ਫੇਸਬੁੱਕ ਰਾਹੀ 60 ਸਾਲ ਬਾਅਦ ਮਿਲਿਆ ਦੋ ਪ੍ਰੇਮੀਆਂ ਨੂੰ 'ਲਵ ਲੈਟਰ'

ਐਡੀਵਿਅਨ ਜੋੜਾ

ਤਸਵੀਰ ਸਰੋਤ, CATHY DAVIES

ਤਸਵੀਰ ਕੈਪਸ਼ਨ, ਜਨਵਰੀ ਵਿੱਚ ਜੋੜੇ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਸੀ

1950 ਵਿੱਚ ਲਿਖਿਆ ਗਿਆ ਇੱਕ ਲਵ ਲੈਟਰ 60 ਸਾਲਾਂ ਬਾਅਦ ਉਸਦੇ ਲੇਖਕ ਕੋਲ ਮੁੜਿਆ।

79 ਸਾਲਾਂ ਦੀ ਲੁਈ ਐਡੀਵਿਅਨ ਨੇ ਆਪਣੇ ਮੈਰਿਜ ਸਰਟੀਫਿਕੇਟ ਦੇ ਨਾਲ ਇਹ ਲਵ ਲੈਟਰ ਚੀਨੀ ਦੇ ਡੱਬੇ ਵਿੱਚ ਪਾ ਕੇ ਰੱਖਿਆ ਸੀ।

ਕਾਰੋਬਾਰ ਘਟਾਉਣ ਵੇਲੇ ਗਲਤੀ ਨਾਲ ਉਨ੍ਹਾਂ ਇੱਕ ਚੈਰੀਟੀ ਦੀ ਦੁਕਾਨ ਨੂੰ ਇਹ ਡੱਬਾ ਦੇ ਦਿੱਤਾ।

ਕੌਰਨਵਾਲ ਦੀ ਰਹਿਣ ਵਾਲੀ ਕੈਥੀ ਡੇਵਿਸ ਨੇ ਉਹ ਖਰੀਦ ਲਿਆ ਅਤੇ ਅੱਗੇ ਆਪਣੀ ਦੋਸਤ ਲੀਜ਼ੀ ਡਿਕਸਨ ਨੂੰ ਦੇ ਦਿੱਤਾ।

ਇੱਕ ਦਿਨ ਅਚਾਨਕ ਉਸਦੇ ਘਰ ਵਿੱਚ ਡੱਬਾ ਟੁੱਟਿਆ ਜਿਸ ਤੋਂ ਬਾਅਦ ਉਸਨੂੰ ਇਸ ਲੈਟਰ ਬਾਰੇ ਪਤਾ ਲੱਗਿਆ।

ਡੇਵਿਸ ਨੇ ਲੈਟਰ ਅਤੇ ਮੈਰਿਜ ਸਰਟੀਫਿਕੇਟ ਦੀਆਂ ਤਸਵੀਰਾਂ ਫੇਸਬੁੱਕ ਦੇ ਇੱਕ ਗਰੁੱਪ ਵਿੱਚ ਪਾ ਦਿੱਤੀਆਂ। ਕਈ ਲੋਕ ਇਸ ਜੋੜੇ ਨੂੰ ਲੱਭਣ ਵਿੱਚ ਮਦਦ ਕਰਨ ਲਈ ਅੱਗੇ ਆਏ।

ਲਵ ਲੈਟਰ

ਤਸਵੀਰ ਸਰੋਤ, CATHY DAVIES

ਤਸਵੀਰ ਕੈਪਸ਼ਨ, ਲੈਟਰ ਗਲਤੀ ਨਾਲ ਇੱਕ ਚੈਰੀਟੀ ਦੀ ਦੁਕਾਨ ਨੂੰ ਦੇ ਦਿੱਤਾ ਗਿਆ ਸੀ

ਐਡੀਵਿਅਨ ਪਰਿਵਾਰ ਦੇ ਇੱਕ ਮੈਂਬਰ ਨੇ ਪੰਜ ਘੰਟਿਆਂ ਦੇ ਅੰਦਰ ਹੀ ਲੈਟਰ ਦੀ ਪਛਾਣ ਕਰ ਲਈ।

ਲੁਈ ਨੇ ਕਿਹਾ, ''ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਲੈਟਰ ਮੈਨੂੰ ਮਿਲ ਜਾਵੇਗਾ।''

ਡੇਵਿਸ ਨੇ ਦੱਸਿਆ, ''ਮੇਰੀ ਇੱਕ ਦੋਸਤ ਨੇ ਮੈਨੂੰ ਕਾਲ ਕਰਕੇ ਦੱਸਿਆ ਕਿ ਉਹ ਇਨ੍ਹਾਂ ਦੀ ਨੂੰਹ ਨੂੰ ਜਾਣਦੀ ਹੈ। ਉਸਦਾ ਨਾਂ ਮਿਸ਼ੈਲ ਐਡੀਵਿਅਨ ਸੀ ਜਿਸਦਾ ਆਖਰੀ ਨਾਂ ਜੋੜੇ ਦੇ ਆਖਰੀ ਨਾਂ ਨਾਲ ਮੇਲ ਖਾਂਦਾ ਸੀ।''

'ਸਭ ਤੋਂ ਕਿਊਟ ਕਪਲ'

ਡੇਵਿਸ ਨੇ ਕਿਹਾ, ''ਮੈਂ ਉਨ੍ਹਾਂ ਦੇ ਘਰ ਗਈ ਅਤੇ ਉਹ ਮੈਨੂੰ ਬੇਹੱਦ ਪਿਆਰੇ ਲੱਗੇ। ਲੁਈ ਨੇ ਮੈਨੂੰ ਗਲੇ ਲਗਾ ਕੇ ਕਿਹਾ, ਕਿ ਤੂੰ ਹੀ ਉਹ ਕੁੜੀ ਹੋ ਜੋ ਸਾਨੂੰ ਲੱਭ ਰਹੀ ਸੀ।''

''ਮੈਂ ਉਨ੍ਹਾਂ ਨੂੰ ਚਿੱਠੀ ਫੜਾ ਦਿੱਤੀ ਅਤੇ ਉਹ ਵਾਰ ਵਾਰ ਮੇਰਾ ਧੰਨਵਾਦ ਕਰ ਰਹੇ ਸਨ।''

ਉਸਨੇ ਅੱਗੇ ਦੱਸਿਆ, ''ਮੇਰੀਆਂ ਅੱਖਾਂ ਭਰ ਗਈਆਂ ਅਤੇ ਮੈਂ ਰੋਂਦੇ ਰੋਂਦੇ ਉੱਥੋਂ ਚਲੀ ਆਈ।''

ਵਿਆਹ ਦੀ ਤਸਵੀਰ

ਤਸਵੀਰ ਸਰੋਤ, DEREK AND LOUIE EDYVEAN

ਤਸਵੀਰ ਕੈਪਸ਼ਨ, ਡੈਰੇਕ ਅਤੇ ਲੁਈ ਐਡੀਵਿਅਨ ਦਾ 8 ਜਨਵਰੀ 1958 ਵਿੱਚ ਵਿਆਹ ਹੋਇਆ ਸੀ

ਲੁਈ ਨੇ ਦੱਸਿਆ ਕਿ ਸਰਟੀਫਿਰੇਟ ਗੁਆਚਣ ਤੋਂ ਬਾਅਦ ਉਨ੍ਹਾਂ 1961 ਵਿੱਚ ਡੁਪਲੀਕੇਟ ਸਰਟੀਫਿਕੇਟ ਬਣਵਾਇਆ ਸੀ।

ਅਗਲੇ ਹਫ਼ਤੇ ਉਨ੍ਹਾਂ ਦਾ 80ਵਾਂ ਜਨਮ ਦਿਨ ਹੈ।

ਇਹ ਲੈਟਰ ਉਨ੍ਹਾਂ ਨੇ ਅੱਲ਼ੜ ਉਮਰ ਵਿੱਚ ਆਪਣੇ ਹੋਣ ਵਾਲੇ ਪਤੀ ਨੂੰ ਲਿਖਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)