ਹਾਰਦਿਕ ਪਾਂਡਿਆ ਸਣੇ ਹੋਰ ਕ੍ਰਿਕਟ ਖਿਡਾਰੀਆਂ ਦੀਆਂ ਔਰਤਾਂ ਬਾਰੇ ਵਿਵਾਦਿਤ ਟਿਪਣੀਆਂ

ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਕੇ ਐੱਲ ਰਾਹੁਲ ਨੂੰ ਕਰਨ ਜੌਹਰ ਨਾਲ ਕੌਫੀ ਪੀਣੀ ਕਾਫੀ ਮਹਿੰਗੀ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ।

ਪੀਟੀਆਈ ਅਨੁਸਾਰ ਪੀਟੀਆਈ ਅਨੁਸਾਰ ਬੀਸੀਸੀਆਈ ਨੇ ਜਾਂਚ ਪੂਰੀ ਹੋਣ ਤੱਕ ਹਾਰਦਿਕ ਪਾਂਡਿਆ ਤੇ ਕੇ.ਐੱਲ ਰਾਹੁਲ ਨੂੰ ਸਸਪੈਂਡ ਕਰ ਦਿੱਤਾ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਦੋਵੇਂ ਖਿਡਾਰੀਆਂ ਨੂੰ ਨਵਾਂ ਕਾਰਨ ਦੱਸੋ ਨੋਟਿਸ ਜਾਰੀ ਹੋ ਸਕਦਾ ਹੈ।

ਹਾਰਦਿਕ ਪਾਂਡਿਆ ਤੇ ਕੇ ਐੱਲ ਰਾਹੁਲ ਨੂੰ ਉਨ੍ਹਾਂ ਵੱਲੋਂ ਔਰਤਾਂ ਬਾਰੇ ਟੀਵੀ ਸ਼ੋਅ ਕੌਫੀ ਵਿਦ ਕਰਨ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਵੇਂ ਹਾਰਦਿਕ ਪਾਂਡਿਆ ਨੇ ਟਵਿੱਟਰ 'ਤੇ ਆਪਣੇ ਬਿਆਨ ਬਾਰੇ ਅਫਸੋਸ ਜ਼ਾਹਿਰ ਕੀਤਾ ਹੈ।

ਉਨ੍ਹਾਂ ਕਿਹਾ, "ਮੈਂ ਸ਼ੋਅ ਦੌਰਾਨ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਨਾਲ ਕੁਝ ਦਰਸ਼ਕਾਂ ਨੂੰ ਠੇਸ ਪਹੁੰਚੀ ਹੋ ਸਕਦੀ ਹੈ। ਇਨ੍ਹਾਂ ਟਿੱਪਣੀਆਂ ਬਾਰੇ ਮੈਨੂੰ ਕਾਫੀ ਅਫਸੋਸ ਹੈ।''

ਕ੍ਰਿਕਟ ਜਗਤ ਤੋਂ ਵੀ ਹਾਰਦਿਕ ਪਾਂਡਿਆ ਤੇ ਕੇ ਐੱਲ ਰਾਹੁਲ ਬਾਰੇ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

ਕ੍ਰਿਕਟ ਪ੍ਰਬੰਧਨ ਨਾਲ ਜੁੜੇ ਰਹੇ ਰਤਾਨਕਰ ਸ਼ੇਟੀ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਬੀਸੀਸੀਆਈ ਉਨ੍ਹਾਂ ਖਿਡਾਰੀਆਂ ਖਿਲਾਫ ਐਕਸ਼ਨ ਲਏ ਜੋ ਜਨਤਕ ਫੋਰਮ ਤੋਂ ਗਲਤ ਬਿਆਨਬਾਜ਼ੀ ਕਰਦੇ ਹਨ।

ਕਮੈਂਟੇਟਰ ਹਰਸ਼ਾ ਭੋਗਲੇ ਨੇ ਕਿਹਾ ਹੈ ਕਿ ਬੀਸੀਸੀਆਈ ਨੂੰ ਖਿਡਾਰੀਆਂ ਨੂੰ ਡ੍ਰੈਸਿੰਗ ਰੂਮ ਤੋਂ ਬਾਹਰਲੀ ਜ਼ਿੰਦਗੀ ਬਾਰੇ ਵੀ ਕੌਂਸਲਿੰਗ ਦੇਣੀ ਚਾਹੀਦੀ ਹੈ।

ਕ੍ਰਿਕਟ ਜਗਤ ਵਿੱਚ ਕਈ ਖਿਡਾਰੀ ਆਪਣੀਆਂ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਰਹੇ ਹਨ। ਪੇਸ਼ ਹਨ ਅਜਿਹੇ 5 ਖਿਡਾਰੀਆਂ ਦੇ ਕਮੈਂਟ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਵਿਵਾਦ ਝਲਣਾ ਪਿਆ।

ਇਹ ਵੀ ਜ਼ਰੂਰ ਪੜ੍ਹੋ

ਕ੍ਰਿਸ ਗੇਲ

ਵੈਸਟ ਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਵੀ ਇੱਕ ਵਾਰ ਆਪਣੀ ਵਿਵਾਦਿਤ ਟਿੱਪਣੀ ਕਾਰਨ ਫਸ ਚੁੱਕੇ ਹਨ।

ਜਨਵਰੀ 2016 ਵਿੱਚ ਉਨ੍ਹਾਂ ਚੈਨਲ ਟੈਨ ਦੀ ਪੱਤਰਕਾਰ ਮੈਲ ਮੈਕਲੌਘਿਨ ਨੂੰ ਕਿਹਾ, "ਮੈਂ ਵੀ ਤੁਹਾਡੇ ਨਾਲ ਇੰਟਰਵਿਊ ਕਰਨਾ ਚਾਹੁੰਦਾ ਸੀ। ਮੈਂ ਤੁਹਾਡੀਆਂ ਅੱਖਾਂ ਦੇਖਣਾ ਚਾਹੁੰਦਾ ਸੀ ਇਸ ਲਈ ਮੈਂ ਇੱਥੇ ਹਾਂ। ਮੈਂ ਉਮੀਦ ਕਰਦਾਂ ਹਾਂ ਕਿ ਅਸੀਂ ਮੈਚ ਜਿੱਤੀਏ ਤੇ ਬਾਅਦ ਵਿੱਚ ਇੱਕ ਡ੍ਰਿੰਕ ਲਈ ਬੈਠੀਏ।''

ਬਾਅਦ ਵਿੱਚ ਕ੍ਰਿਸ ਗੇਲ ਨੇ ਆਪਣੇ ਵਤੀਰੇ ਲਈ ਮੁਆਫੀ ਵੀ ਮੰਗੀ ਸੀ ਅਤੇ ਉਨ੍ਹਾਂ ਨੂੰ ਇਸ ਘਟਨਾ ਲਈ 7,200 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਸੀ।

ਵਕਾਰ ਯੂਨੁਸ

ਪਾਕਿਸਤਾਨ ਦੇ ਵਕਾਰ ਯੂਨੁਸ ਨੇ ਇੱਕ ਵਾਰ ਕਿਹਾ ਸੀ ਕਿ ਔਰਤਾਂ ਦਾ 50 ਓਵਰ ਦੀ ਥਾਂ 30 ਓਵਰ ਦਾ ਮੈਚ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸੀ ਕਿ ਜਿਵੇਂ ਟੈਨਿਸ ਵਿੱਚ ਪੰਜ ਦੀ ਥਾਂ ਔਰਤਾਂ ਵਾਸਤੇ 3 ਸੈਟ ਹੁੰਦੇ ਹਨ, ਉਸੇ ਤਰ੍ਹਾਂ ਕ੍ਰਿਕਟ ਵਿੱਚ ਵੀ 30 ਓਵਰ ਹੋਣੇ ਚਾਹੀਦੇ ਹਨ।

ਭਾਵੇਂ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਬਿਆਨ ਬਾਰੇ ਸਫ਼ਾਈ ਦਿੱਤੀ ਸੀ ਕਿ ਘੱਟ ਓਵਰਾਂ ਨਾਲ ਉਹ ਕਹਿਣਾ ਚਾਹੁੰਦੇ ਸਨ ਕਿ ਗੇਮ ਵਿੱਚ ਤੇਜ਼ੀ ਆਵੇਗੀ ਤੇ ਜ਼ਿਆਦਾ ਲੋਕ ਮੈਚ ਦੇਖਣਗੇ।

ਸ਼ਾਹਿਦ ਅਫਰੀਦੀ

ਸ਼ਾਹਿਦ ਅਫਰੀਦੀ ਵੀ ਆਪਣੀਆਂ ਵਿਵਾਦਿਤ ਟਿੱਪਣੀਆਂ ਬਾਰੇ ਜਾਣੇ ਜਾਂਦੇ ਰਹੇ ਹਨ।

2014 ਵਿੱਚ ਪੇਸ਼ਾਵਰ ਵਿੱਚ ਜਦੋਂ ਉਨ੍ਹਾਂ ਤੋਂ ਪਾਕਿਸਤਾਨ ਦੀ ਔਰਤਾਂ ਦੀ ਕ੍ਰਿਕਟ ਟੀਮ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ, "ਸਾਡੀਆਂ ਔਰਤਾਂ ਖਾਣਾ ਬਣਾਉਣ ਵਿੱਚ ਮਾਹਿਰ ਹਨ।''

ਸ਼ਾਹਿਦ ਅਫਰੀਦੀ ਨੇ ਇੱਕ ਵਾਰ ਭਾਰਤੀ ਫੈਨਸ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਭਾਰਤੀਆਂ ਦਾ ਦਿਲ ਪਾਕਿਸਤਾਨੀਆਂ ਵਾਂਗ ਵੱਡਾ ਤੇ ਸਾਫ਼ ਨਹੀਂ ਹੈ।

ਨਵਜੋਤ ਸਿੰਘ ਸਿੱਧੂ

ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਕਮੈਂਟਰੀ ਦੇ ਦਿਨਾਂ ਵਿੱਚ ਕੁਝ ਟਿਪਣੀਆਂ ਕੀਤੀਆਂ ਸਨ।

ਇੱਕ ਭਾਰਤੀ ਖਿਡਾਰੀ ਦੇ ਛੱਕਾ ਮਾਰਨ 'ਤੇ ਉਨ੍ਹਾਂ ਨੇ ਕਿਹਾ ਕਿ ਗੇਂਦ ਇੰਨੀ ਉੱਚੀ ਗਈ ਕਿ ਏਅਰਹੋਸਟੈਸ ਨੂੰ ਥੱਲੇ ਲੈ ਕੇ ਆ ਸਕਦੀ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਅੰਕੜੇ ਮਿੰਨੀ ਸਕਰਟ ਵਰਗੇ ਹੁੰਦੇ ਹਨ। ਇਹ ਲੁਕਾਉਣ ਤੋਂ ਜ਼ਿਆਦਾ ਦਿਖਾਉਂਦੇ ਹਨ।

ਇਹ ਵੀ ਜ਼ਰੂਰ ਪੜ੍ਹੋ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)