ਇਹ ਹੈ ਮਸ਼ਹੂਰ ਫ਼ਿਲਮ 'ਜਾਨੇ ਭੀ ਦੋ ਯਾਰੋਂ' ਦੇ ਬਣਨ ਦੀ ਕਹਾਣੀ

film

ਤਸਵੀਰ ਸਰੋਤ, JAANE BHI DO YAARO FILM POSTER

ਤਸਵੀਰ ਕੈਪਸ਼ਨ, 'ਜਾਨੇ ਭੀ ਦੋ ਯਾਰੋ' ਦੇ ਡਾਇਰੈਕਟਰ ਕੁੰਦਨ ਸ਼ਾਹ ਦਾ ਦੇਹਾਂਤ

ਫਿਲਮ ਡਾਇਰੈਕਟਰ ਕੁੰਦਨ ਸ਼ਾਹ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ। ਕੁੰਦਨ ਸ਼ਾਹ 69 ਸਾਲਾਂ ਦੇ ਸਨ। ਕੁੰਦਨ ਸ਼ਾਹ ਦਾ ਜਨਮ 19 ਅਕਤੂਬਰ 1947 ਨੂੰ ਹੋਇਆ ਸੀ।

ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ 'ਜਾਨੇ ਭੀ ਦੋ ਯਾਰੋਂ' ਨਾਲ 1983 ਵਿੱਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦੇ ਉਹ ਅਸਿਸਟੈਂਟ ਸਕਰੀਨ ਪਲੇਅ ਰਾਈਟਰ ਵੀ ਸੀ।

ਫਿਲਮ ਦਾ ਜਾਦੂ ਦਰਸ਼ਕਾਂ 'ਤੇ ਬਰਕਰਾਰ

ਇਸ ਕਾਮੇਡੀ ਫਿਲਮ ਦਾ ਜਾਦੂ ਅੱਜ ਵੀ ਲੋਕਾਂ 'ਤੇ ਬਣਿਆ ਹੋਇਆ ਹੈ।

naseeruddin shah
ਤਸਵੀਰ ਕੈਪਸ਼ਨ, ਨਸੀਰੂਦੀਨ ਸ਼ਾਹ

ਫਿਲਮ ਵਿੱਚ ਨਸੀਰੂਦੀਨ ਸ਼ਾਹ, ਰਵੀ ਵਾਸਵਾਨੀ, ਭਗਤੀ ਬਵਰੇ, ਪੰਕਜ ਕਪੂਰ ਤੇ ਸਤੀਸ਼ ਸ਼ਾਹ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਸੀ। ਇਸ ਫਿਲਮ ਨੂੰ ਐਨਐਫਡੀਸੀ(ਕੌਮੀ ਫਿਲਮ ਵਿਕਾਸ ਸੰਘ) ਨੇ ਬਣਾਇਆ ਸੀ।

ਫਿਲਮ ਨਾਲ ਜੁੜੇ ਕੁਝ ਖਾਸ ਲੋਕਾਂ ਨੇ ਬੀਬੀਸੀ ਨਾਲ 2012 ਵਿੱਚ ਇਸਦੀ ਨਵੀਂ ਪ੍ਰੀਟਿੰਗ ਜਾਰੀ ਹੋਣ ਮੌਕੇ ਗੱਲਬਾਤ ਕੀਤੀ ਸੀ। ਗੱਲਬਾਤ ਵਿੱਚ ਫਿਲਮ ਨਾਲ ਜੁੜੇ ਲੋਕਾਂ ਨੇ 1982-83 ਦੇ ਉਸ ਵੇਲੇ ਦੇ ਦਿਲਚਸਪ ਕਿੱਸੇ ਸਾਂਝੇ ਕੀਤੇ ਸੀ ਜਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ।

kundan shah
ਤਸਵੀਰ ਕੈਪਸ਼ਨ, ਬੀਬੀਸੀ ਦਫ਼ਤਰ ਵਿੱਚ ਕੁੰਦਨ ਸ਼ਾਹ

ਕੁੰਦਨ ਸ਼ਾਹ, ਨਿਰਦੇਸ਼ਕ

ਮੇਰੇ ਲਈ ਸਭ ਤੋਂ ਵੱਧ ਖੁਸ਼ੀ ਦਾ ਮੌਕਾ ਉਹ ਸੀ, ਜਦੋਂ ਨਸੀਰੂਦੀਨ ਸ਼ਾਹ ਨੇ ਫਿਲਮ ਲਈ ਹਾਂ ਕਹੀ ਸੀ। ਸੱਚ ਕਹੀਏ, ਤਾਂ ਸਾਡੇ ਵਰਗੇ ਲੋਕਾਂ ਲਈ ਨਸੀਰੂਦੀਨ ਸ਼ਾਹ ਅਮਿਤਾਭ ਬੱਚਨ ਤੋਂ ਵੀ ਵੱਧ ਕੇ ਸੀ।

ਮੈਨੂੰ ਜਦੋਂ ਪਤਾ ਲੱਗਾ ਕਿ ਫਿਲਮ ਮੁੜ ਤੋਂ ਰਿਲੀਜ਼ ਹੋ ਰਹੀ ਹੈ, ਤਾਂ ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਲੱਗਿਆ ਕਿ ਹੁਣ ਕੌਣ ਦੇਖੇਗਾ ਇਸ ਫਿਲਮ ਨੂੰ । ਮੈਂ ਜਿਸ ਕਿਸੇ ਨਾਲ ਵੀ ਇਸ ਗੱਲ ਦੀ ਚਰਚਾ ਕੀਤੀ ਉਨ੍ਹਾਂ ਨੇ ਕਿਹਾ ਫਿਲਮ ਨੂੰ ਜ਼ਰੂਰ ਦੇਖਿਆ ਜਾਵੇਗਾ।

ਇਸ ਨਾਲ ਮੈਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਕਿ ਇੰਨੇ ਸਾਲ ਬਾਅਦ ਵੀ ਲੋਕਾਂ ਵਿੱਚ ਫਿਲਮ ਨੂੰ ਦੇਖਣ ਦਾ ਉਤਸਾਹ ਬਰਕਰਾਰ ਹੈ।

film

ਤਸਵੀਰ ਸਰੋਤ, JAANE BHI DO YAARO FILM POSTER

ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਫਿਲਮ ਇਹ ਮੁਕਾਮ ਹਾਸਿਲ ਕਰੇਗੀ। ਫਿਲਮ ਬਹੁਤ ਹੀ ਘੱਟ ਬਜਟ ਵਿੱਚ ਬਣੀ ਸੀ। ਫਿਲਮ ਦੇ ਲਈ 6 ਲੱਖ 84 ਹਜ਼ਾਰ ਦਾ ਬਜਟ ਪਾਸ ਹੋਇਆ ਸੀ।

ਫਿਲਮ ਦੀ ਸ਼ੂਟਿੰਗ ਦੌਰਾਨ ਇੰਨੀ ਤੰਗੀ ਸੀ ਕਿ ਕਈ ਵਾਰ 60-70 ਲੋਕ ਇਕੱਠੇ ਹੋ ਜਾਂਦੇ ਤੇ ਖਾਣਾ ਸਿਰਫ਼ 30-35 ਲੋਕਾਂ ਲਈ ਹੀ ਆਉਂਦਾ ਸੀ। ਅਸੀਂ ਦਾਲ ਵਿੱਚ ਪਾਣੀ ਮਿਲਾ ਕੇ ਉਸਨੂੰ ਵਧਾ ਦਿੰਦੇ ਸੀ। ਰੋਟੀਆਂ ਖਤਮ ਹੋ ਜਾਂਦੀਆਂ ਸੀ ਤੇ ਬਰੈੱਡ ਮੰਗਵਾਂ ਲੈਂਦੇ ਸੀ।

ਫਿਲਮ ਵਿੱਚ ਨਸੀਰੂਦੀਨ ਸ਼ਾਹ ਨੇ ਜਿਸ ਕੈਮਰੇ ਦੀ ਵਰਤੋਂ ਕੀਤੀ ਸੀ, ਉਹ ਉਨ੍ਹਾਂ ਦਾ ਅਪਣਾ ਸੀ।

pankaj kapoor

ਤਸਵੀਰ ਸਰੋਤ, FOX STAR STUDIOS

ਤਸਵੀਰ ਕੈਪਸ਼ਨ, ਪੰਕਜ ਕਪੂਰ

ਜਦੋਂ ਫਿਲਮ ਦਾ ਸਭ ਤੋਂ ਮਸ਼ਹੂਰ ਸੀਨ 'ਮਹਾਭਾਰਤ' ਸ਼ੂਟ ਹੋ ਰਿਹਾ ਸੀ, ਤਾਂ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸਦੇ ਲਈ ਕਿਹੋ ਜਿਹੇ ਡਾਇਲੌਗ ਲਿਖੇ ਜਾਣ।

ਮੈਂ ਤੇ ਅਸਿਸਟੈਂਟ ਲੇਖਕ ਸਤੀਸ਼ ਕੌਸ਼ਿਕ ਇਸ ਬਾਰੇ ਗੱਲ ਕਰ ਰਹੇ ਸੀ । ਤਾਂ ਸਾਡੇ ਦੂਸਰੇ ਲੇਖਕ ਰਣਜੀਤ ਕਪੂਰ ਬੋਲੇ ਕਿ ਇਸ ਵਿੱਚ ਮੁਸ਼ਕਿਲ ਕੀ ਹੈ। ਅਸੀਂ ਢਾਈ ਰੁਪਏ ਦੀ ਕਿਤਾਬ 'ਦ੍ਰੋਪਦੀ ਚੀਰਹਰਣ' ਖਰੀਦੀ ਤੇ ਸੀਨ ਦੇ ਲਈ ਡਾਇਲੌਗ ਲਿਖ ਦਿੱਤੇ।

ਪੰਕਜ ਕਪੂਰ, ਅਦਾਕਾਰ

ਮੈਂ ਇਸ ਫਿਲਮ ਵਿੱਚ ਤਰਨੇਜਾ ਦਾ ਰੋਲ ਨਿਭਾਇਆ ਸੀ। ਮੈਨੂੰ ਯਾਦ ਹੈ ਕਿ ਇੱਕ ਵਾਰ ਕੁੰਦਨ ਸ਼ਾਹ ਨੇ ਕਿਹਾ ਫਿਲਮ ਦੀ ਲੋਕੇਸ਼ਨ ਲਈ ਰੇਕੀ ਕਰਨ ਜਾਣਾ ਹੈ।

ਮੈਂ ਸੋਚਿਆ ਕੁੰਦਨ ਕਾਰ ਲੈ ਕੇ ਆਉਣਗੇ ਤਾਂ ਅਸੀਂ ਉਸ 'ਚ ਰੇਕੀ ਕਰਨ ਜਾਵਾਂਗੇ। ਪਰ ਉਹ ਮੈਨੂੰ ਮਹਾਰਾਸ਼ਟਰ ਦੀ ਟਰਾਂਸਪੋਰਟ ਬੱਸ ਵਿੱਚ ਲੈ ਗਏ। ਅਸੀਂ ਧੱਕੇ ਖਾਂਦੇ ਖਾਂਦੇ ਉੱਥੇ ਪਹੁੰਚੇ।

kundan shah

ਤਸਵੀਰ ਸਰੋਤ, PTI

ਤਿੰਨ-ਚਾਰ ਘੰਟੇ ਰੇਕੀ ਕਰਨ ਤੋਂ ਬਾਅਦ ਜਦੋਂ ਕੁੰਦਨ ਨੇ ਕੋਲਡ-ਡ੍ਰਿੰਕ ਪਿਲਾਈ ਤਾਂ ਮੈਨੂੰ ਲੱਗਿਆ ਕਿ ਮੇਰੇ ਭਾਗ ਖੁੱਲ੍ਹ ਗਏ।

ਮੈਂ ਆਪਣੇ ਰੋਲ ਬਾਰੇ ਜਦੋਂ ਕੁੰਦਨ ਨਾਲ ਗੱਲ ਕਰਨੀ ਚਾਹੀ, ਤਾਂ ਉਹ ਕਾਪੀ ਪੈਨ ਲੈ ਕੇ ਹਿਸਾਬ-ਕਿਤਾਬ ਹੀ ਦੇਖਦੇ ਰਹਿੰਦੇ। ਸਾਨੂੰ ਬਿਲਕੁਲ ਯਕੀਨ ਨਹੀਂ ਹੋਇਆ ਕਿ ਫਿਲਮ ਅੱਗੇ ਜਾ ਕੇ ਇਹ ਮੁਕਾਮ ਹਾਸਲ ਕਰੇਗੀ। ਜੇਕਰ ਸਾਨੂੰ ਪਤਾ ਹੁੰਦਾ ਤਾਂ ਸ਼ਾਇਦ ਇਹ ਫਿਲਮ ਐਨੀ ਸ਼ਾਨਦਾਰ ਨਾ ਬਣਦੀ।

ਫਿਲਮ ਦਾ ਮਸ਼ਹੂਰ ਸੀਨ 'ਮਹਾਭਾਰਤ' ਰਣਜੀਤ ਕਪੂਰ ਤੇ ਸਤੀਸ਼ ਕੌਸ਼ਿਕ ਨੇ ਮਿਲ ਕੇ ਲਿਖਿਆ । ਇਸਦੀ ਐਡਿਟਿੰਗ ਵੀ ਕਮਾਲ ਦੀ ਹੋਈ ਸੀ।

ਮੇਰਾ ਮੁੰਡਾ ਸ਼ਾਹਿਦ ਕਪੂਰ ਅਕਸਰ ਕਹਿੰਦਾ ਹੈ ਕਿ ਇਸ ਦੌਰ ਵਿੱਚ 'ਜਾਨੇ ਭੀ ਦੋ ਯਾਰੋ' ਵਰਗੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ। ਇਹ ਸੁਣ ਕੇ ਮੈਨੂੰ ਯਕੀਨ ਹੁੰਦਾ ਹੈ ਕਿ ਅੱਜ ਦੀ ਪੀੜ੍ਹੀ ਨੂੰ ਵੀ ਇਹ ਫਿਲਮ ਜ਼ਰੂਰ ਪਸੰਦ ਆਵੇਗੀ।

ਸਤੀਸ਼ ਸ਼ਾਹ, ਅਦਾਕਾਰ

ਮੈਨੂੰ ਯਾਦ ਹੈ ਕਿ ਇਸ ਫਿਲਮ ਲਈ ਮੈਨੂੰ ਪੰਜ ਹਜ਼ਾਰ ਰੁਪਏ ਮਿਲੇ ਸੀ। ਫਿਲਮ ਲਈ ਸਭ ਤੋਂ ਵੱਧ 15 ਹਜ਼ਾਰ ਰੁਪਏ ਨਸੀਰੂਦੀਨ ਸ਼ਾਹ ਨੂੰ ਮਿਲੇ ਸੀ ਕਿਉਂਕਿ ਉਹ ਉਸ ਵੇਲੇ ਖਾਸਾ ਨਾਮ ਕਮਾ ਚੁਕੇ ਸੀ।

kundan shah

ਅਸੀਂ ਸਾਰੇ ਫਿਲਮ ਲਈ ਕੰਮ ਕਰਨ ਨੂੰ ਇਸ ਲਈ ਤਿਆਰ ਹੋ ਗਏ ਕਿਉਂਕਿ ਜ਼ਿਆਦਾਤਰ ਕਲਾਕਾਰ ਉਸ ਵੇਲੇ ਨਵੇਂ ਸੀ। ਉਸ ਵੇਲੇ ਕਿਸੇ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ ਸੀ। ਉਹ ਅੰਗ੍ਰੇਜ਼ੀ 'ਚ ਕਹਾਵਤ ਹੈ ਨਾ 'ਬੈਗਰਸ ਕਾਂਟ ਬੀ ਚੂਸਰਸ'।

ਸਾਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਮਹਾਨ ਫਿਲਮ ਬਣਨ ਜਾ ਰਹੀ ਹੈ।

ਅੱਜ ਦੇ ਦੌਰ ਵਿੱਚ ਅਜਿਹੀ ਫਿਲਮ ਦਾ ਬਣਨਾ ਲਗਭਦ ਨਾਮੁਮਕਿਨ ਹੈ। ਹੁਣ ਕਿੱਥੇ ਕਲਾਕਾਰ ਸ਼ੂਟਿੰਗ ਲਈ ਇੰਨਾ ਸਮਾਂ ਕੱਢ ਪਾਉਂਦੇ ਹਨ। ਫਿਲਮ ਦੀ ਕਹਾਣੀ, ਸਕਰੀਨ ਪਲੇਅ, ਨਿਰਦੇਸ਼ਨ ਸਾਰਾ ਕਮਾਲ ਦਾ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)