ਭਾਜਪਾ ਦੀ ਹਾਰ ਲਈ ਜਨਤਾ ਨੂੰ ਹੀ ਦੋਸ਼ੀ ਠਹਿਰਾਉਣ ਵਾਲੇ ਕਥਿਤ ਆਰਟੀਕਲ ਦਾ ਸੱਚ

ਸੋਮਵਾਰ ਨੂੰ ਜਦੋਂ ਕਾਂਗਰਸ ਦੇ ਤਿੰਨ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਸੂਬੇ ਵਿੱਚ ਸਹੁੰ ਚੁੱਕੀ, ਉਦੋਂ ਤੋਂ ਹੀ ਕੁਝ ਸੱਜੇ ਪੱਖੀ ਰੁਝਾਨ ਵਾਲੇ ਫੇਸਬੁੱਕ ਪੇਜ ਅਤੇ ਗਰੁੱਪ ਇੱਕ ਲੇਖ ਸ਼ੇਅਰ ਕਰ ਰਹੇ ਹਨ।

ਉਨ੍ਹਾਂ ਦਾ ਦਾਅਵਾ ਸੀ ਕਿ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਤਰਜ਼ਮਾਨੀ ਕਰਕੇ ਮੁੱਖ ਕਾਰਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਕਿ ਆਖ਼ਰ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਖੇਮੇ ਨੂੰ ਇਨ੍ਹਾਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ।

ਸ਼ੇਅਰ ਕੀਤੇ ਜਾ ਰਹੇ ਆਰਟੀਕਲ ਮੁਤਾਬਕ ਨਿਊਯਾਰਕ ਟਾਈਮਜ਼ ਨੇ ਭਾਰਤੀ ਵੋਟਰਾਂ ਦੇ ਪੈਟਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਦੱਸਿਆ ਹੈ ਕਿ ਮੌਜੂਦਾ ਮੋਦੀ ਸਰਕਾਰ ਨੂੰ ਇਨ੍ਹਾਂ ਨਤੀਜਿਆਂ ਤੋਂ ਕੀ ਸਬਕ ਲੈਣਾ ਚਾਹੀਦਾ ਹੈ।

ਇਹ 'ਆਰਟੀਕਲ' ਤਸਵੀਰ ਅਤੇ ਟੈਕਸਟ ਦੇ ਤੌਰ 'ਤੇ ਅੰਗ੍ਰੇਜ਼ੀ ਸਮੇਤ ਹਿੰਦੀ ਵਿੱਚ ਵੀ ਪੋਸਟ ਕੀਤਾ ਗਿਆ ਹੈ। ਨਾਲ ਹੀ ਇਸ ਨੂੰ ਵੱਟਸਐਪ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਕੁਝ ਲੋਕਾਂ ਨੇ ਇਸ ਆਰਟੀਕਲ ਦੇ ਕਮੈਂਟ ਵਿੱਚ ਲਿਖਿਆ ਹੈ ਕਿ 'ਭਾਰਤੀ ਵੋਟਰ ਬੇਹੱਦ ਛੋਟੀ ਮਾਨਸਿਕਤਾ ਵਾਲੇ ਹਨ ਜਿਹੜੇ ਹਮੇਸ਼ਾ ਸ਼ਿਕਾਇਤ ਕਰਦੇ ਰਹਿੰਦੇ ਹਨ। ਨਾਲ ਹੀ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਤੁਰੰਤ ਚਾਹੀਦੇ ਹਨ, ਉਹ ਲੰਬੀਆਂ ਯੋਜਨਾਵਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ।'

ਇਸ ਕਥਿਤ ਆਰਟੀਕਲ 'ਚ ਹੋਰ ਕੀ-ਕੀ ਲਿਖਿਆ ਹੈ?

  • ਭਾਰਤੀਆਂ ਦੀ ਨਜ਼ਰ ਵਿੱਚ ਹਰ ਕੰਮ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਦਿੱਕਤਾਂ ਦੇ 'ਲੌਂਗ ਟਰਮ ਹੱਲ' ਨਹੀਂ ਚਾਹੀਦੇ।
  • ਭਾਰਤੀਆਂ ਦੀ ਯਾਦਾਸ਼ਤ ਕਮਜ਼ੋਰ ਹੈ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਹੁਤ ਹੀ ਛੋਟਾ।
  • ਉਹ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਹਨ ਅਤੇ ਨੇਤਾਵਾਂ ਦੀਆਂ ਪਿਛਲੀਆਂ ਗ਼ਲਤੀਆਂ ਮਾਫ਼ ਕਰ ਦਿੰਦੇ ਹਨ।
  • ਭਾਰਤੀ ਢੀਠ ਹੋ ਕੇ ਜਾਤੀਵਾਦ 'ਤੇ ਵੋਟ ਕਰਦੇ ਹਨ। ਜਾਤੀਵਾਦ ਇੱਕ ਮੁੱਖ ਦੁਸ਼ਮਣ ਹੈ ਜਿਹੜਾ ਨੌਜਵਾਨਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਅਤੇ ਉਨ੍ਹਾਂ ਨੂੰ ਵੰਡਦਾ ਹੈ।
  • ਚੀਨ ਅਤੇ ਪਾਕਿਸਤਾਨ ਵਿੱਚ ਜਾਤੀਵਾਦ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਦੋਵੇਂ ਹੀ GDP ਲਈ ਭਾਰਤੀ ਬਾਜ਼ਾਰ 'ਤੇ ਨਿਰਭਰ ਹਨ।
  • ਲੋਕਾਂ ਨੂੰ ਸਸਤਾ ਡੀਜ਼ਲ ਚਾਹੀਦਾ ਹੈ, ਕਰਜ਼ ਮਾਫ਼ੀ ਚਾਹੀਦੀ ਹੈ, ਪਰ 'ਸਬਕਾ ਸਾਥ, ਸਬਕਾ ਵਿਕਾਸ' ਉਹ ਨਹੀਂ ਜਾਣਦੇ।
  • ਉਹ ਸਿਰਫ਼ ਆਪਣੀ ਜੇਬ ਵਿੱਚ ਆਏ ਪੈਸੇ ਨੂੰ ਜਾਣਦੇ ਹਨ।
  • ਭਾਰਤ ਵਿੱਚ ਜਿੱਤਣ ਲਈ ਮੋਦੀ ਨੂੰ ਸਟੇਟਸਮੈਨਸ਼ਿਪ ਛੱਡ ਕੇ, ਪੌਲੀਟੀਸ਼ੀਅਨ ਬਣਨਾ ਹਵੇਗਾ।

ਇਹ ਵੀ ਪੜ੍ਹੋ:

ਇਸ ਲੇਖ ਦੇ ਅਖ਼ੀਰ ਵਿੱਚ ਲਿਖਿਆ ਹੈ ਕਿ ਨਰਿੰਦਰ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਬਹੁਤ ਕੰਮ ਕੀਤਾ ਹੈ, ਪਰ ਭਾਰਤ ਦੇ ਲੋਕ ਉਨ੍ਹਾਂ ਦੇ ਕੰਮ ਦੀ ਤਾਰੀਫ਼ ਨਹੀਂ ਕਰ ਰਹੇ।

ਇਸ ਲੇਖ ਦੀ ਸੱਚਾਈ

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਲੇਖ ਦੱਸ ਕੇ ਸ਼ੇਅਰ ਕੀਤੀ ਜਾ ਰਹੀ ਇਹ ਪੋਸਟ ਫ਼ਰਜ਼ੀ ਹੈ।

ਫ਼ੇਸਬੁੱਕ ਸਰਚ ਤੋਂ ਪਤਾ ਲਗਦਾ ਹੈ ਕਿ 11 ਦਸੰਬਰ ਤੋਂ ਬਾਅਦ ਇਸ ਪੋਸਟ ਨੂੰ ਨਿਊਯਾਰਕ ਟਾਈਮਜ਼ ਦਾ ਆਰਟੀਕਲ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਪਰ 'ਨਰਿੰਦਰ ਮੋਦੀ' ਅਤੇ 'ਵਿਧਾਨ ਸਭਾ ਚੋਣਾਂ 2018' ਵਰਗੇ ਕੀ-ਵਰਡਜ਼ ਨਾਲ ਸਰਚ ਕਰਨ 'ਤੇ ਇਹ ਸਾਫ਼ ਹੋ ਜਾਂਦਾ ਹੈ ਕਿ ਨਿਊਯਾਰਕ ਟਾਈਮਜ਼ ਨੇ ਅਜਿਹਾ ਕੋਈ ਆਰਟੀਕਲ ਨਹੀਂ ਲਿਖਿਆ ਹੈ ਜਿਸ ਵਿੱਚ ਵਿਧਾਨ ਸਭਾ ਚੋਣਾਂ ਦਾ ਅਨੁਵਾਦ ਕਰਕੇ ਭਾਜਪਾ ਦੀ ਹਾਰ ਦੇ ਕਾਰਨ ਦੱਸੇ ਗਏ ਹੋਣ ਅਤੇ ਭਾਰਤੀ ਲੋਕਾਂ ਲਈ ਅਜਿਹੀ ਭਾਸ਼ਾ 'ਚ ਤਾਂ ਕੋਈ ਲੇਖ ਅਮਰੀਕੀ ਸਾਈਟ 'ਤੇ ਬਿਲਕੁਲ ਨਹੀਂ ਲਿਖਿਆ ਗਿਆ।

ਭਾਸ਼ਾ 'ਤੇ ਧਿਆਨ ਦਈਏ ਤਾਂ ਇਸ ਪੋਸਟ ਵਿੱਚ ਲਿਖੀ ਗਈ ਅੰਗ੍ਰੇਜ਼ੀ ਬਹੁਤ ਗ਼ਲਤ ਹੈ। ਅੰਗ੍ਰੇਜ਼ੀ ਦੇ "caste" ਅਤੇ "promote" ਵਰਗੇ ਸਾਧਾਰਨ ਸ਼ਬਦ ਵੀ ਗ਼ਲਤ ਲਿਖੇ ਹੋਏ ਹਨ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸਦਾ ਮਜ਼ਾਕ ਵੀ ਬਣਾਇਆ ਹੈ। ਪਰ ਭਾਸ਼ਾ ਦਾ ਸਟਾਈਲ ਅਮਰੀਕੀ ਅਖ਼ਬਾਰ ਦੀ ਸਟਾਈਲ ਸ਼ੀਟ ਨਾਲ ਬਿਲਕੁਲ ਮੇਲ ਨਹੀਂ ਖਾਂਦਾ।

ਦਿਲਚਸਪ ਗੱਲ ਇਹ ਹੈ ਕਿ ਕਥਿਤ ਲੇਖ ਭਾਜਪਾ ਦੀ ਹਾਰ ਲਈ ਜਨਤਾ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ। ਜਦਕਿ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਵੀ ਪੰਜ ਸੂਬਿਆਂ ਵਿੱਚ ਜਨਤਾ ਦੇ ਇਸ ਫ਼ਤਵੇ ਨੂੰ ਅੱਗੇ ਵਧ ਕੇ ਸਵੀਕਾਰਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)