ਗੈਰ-ਵਿਗਿਆਨਕ ਭਾਸ਼ਣਾਂ ਤੋਂ ਬਾਅਦ ਸਾਇੰਸ ਕਾਂਗਰਸ ਨੇ ਕਰੜੇ ਕੀਤੇ ਨਿਯਮ — 5 ਅਹਿਮ ਖ਼ਬਰਾਂ

ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਚਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਵਿੱਚ ਮਹਾਭਾਰਤ ਵੇਲੇ ਦੇ "ਜਹਾਜ਼ਾਂ" ਤੋਂ ਲੈ ਕੇ ਵੈਦਿਕ ਕਾਲ ਦੇ ਡਾਇਨਾਸੋਰ ਤਕ ਅਜੀਬੋਗਰੀਬ ਦਾਅਵੇ ਸੁਣਨ ਤੋਂ ਬਾਅਦ ਹੁਣ ਇਹ ਤੈਅ ਕੀਤਾ ਗਿਆ ਹੈ ਕਿ ਬੁਲਾਰਿਆਂ ਤੋਂ ਪਹਿਲਾ ਹੀ ਲਿਖਵਾ ਲਿਆ ਜਾਵੇ ਕਿ ਉਹ ਕੋਈ "ਗੈਰ-ਵਿਗਿਆਨੀ" ਗੱਲ ਨਹੀਂ ਕਰਨਗੇ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਇਹ ਫੈਸਲਾ ਇੰਡੀਅਨ ਨੈਸ਼ਨਲ ਸਾਇੰਸ ਕਾਂਗਰਸ ਐਸੋਸੀਏਸ਼ਨ ਨੇ ਮਤਾ ਪਾਸ ਕਰ ਕੇ ਲਿਆ ਹੈ।

ਇਸ ਮੁਤਾਬਕ ਹੁਣ ਮੰਚ ਤੋਂ ਬੋਲਣ ਵਾਲੇ ਬੁਲਾਰੇ ਜਾਂ ਸਾਇੰਸਦਾਨ ਤੋਂ ਉਸ ਦੇ ਭਾਸ਼ਣ ਜਾਂ ਪੇਸ਼ਕਾਰੀ ਦੀ ਇੱਕ ਕਾਪੀ ਪਹਿਲਾਂ ਲਈ ਜਾਏਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ।

ਵੱਟਸਐਪ ਦੇ ਨਿਯਮ ਤੋਂ ਸਿਆਸੀ ਪਾਰਟੀਆਂ ਤੰਗ

ਵੱਟਸਐਪ ਵੱਲੋਂ ਕੋਈ ਵੀ ਸੰਦੇਸ਼ ਵੱਧ ਤੋਂ ਵੱਧ ਪੰਜ ਹੀ ਲੋਕਾਂ ਨੂੰ 'ਫਾਰਵਰਡ' ਕਰਨ ਦੇ ਨਿਯਮ ਨੇ ਭਾਰਤ ਵਿੱਚ ਸਿਆਸੀ ਦਲਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਮੈਸੇਜ ਫਾਰਵਰਡ ਉੱਪਰ ਇਹ ਸੀਮਾ ਸਿਰਫ ਭਾਰਤ ਵਿੱਚ ਹੀ ਹੈ ਅਤੇ ਇਸ ਪਿੱਛੇ ਟੀਚਾ ਹੈ ਫੇਕ ਨਿਊਜ਼ ਭਾਵ ਫਰਜ਼ੀ ਖਬਰਾਂ ਨੂੰ ਰੋਕਣਾ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਹੁਣ ਪਾਰਟੀਆਂ ਇਸ ਦਾ ਤੋੜ ਕੱਢਣ ਲਈ ਕਈ ਤਰੀਕੇ ਵਰਤ ਰਹੀਆਂ ਹਨ — ਕੋਈ ਬਾਹਰਲੇ ਦੇਸ਼ਾਂ ਦੇ ਸਿਮ ਕਾਰਡ ਵਰਤ ਰਿਹਾ ਹੈ, ਕੋਈ ਹੋਰ ਵੀ ਜ਼ਿਆਦਾ ਕਾਰਜਕਰਤਾਵਾਂ ਨੂੰ ਇਸ ਕੰਮ ਉੱਪਰ ਲਗਾ ਰਿਹਾ ਹੈ, ਕੋਈ ਤਕਨੀਕੀ ਬਾਈਪਾਸ ਲੱਭ ਰਿਹਾ ਹੈ।

ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਮੁਖੀ ਵੈਭਵ ਵਾਲੀਆ ਨੇ ਕਿਹਾ ਕਿ ਜੁਲਾਈ ਵਿੱਚ ਲਾਗੂ ਹੋਏ ਇਸ ਨਿਯਮ ਨੇ ਉਨ੍ਹਾਂ ਦੇ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ।

ਇਹ ਵੀ ਜ਼ਰੂਰ ਪੜ੍ਹੋ

ਆਮ ਆਦਮੀ ਪਾਰਟੀ ਲਈ ਸੋਸ਼ਲ ਮੀਡੀਆ ਸਾਂਭਦੇ ਅੰਕਿਤ ਲਾਲ ਮੁਤਾਬਕ ਵੱਟਸਐਪ ਨੇ ਉਨ੍ਹਾਂ ਦੇ ਇੱਕ ਹੈਲਪ ਲਾਈਨ ਨੰਬਰ ਉੱਪਰ ਸਤੰਬਰ 'ਚ ਪਾਬੰਦੀ ਲਗਾ ਦਿੱਤੀ ਸੀ ਜੋ ਦਸੰਬਰ 'ਚ ਆ ਕੇ ਹਟਾਈ।

ਭਾਜਪਾ ਦੇ ਯੂਥ ਵਿੰਗ ਦੇ ਸੋਸ਼ਲ ਮੀਡਿਆ ਇੰਚਾਰਜ ਕਪਿਲ ਪਰਮਾਰ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਇਸ ਨਿਯਮ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ।

ਵਿਵੇਕ ਓਬਰਾਏ ਬਣਨਗੇ ਮੋਦੀ, ਫ਼ਿਲਮ ਤੋਂ 'ਮਿਲੇਗੀ ਪ੍ਰੇਰਨਾ'

ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਵਿੱਚ ਉਨ੍ਹਾਂ ਦੀ ਭੂਮਿਕਾ ਨਿਭਾਉਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਿਰਦਾਰ ਆਖਿਆ ਹੈ।

ਦਿ ਟ੍ਰਿਬਿਊਨ ਮੁਤਾਬਕ ਫ਼ਿਲਮ ਦਾ ਅਜੇ ਪੋਸਟਰ ਹੀ ਆਇਆ ਹੈ, ਇਸ ਨੂੰ ਓਮੰਗ ਕੁਮਾਰ ਨਿਰਦੇਸ਼ਿਤ ਕਰਨਗੇ।

ਪੋਸਟਰ ਨੂੰ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੇ ਜਾਰੀ ਕੀਤਾ ਅਤੇ ਕਿਹਾ ਕਿ ਅਜਿਹੀ ਫ਼ਿਲਮ ਕਈਆਂ ਨੂੰ ਪ੍ਰੇਰਨਾ ਦੇਵੇਗੀ।

ਦਰਬਾਰ ਸਾਹਿਬ 'ਚ ਫੋਟੋ ਖਿੱਚਣ ਉੱਪਰ ਪੂਰੀ ਪਾਬੰਦੀ

ਅਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਕਿਸੇ ਵੀ ਥਾਂ ਉੱਪਰ ਹੁਣ ਫੋਟੋ ਖਿੱਚਣਾ ਮਨ੍ਹਾ ਹੋਵੇਗਾ। ਪਹਿਲਾਂ ਇਹ ਨਿਯਮ ਪਰਿਕਰਮਾ ਉੱਪਰ ਲਾਗੂ ਨਹੀਂ ਹੁੰਦਾ ਸੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਇਸ ਨਵੇਂ, ਕਰੜੇ ਨਿਯਮ ਦੇ ਬੋਰਡ ਲਗਾ ਦਿੱਤੇ ਗਏ ਹਨ।

ਦਰਬਾਰ ਸਾਹਿਬ ਦੇ ਪ੍ਰਬੰਧਕ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਸਮਾਰਟਫੋਨ ਆਉਣ ਕਰਕੇ ਫੋਟੋਆਂ ਖਿੱਚਣ ਦੀ ਆਦਤ ਵੱਧ ਗਈ ਹੈ ਅਤੇ ਇਸ ਨਾਲ ਧਾਰਮਿਕ ਸਥਲ ਦਾ ਮਾਹੌਲ ਖਰਾਬ ਹੁੰਦਾ ਹੈ।

ਅਮਰੀਕਾ ਵਿੱਚ ਹਿੰਦੂ 'ਸਭ ਤੋਂ ਵੱਧ ਪੜ੍ਹੇ-ਲਿਖੇ'

ਅਮਰੀਕਾ ਵਿੱਚ ਧਾਰਮਿਕ ਆਧਾਰ 'ਤੇ ਕੀਤੀ ਗਈ ਇੱਕ ਸਟਡੀ ਮੁਤਾਬਕ ਉੱਥੇ ਹਿੰਦੂ ਸਭ ਤੋਂ ਪੜ੍ਹੇ-ਲਿਖੇ ਹਨ।

ਪਿਊ ਸੈਂਟਰ ਦੀ ਇਸ ਸਟਡੀ ਮੁਤਾਬਕ 77 ਫ਼ੀਸਦੀ ਹਿੰਦੂਆਂ ਕੋਲ ਕਾਲਜ ਡਿਗਰੀ ਹੈ।

ਇਹ ਵੀ ਜ਼ਰੂਰ ਪੜ੍ਹੋ

ਦੂਜੇ ਨੰਬਰ ਤੇ ਹਨ ਯੂਨੀਟੇਰੀਅਨ ਪੰਥ ਨੂੰ ਮੰਨਣ ਵਾਲੇ ਲੋਕ, ਜਿਨ੍ਹਾਂ ਵਿੱਚ ਇਹ ਅੰਕੜਾ 67 ਫ਼ੀਸਦੀ ਹੈ।

ਹਿੰਦੁਸਤਾਨ ਟਾਈਮਜ਼ ਮੁਤਾਬਕ ਤੀਜੇ ਸਥਾਨ ਉੱਪਰ ਯਹੂਦੀ 57 ਫੀਸਦੀ 'ਤੇ ਖੜ੍ਹੇ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)