕੜਾ ਹੁਣ 2000 ਪਾਰ ਕਰ ਚੁੱਕਿਆ ਹੈ।

ਮਾਰਚ 2017 ਵਿੱਚ ਕੋਇੰਬਟੂਰ ਵਿਖੇ ਹੋਏ ਯੂਨੀਅਨ ਦੇ ਸੰਮੇਲਨ ਦੌਰਾਨ ਸੰਘ ਨੇ 'ਪੱਛਮੀ ਬੰਗਾਲ ਵਿਚ ਹਿੰਦੂਆਂ ਦੀ ਘੱਟਦੀ ਗਿਣਤੀ ਅਤੇ ਕੱਟੜਪੰਥੀ ਤੱਤਾਂ ਦੇ ਉਭਾਰ ਨੂੰ ਇਕ ਵੱਡਾ ਖ਼ਤਰਾ' ਐਲਾਨਿਆ ਸੀ।

ਆਰਐਸਐਸ ਦਾ ਵਿਸਥਾਰ

ਦਹਾਕਿਆਂ ਤੱਕ ਕਾਂਗਰਸ ਅਤੇ ਬਾਅਦ ਵਿੱਚ ਖੱਬੇ ਪੱਖੀ ਅਤੇ ਹੁਣ ਤ੍ਰਿਣਮੂਲ ਸ਼ਾਸਤ ਇਨ੍ਹਾਂ ਰਾਜਾਂ ਵਿੱਚ ਆਰ ਐਸ ਐਸ ਅਤੇ ਭਾਜਪਾ ਦੀ ਹਾਜ਼ਰੀ ਲਗਭਗ ਹਾਸ਼ੀਏ 'ਤੇ ਰਹੀ ਸੀ ,ਪਰ ਹੁਣ ਉਨ੍ਹਾਂ ਦਾ ਪ੍ਰਭਾਵ ਲਗਪਗ ਹਰ ਜ਼ਿਲ੍ਹੇ ਵਿਚ ਦੇਖਿਆ ਜਾ ਸਕਦਾ ਹੈ ।

ਮਾਲਦਾ ਸ਼ਹਿਰ ਦੇ ਇੱਕ ਸਕੂਲ ਦੇ ਮੈਦਾਨ ਵਿੱਚ ਸਵੇਰੇ ਕਰੀਬ 6:30 ਵਜੇ ਸਾਡੀ ਮੁਲਾਕਾਤ ਕੁਝ ਨੌਜਵਾਨਾਂ ਨਾਲ ਹੋਈ।

ਇਨ੍ਹਾਂ ਦੇ ਸੀਨੀਅਰ ਕਾਰਜਕਰਤਾ ਤਰੁਣ ਕੁਮਾਰ ਪੰਡਿਤ ਹਾਲ ਹੀ ਵਿੱਚ ਪੁਲਵਾਮਾ ਹਮਲੇ ਬਾਰੇ ਆਪਣੇ ਕੇਡਰ ਨੂੰ ਸੰਬੋਧਿਤ ਕਰਦੇ ਹੋਏ ਬੋਲ ਰਹੇ ਸਨ, "ਵਿਦੇਸ਼ੀ ਸ਼ਕਤੀਆਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਸਾਨੂੰ ਉਨ੍ਹਾਂ ਨੂੰ ਨਾਕਾਮ ਕਰਨਾ ਹੈ।"

ਉਤਰਾਖੰਡ ਤੋਂ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਤੱਕ ਸਾਨੂੰ ਰਾਜਨੀਤੀ ਵਿੱਚ ਧਰਮ ਦੀ ਮਿਲਾਵਟ ਜ਼ਰੂਰ ਦੇਖਣ ਨੂੰ ਮਿਲੀ।

ਪਰ ਹਿੰਦੂਵਾਦ ਦੀ ਵੱਧਦੀ ਲਲਕਾਰ ਨਾਲ ਦਰਅਸਲ ਕਿੰਨਾ ਕੁ ਨਫ਼ਾ ਜਾਂ ਨੁਕਸਾਨ ਹੋਇਆ, ਇਹ ਵੋਟ ਪਾਉਣ ਵਾਲਿਆਂ ਨੇ ਤੋਲਨਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)