ਪਾਕਿਸਤਾਨ 'ਚ ਵਿਆਹੀ ਭਾਰਤੀ ਨਾਗਰਿਕ ਲਾਪਤਾ

    • ਲੇਖਕ, ਕਰਾਚੀ ਤੋਂ ਸ਼ੁਮਾਇਲਾ ਜ਼ਾਫ਼ਰੀ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ

ਭਾਰਤੀ ਨਾਗਰਿਕ ਅਤੇ ਪਾਕਿਸਤਾਨ ਵਿੱਚ ਵਿਆਹੀ ਜਿਵੀਬੇਨ ਪ੍ਰਤਾਪ ਹਿਰਾਨੀ 3 ਜਨਵਰੀ ਨੂੰ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਪਹੁੰਚੀ ਸੀ, ਜਿੱਥੋਂ ਉਹ ਲਾਪਤਾ ਹੋ ਗਈ।

ਜਿਵੀਬੇਨ ਪਾਕਿਸਤਾਨ ਦੇ ਕਰਾਚੀ ਵਿੱਚ ਵਿਆਹੀ ਹੋਈ ਹੈ ਅਤੇ ਉਹ ਭਾਰਤ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਆਈ ਸੀ।

ਜਿਵੀਬੇਨ ਦੇ ਰਿਸ਼ਤੇਦਾਰ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ 4 ਜਨਵਰੀ ਨੂੰ ਅੱਟਾਰੀ-ਦਿੱਲੀ ਟ੍ਰੇਨ ਜ਼ਰੀਏ ਦਿੱਲੀ ਪਹੁੰਚਣਾ ਸੀ।

ਪਰ ਜਿਵੀਬੇਨ ਦੇ ਨਾ ਪਹੁੰਚਣ 'ਤੇ ਉਹ ਉਸਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਗਏ। ਉਸਦੇ ਨਾ ਮਿਲਣ 'ਤੇ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਹੀ FIR ਦਰਜ ਕਰਵਾਈ।

ਰੇਲਵੇ ਪੁਲਿਸ ਦੇ AIG ਦਲਜੀਤ ਸਿੰਘ ਰਾਣਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਜਨਵਰੀ ਨੂੰ ਜਿਵੀਬੇਨ ਦੇ ਰਿਸ਼ਤੇਦਾਰਾਂ ਵੱਲੋਂ ਲਾਪਤਾ ਦੀ ਰਿਪੋਰਟ ਦਰਜ ਕਰਵਾਈ ਗਈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਅਧਿਕਾਰੀ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਿਵੀਬੇਨ ਦੇ ਪਤੀ ਅਮਰਸੀ ਪ੍ਰਤਾਪ ਹਿਰਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਵਾਹਗਾ ਛੱਡ ਕੇ ਆਏ ਸਨ ਅਤੇ ਉਨ੍ਹਾਂ ਸਾਰੀਆਂ ਸਵਾਰੀਆਂ ਦੀ ਸੂਚੀ ਦੇਖੀ ਸੀ ਜਿਹੜੀਆਂ ਸਮਝੌਤਾ ਐਕਸਪ੍ਰੈੱਸ ਜ਼ਰੀਏ ਅਟਾਰੀ ਜਾ ਰਹੀਆਂ ਸਨ।

ਜਿਵੀਬੇਨ ਦਾ ਨਾਮ ਵੀ ਉਸ ਸੂਚੀ ਵਿੱਚ ਸੀ ਪਰ ਉਸਦੇ ਪਰਿਵਾਰ ਨੂੰ ਜਿਵੀਬੇਨ ਦਿੱਲੀ ਵਿੱਚ ਨਹੀਂ ਮਿਲੀ, ਜਿੱਥੇ ਉਹ ਉਸਦੀ ਉਡੀਕ ਕਰ ਰਹੇ ਸਨ।

ਜਿਵੀਬੇਨ ਗੁਜਰਾਤ ਦੇ ਜਾਮਨਗਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਕਰਾਚੀ ਵਿੱਚ ਵਿਆਹੀ ਹੋਈ ਹੈ।

ਅਮਰਸੀ ਨੇ ਦੱਸਿਆ ਕਿ 10 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲਿਆ ਇਸ ਲਈ ਜਿਵੀਬੇਨ ਇਕੱਲੀ ਹੀ ਗਈ ਸੀ।

ਦੀਪਕ ਨੇ ਦੱਸਿਆ ਕਿ ਸੀਸੀਟੀ ਫੂਟੇਜ ਤੋਂ ਪਤਾ ਲੱਗਿਆ ਹੈ ਕਿ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਾਂ ਪਹੁੰਚੀ ਸੀ ਪਰ ਉਸ ਤੋਂ ਬਾਅਦ ਗੁਆਚ ਗਈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)