ਸਾਇੰਸ ਕਾਂਗਰਸ: 'ਤੰਤਰ-ਮੰਤਰਾਂ ਨਾਲ ਲੜਾਈ ਅਖ਼ੀਰ ਵਿੱਚ ਵਿਗਿਆਨ ਹੀ ਜਿੱਤੇਗਾ- ਨਜ਼ਰੀਆ

    • ਲੇਖਕ, ਲਾਲਟੂ
    • ਰੋਲ, ਪ੍ਰੋਫੈਸਰ, ਆਈਆਈਟੀ ਹੈਦਰਾਬਾਦ

ਹਿੰਦੁਸਤਾਨ ਦੇ ਕਈ ਹੋਰ ਮੁੱਦਿਆਂ ਦੀ ਤਰ੍ਹਾਂ ਵਿਗਿਆਨ ਵੀ ਧੜਿਆਂ ਵਿੱਚ ਵੰਡਿਆ ਹੋਇਆ ਹੈ।

ਬੈਂਗਲੌਰ, ਦਿੱਲੀ ਅਤੇ ਇਲਾਹਾਬਾਦ ਦੀਆਂ ਤਿੰਨ ਅਕਾਦਮੀਆਂ ਹਨ ਅਤੇ ਸਭ ਤੋਂ ਪੁਰਾਣੀ ਬਰਾਦਰੀ ਭਾਰਤੀ ਵਿਗਿਆਨ ਕਾਂਗਰਸ ਦੀ ਹੈ, ਜਿਸ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਅਤੇ ਸਾਰੇ ਮੁਲਕ ਵਿੱਚ ਇਸ ਦੀਆਂ ਸ਼ਾਖਾਵਾਂ ਹਨ।

ਬਸਤੀਵਾਦੀ ਹਕੂਮਤ ਦੇ ਨਾਲ ਆਧੁਨਿਕ ਵਿਗਿਆਨ ਦੀ ਹਿੰਦੋਸਤਾਨ ਵਿੱਚ ਆਮਦ ਹੋਈ, ਇਸ ਦੀ ਦਿਸ਼ਾ ਬ੍ਰਿਟਿਸ਼ ਵਿਗਿਆਨੀਆਂ ਨੇ ਤੈਅ ਕੀਤੀ। ਭਾਰਤੀ ਵਿਗਿਆਨੀਆਂ ਨੇ ਜਲਦੀ ਹੀ ਵਾਗ਼ਡੋਰ ਸੰਭਾਲ ਲਈ। ਇਨ੍ਹਾਂ ਵਿੱਚੋਂ ਕਈ ਰਾਸ਼ਟਰਵਾਦੀ ਝੁਕਾਅ ਦੇ ਸਨ।

ਵਡੇਰੇ ਸਮਾਜ ਦੀਆਂ ਜਾਤਾਂ, ਜਮਾਤਾਂ ਅਤੇ ਜਿਣਸਾਂ ਦੇ ਸਮੀਕਰਨਾਂ ਵਿੱਚ ਉਲਝਿਆ ਵਿਗਿਆਨ ਤਰੱਕੀ ਕਰਦਾ ਰਿਹਾ। ਆਜ਼ਾਦੀ ਮਿਲਣ ਤੱਕ ਬਹੁਤ ਘੱਟ ਔਰਤਾਂ ਨੂੰ ਵਿਗਿਆਨੀਆਂ ਵਜੋਂ ਨੌਕਰੀ ਮਿਲੀ। ਅਜੇ ਵੀ ਉਨ੍ਹਾਂ ਦੀ ਤਾਦਾਦ ਘੱਟ ਹੀ ਹੈ।

ਇਹ ਵੀ ਪੜ੍ਹੋ:

ਮੁਲਕ ਬਦਲ ਰਿਹਾ ਹੈ, ਨਾਲ ਹੀ ਭਾਰਤੀ ਵਿਗਿਆਨ ਬਦਲ ਰਿਹਾ ਹੈ, ਹਾਲਾਂਕਿ ਖਾਸ ਤੌਰ 'ਤੇ ਉਪਰਲੇ ਤਬਕਿਆਂ ਵਿੱਚ ਇਸ ਦਾ ਵਿਰੋਧ ਵੀ ਬੜਾ ਹੋ ਰਿਹਾ ਹੈ।

ਭਾਰਤੀ ਵਿਗਿਆਨ ਕਾਂਗਰਸ ਦੇ ਸਾਲਾਨਾ ਇਕੱਠ ਵਿੱਚ ਕਿਤੇ ਜ਼ਿਆਦਾ ਲੋਕ ਸ਼ਾਮਲ ਹੋ ਰਹੇ ਹਨ ਅਤੇ ਨਾਲ ਹੀ ਖੋਜ ਤੋਂ ਲੱਭੀਆਂ ਕਾਢਾਂ ਵਿੱਚ ਵੀ ਵੰਨ-ਸਵੰਨਤਾ ਦਿਸ ਰਹੀ ਹੈ।

ਪ੍ਰਾਚੀਨ ਭਾਰਤ ਅਤੇ ਆਧੁਨਿਕ ਵਿਗਿਆਨ

ਕਈ ਦਹਾਕੇ ਪਹਿਲਾਂ ਤੋਂ ਹੀ, ਖਾਸ ਤੌਰ 'ਤੇ ਭਾਰਤੀ ਵਿਗਿਆਨ ਦੇ ਉਤਲੇ ਤਬਕਿਆਂ ਦੀਆਂ ਨਜ਼ਰਾਂ ਵਿੱਚ ਇਹ ਮਾਣ ਗਵਾ ਚੁੱਕਿਆ ਹੈ ਅਤੇ ਕਈ ਤਾਂ ਇਸ ਨੂੰ 'ਸਾਲਾਨਾ ਮੇਲਾ' ਕਹਿੰਦੇ ਹਨ।

ਅਕਾਦਮੀ ਦੇ ਇਕੱਠਾਂ ਵਿੱਚ ਤੰਤਰ-ਮੰਤਰ ਦੀਆਂ ਫੈਲਸੂਫ਼ੀਆ ਚਰਚਾਵਾਂ ਵਿੱਚ ਆ ਜਾਂਦੀਆਂ ਹਨ ਪਰ ਵਿਗਿਆਨ ਕਾਂਗਰਸ ਦੇ ਇਕੱਠਾਂ ਵਿੱਚ ਇਹ ਜ਼ਿਆਦਾ ਸਿੱਧੇ ਤੌਰ ਨਾਲ ਅਤੇ ਵੱਡੀ ਤਾਦਾਦ ਵਿੱਚ ਦਿਸਦਾ ਹੈ।

ਹੁਣ ਤਾਂ ਦਿੱਲੀ ਵਿੱਚ ਵੀ ਸੱਤਾਧਾਰੀ ਪਾਰਟੀ ਅੰਟ-ਸ਼ੰਟ ਗੱਲਾਂ ਦੀ ਚੈਂਪੀਅਨ ਹੈ ਅਤੇ ਸਾਲਾਨਾ ਇਕੱਠ ਵਿੱਚ ਪ੍ਰਧਾਨ ਮੰਤਰੀ ਦਾ ਬੋਲਣਾ ਰਵਾਇਤ ਹੈ। ਹੁਣ ਖ਼ਬਰਾਂ ਵਿੱਚ ਪੁਰਾਣੇ ਭਾਰਤ ਅਤੇ ਆਧੁਨਿਕ ਵਿਗਿਆਨ ਵਿੱਚ ਰਿਸ਼ਤਿਆਂ ਦੇ ਦਾਅਵੇ ਵਧੇਰੇ ਦਿਖਣ ਲੱਗ ਪਏ ਹਨ ਪਰ ਹਮੇਸ਼ਾ ਹੀ ਇਹ ਮੌਜੂਦ ਸਨ।

ਜੇ ਅਸੀਂ ਸੋਚੀਏ ਕਿ ਇਹ ਅਚਾਨਕ ਮੂਹਰੇ ਆ ਗਏ ਹਨ, ਤਾਂ ਇਹ ਗ਼ਲਤ ਸੋਚ ਹੋਵੇਗੀ। ਪਹਿਲਾਂ ਗੰਭੀਰ ਵਿਗਿਆਨੀ ਇਨ੍ਹਾਂ ਨੂੰ ਘਟੀਆ ਸਮਝ ਕੇ ਅਤੇ ਇਹ ਸੋਚ ਕੇ ਕਿ ਵੱਡੇ ਇਕੱਠ ਵਿੱਚ ਕੁਝ ਅਜਿਹੇ ਪਰਚੇ ਹੋਣੇ ਲਾਜ਼ਮੀ ਹਨ, ਨਜ਼ਰਅੰਦਾਜ਼ ਕਰਦੇ ਸਨ। ਹੁਣ ਇਹ ਸੰਘ ਪਰਿਵਾਰ ਦੇ ਮੂਲਵਾਦੀ ਰੌਲੇ ਨਾਲ ਜੁੜ ਗਿਆ ਹੈ, ਇਸ ਕਰਕੇ ਉਨ੍ਹਾਂ ਦੇ ਦੂਜੇ ਹੋਰ ਹੰਗਾਮਿਆਂ ਨਾਲ ਇਹ ਵੀ ਖ਼ਬਰਾਂ ਬਣ ਗਏ ਹਨ।

ਹਿੰਦੀ ਦੇ ਇੱਕ ਕਵੀ ਨੇ ਇਸ ਸਾਲ ਦੇ ਇਕੱਠ ਨੂੰ 'ਹਾਸ ਕਾਂਗਰਸ' ਕਿਹਾ ਹੈ। ਸੱਚ ਹੈ ਕਿ ਅਸੀਂ ਇੰਝ ਝੂਠੇ ਦਾਅਵਿਆਂ ਉੱਤੇ ਹੱਸ ਲੈਂਦੇ ਹਾਂ ਪਰ ਇਹ ਹਾਸਾ ਆਇਆ ਕਿੱਧਰੋਂ, ਇਸ ਬਾਰੇ ਸੋਚਣ ਦੀ ਲੋੜ ਹੈ।

ਗੰਭੀਰ ਵਿਗਿਆਨਕ

ਅਕਾਦਮੀ ਦੇ ਫੈਲੋ ਅਤੇ ਹੋਰ ਐਲੀਟ ਵਿਗਿਆਨੀਆਂ ਨੂੰ ਜਿਹੜੇ ਖੁਦ ਆਪਣੀ ਜ਼ਿੰਦਗੀ ਵਿੱਚ ਪਿਛਾਕੜੀ ਸੋਚਾਂ ਨੂੰ ਜਿਉਂਦੇ ਹਨ, ਜਾਂ ਜਿਨ੍ਹਾਂ ਨੂੰ ਲਗਦਾ ਹੈ ਕਿ ਇਹ ਗੱਲਾਂ ਤਾਂ ਚਲਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਬਾਰੇ ਸੋਚ ਕੇ ਕੀ ਕਰਨਾ ਹੈ, ਉਨ੍ਹਾਂ ਨੂੰ ਸੋਚਣਾ ਪਵੇਗਾ ਪਰ ਇੰਝ ਆਪਣੇ ਬਾਰੇ ਸੋਚਣਾ ਸੌਖਾ ਨਹੀਂ ਹੁੰਦਾ।

ਇਹ ਵੀ ਪੜ੍ਹੋ:

ਜਿਵੇਂ-ਜਿਵੇਂ ਜਮਹੂਰੀ ਰਸਮਾਂ ਮਜ਼ਬੂਤ ਹੋ ਰਹੀਆਂ ਹਨ, ਤੇ ਸਮਾਜ ਦੇ ਵੱਡੇ ਹਿੱਸੇ ਦੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ, ਭਾਰਤੀ ਵਿਗਿਆਨ ਦੀ ਗਿਆਨ ਪਾਉਣ ਦੀ ਬੁਨਿਆਦ ਮਜ਼ਬੂਤ ਹੁੰਦੀ ਰਹੇਗੀ।

ਹੁਣ ਤੰਗਨਜ਼ਰ ਪਤਵੰਤਿਆਂ ਨੂੰ ਵੀ ਇਹ ਚਿੰਤਾ ਹੋਣ ਲੱਗ ਪਈ ਹੈ ਕਿ ਪੈਸਿਆਂ ਵਿੱਚ ਕਟੌਤੀ ਹੋ ਰਹੀ ਹੈ। ਸੰਘ ਪਰਿਵਾਰ ਨੇ ਆਧੁਨਿਕ ਵਿਦਿਆ ਨੂੰ ਕਦੇ ਜ਼ਰੂਰੀ ਮੰਨਿਆ ਹੀ ਨਹੀਂ, ਇਸ ਕਰਕੇ ਵਿਗਿਆਨ ਵਿੱਚ ਕਟੌਤੀ ਕੋਈ ਵੱਖਰੀ ਗੱਲ ਨਹੀਂ ਹੈ।

ਸਭ ਤੋਂ ਵਧੀਆ ਮੰਨੇ ਜਾਣ ਵਾਲੇ ਖੋਜ ਅਦਾਰਿਆਂ ਵਿੱਚ ਵੀ ਸਰਕਾਰੀ ਗ੍ਰਾਂਟਾਂ ਵਿੱਚ ਕਟੌਤੀ ਹੋਈ ਹੈ। ਕੁਝ ਖਿੱਤਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ, ਜਾਂ ਤਾਂ ਚੀਨ ਦੇ ਨਾਲ ਰੀਸ ਕਰਕੇ ਜਾਂ 'ਗਊ' ਵਿਗਿਆਨ ਨੂੰ ਤਵੱਜੋ ਦਿੱਤੀ ਜਾ ਰਹੀ ਹੈ।

ਵਿਸ਼ਵ ਵਪਾਰ ਸੰਸਥਾ ਦੇ ਗੈੱਟ ਸਮਝੌਤਿਆਂ ਵਿੱਚ ਉੱਚ ਵਿਦਿਆ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਲੈਣ-ਦੇਣ ਲਈ ਲੁਟਾ ਦੇਣ ਦਾ ਖ਼ਤਰਾ ਵੀ ਹੈ। ਹਰ ਸਟੇਟ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਖੇਤਰ ਨੂੰ ਖੁੱਲ੍ਹੀ ਛੁੱਟ ਦਿੱਤੀ ਜਾ ਰਹੀ ਹੈ, ਜੋ ਗੰਭੀਰ ਚਿੰਤਾ ਦਾ ਕਾਰਨ ਹੈ।

ਪਹਿਲ ਦਾ ਮੁੱਦਾ

ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਅੰਗਰੇਜ਼ੀ ਜ਼ੁਬਾਨ ਵਿੱਚ ਕਰਵਾਈ ਜਾਂਦੀ ਹੈ। ਸਿੱਖਿਆ ਦੇ ਮਾਹਿਰ ਦਸਦੇ ਹਨ ਕਿ ਜੇ ਬੱਚੇ ਦੀ ਸਿੱਖਿਆ ਉਸ ਦੀ ਮਾਦਰੀ ਜ਼ੁਬਾਨ ਵਿੱਚ ਨਾ ਹੋਵੇ ਤਾਂ ਸਿੱਖਣ ਦੇ ਮਿਆਰ ਦਾ ਸੰਕਟ ਪੈਦਾ ਹੁੰਦਾ ਹੈ।

ਨਾਲ ਹੀ ਦੇਸੀ ਜ਼ੁਬਾਨਾਂ ਵਿੱਚ ਵਿਗਿਆਨਿਕ ਲਫਜ਼ਾਂ ਨੂੰ ਸੰਸਕ੍ਰਿਤ ਦਾ ਜਬਾੜਾ-ਤੋੜ ਅਭਿਆਸ ਬਣਾ ਦਿੱਤਾ ਗਿਆ ਹੈ। ਮੁਲਕ ਵਿੱਚ ਲੱਖਾਂ ਸਿੱਖਿਆ ਕਰਮੀ ਵਿਗਿਆਨ ਨੂੰ ਰੋਚਕ ਬਣਾਉਣ ਵਿੱਚ ਰੁੱਝੇ ਹੋਏ ਹਨ ਪਰ ਅੱਜ ਵੀ ਵਿਗਿਆਨ ਦੀ ਸਿੱਖਿਆ ਪਰਿਭਾਸ਼ਾਵਾਂ ਅਤੇ ਸੂਚਨਾ ਵਿੱਚ ਹੀ ਸੀਮਿਤ ਹੈ।

ਸੂਚਨਾ ਜ਼ਰੂਰੀ ਹੈ ਪਰ ਵਿਗਿਆਨ ਸਿਰਫ਼ ਇਹ ਨਹੀਂ ਹੈ। ਕੁਦਰਤ ਨੂੰ ਵੇਖਣਾ, ਉਸ ਨੂੰ ਮਹਿਸੂਸ ਕਰਨਾ ਅਤੇ ਇਸ ਦੀ ਬੁਨਿਆਦ ਉੱਤੇ ਸਿਧਾਂਤ ਬਣਾਉਣ ਦਾ ਤਰੀਕਾ ਵਿਗਿਆਨ ਹੈ। ਜੇ ਇਸ ਨੂੰ ਸੂਚਨਾ ਮੰਨੀਏ ਤਾਂ ਇਹ ਸੋਚਦੇ ਹਾਂ ਕਿ ਇਸ ਦਾ ਮਾਲਿਕ ਕੌਣ ਹੈ।

ਇਹ ਵੀ ਪੜ੍ਹੋ:

ਜੇ ਗਿਆਨ ਨੂੰ ਜਗਿਆਸਾ ਪੂਰਤੀ ਵਜੋਂ ਵੇਖੀਏ ਤਾਂ ਇਹ ਇਹੋ ਜਿਹੀ ਇਨਸਾਨੀ ਫਿਤਰਤ ਬਣ ਕੇ ਪੇਸ਼ ਆਉਂਦਾ ਹੈ ਜਿਸ ਦੀ ਪਰਵਰਿਸ਼ ਕੀਤੀ ਗਈ ਹੋਵੇ। ਜੇ ਅਸੀਂ ਜਾਣ ਲਈਏ ਕਿ ਵਿਗਿਆਨ ਸਿਰਫ਼ ਸ਼ਬਦ-ਭੰਡਾਰ ਨਹੀਂ ਹੈ ਤਾਂ ਹਰ ਗੱਲ ਨੂੰ ਪੁਰਾਣਾਂ ਅਤੇ ਸ਼ਾਸਤਰਾਂ ਵਿੱਚ ਲੱਭਣ ਦੀ ਕੋਸ਼ਿਸ ਖ਼ਤਮ ਹੋ ਜਾਵੇਗੀ।

ਵਿਗਿਆਨ ਹਰ ਇਨਸਾਨ ਦੀ ਫਿਤਰਤ ਹੈ ਹਰ ਕੋਈ ਇਹ ਹਰਕਤ ਕਰਦਾ ਹੈ ਅਤੇ ਇਸ ਤੋਂ ਆਨੰਦ ਲੈਂਦਾ ਹੈ। ਇਹ ਇਸ ਲਈ ਹੈ ਕਿਉਂਕਿ ਆਪਣੀਆਂ ਤਮਾਮ ਕਮਜ਼ੋਰੀਆਂ ਦੇ ਬਾਵਜੂਦ ਇਸ ਦੀ ਬੁਨਿਆਦ ਤਰਕਸ਼ੀਲਤਾ ਹੈ।

ਅੰਟ-ਸ਼ੰਟ ਨਹੀਂ ਚਲਨਾ। ਹੁਕਮਰਾਨ ਪਾਰਟੀ ਦੇ ਮੰਤਰੀ ਜਾਂ ਹੋਰ ਕੋਈ ਆਪਣੇ ਭੰਡਾਂ ਦੀ ਫੌਜ ਨੂੰ ਹਾਸਰਸ ਪੈਦਾ ਕਰਨ ਵਿੱਚ ਲਗਾਈ ਰੱਖਣ ਪਰ ਅਖ਼ੀਰ ਵਿੱਚ ਜਿੱਤ ਵਿਗਿਆਨ ਦੀ ਹੋਵੇਗੀ। ਅੰਬੇਦਕਰ ਅਤੇ ਭਗਤ ਸਿੰਘ ਵਰਗੇ ਤਰਕਸ਼ੀਲ ਵਿਚਾਰਕਾਂ ਤੋਂ ਪ੍ਰੇਰਿਤ ਨਵੀਆਂ ਮੁਹਿੰਮਾਂ ਦੀ ਵਧਦੀ ਤਾਕਤ ਨੂੰ ਵੇਖਦਿਆਂ ਇਹੋ ਹੀ ਲਗਦਾ ਹੈ।

(ਲੇਖਕ ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਹੈਦਰਾਬਾਦ ਵਿੱਚ ਬਤੌਰ ਵਿਗਿਆਨੀ ਕੰਮ ਕਰਦੇ ਹਨ ਅਤੇ ਹਿੰਦੀ ਸਾਹਿਤ ਵਿੱਚ ਕਵੀ ਅਤੇ ਕਹਾਣੀਕਾਰ ਵਜੋਂ ਸਰਗਰਮ ਹਨ।)

ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)