ਦਲਿਤ ਦੀ ਸ਼ੱਕੀ ਮੌਤ ਤੇ ਇੱਕ ਚਿੱਠੀ ਦਾ ਰਹੱਸ - ਗਰਾਊਂਡ ਰਿਪੋਰਟ

- ਲੇਖਕ, ਨਵੀਨ ਬਾਰੇਟ
- ਰੋਲ, ਬੀਬੀਸੀ ਲਈ
ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਵਿੱਚ ਇੱਕ ਦਲਿਤ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਪੰਜ ਦਿਨ ਬਾਅਦ ਵੀ ਘਟਨਾ ਦੀ ਗੁੱਥੀ ਨਹੀਂ ਸੁਲਝਾ ਸਕੀ ਹੈ।
ਘਟਨਾ ਦਾ ਸ਼ਿਕਾਰ 60 ਸਾਲਾ ਗੰਗਾਰਾਮ ਬਿਜੋਲੀਆ ਖਾਣ ਖੇਤਰ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਇੱਕ ਨੇਤਾ ਦੀ ਪੱਥਰ ਮਾਇਨਿੰਗ ਕੰਪਨੀ ਵਿੱਚ ਬਾਗਵਾਨੀ ਕਰਦਾ ਸੀ।
ਦਲਿਤ ਸੰਗਠਨਾਂ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਿਜੋਲੀਆ ਥਾਣਾ ਖੇਤਰ ਵਿੱਚ ਮੋਗਰਵਾਸਾ ਮਾਇਨਿੰਗ ਖੇਤਰ ਵਿੱਚ ਸ਼ੁੱਕਰਵਾਰ ਸਵੇਰ ਜਿਸ ਨੇ ਵੀ ਉਹ ਮੰਜ਼ਰ ਦੇਖਿਆ ਸਹਿਮ ਗਿਆ। ਮਾਇਨਿੰਗ ਕੰਪਨੀ ਦਫ਼ਤਰ ਦੇ ਸਾਹਮਣੇ ਇੱਕ ਰੇਤੇ ਵਾਲੀ ਥਾਂ 'ਤੇ ਗੰਗਾਰਾਮ ਦੀ ਦੇਹ ਧੂੰ-ਧੂੰ ਕਰਕੇ ਸੜ ਰਹੀ ਸੀ।
ਇਹ ਵੀ ਪੜ੍ਹੋ:
ਪੁਲਿਸ ਮੌਕੇ 'ਤੇ ਪਹੁੰਚੀ ਤਾਂ ਟਾਇਰਾਂ ਦੇ ਢੇਰ ਵਿੱਚ ਗੰਗਾਰਾਮ ਸੜ ਰਿਹਾ ਸੀ। ਉਨ੍ਹਾਂ ਦਾ ਸਰੀਰ ਤਾਰਾਂ ਦੀ ਰੱਸੀ ਅਤੇ ਟਾਇਰਾਂ ਨਾਲ ਬੰਨ੍ਹਿਆ ਹੋਇਆ ਸੀ। ਬਿਜੋਲੀਆ ਦੇ ਥਾਣਾ ਅਧਿਕਾਰੀ ਬਲਦੇਵ ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਘਟਨਾ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਇਸ ਇਲਾਕੇ ਵਿੱਚ ਕੁਝ ਸ਼ੱਕੀ ਲੋਕਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੰਗਾਰਾਮ ਦਾ ਜੱਦੀ ਪਿੰਡ ਇੱਕ ਸੌ ਕਿਲੋਮੀਟਰ ਦੂਰ ਉਮੇਦਨਗਰ ਵਿੱਚ ਹੈ ਪਰ ਉਸ ਨੇ ਜ਼ਿੰਦਗੀ ਦਾ ਵਧੇਰੇ ਸਮਾਂ ਪੱਥਰ ਮਾਇਨਿੰਗ ਵਾਲੇ ਇਲਾਕੇ ਵਿੱਚ ਬਤੀਤ ਕੀਤਾ ਹੈ।
ਚਿੱਠੀ ਜਾਂ ਸੁਸਾਈਡ ਨੋਟ?
ਮ੍ਰਿਤਕ ਦੇ ਕੋਲ ਮਿਲੀ ਇੱਕ ਚਿੱਠੀ ਨੇ ਇਸ ਗੁੱਥੀ ਨੂੰ ਹੋਰ ਵੀ ਉਲਝਾ ਦਿੱਤਾ ਹੈ। ਇਸ ਚਿੱਠੀ ਨੂੰ ਸ਼ੁਰੂਆਤ ਵਿੱਚ ਸੁਸਾਇਡ ਨੋਟ ਦੇ ਤੌਰ 'ਤੇ ਵੇਖਿਆ ਗਿਆ ਪਰ ਉਸਦੇ ਰਿਸ਼ਤੇਦਾਰ ਕਹਿੰਦੇ ਹਨ ਕਿ ਗੰਗਾਰਾਮ ਅਨਪੜ੍ਹ ਸੀ।
ਗੰਗਾਰਾਮ ਦੇ ਭਤੀਜੇ ਮਦਨ ਨੇ ਬੀਬੀਸੀ ਨੂੰ ਕਿਹਾ ਉਹ ਤਾਂ ਪੜ੍ਹੇ ਲਿਖੇ ਨਹੀਂ ਸਨ। ਫਿਰ ਚਿੱਠੀ ਵਿੱਚ ਧੀ ਦੇ ਵਿਆਹ ਨੂੰ ਲੈ ਕੇ ਪ੍ਰੇਸ਼ਾਨੀ ਦਾ ਜ਼ਿਕਰ ਹੈ ਜਦਕਿ ਗੰਗਾਰਾਮ ਕੁਆਰੇ ਸਨ।

ਇਸ 'ਤੇ ਥਾਣਾ ਅਧਿਕਾਰੀ ਕਹਿੰਦੇ ਹਨ ਕਿ ਉਸ ਚਿੱਠੀ ਦੀ ਹਕੀਕਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਦਨ ਕਹਿੰਦੇ ਹਨ ਗੰਗਾਰਾਮ ਬਹੁਤ ਮਿਲਨਸਾਰ ਸੀ, ਕਦੇ ਕਿਸੇ ਨਾਲ ਕੋਈ ਗੁੱਸਾ ਗ਼ਿਲਾ ਨਹੀਂ ਕਰਦਾ ਸੀ, ਕਿਸੇ ਨਾਲ ਕੋਈ ਰਜਿੰਸ਼ ਨਹੀਂ ਸੀ। ਮਦਨ ਪੁੱਛਦੇ ਹਨ ਕਿ ਅਜਿਹਾ ਕੀ ਗੁਨਾਹ ਕੀਤਾ ਕਿ ਉਨ੍ਹਾਂ ਨੂੰ ਇੰਨੀ ਬੇਰਹਿਮੀ ਨਾਲ ਸਾੜ ਕੇ ਮਾਰ ਦਿੱਤਾ ਗਿਆ।
ਮਾਈਨਿੰਗ ਕੰਪਨੀ ਦਾ ਲੰਬਾ ਚੌੜਾ ਕੰਪਲੈਕਸ ਮਸ਼ੀਨੀ ਉਪਕਰਣਾਂ ਦੀ ਆਵਾਜ਼, ਧਰਤੀ ਤੋਂ ਪੁੱਟ ਕੇ ਕੱਢੇ ਗਏ ਪੱਥਰਾਂ ਦੀ ਕਟਾਈ ਅਤੇ ਮਜ਼ਦੂਰਾਂ ਦੀ ਆਵਾਜਾਈ ਨਾਲ ਭਰਿਆ ਰਹਿੰਦਾ ਹੈ।
ਉੱਥੇ ਹੀ ਗੰਗਾਰਾਮ ਨੇ ਇੱਕ ਹਿੱਸੇ ਨੂੰ ਬਾਗ ਵਿੱਚ ਬਦਲ ਦਿੱਤਾ ਸੀ। ਮਜ਼ਦੂਰਾਂ ਨੇ ਦੱਸਿਆ ਕਿ ਬਾਗ ਵਿੱਚ ਲੱਗੇ ਫੁੱਲ-ਬੂਟੇ ਅਤੇ ਹਰਿਆਲੀ ਗੰਗਾਰਾਮ ਦੇ ਹੱਥਾਂ ਦੀ ਦੇਣ ਹੈ।
ਹੁਣ ਇਨ੍ਹਾਂ ਦੇ ਨਾ ਰਹਿਣ ਨਾਲ ਫੁੱਲ-ਬੂਟੇ ਮੁਰਝਾਉਣ ਲੱਗੇ ਹਨ ਅਤੇ ਪੂਰਾ ਬਾਗ ਉਦਾਸ ਹੈ। ਮਾਈਨਿੰਗ ਕੰਪਨੀ ਨੇ ਗੰਗਾਰਾਮ ਦੇ ਰਿਸ਼ਤੇਦਾਰਾਂ ਨੂੰ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇ ਕੇ ਪੱਲਾ ਝਾੜ ਲਿਆ ਹੈ।
ਗੰਗਾਰਾਮ ਦੇ ਪਿੰਡ ਦੇ ਹਾਲਾਤ
ਮੌਕੇ 'ਤੇ ਮਿਲੇ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਘਟਨਾ 'ਤੇ ਡੂੰਘਾ ਅਫ਼ਸੋਸ ਜਤਾਇਆ ਪਰ ਅਧਿਕਾਰਤ ਤੌਰ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਹ ਇਲਾਕਾ ਕਾਂਸਿਆ ਪੰਚਾਇਤ ਦੇ ਅਧੀਨ ਆਉਂਦਾ ਹੈ। ਕਾਂਸਿਆ ਦੇ ਸਰਪੰਚ ਸੀਤਾਰਾਮ ਕਹਿੰਦੇ ਹਨ ਕਿ ਇਸ ਘਟਨਾ ਨਾਲ ਹਰ ਕੋਈ ਡਰ ਗਿਆ ਹੈ।
ਉਹ ਕਹਿੰਦੇ ਹਨ ਕਿ ਇਸ ਖੇਤਰ ਵਿੱਚ ਲੋਕ ਪੱਥਰ ਜ਼ਰੂਰ ਤੋੜਦੇ ਰਹੇ ਹਨ ਪਰ ਹੁਣ ਲੋਕ ਇਹੀ ਪੁੱਛ ਰਹੇ ਹਨ ਕਿ ਆਖ਼ਰ ਅਜਿਹਾ ਕਿਹੜਾ ਪੱਥਰ ਦਿਲ ਸ਼ਖ਼ਸ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਘਟਨਾ ਵਾਲੀ ਥਾਂ ਤੋਂ ਦੂਰ ਗੰਗਾਰਾਮ ਦੇ ਜੱਦੀ ਪਿੰਡ ਉਮੇਦਨਗਰ ਵਿੱਚ ਚਿਹਰੇ ਉਦਾਸ ਹਨ ਅਤੇ ਮਾਤਮ ਪਸਰਿਆ ਹੋਇਆ ਹੈ। ਉਸ ਛੋਟੇ ਜਿਹੇ ਪਿੰਡ ਵਿੱਚ ਜਦੋਂ ਅੱਥਰੂਆਂ ਨਾਲ ਭਿੱਜੀ ਆਵਾਜ਼ ਵਿੱਚ ਰਹਿ ਕੇ ਜਦੋਂ ਰੋਣਾ ਆਉਂਦਾ ਹੈ, ਮਾਹੌਲ ਹੋਰ ਵੀ ਜ਼ਿਆਦਾ ਉਦਾਸ ਹੋ ਜਾਂਦਾ ਹੈ।

ਗੰਗਾਰਾਮ ਦੇ ਰਿਸ਼ਤੇਦਾਰ ਕੱਚੇ ਘਰ ਵਿੱਚ ਰਹਿੰਦੇ ਹਨ। ਉੱਥੇ ਦਿਨ ਭਰ ਪਿੰਡ ਦੇ ਲੋਕ ਰਿਸ਼ਤੇਦਾਰਾਂ ਨੂੰ ਤਸੱਲੀ ਦਿੰਦੇ ਮਿਲਦੇ ਹਨ।
ਉਂਝ ਤਾਂ ਭੀਲਵਾੜਾ ਜ਼ਿਲ੍ਹੇ ਵਿੱਚ ਜਾਤੀਗਤ ਭੇਦਭਾਵ ਡੂੰਘਾ ਹੈ ਪਰ ਇਸ ਘਟਨਾ ਨੇ ਉਮੇਦਨਗਰ ਵਿੱਚ ਭੇਦ ਨੂੰ ਖ਼ਤਮ ਕਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਿੱਚ ਰਾਜਪੂਤ ਸਮਾਜ ਦੇ ਲੋਕ ਮਦਦ ਲਈ ਪੁੱਜੇ ਅਤੇ ਰਿਸ਼ਤੇਦਾਰਾਂ ਨੂੰ ਹਿੰਮਤ ਦਿੱਤੀ।
ਉਮੇਦਨਗਰ ਦੇ ਭੈਰੋਂ ਸਿੰਘ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਹੜੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਸਨ। ਉਹ ਕਹਿੰਦੇ ਹਨ 'ਜਦੋਂ ਅਸੀਂ ਮੌਕੇ 'ਤੇ ਪਹੁੰਚੇ ਗੰਗਾਰਾਮ ਦਾ ਸਰੀਰ ਅੱਧਾ ਸੜਿਆ ਹੋਇਆ ਸੀ। ਤੇਜ਼ ਲਪਟਾਂ ਉੱਠ ਰਹੀਆਂ ਸਨ। ਪੁਲਿਸ ਨੇ ਲਪਟਾਂ ਬੁਝਾਈਆਂ ਅਤੇ ਜਾਂਚ ਸ਼ੁਰੂ ਕਰ ਕੀਤੀ। ਪੁਲਿਸ ਨੇ ਜਾਂਚ ਦਾ ਭਰੋਸਾ ਦੁਆਇਆ ਹੈ।
ਘਰ ਦੇ ਅੰਦਰੋਂ ਰੋਣ, ਵਿਲਕਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਬਾਹਰ, ਗੰਗਾਰਾਮ ਦੀ ਤਸਵੀਰ ਦੇ ਆਲੇ-ਦੁਆਲੇ ਲੋਕ ਇਕੱਠਾ ਹੋ ਕੇ ਰਿਸ਼ਤੇਦਾਰਾਂ ਨੂੰ ਹੌਸਲਾ ਦਿੰਦੇ ਰਹਿੰਦੇ ਹਨ।
ਉਮੇਦਨਗਰ ਦੇ ਸ਼ੰਕਰ ਸਿੰਘ ਕਹਿੰਦੇ ਹਨ ਕਿ ਗੰਗਾਰਾਮ ਇੱਕ ਸਮਾਜਿਕ ਸ਼ਖ਼ਸ ਸਨ, ਜਿੰਨੀ ਬੇਹਿਰਮੀ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ ਉਸ ਨਾਲ ਲੋਕ ਬੇਹੱਦ ਦੁਖ਼ੀ ਹਨ ਅਤੇ ਜਾਂਚ ਦੀ ਮੰਗ ਕਰ ਰਹੇ ਹਨ। ਉਹ ਕਹਿੰਦੇ ਹਨ ਜ਼ਰੂਰੀ ਹੋਇਆ ਤਾਂ ਪਿੰਡ ਦੇ ਲੋਕ ਅੰਦੋਲਨ ਕਰਨਗੇ।
ਇਸ ਘਟਨਾ ਨੇ ਗੰਗਾਰਾਮ ਦੇ ਵੱਡੇ ਭਰਾ ਨਾਰਾਇਣ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਕਹਿਣ ਲੱਗੇ ਗੰਗਾਰਾਮ ਪਰਿਵਾਰ ਦਾ ਮਜ਼ਬੂਤ ਥੰਮ੍ਹ ਸੀ। ਉਹ ਮੇਰੇ ਲਈ ਭਰਾ ਵੀ ਸੀ ਅਤੇ ਮੁੰਡਾ ਵੀ।
ਇਸ ਹਾਦਸੇ ਨੇ ਉਨ੍ਹਾਂ ਦੀ ਦੁਨੀਆਂ ਹੀ ਉਜਾੜ ਦਿੱਤੀ। ਗੰਗਾਰਾਮ ਦੀ ਭੈਣ ਛਾਂਵ ਜਦੋਂ ਭਰਾ ਨੂੰ ਯਾਦ ਕਰਕੇ ਰੋਣ ਲੱਗੀ ਤਾਂ ਉਸਦੇ ਹੰਝੂ ਹੀ ਨਹੀਂ ਰੁਕ ਰਹੇ ਸਨ।
ਭੀਲਵਾੜਾ ਵਿੱਚ ਦਲਿਤਾਂ ਦੇ ਹੱਕਾਂ ਦੀ ਕਾਰਕੁਨ ਭੰਵਰ ਮੇਘਵੰਸ਼ੀ ਕਹਿੰਦੇ ਹਨ ਕਿ ਭੀਲਵਾੜਾ ਸੂਬਿਆਂ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਹੈ ਜਿੱਥੇ ਦਲਿਤਾਂ 'ਤੇ ਜੁਰਮ ਦੀਆਂ ਘਟਨਾਵਾਂ ਵੱਧ ਹੁੰਦੀਆਂ ਹਨ। ਉਹ ਕਹਿੰਦੇ ਹਨ ਇਸ ਘਟਨਾ ਤੋਂ ਬਾਅਦ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਦਾ ਕੋਈ ਵੀ ਲੀਡਰ ਪੀੜਤ ਪਰਿਵਾਰ ਦੀ ਸਾਰ ਲੈਣ ਨਹੀਂ ਪਹੁੰਚਿਆ।
ਸਿਆਸਤਦਾਨਾਂ ਨੇ ਸਾਧੀ ਚੁੱਪੀ
ਇੱਥੋਂ ਤੱਕ ਕਿ ਬਹੁਜਨ ਸਮਾਜਵਾਦੀ ਪਾਰਟੀ ਨੇ ਚੁੱਪੀ ਨਹੀਂ ਤੋੜੀ ਹੈ। ਭੀਲਵਾੜਾ ਵਿੱਚ ਹਿੰਦੂ ਸੰਗਠਨ ਕਾਫ਼ੀ ਸਰਗਰਮ ਰਹਿੰਦੇ ਹਨ ਪਰ ਇਨ੍ਹਾਂ ਸੰਗਠਨਾਂ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਮੇਘਵੰਸ਼ੀ ਪੁੱਛਦੇ ਹਨ ਕਿ ਆਖ਼ਰ ਅਜਿਹਾ ਕਿਉਂ? ਕਾਂਸਿਆ ਦੇ ਸਰਪੰਚ ਸੀਤਾਰਾਮ ਕਹਿੰਦੇ ਹਨ ਕਿ ਗੰਗਾਰਾਮ ਦਾ ਕਦੇ ਕਿਸੇ ਨਾਲ ਵੈਰ ਨਹੀਂ ਸੀ।
ਇਹ ਵੀ ਪੜ੍ਹੋ:
ਉਹ ਆਪਣੀ ਕਾਫ਼ੀ ਸਮਾਂ ਉਸ ਖੇਤਰ ਵਿੱਚ ਸਥਿਤ ਧਾਰਮਿਕ ਸਥਾਨ 'ਤੇ ਵੀ ਬਤੀਤ ਕਰਦਾ ਸੀ। ਉਸ ਨੂੰ ਅਕਸਰ ਸ਼ਰਧਾਲੂਆਂ ਦੀ ਸੇਵਾ ਕਰਦੇ ਹੀ ਦੇਖਿਆ ਜਾਂਦਾ ਸੀ। ਅਜਿਹੇ ਵਿੱਚ ਇਸ ਘਟਨਾ ਨੇ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ।
ਇਹ ਇਲਾਕਾ ਕੁਦਰਤ ਦੀ ਦੌਲਤ ਨਾਲ ਮਾਲਾਮਾਲ ਹੈ। ਚਾਰੇ ਪਾਸੇ ਪੱਥਰ ਦੀਆਂ ਮਾਇਨਜ਼ ਹਨ ਜਿੱਥੇ ਹਰ ਵੇਲੇ ਪੱਥਰ ਢੋਂਦੇ ਵਾਹਨਾਂ ਅਤੇ ਮਜ਼ਦੂਰਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਇਲਾਕੇ ਦੇ ਲੋਕ ਕਹਿੰਦੇ ਹਨ ਇਹ ਹੈਰਾਨੀ ਵਾਲੀ ਗੱਲ ਹੈ ਕਿ ਘਟਨਾ ਹੋਈ ਤਾਂ ਉਸ 'ਤੇ ਕਿਸੇ ਦਾ ਧਿਆਨ ਨਹੀਂ ਗਿਆ।। ਕਦੇ ਉਸ ਨੇ ਬੇਜਾਨ ਪੱਥਰਾਂ ਵਿਚਾਲੇ ਪਰਵਰਿਸ਼ ਕੀਤੀ ਅਤੇ ਬਾਗ ਲਗਾਇਆ ਪਰ ਇਹ ਘਟਨਾ ਉਸ ਬਾਗਵਾਨ ਦੀ ਜ਼ਿੰਦਗੀ ਉਜਾੜ ਗਈ।












