ਲਾਟਰੀ ਬੰਪਰ ਰਾਹੀਂ ਰਾਤੋ-ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਪੈਸਾ ਇੰਝ ਸਾਂਭਿਆ

ਤਸਵੀਰ ਸਰੋਤ, Sukhcharan Preet/bbc
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ, ਸੰਗਰੂਰ ਤੋਂ
ਸੰਗਰੂਰ ਜ਼ਿਲ੍ਹੇ ਦਾ ਪਿੰਡ ਮੰਡਵੀ, ਘੱਗਰ ਦੇ ਕੰਡੇ ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਰਹਿਣ ਵਾਲੇ ਮਨੋਜ ਕੁਮਾਰ ਦਾ ਸਾਲ 2018 ਵਿੱਚ ਡੇਢ ਕਰੋੜ ਦਾ '2018 ਰੱਖੜੀ ਬੰਪਰ' ਨਿਕਲਿਆ ਸੀ। ਇਸ ਪਿੰਡ ਵਿੱਚ ਜੇ ਪਾਤੜਾਂ ਪਾਸਿਓਂ ਜਾਣਾ ਹੋਵੇ ਤਾਂ ਘੱਗਰ ਦਾ ਪੁਲ ਪਾਰ ਕਰ ਕੇ ਜਾਣਾ ਪੈਂਦਾ ਹੈ।
ਪਿੰਡ ਵੜਦਿਆਂ ਹੀ ਇੱਕ ਔਰਤ ਨੂੰ ਅਸੀਂ ਮਨੋਜ ਕੁਮਾਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਓਪਰੇ ਲੋਕ ਕਿਹੜੇ ਮਨੋਜ ਦੇ ਘਰ ਜਾਣਾ ਚਾਹੁੰਦੇ ਹਨ — ਉਹੀ ਲਾਟਰੀ ਜੇਤੂ!
ਮਨੋਜ ਕੁਮਾਰ ਪਾਣੀ ਵਾਲੀ ਮੋਟਰ ਲਈ ਬੋਰਿੰਗ ਕਰਵਾ ਰਿਹਾ ਸੀ, ਇਸ ਲਈ ਘਰ ਦੇ ਬਾਹਰ ਹੀ ਮਨੋਜ ਨਾਲ ਮੁਲਾਕਾਤ ਹੋ ਗਈ।
ਇਹ ਵੀ ਪੜ੍ਹੋ

ਤਸਵੀਰ ਸਰੋਤ, Sukhcharan preet/bbc
ਪਿੰਡ ਦੇ ਕਥਿਤ 'ਨਿਚਲੇ' ਵਰਗ ਦੀ ਆਬਾਦੀ ਵਾਲੇ ਇਲਾਕੇ 'ਚ ਮਨੋਜ ਦਾ ਘਰ ਹੈ। ਤਿੰਨ ਕੁ ਬਿਸਵੇ ਦੇ ਘਰ ਵਿੱਚ ਤਿੰਨ ਕਮਰੇ, ਇੱਕ ਨਵੀਂ ਬਣੀ ਰਸੋਈ, ਇੱਕ ਖਸਤਾ-ਹਾਲ ਕਮਰਾ ਅਤੇ ਇੱਕ ਪਸ਼ੂਆਂ ਦਾ ਵਿਹੜਾ ਵੀ ਹੈ ਜਿਸ ਵਿੱਚ ਤੂੜੀ ਵੀ ਸਾਂਭੀ ਹੋਈ ਹੈ।
ਤਿੰਨ ਧੀਆਂ ਤੇ ਇੱਕ ਪੁੱਤਰ ਦੇ ਪਿਤਾ ਮਨੋਜ ਮੁਤਾਬਕ ਲਾਟਰੀ ਨਿਕਲਣ ਤੋਂ ਪਹਿਲਾਂ ਉਹ ਦਿਹਾੜੀ ਕਰਦੇ ਸਨ ਅਤੇ ਘਰ ਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚਲਾਉਣ ਲਈ ਉਨ੍ਹਾਂ ਨੇ ਪਸ਼ੂ ਵੀ ਰੱਖੇ ਹੋਏ ਸਨ।
ਲਾਟਰੀ ਦੇ ਪੈਸੇ ਨੇ ਮਨੋਜ ਕੁਮਾਰ ਨੂੰ ਮਜ਼ਦੂਰ ਤੋਂ ਕਿਸਾਨ ਬਣਾ ਦਿੱਤਾ ਹੈ।

ਤਸਵੀਰ ਸਰੋਤ, Sukcharan preet/bbc
'ਕਰੋੜਪਤੀ' ਬਣਨ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਪੁੱਛੇ ਜਾਣ ਤੇ ਮਨੋਜ ਕੁਮਾਰ ਦੱਸਦੇ ਹਨ, "ਟੈਕਸ ਕੱਟ ਕੇ ਇੱਕ ਕਰੋੜ ਪੰਜ ਲੱਖ ਰੁਪਏ ਮਿਲੇ। ਢਾਈ ਕਿੱਲੇ ਜ਼ਮੀਨ ਖ਼ਰੀਦ ਲਈ, ਵੱਡੀ ਕੁੜੀ ਦਾ ਵਿਆਹ ਕੀਤਾ, ਥੋੜ੍ਹਾ-ਬਹੁਤ ਘਰ ਸੁਆਰ ਲਿਆ, ਕੁਝ ਪੈਸਾ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਿਆ।"
ਅੱਗੇ ਦੱਸਦੇ ਹਨ, "ਦਿਹਾੜੀ ਜਾਂਦੇ ਸੀ ਤਾਂ ਅਗਲੇ ਦਾ ਦਬਕਾ ਵੀ ਝੱਲਣਾ ਪੈਂਦਾ ਸੀ। ਹੁਣ ਜ਼ਮੀਨ ਆਵਦੀ ਹੈ, ਥੋੜ੍ਹੀ-ਬਹੁਤ ਹੋਰ ਠੇਕੇ ਤੇ ਲੈ ਕੇ ਖੇਤੀ ਕਰਾਂਗੇ। ਪਸ਼ੂ ਵੀ ਵਧਾਵਾਂਗੇ।"
ਇਹ ਵੀ ਪੜ੍ਹੋ

ਤਸਵੀਰ ਸਰੋਤ, Sukhcharan preet/bbc
ਪਿੰਡ ਦਾ ਦੂਜਾ 'ਜੇਤੂ'
ਇਸੇ ਪਿੰਡ ਦੇ ਹੀ ਦਲਵੀਰ ਸ਼ਰਮਾ ਦਾ ਵੀ ਸਾਲ 2015 ਵਿੱਚ ਪੌਣੇ ਦੋ ਕਰੋੜ ਦਾ ਲੋਹੜੀ ਬੰਪਰ ਲੱਗਿਆ ਸੀ।
ਦਲਵੀਰ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਅਤੇ ਬੂਟ-ਚੱਪਲਾਂ ਦੀ ਦੁਕਾਨ ਕਰਦੇ ਹਨ।

ਤਸਵੀਰ ਸਰੋਤ, Sukhcharan preet/bbc
ਜਦੋਂ ਸਾਡੀ ਟੀਮ ਉਨ੍ਹਾਂ ਨੂੰ ਮਿਲਣ ਗਈ ਤਾਂ ਉਹ ਦੁਕਾਨ ਤੇ ਹੀ ਸਨ। ਦੁਕਾਨ ਪਿੰਡ ਦੀ ਚੰਗੀ ਆਵਾਜਾਈ ਵਾਲੀ ਜਗ੍ਹਾ 'ਤੇ ਹੈ। ਪਿੰਡ ਦੇ ਹਿਸਾਬ ਨਾਲ ਦੁਕਾਨ ਵੱਡੀ ਕਹੀ ਜਾ ਸਕਦੀ ਹੈ।
ਦਲਵੀਰ ਦੱਸਦੇ ਹਨ, "ਇੱਕ ਦਿਨ ਮੈਂ ਦੁਕਾਨ ਤੇ ਹੀ ਬੈਠਾ ਸੀ, ਗੁਆਂਢੀ ਦੁਕਾਨਦਾਰ ਨੇ ਬੁਲਾ ਕੇ ਧੱਕੇ ਨਾਲ ਲਾਟਰੀ ਦੀ ਟਿਕਟ ਦੁਆਈ। ਮੈਂ ਟਿਕਟ ਲੈਣ ਲਈ ਤਿਆਰ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਹੀ ਇੱਕ ਖ਼ਰੀਦੀ ਹੋਈ ਸੀ।"
"ਮੇਰੀ ਕਿਸਮਤ ਸੀ ਕਿ ਇਨਾਮ ਦੂਸਰੀ ਟਿਕਟ 'ਤੇ ਹੀ ਨਿਕਲਿਆ ਜਿਹੜੀ ਉਸ ਦੁਕਾਨਦਾਰ ਨੇ ਦੁਆਈ ਸੀ। ਇਹ ਮੈਂ ਆਪਣੀ ਛੋਟੀ ਬੇਟੀ ਛਾਇਆ ਦੇ ਨਾਂ 'ਤੇ ਖ਼ਰੀਦੀ ਸੀ।"

ਤਸਵੀਰ ਸਰੋਤ, Sukhcharan preet/bbc
ਲਾਟਰੀ ਦੇ ਪੈਸੇ ਨਾਲ ਜ਼ਿੰਦਗੀ ਵਿੱਚ ਆਏ ਫ਼ਰਕ ਬਾਰੇ ਦੱਸਦੇ ਹਨ, "ਮੇਰੀ ਬੇਟੀ ਬਹੁਤ ਕਿਸਮਤ ਵਾਲੀ ਹੈ। ਇਸ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਟੈਕਸ ਕੱਟ ਕੇ ਇੱਕ ਕਰੋੜ 22 ਲੱਖ 50 ਹਜ਼ਾਰ ਰੁਪਏ ਮਿਲੇ ਅਤੇ ਦੋ ਕਿੱਲੇ ਜ਼ਮੀਨ ਖ਼ਰੀਦ ਲਈ। ਦੁਕਾਨ ਪਹਿਲਾਂ ਕਿਰਾਏ 'ਤੇ ਸੀ, ਹੁਣ ਆਪਣੀ ਲੈ ਲਈ। ਕੋਠੀ ਪਾ ਲਈ, ਥੋੜ੍ਹਾ ਬਹੁਤ ਦਾਨ-ਪੁੰਨ ਵੀ ਕੀਤਾ, ਬਾਕੀ ਬਚੇ ਪੈਸੇ ਬੱਚਿਆਂ ਦੀ ਪੜ੍ਹਾਈ ਲਈ ਰੱਖ ਲਏ। ਬੱਚਿਆਂ ਦਾ ਭਵਿੱਖ ਸੰਵਰ ਗਿਆ, ਹੋਰ ਇਨਸਾਨ ਨੂੰ ਕੀ ਚਾਹੀਦਾ ਹੈ।"
ਪਿੰਡ ਵਿੱਚ ਲਾਟਰੀ ਨੇ ਦੋ ਬੰਦੇ ਕਰੋੜਪਤੀ ਬਣਾ ਦਿੱਤੇ ਹਨ ਤਾਂ ਪਿੰਡ ਦੇ ਲੋਕਾਂ ਵਿੱਚ ਲਾਟਰੀ ਖ਼ਰੀਦਣ ਦਾ ਰੁਝਾਨ ਵਧਿਆ ਹੈ।

ਤਸਵੀਰ ਸਰੋਤ, Sukhcharan preet/bbc
ਇਸੇ ਪਿੰਡ ਦੇ ਰਹਿਣ ਵਾਲਾ ਗੁਰਤੇਜ ਸਿੰਘ ਦਿਹਾੜੀ ਕਰਕੇ ਗੁਜ਼ਾਰਾ ਚਲਾਉਂਦਾ ਹੈ। ਗੁਰਤੇਜ ਸਿੰਘ ਨੇ ਨਵੀਂ ਖ਼ਰੀਦੀ ਲਾਟਰੀ ਦੀ ਟਿਕਟ ਦਿਖਾਉਂਦਿਆਂ ਦੱਸਿਆ, "ਮੈਂ ਪਹਿਲੀ ਵਾਰ ਖ਼ਰੀਦੀ ਹੈ। ਪਿੰਡ ਦੇ ਦੋ ਬੰਦੇ ਕਰੋੜਪਤੀ ਬਣ ਚੁੱਕੇ ਹਨ, ਸ਼ਾਇਦ ਮੇਰੀ ਵੀ ਕਿਸਮਤ ਚਮਕ ਜਾਵੇ।"
ਇਹ ਵੀ ਪੜ੍ਹੋ

ਤਸਵੀਰ ਸਰੋਤ, Sukhcharan preet/bbc
ਪਿੰਡ ਦੇ ਡਾਕ ਘਰ ਵਿੱਚ ਪੋਸਟ-ਮਾਸਟਰ ਦੇ ਤੌਰ 'ਤੇ ਕੰਮ ਕਰ ਰਹੀ ਮੀਨੂੰ ਕੁਮਾਰੀ ਮੁਤਾਬਕ, "ਪਿੰਡ ਵਿੱਚ ਦੋ ਵਾਰ ਵੱਡੀ ਲਾਟਰੀ ਲੱਗਣ ਨਾਲ ਟਿਕਟਾਂ ਦੀ ਸੇਲ ਵੱਧ ਗਈ ਹੈ। ਪਹਿਲਾਂ ਕਹਿ-ਕਹਿ ਕੇ ਟਿਕਟਾਂ ਵੇਚਣੀਆਂ ਪੈਂਦੀਆਂ ਸਨ, ਹੁਣ ਸਾਨੂੰ ਹੋਰਨਾਂ ਬਰਾਂਚਾਂ ਤੋਂ ਵੀ ਟਿਕਟਾਂ ਮੰਗਵਾਉਣੀਆਂ ਪੈਂਦੀਆਂ ਹਨ।
"ਸਾਡੀ ਸ਼ਾਖਾ ਵਿੱਚ ਚਾਹਲੀ ਟਿਕਟਾਂ ਆਉਂਦੀਆਂ ਹਨ। ।ਸਾਡੀ ਬਰਾਂਚ ਸੌ ਤੋਂ ਡੇਢ ਸੌ ਦੇ ਕਰੀਬ ਟਿਕਟਾਂ ਹਰੇਕ ਬੰਪਰ ਦੀਆਂ ਵੇਚਦੀ ਹੈ। ਇਹ ਅੰਕੜਾ ਪਹਿਲਾਂ ਨਾਲੋਂ ਦੁੱਗਣਾ ਹੈ। ਪ੍ਰਾਈਵੇਟ ਏਜੰਟਾਂ ਤੋਂ ਵੀ ਕਾਫ਼ੀ ਲੋਕ ਟਿਕਟਾਂ ਖ਼ਰੀਦਦੇ ਹਨ।"
ਪਿੰਡ ਦਾ ਸੁਖਵਿੰਦਰ ਸਿੰਘ, ਜੋ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ , ਕਹਿੰਦੇ ਹਨ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਹਰ ਬੰਪਰ ਦੀ ਟਿਕਟ ਖ਼ਰੀਦਦਾ ਹੈ, ਤਾਂ ਜੋ ਕੋਈ ਮੌਕਾ ਹੱਥੋਂ ਨਿਕਲ ਨਾ ਜਾਵੇ।
ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ 'ਤੇ ਲਿਆਉਣਾ ਬਹੁਤ ਆਸਾਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












