ਕੀ ਰੋਮਾਂਸ ਸਿਰਫ਼ ਨੌਜਵਾਨ ਮੁੰਡੇ-ਕੁੜੀਆਂ ਲਈ ਹੁੰਦਾ ਹੈ?

ਅੰਗਰੇਜ਼ੀ ਮੇਂ ਕਹਿਤੇ ਹੈਂ

ਤਸਵੀਰ ਸਰੋਤ, drumrollpictures

    • ਲੇਖਕ, ਵੰਦਨਾ
    • ਰੋਲ, ਬੀਬੀਸੀ ਟੀਵੀ ਐਡੀਟਰ (ਭਾਰਤੀ ਭਾਸ਼ਾਵਾਂ)

''ਕਦੇ ਉਸਦੇ ਬਣਾਏ ਖਾਣੇ ਦੀ ਤਾਰੀਫ਼ ਨਹੀਂ ਕੀਤੀ, ਸੋਚਿਆ ਉਸਨੂੰ ਪਤਾ ਹੋਵੇਗਾ। ਕਦੇ ਉਸਨੂੰ ਇਹ ਨਹੀਂ ਕਿਹਾ ਤੂੰ ਬਹੁਤ ਸੋਹਣੀ ਦਿਖ ਰਹੀ ਹੈਂ, ਸੋਚਿਆ ਉਸਨੂੰ ਪਤਾ ਹੋਵੇਗਾ। ਕਦੇ ਇਹ ਨਹੀਂ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ, ਸੋਚਿਆ ਉਸਨੂੰ ਪਤਾ ਹੋਵਗਾ।''

ਇਸ ਨੂੰ ਸੰਵਾਦ ਕਹੀਏ ਜਾਂ ਫ਼ਿਰ ਜਜ਼ਬਾਤ ਕਹੀਏ।

ਇਹ ਡਾਇਲੌਗ 52 ਸਾਲ ਦੇ ਇੱਕ ਵਿਅਕਤੀ (ਅਦਾਕਾਰ ਸੰਜੇ ਮਿਸ਼ਰਾ) ਦੇ ਹਨ, ਜਿਹੜਾ ਰੋਜ਼ ਦਫ਼ਤਰ ਜਾਂਦਾ ਹੈ, ਪੈਸਾ ਕਮਾਉਂਦਾ ਹੈ ਅਤੇ ਪਰਿਵਾਰ ਦਾ ਖ਼ਿਆਲ ਰੱਖਦਾ ਹੈ। ਉਸ ਲਈ ਵਿਆਹ ਦੇ ਇਹ ਹੀ ਮਾਅਨੇ ਹਨ।

ਉੱਧਰ ਉਸ ਦੀ ਪਤਨੀ ਇਸਨੂੰ ਸਿਰਫ਼ ਜ਼ਿੰਮੇਵਾਰੀ ਨਿਭਾਉਣਾ ਮੰਨਦੀ ਹੈ, ਪਿਆਰ ਨਹੀਂ। ਉਸ ਨੂੰ ਜ਼ਿੰਮੇਵਾਰੀ ਦੇ ਨਾਲ ਜ਼ਿੰਦਗੀ 'ਚ ਥੋੜ੍ਹਾ ਪਿਆਰ, ਥੋੜ੍ਹਾ ਰੋਮਾਂਸ ਵੀ ਚਾਹੀਦਾ ਹੈ।

ਪਿਆਰ, ਇਸ਼ਕ, ਮੁਹੱਬਤ, ਰੋਮਾਂਸ - ਇਨ੍ਹਾਂ ਸ਼ਬਦਾਂ ਅਤੇ ਅਹਿਸਾਸ ਨੂੰ ਅਸੀਂ ਜਵਾਨੀ, ਕਿਸ਼ੋਰ ਅਵਸਥਾ ਨਾਲ ਜੋੜ ਕੇ ਦੇਖਦੇ ਹਾਂ।

ਪਰ ਕੀ 40 ਜਾਂ ਫ਼ਿਰ 50 ਦੀ ਉਮਰ ਹੋਣ ਤੋਂ ਬਾਅਦ ਜ਼ਿੰਦਗੀ 'ਚ ਪਿਆਰ ਦੀ ਜ਼ਰੂਰਤ ਜਾਂ ਗੁੰਜਾਇਸ਼ ਨਹੀਂ ਹੁੰਦੀ? ਹੁੰਦੀ ਵੀ ਹੈ ਤਾਂ ਕੀ ਦੁਨੀਆਦਾਰੀ, ਨੌਕਰੀ, ਘਰ-ਪਰਿਵਾਰ ਦੇ ਵਿਚਾਲੇ ਉਹ ਗੁਆਚ ਜਾਂਦੀ ਹੈ?

ਫ਼ਿਲਮ 'ਅੰਗਰੇਜ਼ੀ ਮੇਂ ਕਹਿਤੇ ਹੈਂ' ਦੇਖਣ ਤੋਂ ਬਾਅਦ ਇਹ ਖ਼ਿਆਲ ਆਇਆ।

ਫ਼ਿਲਮ 'ਅੰਗਰੇਜ਼ੀ ਮੇਂ ਕਹਿਤੇ ਹੈਂ' - ਤਿੰਨ ਅਜਿਹੀ ਜੋੜੀਆਂ ਦੀ ਕਹਾਣੀ ਹੈ ਜਿਨ੍ਹਾਂ ਲਈ ਪਿਆਰ ਦੇ ਵੱਖ-ਵੱਖ ਮਾਅਨੇ ਹਨ। ਜਿਸ ਜੋੜੀ 'ਤੇ ਫ਼ੋਕਸ ਹੈ ਉਸ 'ਚ 52 ਸਾਲ ਦੇ ਯਸ਼ ਬੱਤਰਾ (ਸੰਜੇ ਮਿਸ਼ਰਾ) ਤੇ ਉਨ੍ਹਾਂ ਦੀ ਪਤਨੀ ਕਿਰਨ (ਏਕਾਵਲੀ) ਜਿਨ੍ਹਾਂ ਦੀ ਜ਼ਿੰਦਗੀ 'ਚ ਹੁਣ ਕੋਈ ਰੋਮਾਂਸ ਬਚਿਆ ਹੀ ਨਹੀਂ। ਜੇ ਕਿਤੇ ਹੈ ਵੀ ਤਾਂ ਪਤੀ ਕੋਲ ਉਸ ਰੋਮਾਂਸ ਦਾ ਇਜ਼ਹਾਰ ਕਰਨ ਦੀ ਨਾ ਤਾਂ ਫ਼ੁਰਸਤ ਹੈ ਅਤੇ ਨਾ ਜ਼ਰੂਰਤ।

ਅੰਗਰੇਜ਼ੀ ਮੇਂ ਕਹਿਤੇ ਹੈਂ

ਤਸਵੀਰ ਸਰੋਤ, drumrollpictures

ਉਹ ਕੋਈ ਵਿਲੇਨ ਨਹੀਂ ਹਨ ਪਰ ਅੱਧ ਖੜ੍ਹ ਉਮਰ ਵਿੱਚ ਵੀ ਪਿਆਰ ਹੁੰਦਾ ਹੈ ਅਤੇ ਉਸ ਨੂੰ ਜਤਾਇਆ ਜਾ ਸਕਦਾ ਹੈ ਇਹ ਉਸ ਨੇ ਸ਼ਾਇਦ ਕਦੇ ਸਿੱਖਿਆ ਹੀ ਨਹੀਂ।

ਦਰਖਤਾਂ ਦੇ ਆਲੇ-ਦੁਆਲੇ ਘੁੰਮਦੇ, ਡਿਸਕੋ 'ਚ ਜਾਂਦੇ, ਕਦੇ ਚੋਰੀ-ਚੋਰੀ 'ਤੇ ਕਦੇ ਸਰੇਆਮ ਇਸ਼ਕ ਫਰਮਾਉਂਦੇ ਜਵਾਨ ਦਿਲਾਂ ਦੀ ਕਹਾਣੀ ਕਹਿੰਦੀਆਂ ਤਾਂ ਕਈ ਹਿੰਦੀ ਫ਼ਿਲਮਾਂ ਮਿਲ ਜਾਣਗੀਆਂ, ਪਰ ਅਡਲਟ ਸਟੋਰੀ ਵਾਲੀ ਕਹਾਣੀਆਂ ਨੂੰ ਘੱਟ ਹੀ ਥਾਂ ਮਿਲਦੀ ਹੈ।

ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ 2011 ਵਿੱਚ ਅਦਾਕਾਰਾ ਸੁਹਾਸਿਨੀ ਮੂਲੇ ਨੇ 60 ਸਾਲ ਦੀ ਉਮਰ 'ਚ ਲਵ ਮੈਰਿਜ ਕੀਤੀ ਸੀ ਤਾਂ ਉਹ ਖ਼ੁਦ ਵੀ ਹੈਰਾਨ ਸਨ ਕਿ ਉਨ੍ਹਾਂ ਦਾ ਵਿਆਹ ਇਨਾਂ ਵੱਡਾ ਮੁੱਦਾ ਕਿਵੇਂ ਬਣ ਗਿਆ ਅਤੇ ਲੋਕਾਂ ਨੇ ਉਨ੍ਹਾਂ ਨੂੰ 'ਫੇਮਿਨਿਜ਼ਮ ਆਈਕਾਨ' ਬਣਾ ਦਿੱਤਾ।

ਸੁਹਾਸਿਨੀ ਮੂਲੇ

ਤਸਵੀਰ ਸਰੋਤ, suhasini_mulay

ਜੇ ਯਾਦ ਆਉਂਦਾ ਹੈ ਤਾਂ 1965 ਵਿੱਚ ਆਈ ਫ਼ਿਲਮ 'ਵਕਤ' ਦਾ ਉਹ ਗਾਣਾ ਹੈ - 'ਐ ਮੇਰੀ ਜ਼ੋਹਰਾ ਜਬੀਂ' ਜਿਹੜਾ ਬਜ਼ੁਰਗੀਅਤ (ਜੇ ਅਜੀਹਾ ਕੋਈ ਸ਼ਬਦ ਹੈ) 'ਚ ਪਿਆਰ ਤੇ ਇਸ਼ਕ ਨੂੰ ਜ਼ੁਬਾਨ ਦਿੰਦਾ ਹੈ।

ਜਾਂ ਫ਼ਿਰ 2007 ਵਿੱਚ ਆਈ ਫ਼ਿਲਮ ਹਨੀਮੂਨ ਟ੍ਰੈਵਲਸ ਪ੍ਰਾਇਵੇਟ ਲਿਮਿਟੇਡ ਜਿਸ 'ਚ ਕਈ ਜਵਾਨ ਜੋੜੇ ਹਨੀਮੂਨ ਲਈ ਜਾ ਰਹੇ ਹਨ ਅਤੇ ਇਸ ਵਿਚਾਲੇ ਇੱਕ ਜੋੜੀ ਹੈ ਬੋਮਨ ਇਰਾਨੀ ਅਥੇ ਸ਼ਬਾਨਾ ਆਜ਼ਮੀ ਦੀ। ਦੋਵੇਂ ਅੱਧ ਖੜ੍ਹ ਉਮਰ ਦੇ ਹਨ ਅਤੇ ਇਨ੍ਹਾਂ ਦੇ ਬੱਚੇ ਹਨ ਤੇ ਦੋਵਾਂ ਦਾ ਇਹ ਦੂਜਾ ਵਿਆਹ ਹੈ।

ਪੰਜ ਜਵਾਨ ਜੌੜਿਆਂ ਵਿਚਾਲੇ ਹਨੀਮੂਨ ਮਨਾਉਣ ਆਏ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ਇੱਕ ਅਲੱਗ ਹੀ ਮਿਠਾਸ ਅਤੇ ਅਹਿਸਾਸ ਦੇ ਨਾਲ ਅੱਗੇ ਵਧਦੀ ਹੈ।

ਫ਼ਿਲਮ 'ਚ ਇੱਕ ਸੀਨ ਹੈ ਜਿੱਥੇ ਬਮਨ ਇਰਾਨੀ ਦੇ ਦਿਲ 'ਚ ਉਦਾਲ ਕਰਨ ਵਾਲੀ ਇੱਕ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਅਤੇ ਉਹ ਨਵੀਂ ਲਾੜੀ ਸ਼ਬਾਨਾ ਨੂੰ ਸੜਕ ਵਿਚਾਲੇ ਜ਼ੋਰ ਨਾਲ ਜੱਫ਼ੀ ਪਾ ਲੈਂਦੇ ਹਨ ਅਤੇ ਚੁੰਮਦੇ ਹਨ।

ਹਨੀਮੂਨ ਟ੍ਰੈਵਲਸ ਪ੍ਰਾਇਵੇਟ ਲਿਮਿਟੇਡ

ਤਸਵੀਰ ਸਰੋਤ, Excel entertainment

ਦੋਹਾਂ ਨੂੰ ਜ਼ਿੰਦਗੀ ਨੇ ਕਈ ਜ਼ਖ਼ਮ ਦਿੱਤੇ ਹਨ ਪਰ ਜ਼ਿੰਦਗੀ ਨੇ ਪਿਆਰ ਕਰਨ ਦਾ ਇੱਕ ਹੋਰ ਮੌਕਾ ਵੀ ਦਿੱਤਾ ਅਤੇ ਢਲਦੀ ਉਮਰ ਨੂੰ ਪਿਆਰ ਦੇ ਵਿਚਾਲੇ ਨਹੀਂ ਆਉਣ ਦੇਣਾ ਚਾਹੁੰਦੇ।

ਅਜਿਹੀਆਂ ਘੱਟ ਹੀ ਹਿੰਦੀ ਫ਼ਿਲਮਾਂ ਹਨ ਜਿਹੜੀਆਂ ਜਵਾਨੀ ਦੀ ਦਹਲੀਜ਼ ਦੇ ਬਾਹਰ ਵੀ ਪਿਆਰ ਨੂੰ ਟਟੋਲਦੀਆਂ ਹਨ - ਹਾਲਾਤ ਭਾਵੇਂ ਜਿਵੇਂ ਦੇ ਮਰਜ਼ੀ ਕਿਉਂ ਨਾ ਹੋਣ।

ਉਦਾਹਰਣ ਦੇ ਤੌਰ 'ਤੇ 'ਦਿਲ ਚਾਹਤਾ ਹੈ' ਇੱਕ ਮਿਡਲ ਏਜ ਦੀ ਤਲਾਕਸ਼ੁਦਾ ਔਰਤ (ਡਿੰਪਲ ਕਪਾੜੀਆ) ਦੀ ਕਹਾਣੀ ਜਿਹੜੀ ਇੱਕਲੀ ਹੈ ਅਤੇ ਪੇਂਟਰ ਹੈ.....ਉਸਦੀ ਤਨਹਾਈ ਦਾ ਸਾਥੀ ਬਣਦਾ ਹੈ ਉਸਦਾ ਗੁਆਂਢੀ (ਅਕਸ਼ੇ ਖੰਨਾ) ਜਿਹੜਾ ਉਮਰ 'ਚ ਉਸ ਤੋਂ ਛੋਟਾ ਹੈ। ਦੋਹਾਂ ਵਿਚਾਲੇ ਦਾ ਸੋਹਣਾ ਪਰ ਅਧੂਰਾ ਰਿਸ਼ਤਾ ਉਮਰ ਦੇ ਫ਼ਾਸਲੇ ਦਾ ਮੋਹਤਾਜ ਨਹੀਂ ਹੈ।

ਜਾਂ ਫ਼ਿਰ ਸ਼ਰਮੀਲਾ ਟੈਗੋਰ ਅਤੇ ਅਨੁਪਮ ਖ਼ੇਰ ਦੀ ਫ਼ਿਲਮ ਮੌਰਨਿੰਗ ਵਾਕ। ਆਪਣੀ ਪੋਤੀ ਦੇ ਕੋਲ ਕੁਝ ਦਿਨਾਂ ਲਈ ਰਹਿਣ ਆਏ ਅਨੁਪਮ ਖ਼ੇਰ ਜਦੋਂ ਇੱਕ ਦਿਨ ਸਵੇਰ ਦੀ ਸੈਰ 'ਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਮੁਲਾਕਾਤ ਸ਼ਰਮੀਲਾ ਟੈਗੋਰ ਨਾਲ ਹੁੰਦੀ ਹੈ, ਜਿਹੜੀ ਜਵਾਨੀ 'ਚ ਉਨ੍ਹਾਂ ਦੀ ਦੋਸਤ ਤੋਂ ਕੁਝ ਵੱਧ ਸੀ।

ਮੌਰਨਿੰਗ ਵਾਕ

ਤਸਵੀਰ ਸਰੋਤ, Inox motion pictures

ਫ਼ਿਲਮ ਦੀ ਕਹਾਣੀ ਇਨ੍ਹਾਂ ਦੋਹਾਂ ਬਜ਼ੁਰਗਾਂ ਦੇ ਮਾਜ਼ੀ ਅਤੇ ਭਵਿੱਖ ਨੂੰ ਟਟੋਲਦੇ ਹੋਏ ਅੱਗੇ ਵਧਦੀ ਹੈ।

ਜਦੋਂ ਕਿ ਬਾਸੂ ਚੈਟਰਜੀ ਦੀ ਫ਼ਿਲਮ ਖੱਟਾ-ਮੀਠਾ - ਇਸ ਰਿਸ਼ਤੇ ਨੂੰ ਕਾਮੇਡੀ ਦੀ ਨਜ਼ਰ ਨਾਲ ਦੇਖਦੇ ਹੋਏ ਅੱਗੇ ਵਧਦੀ ਹੈ।

ਕੌਣ ਭੁੱਲ ਸਕਦਾ ਹੈ ਅਸ਼ੋਕ ਕੁਮਾਰ ਨੂੰ ਜਿਨ੍ਹਾਂ ਦੀ ਪਤਨੀ ਫ਼ਿਲਮ 'ਚ ਮਰ ਚੁੱਕੀ ਹੈ ਅਤੇ ਬੁਢਾਪੇ 'ਚ ਉਨ੍ਹਾਂ ਨੂੰ ਆਪਣੇ ਲਈ ਇੱਕ ਸਾਥੀ ਦੀ ਤਲਾਸ਼ ਹੈ ਜਿਹੜੀ ਉਨ੍ਹਾਂ ਦੇ ਚਾਰ ਪੁੱਤਰਾਂ ਦਾ ਖ਼ਿਆਲ ਵੀ ਰੱਖੇ। ਪਰ ਜਦੋਂ ਉਹ ਇੱਕ ਪਾਰਸੀ ਵਿਧਵਾ (ਪਰਲ ਪਦਮਸੀ) ਨਾਲ ਵਿਆਹ ਕਰ ਲੈਂਦੇ ਹਨ ਤਾਂ ਪੂਰੇ ਖ਼ਾਨਦਾਨ 'ਚ ਇੱਕ ਤਰ੍ਹਾਂ ਨਾਲ ਤਰਥੱਲੀ ਮਚ ਜਾਂਦੀ ਹੈ।

2004 'ਚ ਅੰਗਰੇਜ਼ੀ 'ਚ ਇੱਕ ਫ਼ਿਲਮ ਆਈ ਸੀ ਨੋਟਬੁੱਕ - ਦੋ ਜਵਾਨ ਦਿਲਾਂ ਦੀ ਜਨੂੰਨੀ ਪ੍ਰੇਮ ਕਹਾਣੀ - ਉਹ ਕਹਾਣੀ ਜਿਹੜੀ ਇੱਕ ਬਜ਼ੁਰਗ ਮਰਦ ਨਰਸਿੰਗ ਹੋਮ 'ਚ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਏਲੀ ਨੂੰ ਰੋਜ਼ ਨੋਟਬੁੱਕ ਤੋਂ ਪੜ੍ਹ ਕੇ ਸੁਣਾਉਂਦਾ ਹੈ।

ਆਪਣੇ ਆਖ਼ਰੀ ਸਾਹ ਗਿਣ ਰਹੀ ਉਸ ਬੁੱਢੀ ਔਰਤ ਨੂੰ ਡਿਮੇਂਸ਼ਿਆ ਹੈ ਅਤੇ ਉਹ ਭੁੱਲ ਚੁੱਕੀ ਹੈ ਕਿ ਉਸਨੂੰ ਰੋਜ਼ ਕਹਾਣੀ ਸੁਣਾਉਣ ਵਾਲਾ ਕੋਈ ਹੋਰ ਨਹੀਂ ਉਸਦਾ ਪ੍ਰੇਮੀ ਅਤੇ ਪਤੀ ਹੀ ਹੈ ਅਤੇ ਉਹ ਪ੍ਰੇਮ ਕਹਾਣੀ ਹਕੀਕਤ 'ਚ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਹੈ।

ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਵਿਅਤੀ ਨੂੰ ਵੀ ਇੱਕ ਰਾਤ ਉਸ ਹਸਪਤਾਲ ਵਿੱਚ ਹੀ ਭਰਤੀ ਕਰਾਉਣਾ ਪੈਂਦਾ ਹੈ। ਅੱਧੀ ਰਾਤ ਨੂੰ ਉਹ ਆਪਣਾ ਕਮਰਾ ਛੱਡ ਕੇ ਆਪਣੀ ਪ੍ਰੇਮੀਕਾ ਅਤੇ ਪਤਨੀ ਦੇ ਡੇਮੇਂਸ਼ਿਏ ਵਾਰਡ 'ਚ ਜਾਂਦਾ ਹੈ।

ਆਉਂਦੀ-ਜਾਂਦੀ ਯਾਦਾਸ਼ਤ ਵਿਚਾਲੇ, ਏਲੀ ਉਸ ਨੂੰ ਪਛਾਣ ਲੈਂਦੀ ਹੈ। ਫ਼ਿਰ ਦੋਹੇਂ ਹੱਥ ਫੜ ਕੇ ਇੱਕ ਬਿਸਤਰ 'ਤੇ ਸੌਂ ਜਾਂਦੇ ਹਨ - ਹਮੇਸ਼ਾ ਦੇ ਲਈ ਇੱਕ ਹੋਣ ਵਾਸਤੇ।

ਦੋ ਬਜ਼ੁਰਗਾਂ ਵਿਚਾਲੇ ਪਿਆਰ ਦੀ ਇਹ ਵੀ ਅਲੱਗੀ ਪ੍ਰੇਮ ਕਹਾਣੀ ਸੀ, ਜਾਂ ਫ਼ਿਰ ਬਰਤਾਨਵੀ ਫ਼ਿਲਮ 'ਦਿ ਬੇਸਟ ਐਗਜ਼ਾਟਿਕ ਮੇਰੀਗੋਲਡ ਹੋਟਲ' ਜਿਸ ਵਿੱਚ ਰਿਟਾਇਰ ਹੋ ਚੁੱਕੇ ਬਜ਼ੁਰਗਾਂ ਦਾ ਇੱਕ ਗਰੁੱਪ ਭਾਰਤ 'ਚ ਇੱਕ ਰਿਟਾਇਰਮੈਂਟ ਹੋਟਲ 'ਚ ਰਹਿਣ ਆਉਂਦਾ ਹੈ ਅਤੇ ਉੱਥੇ ਬੁਣੀ ਜਾਂਦੀ ਇਨ੍ਹਾਂ ਬਜ਼ੁਰਗਾਂ ਵਿਚਾਲੇ ਪਿਆਰ ਅਤੇ ਦੋਸਤੀ ਦੀ ਕਹਾਣੀ।

ਦਿ ਬੇਸਟ ਐਗਜ਼ਾਟਿਕ ਮੇਰੀਗੋਲਡ ਹੋਟਲ

ਤਸਵੀਰ ਸਰੋਤ, Fox SearchLight Pictures

ਪਰ ਭਾਰਤੀ ਪਰਿੱਪੱਖ 'ਚ ਪਿਆਰ ਦੇ ਇਜ਼ਹਾਰ ਦੇ ਤਰੀਕੇ ਵੱਖ ਹਨ, ਇੱਥੇ ਤਾਂ ਜਵਾਨ ਦਿਲ ਵੀ ਕਈ ਬੰਦੀਸ਼ਾਂ 'ਚ ਕੈਦ ਹਨ।

ਇੱਥੇ ਘਰ-ਪਰਿਵਾਰਾਂ 'ਚ ਮਾਂ-ਬਾਪ, ਬਜ਼ੁਗਰਾਂ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਕੁਝ ਹੋਰ ਹੀ ਅੰਦਾਜ਼ 'ਚ ਹੁੰਦਾ ਹੈ ਅਤੇ ਕਦੇ-ਕਦੇ ਤਾਂ ਇਜ਼ਹਾਰ ਹੁੰਦਾ ਵੀ ਨਹੀਂ।

ਸ਼ਾਇਦ ਇਹੀ ਸਾਡੇ ਸਿਨੇਮਾ 'ਚ ਵੀ ਨਜ਼ਰ ਆਉਂਦਾ ਹੈ ਜਿਵੇਂ ਕਿ ਫ਼ਿਲਮ 'ਅੰਗਰੇਜ਼ੀ ਮੇਂ ਕਹਿਤੇ ਹੈਂ' ਵਿੱਚ ਦੇਖਣ ਨੂੰ ਮਿਲਿਆ।

ਸੋਚਦੀ ਹਾਂ ਕਿ ਅਜਿਹੇ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੂੰ ਫ਼ਿਲਮ ਦੀ ਅੱਧਖੜ੍ਹ ਉਮਰ ਦੀ ਅਦਾਕਾਰਾ ਕਿਰਨ ਦੇ ਵਾਂਗ, ਉਮਰ ਦੇ ਤਕਾਜ਼ੇ ਦੇ ਚਲਦਿਆਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਜਾਂ ਸਮਾਜਿਕ ਤਾਣੇ-ਬਾਣੇ ਹੀ ਕੁਝ ਅਜਿਹੇ ਰਹਿੰਦੇ ਹਨ ਕਿ ਇਸ ਅਹਿਸਾਸ ਨੂੰ ਬਿਆਨ ਕਰਨਾ ਸਿਖਾਇਆ ਹੀ ਨਹੀਂ ਜਾਂਦਾ।

ਸਿਨੇਮਾ

ਤਸਵੀਰ ਸਰੋਤ, Getty Images

ਸ਼ਾਇਦ ਇਸ ਲਈ ਗੀਤਕਾਰ ਇੰਦੀਵਰ ਨੇ ਦਹਾਕਿਆਂ ਪਹਿਲਾਂ ਇਹ ਬੋਲ ਲਿਖੇ ਸਨ, ਜਿਸ ਨੂੰ ਮਰਹੂਮ ਜਗਜੀਤ ਸਿੰਘ ਨੇ ਆਪਣੀ ਦਿਲਕਸ਼ ਆਵਾਜ਼ 'ਚ ਗਾਇਆ ਸੀ.....

''ਨਾ ਉਮਰ ਕੀ ਸੀਮਾ ਹੋ, ਨਾ ਜਨਮੋਂ ਕਾ ਹੋ ਬੰਧਨ

ਜਬ ਪਿਆਰ ਕਰੇ ਕੋਈ, ਤੋ ਦੇਖੇ ਕੇਵਲ ਮਨ

ਨਈ ਰੀਤ ਚਲਾਕਰ ਤੁੰਮ, ਯੇ ਰੀਤ ਅਮਰ ਕਰ ਦੋ

ਹੋਂਠੋ ਸੇ ਛੂ ਲੋ ਤੁੰਮ, ਮੇਰਾ ਗੀਤ ਅਮਰ ਕਰ ਦੋ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)