ਯੂਪੀ ਅਤੇ ਉਤਰਾਖੰਡ 'ਚ ਜ਼ਹਿਰੀਲੀ ਸ਼ਰਾਬ ਨੇ ਲਈ 60 ਤੋਂ ਵਧੇਰੇ ਲੋਕਾਂ ਦੀ ਜਾਨ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਲਖਨਊ ਤੋਂ ਬੀਬੀਸੀ ਲਈ

ਉੱਤਰ ਪ੍ਰਦੇਸ਼ ਦੇ ਦੋ ਜ਼ਿਲ੍ਹਿਆ ਅਤੇ ਉਤਰਖੰਡ ਦੇ ਰੁੜਕੀ 'ਚ ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਕਹਿਰ ਬਣ ਕੇ ਹਸਪਤਾਲਾਂ ਵਿੱਚ ਟੁੱਟੀ ਹੈ, ਜਿੱਥੇ ਹੁਣ ਤੱਕ ਦਰਜਨਾਂ ਲੋਕ ਮੌਤ ਦੇ ਮੂੰਹ 'ਚ ਚਲੇ ਗਏ ਹਨ ਅਤੇ ਵਧੇਰੇ ਵੱਖ-ਵੱਖ ਹਸਪਤਾਲਾਂ 'ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਹਨ।

ਸਹਾਰਨਪੁਰ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ 46 ਤੱਕ ਪਹੁੰਚ ਗਿਆ ਹੈ। ਸਹਾਰਨਪੁਰ ਦੇ ਜ਼ਿਲ੍ਹਾ ਅਧਿਕਾਰੀ ਆਲੋਕ ਪਾਂਡੇ ਅਤੇ ਪੁਲਿਸ ਕਮਿਸ਼ਨਰ ਦਿਨੇਸ਼ ਕੁਮਾਰ ਪੀਐਨ ਨੇ ਸਾਂਝੀ ਪ੍ਰੈਸ ਕਾਨਫਰੰਸ 'ਚ ਇਸ ਦੀ ਜਾਣਕਾਰੀ ਦਿੱਤੀ।

ਸੂਤਰਾਂ ਮੁਤਾਬਕ ਇਹ ਅੰਕੜਾ ਇਸ ਤੋਂ ਕਿਤੇ ਵੱਧ ਹੈ। ਉਥੇ ਉਤਰਾਖੰਡ ਦੇ ਰੁੜਕੀ 'ਚ ਵੀ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ, ਹਾਲਾਂਕਿ ਇਨ੍ਹਾਂ ਸੂਤਰਾਂ ਦੀ ਪੁਸ਼ਟੀ ਨਹੀਂ ਹੈ।

ਇਹ ਵੀ ਪੜ੍ਹੋ-

ਸਹਾਰਨਪੁਰ ਜ਼ਿਲ੍ਹੇ ਦੇ ਨਾਗਲ, ਗਾਗਲਹੇੜੀ ਅਤੇ ਦੇਵਬੰਦ ਥਾਣਾ ਖੇਤਰ ਵਿੱਚ ਕਈਆਂ ਪਿੰਡਾਂ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵਧੇਰੇ ਲੋਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ।

ਗੰਭੀਰ ਹਾਲਤ ਵਾਲੇ ਕੁਝ ਲੋਕਾਂ ਨੂੰ ਮੇਰਠ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।

ਸੂਬੇ ਦੇ ਡੀਜੀਪੀ ਓਪੀ ਸਿੰਘ ਦਾ ਕਹਿਣਾ ਹੈ ਕਿ ਸਹਾਰਨਪੁਰ 'ਚ ਜ਼ਹਿਰੀਲੀ ਸ਼ਰਾਬ ਗੁਆਂਢੀ ਸੂਬੇ ਉਤਰਾਖੰਡ ਤੋਂ ਲਿਆਂਦੀ ਗਈ ਸੀ। ਉਤਰਾਖੰਡ ਦੇ ਰੁੜਕੀ 'ਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਇਸ ਤੋਂ ਪਹਿਲਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੀ ਕੁਸ਼ੀਨਗਰ 'ਚ ਵੀ ਜ਼ਹਿਰੀਲੀ ਸ਼ਰਾਬ ਨੇ 10 ਤੋਂ ਵਧੇਰੇ ਲੋਕਾਂ ਦੀ ਜਾਣ ਲੈ ਲਈ ਸੀ। ਦੋਵਾਂ ਘਟਨਾਵਾਂ ਨਾਲ ਹੈਰਾਨ ਹੋਈ ਸਰਕਾਰ ਨੇ ਕਾਰਵਾਈ ਕਰਦਿਆਂ ਹੋਇਆ ਪਹਿਲਾਂ ਕੁਝ ਕਰਮੀਆਂ ਨੂੰ ਮੁਅੱਤਲ ਕੀਤਾ ਅਤੇ ਫਿਰ ਸ਼ੁੱਕਰਵਾਰ ਦੇਰ ਰਾਤ ਲਖਨਊ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਨੇ ਸਾਰੇ ਜ਼ਿਲ੍ਹਿਆ ਦੇ ਡੀਐਮ ਅਤੇ ਐਸਐਸਪੀ ਦੇ ਨਾਲ ਵੀਡੀਓ ਕਾਫਰੰਸ ਕਰਕੇ ਗ਼ੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।

ਸਹਾਰਨਪੁਰ ਵਿੱਚ ਨਾਗਲ ਥਾਣਾ ਇੰਚਾਰਜ ਸਣੇ 10 ਪੁਲਿਸ ਕਰਮੀਆਂ ਅਤੇ ਆਬਕਾਰੀ ਵਿਭਾਗ ਦੇ ਤਿੰਨ ਇੰਸਪੈਕਟਰ ਅਤੇ ਦੋ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਕੁਸ਼ੀਨਗਰ 'ਚ ਵੀ ਜ਼ਿਲ੍ਹਾ ਆਬਕਾਰੀ ਅਧਿਕਾਰੀ ਸਣੇ ਆਬਕਾਰੀ ਵਿਭਾਗ ਦੇ 10 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ।

ਹਰੀਦੁਆਰ ਨਾਲ ਸਬੰਧ

ਦੱਸਿਆ ਜਾ ਰਿਹਾ ਹੈ ਕਿ ਸਹਾਰਨਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਮੌਤ ਦਾ ਸਿਲਸਿਲਾ ਸ਼ੁੱਕਰਵਾਰ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਸੀ।

ਨਾਗਲ ਥਾਣਾ ਖੇਤਰ ਵਿੱਚ ਗਰਾਮ ਉਮਾਹੀ, ਸਲੇਮਪੁਰ ਅਤੇ ਗਾਗਲਹੇੜੀ ਥਾਣਾ ਖੇਤਰ ਦੇ ਪਿੰਡ ਸ਼ਰਬਤਪੁਰ ਅਤੇ ਮਾਲੀ ਪਿੰਡ 'ਚ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਦੀ ਹਾਲਤ ਵਿਗੜਨ ਲੱਗੀ।

ਸ਼ੁਰੂਆਤ ਵਿੱਚ 10 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋ ਲੋਕਾਂ ਦੀ ਮੌਤ ਹੋ ਗਈ। ਉਸ ਦੇ ਬਾਅਦ ਇਹ ਅੰਕੜਾ ਵਧਦਾ ਹੀ ਗਿਆ।

ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਸਹਾਰਨਪੁਰ ਦੇ ਕਮਿਸ਼ਨਰ ਸੀਪੀ ਤ੍ਰਿਪਾਠੀ ਸਣੇ ਸਾਰੇ ਵੱਡੇ ਅਧਿਕਾਰੀ ਪ੍ਰਭਾਵਿਤ ਪਿੰਡ ਅਤੇ ਹਸਪਤਾਲਾਂ ਵਿੱਚ ਪੁਹੰਚੇ।

ਸਹਾਰਨਪੁਰ ਦੇ ਐਸਐਸਪੀ ਦਿਨੇਸ਼ ਕੁਮਾਰ ਪੀਨੇ ਬੀਬੀਸੀ ਨੂੰ ਦੱਸਿਆ, "ਸ਼ਰਾਬ ਪੀ ਕੇ ਬਿਮਾਰ ਹੋਣ ਵਾਲੇ ਅਤੇ ਮਰਨ ਵਾਲੇ ਲੋਕ ਉਤਰਾਖੰਡ ਦੇ ਹਰੀਦੁਆਰ ਜ਼ਿਲ੍ਹੇ 'ਚ ਇੱਕ ਤੇਰ੍ਹਵੀ 'ਚ ਗਏ ਅਤੇ ਉੱਥੋਂ ਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਹਾਲਤ ਖਰਾਬ ਹੋਈ। ਮੌਸਮ ਖ਼ਰਾਬ ਹੋਣ ਕਾਰਨ ਬਿਮਾਰ ਹੋਣ ਦੇ ਬਾਵਜੂਦ ਇਹ ਲੋਕ ਪਿੰਡੋਂ ਬਾਹਰ ਨਹੀਂ ਜਾ ਸਕੇ, ਜਿਸ ਕਾਰਨ ਕੁਝ ਲੋਕਾਂ ਦੀ ਮੌਤ ਹੋਈ। ਜਿਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ, ਉਨ੍ਹਾਂ ਵਿਚੋਂ ਕਈ ਲੋਕ ਬਚ ਗਏ ਹਨ ਜਿਨ੍ਹਾਂ ਦਾ ਇਲਾਜ ਹੋ ਰਿਹਾ ਹੈ।"

ਸਹਾਰਨਪੁਰ ਦੇ ਦੇਵਬੰਦ ਖੇਤਰ 'ਚ 10 ਸਾਲ ਪਹਿਲਾਂ ਯਾਨਿ ਸਾਲ 2009 'ਚ ਵੀ ਠੀਕ ਹੀ ਇੱਕ ਅਜਿਹੀ ਹੋਈ ਸੀ ਜਦੋਂ ਜ਼ਹਿਰੀਲੀ ਸ਼ਰਾਬ ਨੇ 49 ਲੋਕਾਂ ਦੀ ਜਾਣ ਲੈ ਲਈ ਸੀ।

ਪਿਛਲੇ ਦੋ ਸਾਲ 'ਚ ਸ਼ਰਾਬ ਹੋਣ ਵਾਲੀਆਂ ਮੌਤਾਂ ਦੀ ਇਹ 5ਵੀਂ ਵੱਡੀ ਘਟਨਾ ਹੈ।

ਗ਼ੈਰ ਕਾਨੂੰਨੀ ਸ਼ਰਾਬ

ਪਿਛਲੇ ਸਾਲ ਮਈ ਵਿੱਚ ਕਾਨਪੁਰ ਦੇ ਸਚੈਂੜੀ ਅਤੇ ਕਾਨਪੁਰ ਦੇਹਾਂਤ ਵਿੱਚ ਜ਼ਹਰਿਲੀ ਸ਼ਰਾਬ ਪੀਣ ਨਾਲ ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦ ਕਿ ਜਨਵਰੀ 'ਚ ਬਾਰਾਬੰਕੀ 'ਚ ਕਰੀਬ ਇੱਕ ਦਰਜਨ ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਏ ਸਨ। ਜੁਲਾਈ 2017 'ਚ ਆਜਮਗੜ੍ਹ 'ਚ ਗ਼ੈਰ ਕਾਨੂੰਨੀ ਸ਼ਰਾਬ ਪੀਣ ਨਾਲ 25 ਲੋਕਾਂ ਨਾਲ ਮੌਤ ਹੋ ਗਈ ਸੀ।

ਜਾਣਕਾਰਾਂ ਮੁਤਾਬਕ ਜ਼ਹਿਰੀਲੀ ਸ਼ਰਾਬ ਦਾ ਪੂਰੇ ਉੱਤਰ ਪ੍ਰਦੇਸ਼ 'ਚ ਇੱਕ ਵੱਡਾ ਨੈਟਵਰਕ ਕੰਮ ਕਰਦਾ ਹੈ ਜੋ ਪੁਲਿਸ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਆਪਣਾ ਕਾਰੋਬਾਰ ਸੰਚਾਲਿਤ ਕਰਦਾ ਹੈ।

ਸਹਾਰਨਪੁਰ ਦੇ ਸੀਨੀਅਰ ਪੱਤਰਕਾਰ ਰਿਆਜ਼ ਹਾਸ਼ਮੀ ਦੱਸਦੇ ਹਨ, "ਸ਼ਰਾਬ ਬਣਾਉਣ ਵਾਲਿਆਂ ਦਾ ਨੈਟਵਰਕ ਪੂਰਬੀ ਉੱਤਰੀ ਪ੍ਰਦੇਸ਼ ਤੋਂ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ ਅਤੇ ਇਸ ਦੇ ਤਾਰ ਉਤਰਖੰਡ ਨਾਲ ਵੀ ਜੁੜੇ ਹਨ। ਜ਼ਹਿਰੀਲੀ ਸ਼ਰਾਬ ਜਿਸ ਥਾਂ 'ਤੇ ਬਣਾਈ ਜਾਂਦੀ ਹੈ, ਉਸ ਦੀ ਬਦਬੂ ਨਾਲ ਹੀ ਪਤਾ ਲੱਗ ਜਾਂਦਾ ਹੈ, ਅਜਿਹੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨੂੰ ਖ਼ਬਰ ਨਾ ਹੋ, ਇਹ ਸੰਭਵ ਨਹੀਂ। ਸਰਕਾਰ ਨੇ ਜਿਸ ਤਰ੍ਹਾਂ ਕਾਰਵਾਈ ਕੀਤੀ ਹੈ, ਉਸ ਨਾਲ ਵੀ ਪਤਾ ਲਗਦਾ ਹੈ ਕਿ ਆਬਕਾਰੀ ਵਿਭਾਗ ਦੇ ਲੋਕਾਂ ਦੇ ਇਲਾਵਾ ਇਸ ਗ਼ੈਰ-ਕਾਨੂੰਨੀ ਕਾਰੋਬਾਰ ਦੇ ਵਧਣ-ਫੁੱਲਣ 'ਚ ਪੁਲਿਸ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)