ਜੇਲ੍ਹ ਵਿੱਚ ਮੇਰੇ ਨਾਲ ਜਿਣਸੀ ਦੁਰਵਿਵਹਾਰ ਹੋਇਆ - 'ਆਪ' ਆਗੂ ਸੋਨੀ ਸੋਰੀ

ਛੱਤੀਸਗੜ੍ਹ ਦੇ ਬਸਤਰ ਦੀ ਸਮਾਜਿਕ ਕਾਰਕੁੰਨ ਅਤੇ ਆਮ ਆਦਮੀ ਪਾਰਟੀ ਦੀ ਆਗੂ ਸੋਨੀ ਸੋਰੀ ਇੱਕ ਛੋਟੇ ਜਿਹੇ ਸਕੂਲ ਵਿੱਚ ਅਧਿਆਪਕਾ ਸਨ ਜਦੋਂ 2015 ਦੀ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਬੀਬੀਸੀ ਹਿੰਦੀ ਦੇ ਖ਼ਾਸ ਪ੍ਰੋਗਰਾਮ 'ਲੀਡਰ ਵੀ, ਨਿਡਰ ਵੀ' ਦੌਰਾਨ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਸੋਨੀ ਨੇ ਦੱਸਿਆ, "ਸ਼ਾਇਦ ਜੋ ਮੈਂ ਅੱਜ ਹਾਂ ਉਹ ਕਦੇ ਵੀ ਨਾ ਬਣਦੀ ਅਤੇ ਨਾ ਹੀ ਕਦੇ ਇਸ ਤਰ੍ਹਾਂ ਦੀ ਆਵਾਜ਼ ਬੁਲੰਦ ਕਰ ਪਾਉਂਦੀ ਪਰ ਜੋ ਮੇਰੇ ਨਾਲ ਜੇਲ੍ਹ ਜਾਣ ਤੋਂ ਪਹਿਲਾਂ ਤੇ ਉਸ ਦੇ ਦੌਰਾਨ ਹੋਇਆ, ਉਸ ਨੇ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।"

ਉਨ੍ਹਾਂ ਦੱਸਿਆ, "ਜੇਲ੍ਹ ਵਿੱਚ ਮੇਰੇ ਨਾਲ ਜਿਣਸੀ ਦੁਰਵਿਹਾਰ ਹੋਇਆ, ਬਿਜਲੀ ਦੇ ਝਟਕੇ ਲਾਏ ਗਏ, ਮੇਰੇ ਗੁਪਤ ਅੰਗਾਂ ਵਿੱਚ ਪੱਥਰ ਪਾਏ ਗਏ। ਲੱਤਾਂ ਮਾਰੀਆਂ ਗਈਆਂ....ਅਤੇ ਇਹ ਸਭ ਕਰਨ ਵਾਲੇ ਪੁਰਸ਼ ਸਨ।"

ਸੋਨੀ ਦਸਦੇ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਲੱਗਿਆ ਕਿ ਸ਼ਾਇਦ ਉਹ ਦੋਬਾਰਾ ਖੜ੍ਹੇ ਨਾ ਹੋ ਸਕਣ। ਇਸ ਦੇ ਉਨ੍ਹਾਂ ਨੇ ਦੋ ਕਾਰਨ ਦੱਸੇ, "ਔਰਤਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਇੱਜਤ ਹੀ ਉਨ੍ਹਾਂ ਦਾ ਸਾਰਾ ਕੁਝ ਹੈ। ਮੈਂ ਵੀ ਇਹੀ ਸੋਚਦੀ ਸੀ ਤੇ ਜਦੋਂ ਮੇਰੇ ਨਾਲ ਇਹ ਸਭ ਕੁਝ ਹੋਇਆ ਤਾਂ ਮੈਨੂੰ ਲੱਗਿਆ ਕਿ ਮੈਂ ਕਿਸੇ ਕਾਬਲ ਨਹੀਂ ਰਹੀ।"

ਇਹ ਵੀ ਪੜ੍ਹੋ:

ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਸੋਨੀ ਨੇ ਦੱਸਿਆ ਕਿ ਇੱਕ ਦਿਨ ਤਾਂ ਇਨਾਂ ਕੁਝ ਹੋਇਆ ਕਿ ਉਹ ਬੇਹੋਸ਼ ਹੋ ਗਈ ਸੀ।

"ਅਗਲੇ ਦਿਨ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੇ ਅੰਗ ਸੁੱਜੇ ਹੋਏ ਸਨ ਤੇ ਮੈਨੂੰ ਆਪਣੇ-ਆਪ ਤੋਂ ਨਫ਼ਰਤ ਹੋਣ ਲੱਗੀ।"

"ਜਦੋਂ ਮੈਨੂੰ ਜੇਲ੍ਹ ਵਿੱਚ ਸੁਟਿਆ ਗਿਆ ਤਾਂ ਉੱਥੇ ਵੀ ਮੈਨੂੰ ਛੱਡਿਆ ਨਹੀਂ ਗਿਆ, ਮੈਨੂੰ ਨੰਗਾ ਰੱਖਦੇ ਤਾਂ ਕਿ ਮੈਨੂੰ ਤੋੜ ਸਕਣ।"

ਸੋਨੀ ਨੇ ਅੱਗੇ ਦੱਸਿਆ, "ਜੇਲ੍ਹ ਵਿੱਚ ਮੇਰੇ ਨਾਲ ਦੋ ਔਰਤਾਂ ਕੈਦੀ ਸਨ, ਉਨ੍ਹਾਂ ਦੇ ਨਿੱਪਲ ਪੁਰਸ਼ਾਂ ਨੇ ਕੱਟ ਦਿੱਤੇ ਸਨ ਪਰ ਉਨ੍ਹਾਂ ਨੇ ਖੜ੍ਹੇ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਔਰਤਾਂ ਦੇ ਹੌਂਸਲੇ ਨੇ ਮੈਨੂੰ ਸਾਡੇ ਸਾਰਿਆਂ ਲਈ ਬੋਲਣ ਦੀ ਤਾਕਤ ਦਿੱਤੀ।"

ਪਤੀ ਦੇ ਰਵੀਏ ਬਾਰੇ ਉਨ੍ਹਾਂ ਦੱਸਿਆ, "ਜਦੋਂ ਮੇਰੇ ਪਤੀ ਨੂੰ ਪਤਾ ਚੱਲਿਆ ਕਿ ਮੇਰੇ ਨਾਲ ਜਿਣਸੀ ਸ਼ੋਸ਼ਣ ਹੋਇਆ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੇਰੇ ਤੇ ਸ਼ਰਮ ਆਉਂਦੀ ਹੈ। ਮੈਂ ਉਨ੍ਹਾਂ ਨੂੰ ਕਿਹਾ, ਠੀਕ ਹੈ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਬਰੀ ਕਰਦੀ ਹਾਂ ਪਰ ਇਨਸਾਫ਼ ਲਈ ਮੈਂ ਆਪਣੀ ਲੜਾਈ ਬੰਦ ਨਹੀਂ ਕਰਾਂਗੀ।"

ਸਿਸਟਮ ਦੇ ਖਿਲਾਫ਼ ਪਹਿਲੀ ਜਿੱਤ ਬਾਰੇ ਉਨ੍ਹਾਂ ਦੱਸਿਆ, "ਜਿਸ ਛੱਤੀਸਗੜ੍ਹ ਸਰਕਾਰ ਨੇ ਮੈਨੂੰ ਮਾਓਵਾਦੀ ਦੱਸ ਕੇ ਢਾਈ ਸਾਲ ਕੈਦ ਰੱਖਿਆ ਉਸੇ ਛੱਤੀਸਗੜ੍ਹ ਸਰਕਾਰ ਦੇ ਅੰਦਰ ਮੈਂ ਚੋਣਾਂ ਲੜੀਆਂ, ਇਹ ਮੇਰੀ ਪਹਿਲੀ ਪਿਛਲੀ ਜਿੱਤ ਸੀ।"

ਇਹ ਵੀ ਪੜ੍ਹੋ:

ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੇ ਤਿੰਨ ਤਲਾਕ ਬਾਰੇ ਕੀ ਕਿਹਾ?

ਕਾਂਗਰਸ ਦੀ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਕਾਂਗਰਸ ਤਿੰਨ ਤਲਾਕ ਦੇ ਕਨੂੰਨ ਦੇ ਬਿਲਕੁਲ ਖਿਲਾਫ਼ ਨਹੀਂ ਹੈ ਪਰ ਉਨ੍ਹਾਂ ਨੇ ਕੁਝ ਇਤਰਾਜ਼ਾਂ ਦੀ ਗੱਲ ਜ਼ਰੂਰ ਮੰਨੀ ਹੈ।

ਭਾਰਤੀ ਸਿਆਸਤ ਵਿੱਚ ਔਰਤਾਂ ਦੀ ਹਿੱਸੇਦਾਰੀ ਉੱਤੇ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ਵਿੱਚ ਕੀਤੇ ਗਏ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਕੁਮਾਰੀ ਸ਼ੈਲਜਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤਿੰਨ ਤਲਾਕ ਦੇ ਮੁੱਦੇ ਤੇ ਕਾਂਗਰਸ ਖੁਲ੍ਹ ਕੇ ਸਾਹਮਣੇ ਕਿਉਂ ਨਹੀਂ ਆਉਂਦੀ।

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਕੋਈ ਵੀ ਕਾਨੂੰਨ ਜਦੋਂ ਅਸੀਂ ਬਣਾਵਾਂਗੇ ਤਾਂ ਉਸ ਨੂੰ ਬਣਾਉਣਾ ਅਤੇ ਲਾਗੂ ਕਰਨਾ ਵੱਖ-ਵੱਖ ਗੱਲਾਂ ਹਨ ਅਤੇ ਸਮਾਜ ਵਿੱਚ ਉਸਨੂੰ ਕਬੂਲ ਕਰਨਾ ਉਸ ਦਾ ਦੂਜਾ ਪਹਿਲੂ ਹੈ।"

ਉਨ੍ਹਾਂ ਨੇ ਇਹ ਵੀ ਕਿਹਾ, "ਤਿੰਨ ਤਲਾਕ 'ਤੇ ਕਾਫ਼ੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਤਿੰਨ ਤਲਾਕ ਦੇ ਖਿਲਾਫ਼ ਕਾਂਗਰਸ ਨਹੀਂ ਹੈ। ਬਿਲਕੁਲ ਨਹੀਂ ਹੈ ਪਰ ਇਸ ਵਿੱਚ ਕੁਝ ਪੇਂਚ ਹਨ ਕਿ ਜੇ ਤੁਸੀਂ ਇੱਕ ਮਰਦ ਨੂੰ ਸਿੱਧਾ ਜੇਲ੍ਹ ਵਿੱਚ ਭੇਜ ਦੇਵੋਗੇ, ਅਪਰਾਧਕ ਮੁਕੱਦਮਾ ਚਲਾਓਗੇ ਤਾਂ ਪੀੜਤ ਪਰਿਵਾਰ ਦਾ ਪਾਲਣ ਕਿਵੇਂ ਹੋਵੇਗਾ। ਅਸੀਂ ਇਸ ਨੂੰ ਅਪਰਾਧਕ ਦਾਇਰੇ ਵਿੱਚ ਲਿਆਉਣ ਦੇ ਖਿਲਾਫ਼ ਹਾਂ।"

ਇਹ ਪੁੱਛਣ 'ਤੇ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਇਸ ਕਾਨੂੰਨ 'ਤੇ ਯੂ-ਟਰਨ ਲੈਣਗੇ। ਇਸ 'ਤੇ ਕੁਮਾਰੀ ਸੈਲਜਾ ਨੇ ਕਿਹਾ, "ਰਾਹੁਲ ਜੀ ਨੇ ਅਜਿਹਾ ਬਿਲਕੁਲ ਨਹੀਂ ਕਿਹਾ ਹੈ। ਕਾਂਗਰਸ ਦੀ ਰਾਇ ਬਿਲਕੁਲ ਸਪੱਸ਼ਟ ਹੈ, ਕਾਂਗਰਸ ਇਸ ਕਾਨੂੰਨ ਦੇ ਖਿਲਫ਼ ਨਹੀਂ, ਕ੍ਰਿਮਿਨਲਟੀ ਦੇ ਖਿਲਾਫ਼ ਹੈ।"

ਇਹ ਵੀ ਪੜ੍ਹੋ:-

ਦਰਅਸਲ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਘੱਟ-ਗਿਣਤੀਆਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਦੇ ਭਾਸ਼ਣ ਮਗਰੋਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਬਣੀ ਤਾਂ ਤਿੰਨ ਤਲਾਕ ਕਾਨੂੰਨ ਖਤਮ ਹੋ ਜਾਵੇਗਾ।

ਹਾਲਾਂਕਿ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਤਿੰਨ ਤਲਾਕ ਤੇ ਕੁਝ ਵੀ ਨਹੀਂ ਕਿਹਾ ਸੀ ਪਰ ਉਨ੍ਹਾਂ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਸ਼ਮਿਤਾ ਸਿੰਘ ਦੇਵ ਨੇ ਇਹ ਜ਼ਰੂਰ ਕਿਹਾ ਸੀ ਕਿ ਤਿੰਨ ਤਲਾਕ ਕਾਨੂੰਨ ਮੋਦੀ ਸਰਕਾਰ ਦੀ ਚਾਲ ਹੈ ਅਤੇ ਮੁਸਲਮਾਨ ਮਰਦਾਂ ਨੂੰ ਜੇਲ੍ਹ ਵਿੱਚ ਸੁੱਟਣ ਲਈ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)