ਪੁਲਵਾਮਾ ਹਮਲੇ ਮਗਰੋਂ ਕਸਟਮ ਡਿਊਟੀ ਵਧਾਏ ਜਾਣ ਤੋਂ ਬਾਅਦ ਵਾਹਗਾ ਸਰਹੱਦ 'ਤੇ ਕਰੀਬ 200 ਪਾਕਿਸਤਾਨੀ ਟਰੱਕ ਫਸੇ - 5 ਅਹਿਮ ਖ਼ਬਰਾਂ

ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਉਂਦੇ ਸਾਮਾਨ 'ਤੇ ਕਸਟਮ ਡਿਊਟੀ ਵਧਾਏ ਜਾਣ ਤੋਂ ਬਾਅਦ 16 ਫਰਵਰੀ ਤੋਂ ਹੀ ਪਾਕਿਸਤਾਨ ਵੱਲੋਂ ਦਰਾਮਦਗੀ ਰੋਕੀ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ 16 ਫਰਵਰੀ ਤੋਂ ਹੀ ਪਾਕਿਸਤਾਨ ਵੱਲੋਂ ਸਾਮਾਨ ਲੈ ਕੇ ਆਉਣ ਵਾਲੇ ਕਿਸੇ ਵੀ ਟਰੱਕ ਨੂੰ ਭਾਰਤ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਕਿਉਂਕਿ ਉਹ ਵਧਾਈ ਗਈ ਕਸਟਮ ਡਿਊਟੀ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ।

ਅਟਾਰੀ ਲੈਂਡਸ ਪੋਰਟਸ ਅਥਾਰਿਟੀ ਆਫ ਇੰਡੀਆ ਦੇ ਮੈਨੇਜਰ ਸੁਖਦੇਵ ਸਿੰਘ ਮੁਤਾਬਕ ਵਾਹਗਾ ਸਰਹੱਦ 'ਤੇ ਵਧਾਈ ਗਈ ਕਸਟਮ ਡਿਊਟੀ ਨਾ ਭਰਨ ਕਾਰਨ ਪਾਕਿਸਤਾਨ ਤੋਂ ਸਾਮਾਨ ਲੈ ਕੇ ਆਏ ਕਰੀਬ 200 ਟਰੱਕ ਫਸੇ ਹੋਏ ਹਨ।

ਦਰਅਸਲ ਭਾਰਤ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ 'ਚ ਦਰਾਮਦ ਹੁੰਦੇ ਸਾਮਾਨ 'ਤੇ ਭਾਰਤ ਨੇ ਕਸਟਮ ਡਿਊਟੀ ਵਧਾ ਕੇ 200 ਫੀਸਦ ਕਰ ਦਿੱਤੀ ਸੀ ਤੇ ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਕੋਲੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵੀ ਵਾਪਸ ਲੈ ਲਿਆ ਸੀ।

ਇਹ ਵੀ ਪੜੋ-

ਥਕਾਨ ਮਿਟਾਉਣ ਲਈ ਪੀਤੀ ਸਸਤੀ ਸ਼ਰਾਬ ਨੇ ਬੁਝਾਏ ਕਈ ਘਰਾਂ ਦੇ ਚਿਰਾਗ

ਅਸਾਮ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 99 ਮੌਤਾਂ ਹੋ ਗਈਆਂ ਹਨ ਜਦ ਕਿ 200 ਤੋਂ ਵਧੇਰੇ ਲੋਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।

ਪੀੜਤ ਅਸਾਮ ਦੇ ਗੋਲਾਘਾਟ ਅਤੇ ਜੋਰਹਾਟ ਜਿਲ੍ਹਿਆਂ ਦੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਔਰਤਾਂ ਅਤੇ ਮਰਦ ਹਨ। ਸਥਾਨਕ ਰਿਪੋਰਟਾਂ ਮੁਤਾਬਕ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਗੋਲਾਘਾਟ ਦੇ ਐੱਸਪੀ ਪੁਸ਼ਕਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ 58 ਮੌਤਾਂ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੋਈਆਂ ਹਨ ਜਦ ਕਿ ਇੱਕ ਹੋਰ ਸਰੋਤ ਮੁਤਾਬਕ 12 ਹੋਰ ਮੌਤਾਂ ਜੋਰਹਾਟ ਜ਼ਿਲ੍ਹੇ ਵਿੱਚ ਹੋਈਆਂ ਹਨ।

ਇੱਕ ਹਫ਼ਤਾ ਪਹਿਲਾਂ ਵੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਮਿਲਾਵਟੀ ਸ਼ਰਾਬ ਕਾਰਨ ਲਗਭਗ 100 ਜਾਨਾਂ ਚਲੀਆਂ ਗਈਆਂ ਸਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਵੈਨੇਜ਼ੁਏਲਾ ਸੰਕਟ: ਸਹਾਇਤਾ ਪਹੁੰਚਾਉਣ 'ਤੇ ਸਰਹੱਦੀ ਇਲਾਕਿਆਂ 'ਚ ਹਿੰਸਾ

ਵਿਰੋਧੀ ਵਰਕਰਾਂ ਵੱਲੋਂ ਸਰਕਾਰੀ ਨਾਕੇਬੰਦੀ ਵਿਚਾਲੇ ਮਨੁੱਖੀ ਸਹਾਇਤਾ ਪਹੁੰਚਾਉਣ 'ਤੇ ਵੈਨੇਜ਼ੁਏਲਾ ਦੇ ਸਰਹੱਦੀ ਇਲਾਕਿਆਂ 'ਚ ਹਿੰਸਾ ਹੋਈ।

ਕੋਲੰਬੀਆ ਦੀ ਇਮੀਗ੍ਰੇਸ਼ਨ ਏਜੰਸੀ ਮੁਤਾਬਕ ਵੈਨੇਜ਼ੁਏਲਾ ਨੈਸ਼ਨਲ ਗਾਰਡ ਦੇ ਕੁਝ ਜਵਾਨਾਂ ਨੇ ਆਪਣੀਆਂ ਚੌਂਕੀਆਂ ਨੂੰ ਛੱਡ ਦਿੱਤਾ ਹੈ।

ਉੱਥੇ ਹੀ ਦੂਜੇ ਪਾਸੇ ਕੋਲੰਬੀਆ 'ਚ ਕੰਮ ਦੀ ਭਾਲ ਲਈ ਸਰਹੱਦ ਪਾਰ ਕਰ ਰਹੇ ਲੋਕਾਂ 'ਤੇ ਵੈਨੇਜ਼ੁਏਲਾ ਦੇ ਜਵਾਨਾਂ ਨੇ ਹੰਝੂ ਗੈਸ ਦੇ ਗੋਲੇ ਦਾਗ਼ੇ।

ਇਹ ਤਾਜ਼ਾ ਵਿਵਾਦ ਵੈਨੇਜ਼ੁਏਲਾ 'ਚ ਮਨੁੱਖੀ ਸਹਾਇਤਾ ਪਹੁੰਚਾਉਣ ਨੂੰ ਲੈ ਕੇ ਸ਼ੁਰੂ ਹੋਇਆ ਹੈ।

ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਹੈ ਕਿ ਸਹਾਇਤਾ ਪਹੁੰਚਣ ਤੋਂ ਰੋਕਣ ਲਈ ਕੋਲੰਬੀਆ ਨਾਲ ਲੱਗਦੀ ਸਰਹੱਦ ਨੂੰ ਆਂਸ਼ਿਕ ਤੌਰ 'ਤੇ ਬੰਦ ਕੀਤਾ ਗਿਆ ਹੈ।

ਉਨ੍ਹਾਂ ਦੀ ਸਰਕਾਰ ਨੇ ਕੋਲੰਬੀਆ ਨਾਲ ਕੂਟਨੀਤਕ ਰਿਸ਼ਤੇ ਤੋੜ ਦਿੱਤੇ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜੋ-

ਕਿਮ-ਟਰੰਪ ਸੰਮੇਲਨ : ਕਿਮ ਜੋਂਗ ਉਨ ਰੇਲਗੱਡੀ ਰਾਹੀਂ ਵਿਅਤਨਾਮ ਲਈ ਰਵਾਨਾ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮਿਲਣ ਲਈ ਰਾਜਧਾਨੀ ਪਿਓਂਗਯਾਂਗ ਤੋਂ ਰੇਲਗੱਡੀ ਰਾਹੀਂ ਵਿਅਤਨਾਮ ਲਈ ਰਵਾਨਾ ਹੋ ਗਏ ਹਨ।

ਹਨੋਈ ਵਿੱਚ 27 ਅਤੇ 28 ਫਰਵਰੀ ਨੂੰ ਹੋਣ ਵਾਲੀ ਕਿਮ ਜੋਂਗ ਉਨ ਅਤੇ ਟਰੰਪ ਮਿਲਣੀ ਵਿਚਾਲੇ ਉੱਤਰੀ ਕੋਰੀਆ 'ਚ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਅਤੇ ਉੱਤਰੀਆਂ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਸਬੰਧੀ ਵਿਚਾਰ-ਚਰਚਾ ਹੋਵੇਗੀ।

ਇਸ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਾਲੇ ਪਹਿਲੀ ਇਤਿਹਾਸਕ ਮਿਲਣੀ ਪਿਛਲੇ ਸਾਲ ਸਿੰਗਾਪੁਰ ਵਿੱਚ ਹੋਈ ਸੀ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਸਾਊਦੀ ਅਰਬ ਵੱਲੋਂ ਸੰਯੁਕਤ ਰਾਸ਼ਟਰ ਲਈ ਪਹਿਲੀ ਮਹਿਲਾ ਰਾਜਦੂਤ

ਸਾਊਦੀ ਅਰਬ ਨੇ ਅਮਰੀਕਾ ਵਿੱਚ ਆਪਣੀ ਪਹਿਲੀ ਮਹਿਲਾ ਰਾਜਦੂਤ ਨਿਯੁਕਤ ਕੀਤੀ ਹੈ।

ਸਾਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਤੋਂ ਬਾਅਦ ਦੋਵਾਂ ਦੇਸਾਂ ਵਿਚਾਲੇ ਪੈਦਾ ਹੋਏ ਤਣਾਅ ਦੌਰਾਨ ਸੰਵੇਦਨਸ਼ੀਲ ਹਾਲਾਤ ਵਿੱਚ ਰਾਜਕੁਮਾਰੀ ਰੀਮਾ ਬਿੰਤ ਬੈਂਡਾ ਨੇ ਇਹ ਅਹੁਦਾ ਸੰਭਾਲਿਆ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)