ਬਲਾਤਕਾਰ ਮਾਮਲਾ: ਜਲੰਧਰ ਦੇ ਬਿਸ਼ਪ ਮੁਲੱਕਲ ਖ਼ਿਲਾਫ਼ ਕਾਰਵਾਈ ਮੰਗਣ ਵਾਲਿਆਂ ਨੂੰ ਚਰਚ ਦੀ ਚਿਤਾਵਨੀ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਪੰਜਾਬ ਦੇ ਇੱਕ ਪਾਦਰੀ ਉੱਪਰ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਅਸਰ ਕੇਰਲ ਵਿੱਚ ਅੱਜ ਵੀ ਸਾਫ ਨਜ਼ਰ ਆ ਰਿਹਾ ਹੈ।

ਸ਼ਿਕਾਇਤ ਕਰਨ ਵਾਲੀ ਨਨ ਦਾ ਸਾਥ ਦੇਣ ਲਈ ਇੱਕ ਨਨ ਨੂੰ ਚਰਚ ਵੱਲੋਂ ਵਾਰਨਿੰਗ ਲੈਟਰ ਮਿਲਿਆ ਹੈ, ਜਦ ਕਿ ਇੱਕ ਪਾਦਰੀ ਨੂੰ ਨੋਟਿਸ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਵੀ ਆਰੋਪੀ ਪਾਦਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਮੁਜ਼ਾਹਰੇ ਦਾ ਇੰਤਜ਼ਾਮ ਕੀਤਾ ਸੀ।

ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਇੱਕ ਨਨ ਨਾਲ 2014 ਤੋਂ 2016 ਵਿਚਕਾਰ 13 ਵਾਰ ਬਲਾਤਕਾਰ ਦੇ ਇਲਜ਼ਾਮ 'ਚ ਕੁਝ ਦਿਨਾਂ ਲਈ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਬਿਸ਼ਪ ਨੇ ਕਿਹਾ ਸੀ, "ਮੇਰੇ ਉੱਤੇ ਜੋ ਦੋਸ਼ ਲੱਗੇ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਵਿੱਚ ਰੱਤੀ ਵੀ ਸੱਚਾਈ ਨਹੀਂ ਹੈ।"

ਜੂਨ 2018 ਵਿੱਚ ਇਸ 44-ਸਾਲਾ ਨਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਖਿਆ ਸੀ ਕਿ ਕੈਥੋਲਿਕ ਚਰਚ ਉਸ ਦੀਆਂ ਅਰਜ਼ੀਆਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ।

ਇਹ ਵੀ ਜ਼ਰੂਰ ਪੜ੍ਹੋ

ਚਰਚ ਵੱਲੋਂ ਹੁਣ ਉਸ ਨਨ ਦਾ ਸਾਥ ਦੇਣ ਵਾਲੇ ਸਿਸਟਰ ਲੂਸੀ ਕਲੱਪੁਰਾ ਅਤੇ ਫ਼ਾਦਰ ਔਗਸਟੀਨ ਵਾਤੋਲੀ ਨੂੰ ਭੇਜੀਆਂ ਗਈਆਂ ਚਿੱਠੀਆਂ ਤੋਂ ਬਾਅਦ ਇੱਕ ਨਾਰੀਵਾਦੀ ਧਾਰਮਿਕ ਮਾਹਿਰ ਨੇ ਸਵਾਲ ਚੁੱਕਿਆ: ਕੀ ਚਰਚ ਹਮੇਸ਼ਾ ਸਵਾਲ ਚੁੱਕਣ ਵਾਲੇ ਬਾਲਗਾਂ ਨੂੰ ਵੀ ਭੇਡਾਂ ਵਾਂਗ ਬਣਾਉਣ ਦੀ ਕੋਸ਼ਿਸ਼ ਕਰਦੀ ਰਹੇਗੀ?

ਚਿੱਠੀ ਵਿੱਚ ਸਿਸਟਰ ਲੂਸੀ ਨੂੰ "ਆਗਿਆਕਾਰੀ ਵਰਤਾਰੇ ਦੇ ਘੋਰ ਉਲੰਘਣਾ" ਲਈ ਤਲਬ ਕੀਤਾ ਗਿਆ ਸੀ ਪਰ ਉਹ ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੇ ਸੁਪੀਰੀਅਰ ਜਨਰਲ ਸਾਹਮਣੇ ਪੇਸ਼ ਨਹੀਂ ਹੋਏ।

ਸਿਸਟਰ ਲੂਸੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਮੈਂ ਨਹੀਂ ਮੰਨਦੀ ਕਿ ਮੈਂ ਕੁਝ ਗਲਤ ਕੀਤਾ ਹੈ। ਸਿਸਟਰ (ਜਿਸ ਨੇ ਬਿਸ਼ਪ ਉੱਪਰ ਰੇਪ ਦੇ ਇਲਜ਼ਾਮ ਲਗਾਏ ਹਨ) ਨੂੰ ਸਮਰਥਨ ਕਰ ਕੇ ਮੈਂ ਸਗੋਂ ਬਹੁਤ ਸਹੀ ਕੀਤਾ। ਸਾਰੀਆਂ ਹੀ ਸਿਸਟਰਜ਼ ਨੂੰ ਉਸ ਮੁਜ਼ਾਹਰੇ ਵਿੱਚ ਭਾਗ ਲੈਣਾ ਚਾਹੀਦਾ ਸੀ। ਗਲਤੀ ਉਨ੍ਹਾਂ ਦੀ ਹੈ, ਮੇਰੀ ਨਹੀਂ।"

ਨਾਲ ਹੀ ਉਨ੍ਹਾਂ ਕਿਹਾ, "ਉਹ ਜੋ ਚਾਹੁੰਦੇ ਹਨ ਉਹ ਕਰ ਲੈਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ।"

ਸਿਸਟਰ ਲੂਸੀ ਨੇ ਕੀਤਾ ਕੀ ਸੀ? 'ਮਿਸ਼ਨਰੀਜ਼ ਆਫ ਜੀਜ਼ਸ' ਨਾ ਦੀ ਸੰਸਥਾ ਦੀਆਂ ਹੋਰ ਸਿਸਟਰਜ਼ ਸਮੇਤ ਲੂਸੀ ਨੇ ਵੀ ਸਤੰਬਰ ਵਿੱਚ ਕੋਚੀ ਸ਼ਹਿਰ ਵਿਖੇ ਹੋਏ ਮੁਜ਼ਾਹਰੇ ਵਿੱਚ ਹਿਸਾ ਲਿਆ ਸੀ।

ਇਹ ਪ੍ਰਦਰਸ਼ਨ ਅਸਲ ਵਿੱਚ 'ਸੇਵ ਆਰ ਸਿਸਟਰਜ਼' ਨਾਂ ਦੀ ਇੱਕ ਕਮੇਟੀ ਨੇ ਰੱਖਿਆ ਸੀ ਕਿਉਂਕਿ ਪੀੜਤ ਨਨ ਨੂੰ ਚਰਚ ਦੇ ਸਰਬ-ਉੱਚ ਅਦਾਰਿਆਂ ਵਿੱਚ ਵੀ ਕੋਈ ਸਾਥ ਨਹੀਂ ਮਿਲ ਰਿਹਾ ਸੀ।

ਚਰਚ ਦੀ ਵਿਵਸਥਾ ਅਨੁਸਾਰ ਅਜਿਹੀਆਂ ਸ਼ਿਕਾਇਤਾਂ ਚਰਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਦੁਆਰਾ ਪੁਲਿਸ ਨੂੰ ਭੇਜੀਆਂ ਜਾਂਦੀਆਂ ਹਨ।

ਇਹ ਵੀ ਜ਼ਰੂਰ ਪੜ੍ਹੋ

ਮੁਜ਼ਾਹਰਿਆਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਿਸ਼ਨਰੀਜ਼ ਆਫ ਜੀਜ਼ਸ ਵਿੱਚ ਪੀੜਤ ਨਨ ਨਾਲ ਰਹੀਆਂ ਪੰਜ ਨਨਜ਼ ਨੇ ਇਰਨਾਕੁਲਮ ਵਿੱਚ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਜਦੋਂ ਪੁਲਿਸ ਨੇ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਐਲਾਨੀ ਤਾਂ 22 ਸਤੰਬਰ ਨੂੰ ਪ੍ਰਦਰਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ। ਮੁਲੱਕਲ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਅਤੇ ਇਸ ਵੇਲੇ ਉਹ ਮੁੜ ਜਲੰਧਰ 'ਚ ਹਨ ਜਿੱਥੇ ਸਥਾਨਕ ਚਰਚ ਵੱਲੋਂ ਉਨ੍ਹਾਂ ਦਾ ਵੱਡਾ ਸੁਆਗਤ ਵੀ ਕੀਤਾ ਗਿਆ ਸੀ।

ਕਈ ਦਿਨਾਂ ਤਕ ਕੁਝ ਖਾਸ ਨਹੀਂ ਹੋਇਆ ਪਰ ਫਿਰ, 11 ਨਵੰਬਰ ਨੂੰ ਫ਼ਾਦਰ ਔਗਸਟੀਨ ਨੂੰ ਚਰਚ ਵੱਲੋਂ ਨੋਟਿਸ ਮਿਲਿਆ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਆਪਣੇ ਸੰਬੰਧਾਂ ਬਾਰੇ ਸਫਾਈ ਦੇਣ।

ਫ਼ਾਦਰ ਔਗਸਟੀਨ ਨੇ ਬਦਲੇ 'ਚ ਕਿਹਾ ਕਿ ਇਹ ਪ੍ਰਦਰਸ਼ਨ ਤਾਂ ਅਸਲ ਵਿੱਚ ਚਰਚ ਦੇ ਖ਼ਿਲਾਫ਼ ਨਹੀਂ ਸਗੋਂ ਇਸ ਇਮੇਜ ਨੂੰ ਹੋਰ ਵੀ ਬਿਹਤਰ ਕਰਨ ਲਈ ਸਨ। ਇਸ ਜਵਾਬ ਉੱਪਰ, ਨੋਟਿਸ ਭੇਜਣ ਵਾਲੇ ਇਰਨਾਕੁਲਮ ਦੇ ਬਿਸ਼ਪ ਜੇਕਬ ਨੇ ਫ਼ਾਦਰ ਔਗਸਟੀਨ ਨੂੰ ਸੇਵ ਆਰ ਸਿਸਟਰਜ਼ ਨਾਲ ਰਿਸ਼ਤੇ ਤੋੜਨ ਦਾ ਹੁਕਮ ਦੇ ਦਿੱਤਾ।

ਰਸਮੀ ਤੌਰ ਤੇ ਅਜੇ ਫ਼ਾਦਰ ਔਗਸਟੀਨ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ। ਉਨ੍ਹਾਂ ਬੀਬੀਸੀ ਨੂੰ ਆਖਿਆ, "ਮੈਂ ਅਜੇ ਜਵਾਬ ਦੇਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਸਾਈਨੋਡ (ਚਰਚ ਦੇ ਉੱਚ ਪਾਦਰੀਆਂ ਦਾ ਸੰਮੇਲਨ) 18 ਜਨਵਰੀ ਤਕ ਚੱਲੇਗਾ।" ਸਾਈਨੋਡ ਫਿਲਹਾਲ ਜਾਰੀ ਹੈ।

ਪਰ ਫ਼ਾਦਰ ਔਗਸਟੀਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਤੇ ਸਿਸਟਰ ਲੂਸੀ ਨੂੰ ਭੇਜੀਆਂ ਗਈਆਂ ਇਹ ਚਿਠੀਆਂ ਕ੍ਰਿਸਮਸ ਵੇਲੇ ਰੋਮਨ ਕੈਥੋਲਿਕ ਚਰਚ ਦੇ ਸਰਬ-ਉੱਚ ਧਰਮ ਗੁਰੂ, ਪੋਪ ਫਰਾਂਸਿਸ ਵੱਲੋਂ ਦਿੱਤੇ ਸੰਦੇਸ਼ ਦੇ ਖ਼ਿਲਾਫ਼ ਹਨ।

"ਪੋਪ ਫਰਾਂਸਿਸ ਨੇ ਸਾਫ਼ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਸਿਰਫ ਸ਼ੋਸ਼ਣ ਹੀ ਨਹੀਂ ਸਗੋਂ ਇਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਇੱਥੇ ਕੇਰਲ ਵਿੱਚ ਜਿਨਸੀ ਸ਼ੋਸ਼ਣ ਖ਼ਿਲਾਫ਼ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਹੈ ਜਿਸ ਤੋਂ ਲੱਗੇ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"

ਫਾਦਰ ਔਗਸਟੀਨ ਨੇ ਕਿਹਾ ਕਿ ਅਸਲ ਵਿੱਚ ਚਰਚ ਦੀ ਲੀਡਰਸ਼ਿਪ ਡਰਦੀ ਹੈ ਕਿ ਕੋਈ ਨਨ ਕੱਲ੍ਹ ਨੂੰ ਇਸ "ਗੁਲਾਮੀ ਪ੍ਰਥਾ" ਉੱਪਰ ਸਵਾਲ ਨਾ ਪੁੱਛ ਲਵੇ। "ਆਗਿਆਕਾਰੀ ਹੋਣ ਦੇ ਨਾਂ 'ਤੇ ਕੋਈ ਵੀ ਨਨ ਨਾ ਤਾਂ ਕੋਈ ਸਵਾਲ ਪੁੱਛ ਸਕਦੀ ਹੈ, ਨਾ ਆਜ਼ਾਦੀ ਨਾਲ ਜੀ ਸਕਦੀ ਹੈ।"

ਉਦਾਹਰਣ ਸਾਹਮਣੇ ਹੀ ਪਿਆ ਹੈ। ਸਿਸਟਰ ਲੂਸੀ ਨੂੰ ਮਿਲਿਆ ਵਾਰਨਿੰਗ ਲੈਟਰ ਉਨ੍ਹਾਂ ਨੂੰ ਮਈ 2015 ਦੇ ਇੱਕ ਤਬਾਦਲੇ ਦੇ ਹੁਕਮ ਨੂੰ ਨਾ ਮੰਨਣ ਬਾਰੇ ਗੱਲ ਕਰਦਾ ਹੈ।

ਨਾਲ ਹੀ ਇਹ ਲੈਟਰ ਉਨ੍ਹਾਂ ਵੱਲੋਂ ਆਪਣੀਆਂ ਕਵਿਤਾਵਾਂ ਦੀ ਇੱਕ ਕਿਤਾਬ ਛਪਵਾਉਣ ਬਾਰੇ, ਕਾਰ ਚਲਾਉਣਾ ਸਿੱਖਣ ਬਾਰੇ, ਡਰਾਈਵਿੰਗ ਲਾਇਸੈਂਸ ਲੈਣ ਬਾਰੇ ਅਤੇ ਫਿਰ ਕਾਰ ਖਰੀਦਣ ਬਾਰੇ ਵੀ ਸਫਾਈ ਮੰਗਦਾ ਹੈ।

ਫ੍ਰਾਂਸਿਸਕਨ ਕਲੇਰਿਸਟ ਕੋਨਗ੍ਰਿਗੇਸ਼ਨ ਦੀ ਸੁਪੀਰੀਅਰ ਜਨਰਲ, ਸਿਸਟਰ ਐਨ ਜੋਸਫ਼ ਵੱਲੋਂ ਭੇਜੀ ਇਸ ਚਿੱਠੀ ਮੁਤਾਬਕ ਇਹ ਸਭ "ਆਗਿਆ ਮੰਨਣ ਦੀ ਸਹੁੰ ਦੀਆਂ ਘੋਰ ਉਲੰਘਣਾਵਾਂ" ਹਨ।

ਸਿਸਟਰ ਲੂਸੀ ਨੂੰ 20 ਸਤੰਬਰ ਦੇ ਪ੍ਰਦਰਸ਼ਨ 'ਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ। ਕੁਝ "ਗੈਰ-ਈਸਾਈ" ਅਖਬਾਰਾਂ ਤੇ ਰਸਾਲਿਆਂ ਵਿੱਚ ਲੇਖ ਲਿਖਣ ਅਤੇ ਟੀਵੀ ਉੱਤੇ ਬਹਿਸਾਂ ਵਿੱਚ ਹਿੱਸਾ ਲੈਣ ਬਾਰੇ ਵੀ ਪੁੱਛਿਆ ਗਿਆ ਹੈ।

ਸਿਸਟਰ ਲੂਸੀ ਦਾ ਜਵਾਬ ਸੀ, "ਇਹ ਮੇਰਾ ਮਨੁੱਖੀ ਅਧਿਕਾਰ ਹੈ।"

'ਅਸਲ ਕਾਰਨ'

ਫ਼ਾਦਰ ਔਗਸਟੀਨ ਮੁਤਾਬਕ, "ਜੀਜ਼ਸ ਕਰਾਈਸਟ ਵੱਲ ਆਗਿਆ ਹੋਣ ਨੂੰ ਹੁਣ ਚਰਚ ਵੱਲ ਆਗਿਆਕਾਰੀ ਹੋਣ ਵਜੋਂ ਵੇਖਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਕੋਈ ਕੈਥੋਲਿਕ ਚਰਚ ਦੇ ਹੇਠਾਂ ਕਿਉ ਲੱਗੇ? ਔਰਤਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਇਨਸਾਨਾਂ ਵਜੋਂ ਵਰਤਾਰਾ ਮਿਲਦਾ ਹੈ ਜਦ ਕਿ ਜੀਜ਼ਸ ਸਾਹਮਣੇ ਮਰਦ ਤੇ ਔਰਤ ਵਿਚਕਾਰ ਕੋਈ ਫਰਕ ਨਹੀਂ ਹੈ। ਪਾਦਰੀ ਅਤੇ ਨਨ ਵਿੱਚ ਵੀ ਕੋਈ ਫਰਕ ਨਹੀਂ ਹੈ।"

ਇਹ ਵੀ ਜ਼ਰੂਰ ਪੜ੍ਹੋ

ਨਾਰੀਵਾਦੀ ਧਰਮ-ਵਿਗਿਆਨੀ ਕੋਚੁਰਾਨੀ ਅਬ੍ਰਾਹਮ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਭਾਰਤ ਅਤੇ ਹੋਰਨਾਂ ਥਾਵਾਂ 'ਤੇ ਵੀ ਕੈਥੋਲਿਕ ਚਰਚ ਇੱਕ ਬੇਹੱਦ ਕਲੈਰਿਕਲ ਦਰਜਾਬੰਦੀ ਵਾਲਾ ਅਦਾਰਾ ਹੈ। ਇਹੀ ਮੁੱਖ ਮੁੱਦਾ ਹੈ। ਧਰਮ ਵਿੱਚ ਨਿਯਮ ਹਨ ਕਿ ਕੋਈ ਵੀ ਪਾਦਰੀ ਜਾਂ ਨਨ ਕਿਵੇਂ ਆਪਣਾ ਜੀਵਨ ਜੀਏਗਾ। ਇੱਥੇ ਮਰਦ ਜਾਂ ਪਾਦਰੀ ਤਾਂ ਇਸ ਦਰਜਾਬੰਦੀ ਵਿੱਚ ਇੱਕ ਹਿੱਸਾ ਹਨ ਪਰ ਔਰਤਾਂ ਬਾਹਰ ਹਨ।"

ਕਈ ਸਾਲ ਪਹਿਲਾਂ ਨਨ ਵਜੋਂ ਜੀਵਨ ਵਿਸਾਰ ਚੁੱਕੀ ਕੋਚੁਰਾਨੀ ਨੇ ਅੱਗੇ ਕਿਹਾ, "ਪੂਰੀ ਮਾਨਸਿਕਤਾ ਹੀ ਮਰਦ-ਪ੍ਰਧਾਨ ਹੈ।"

ਸਿਸਟਰ ਲੂਸੀ ਬਾਰੇ ਉਨ੍ਹਾਂ ਕਿਹਾ, "ਉਨ੍ਹਾਂ (ਲੂਸੀ) ਨੇ ਤਾਂ (ਕੇਰਲ ਵਿੱਚ ਕੁਝ ਦਿਨ ਪਹਿਲਾਂ ਲਿੰਗਕ ਬਰਾਬਰੀ ਲਈ ਬਣਾਈ ਗਈ) 'ਵਿਮੈਨਜ਼ ਵਾਲ' (ਔਰਤਾਂ ਦੀ ਦੀਵਾਰ) ਵਿੱਚ ਸਲਵਾਰ-ਕਮੀਜ਼ ਪਹਿਨ ਕੇ ਹਿੱਸਾ ਵੀ ਲਿਆ ਸੀ।"

"ਇਸ ਲਈ ਵੀ ਕੋਨਗ੍ਰਿਗੇਸ਼ਨ ਨੂੰ ਲੱਗਿਆ ਕਿ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਮਰਦਾਂ ਨੂੰ ਅਜਿਹੇ ਧਰਮ-ਨਿਰਪੱਖ ਕੱਪੜੇ ਪਹਿਨਣ ਦੀ ਆਜ਼ਾਦੀ ਹੈ।"

ਕੋਚੁਰਾਨੀ ਮੁਤਾਬਕ ਇਹ ਪੁਰਾਣੇ ਧਾਰਮਕ ਨਿਯਮ ਭਾਰਤ ਵਿੱਚ ਜ਼ਿਆਦਾ ਮੰਨੇ ਜਾਂਦੇ ਹਨ ਜਦਕਿ ਯੂਰੋਪ ਅਤੇ ਅਮਰੀਕਾ ਵਿੱਚ ਚਰਚ ਜ਼ਿਆਦਾ ਖੁਲ੍ਹੇ ਦਿਮਾਗ ਨਾਲ ਚੱਲਣ ਲੱਗੀ ਹੈ। "ਇੱਥੇ ਤਾਂ ਭੇਡਾਂ ਬਣਾਉਣਾ ਚਾਹੁੰਦੇ ਹਨ।"

ਕੋਚੁਰਾਨੀ ਦੀ ਸਲਾਹ ਹੈ ਕਿ ਚਰਚ ਨੂੰ ਇੱਕ ਅਦਾਰੇ ਵਜੋਂ ਹੁਣ ਪਾਦਰੀਆਂ ਅਤੇ ਨਨਜ਼ ਨਾਲ ਗੱਲਬਾਤ ਕਰਨੀ ਚਾਹੀਦੀ ਹੈ। "ਸਮਾਂ ਆ ਗਿਆ ਹੈ ਕਿ ਚਰਚ ਔਰਤਾਂ ਨੂੰ ਵੀ ਬਾਲਗਾਂ ਵਜੋਂ ਵੇਖੇ।"

ਪਰ ਕੀ ਸਿਸਟਰ ਲੂਸੀ ਅਤੇ ਫ਼ਾਦਰ ਔਗਸਟੀਨ ਖ਼ਿਲਾਫ਼ ਕਾਰਵਾਈ ਨਾਲ ਚਰਚ ਨੂੰ ਜਨਤਕ ਤੌਰ ਤੇ ਕੋਈ ਸਮੱਸਿਆ ਆਵੇਗੀ?

ਇਸ ਬਾਰੇ ਇੱਕ ਚਰਚ ਦੇ ਰਸਾਲੇ 'ਲਾਈਟ ਆਫ ਟਰੂਥ" ਦੇ ਸੰਪਾਦਕ, ਫ਼ਾਦਰ ਪੌਲ ਥਿਲੇਕਟ ਦਾ ਕਹਿਣਾ ਹੈ, "ਇਹ ਕੋਈ ਆਦਰਸ਼ ਤਸਵੀਰ ਤਾਂ ਨਹੀਂ ਪੇਸ਼ ਕਰਦਾ... ਜਦੋਂ ਕੋਈ ਵੀ ਨਿਆਂ ਲਈ ਖੜ੍ਹਦਾ ਹੈ ਤਾਂ ਦਬਾਅ ਪੈਂਦਾ ਹੀ ਹੈ, ਇਹੀ ਆਮ ਤੌਰ 'ਤੇ ਹੁੰਦਾ ਹੈ। ਜੀਜ਼ਸ ਵੀ ਇਸੇ ਨਾਲ ਜੀਏ, ਇਸੇ ਨਾਲ ਮਰੇ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)