ਮੈਰਿਜ ਕਾਉਂਸਲਿੰਗ ਚ ਸ਼ਰਮ ਕਿਸ ਗੱਲ ਦੀ, ਓਬਾਮਾ ਤੇ ਮਿਸ਼ੇਲ ਨੂੰ ਵੀ ਪਈ ਸੀ ਲੋੜ

wedding

ਤਸਵੀਰ ਸਰੋਤ, Getty Images/AFP

"ਜਦੋਂ ਤੱਕ ਬੱਚੇ ਨਹੀਂ ਹੁੰਦੇ ਉਦੋਂ ਤੱਕ ਸਭ ਸਹੀ ਚੱਲਦਾ ਹੈ। ਪਰ ਬੱਚੇ ਹੋਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਬਰਾਬਰੀ ਦਾ ਰਿਸ਼ਤਾ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਮੈਂ ਕੰਮ ਕਰ ਰਹੀ ਹਾਂ। ਬੀਮਾਰ ਬੱਚਿਆਂ ਨੂੰ ਸੰਭਾਲ ਰਹੀ ਹਾਂ, ਆਪਣੀ ਨੌਕਰੀ ਨਾਲ ਤਾਲ-ਮੇਲ ਬਿਠਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹਾਂ ਅਤੇ ਉਹ ਸਿਰਫ਼ ਇੱਧਰ-ਉੱਧਰ ਘੁੰਮ ਰਿਹਾ ਹੈ।"

ਇਹ ਸ਼ਬਦ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦੇ ਹਨ।

ਕੁਝ ਸਮਾਂ ਪਹਿਲਾਂ ਮਿਸ਼ੇਲ ਓਬਾਮਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਜਦੋਂ ਉਨ੍ਹਾਂ ਅਤੇ ਓਬਾਮਾ ਦੇ ਸਬੰਧ ਵਿਗੜਨ ਲੱਗੇ ਸਨ।

ਇੰਟਰਵਿਊ ਵਿੱਚ ਮਿਸ਼ੇਲ ਦਾ ਕਹਿਣਾ ਸੀ, "ਇਹ ਉਹ ਸਮਾਂ ਸੀ ਜਦੋਂ ਮੈਂ ਸੋਚਿਆ ਕਿ ਸਾਨੂੰ ਮੈਰਿਜ ਕਾਊਂਸਲਿੰਗ ਲੋੜ ਹੈ।"

ਇਸ ਤੋਂ ਬਾਅਦ ਮਿਸ਼ੇਲ ਅਤੇ ਓਬਾਮਾ ਥੈਰੇਪਿਸਟ ਕੋਲ ਗਏ ਅਤੇ ਉਨ੍ਹਾਂ ਨੇ ਮੈਰਿਜ ਕਾਊਂਸਲਿੰਗ ਲਈ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਦੇ ਰਿਸ਼ਤੇ ਠੀਕ ਹੋਏ। ਇਹ ਕਿੱਸਾ ਅੱਜ ਮਿਸ਼ੇਲ ਬੇਝਿਜਕ ਹੋ ਕੇ ਸਭ ਨਾਲ ਸਾਂਝਾ ਕਰ ਰਹੀ ਹੈ।

ਇਹ ਵੀ ਪੜ੍ਹੋ:

MARRIAGE, OBAMA

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸ਼ੇਲ ਓਬਾਮਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣ 'ਤੇ ਉਨ੍ਹਾਂ ਨੇ ਮੈਰਿਜ ਕਾਉਂਸਲਿੰਗ ਦੀ ਮਦਦ ਲਈ

ਕੀ ਹੈ ਮੈਰਿਜ ਕਾਊਂਸਲਿੰਗ?

ਓਬਾਮਾ ਅਤੇ ਮਿਸ਼ੇਲ ਵਰਗੇ 'ਸੰਪੂਰਨ ਜੋੜੇ' ਦੇ ਵਿਆਹ ਵਿੱਚ ਮੁਸ਼ਕਿਲ ਕਿਉਂ ਅਤੇ 'ਮੈਰਿਜ ਕਾਊਂਸਲਿੰਗ' ਵਿੱਚ ਅਜਿਹਾ ਕੀ ਹੋਇਆ ਕਿ ਉਨ੍ਹਾਂ ਦੇ ਰਿਸ਼ਤੇ ਦੁਬਾਰਾ ਸੁਧਰ ਗਏ?

ਮੈਰਿਜ ਕਾਊਂਸਲਿੰਗ ਵਿਆਹੇ ਜੋੜਿਆਂ ਦੇ ਲਈ ਕੀਤੀ ਜਾਣ ਵਾਲੀ ਇੱਕ ਤਰ੍ਹਾਂ ਦੀ ਸਾਈਕੋਥੈਰੇਪੀ ਹੈ, ਜਿਸ ਰਾਹੀਂ ਉਨ੍ਹਾਂ ਦੇ ਰਿਸ਼ਤੇ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸ ਦੇ ਤਹਿਤ ਪਤੀ-ਪਤਨੀ ਇਕੱਠੇ ਪੇਸ਼ੇਵਰ ਮਨੋਵਿਗਿਆਨੀ, ਕਾਊਂਸਲਿਰ ਜਾਂ ਥੈਰੇਪਿਸਟ ਕੋਲ ਜਾਂਦੇ ਹਨ ਅਤੇ ਉਹ ਰਿਸ਼ਤਿਆਂ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਦੋਹਾਂ ਦੀ ਮਦਦ ਕਰਦਾ ਹੈ।

ਭਾਰਤ ਵਿੱਚ ਮੈਰਿਜ ਕਾਊਂਸਲਿੰਗ

ਡਾਕਟਰ ਗੀਤਾਂਜਲੀ ਸ਼ਰਮਾ ਨੂੰ ਮੈਰਿਜ ਕਾਊਂਸਲਿੰਗ ਦਾ 17 ਸਾਲ ਤੋਂ ਵੱਧ ਅਨੁਭਵ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਵਿਆਹ ਲਈ ਸਲਾਹ ਮਸ਼ਵਰੇ (ਮੈਰਿਜ ਕਾਊਂਸਲਿੰਗ) ਨੂੰ ਇੱਕ ਟੈਬੂ (ਕੋਈ ਅਜਿਹੀ ਚੀਜ਼ ਜਿਸ ਬਾਰੇ ਗੱਲ ਕਰਨ ਦੀ ਮਨਾਹੀ ਹੋਵੇ) ਵਾਂਗ ਸਮਝਿਆ ਜਾਂਦਾ ਹੈ।

ਭਾਵੇਂ ਡਾ. ਗੀਤਾਂਜਲੀ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤੀਆਂ ਦੀ ਸੋਚ ਵਿੱਚ ਬਦਲਾਅ ਆਇਆ ਹੈ। ਇਹੀ ਕਾਰਨ ਹੈ ਕਿ ਮੈਰਿਜ ਕਾਊਂਸਲਿੰਗ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭਾਰਤ ਵਿੱਚ ਲੋਕ ਕਾਊਂਸਲਰ ਕੋਲ ਉਦੋਂ ਜਾਂਦੇ ਹਨ ਜਦੋਂ ਰਿਸ਼ਤਾ ਟੁੱਟਣ ਦੇ ਕੰਢੇ ਖੜ੍ਹਾ ਹੁੰਦਾ ਹੈ। ਜਿਵੇਂ ਕਿ ਪਤੀ ਜਾਂ ਪਤਨੀ ਵਿੱਚੋਂ ਇੱਕ ਕਹਿਣਾ ਸ਼ੁਰੂ ਕਰ ਦੇਵੇ ਕਿ ਉਸ ਨੂੰ ਤਲਾਕ ਚਾਹੀਦਾ ਹੈ ਜਾਂ ਫਿਰ ਉਹ ਘਰ ਛੱਡ ਕੇ ਹੀ ਚਲਾ ਜਾਵੇ। ਜਦੋਂ ਲੋਕ ਅਜਿਹੀ ਹਾਲਤ ਵਿੱਚ ਕਾਉਂਸਲਰ ਕੋਲ ਆ ਜਾਂਦੇ ਹਨ ਤਾਂ ਚੀਜ਼ਾਂ ਨੂੰ ਕਾਬੂ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ।"

MARRIAGE

ਤਸਵੀਰ ਸਰੋਤ, Getty Images

ਡਾ. ਗੀਤਾਂਜਾਲੀ ਦੇ ਕੋਲ ਹਰ ਰੋਜ਼ ਘੱਟੋ-ਘੱਟ ਦੋ ਨਵੇਂ ਮਾਮਲੇ ਹੁੰਦੇ ਹਨ। ਉਹ ਕਹਿੰਦੀ ਹੈ, "ਅੱਜ ਦੇ ਨੌਜਵਾਨਾਂ ਦਾ ਸੋਚਣ ਦਾ ਢੰਗ ਪਿਛਲੀ ਪੀੜ੍ਹੀ ਨਾਲੋਂ ਥੋੜ੍ਹਾ ਵੱਖਰਾ ਹੈ।"

"ਉਹ ਚਾਹੁੰਦੇ ਹਨ ਕਿ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਓਂ ਲਿਆ ਜਾਵੇ। ਫਿਲਮਾਂ ਅਤੇ ਮੀਡੀਆ ਦੀ ਵਜ੍ਹਾ ਕਰਕੇ ਕਾਫ਼ੀ ਲੋਕ ਮਾਨਸਿਕ ਸਿਹਤ ਅਤੇ ਕਾਊਂਸਲਿੰਗ ਬਾਰੇ ਜਾਗਰੂਕ ਹੋ ਗਏ ਹਨ।"

ਮਿਸਾਲ ਦੇ ਤੌਰ 'ਤੇ ਫਿਲਮ 'ਡੀਅਰ ਜ਼ਿੰਦਗੀ' ਵਿੱਚ ਆਲਿਆ ਭੱਟ ਕਾਉਂਸਲਰ ਦੀ ਮਦਦ ਲੈਂਦੀ ਹੈ। ਇਸ ਤੋਂ ਇਲਾਵਾ 'ਤਨੂੰ ਵੈਡਸ ਮਨੂੰ ਰਿਟਰਨਸ' ਵਿੱਚ ਕੰਗਨਾ ਰਣੌਤ ਅਤੇ ਮਾਧਵਨ ਨੂੰ ਮੈਰਿਜ ਕਾਊਂਸਲਿੰਗ ਲੈਂਦੇ ਦਿਖਾਇਆ ਗਿਆ ਹੈ।

ਕੌਣ ਕਰਦਾ ਹੈ ਮੈਰਿਜ ਕਾਊਂਸਲਿੰਗ?

ਕਲੀਨੀਕਲ ਸਾਈਕਾਲਜਿਸਟ ਡਾ. ਨੀਤੂ ਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਉਣ ਵਾਲਾ ਹਰ 10 ਵਿੱਚੋਂ ਇੱਕ ਮਾਮਲਾ ਮੈਰਿਜ ਕਾਊਂਸਲਿੰਗ ਨਾਲ ਜੁੜਿਆ ਹੁੰਦਾ ਹੈ।

ਆਮ ਤੌਰ 'ਤੇ ਉਹ ਮਨੋਵਿਗਿਆਨੀ ਅਤੇ ਥੈਰੇਪਿਸਟ ਮੈਰਿਜ ਕਾਊਂਸਲਿੰਗਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਲਈ ਵਿਸ਼ੇਸ਼ ਸਿਖਲਾਈ ਲਈ ਹੈ।

ਹਰੇਕ ਮਨੋਵਿਗਿਆਨੀ ਕੋਲ ਵੱਖ-ਵੱਖ ਹੁਨਰ ਹੁੰਦੇ ਹਨ। ਇਨ੍ਹਾਂ ਵਿੱਚੋਂ ਕਈ ਲੋਕ 'ਮੈਰਿਜ ਐਂਡ ਫੈਮਲੀ ਕਾਊਂਸਲਿੰਗ' ਵਿੱਚ ਮੁਹਾਰਤ ਰੱਖਦੇ ਹਨ।

ਇਹ ਵੀ ਪੜ੍ਹੋ:

ਭਾਰਤ ਵਿੱਚ ਵੱਖੋ ਵੱਖਰੀਆਂ ਸੰਸਥਾਵਾਂ ਵਿਦਿਆਰਥੀਆਂ ਨੂੰ ਮਨੋਵਿਗਿਆਨ ਅਤੇ 'ਵਿਆਹ ਅਤੇ ਪਰਿਵਾਰਕ ਕਾਊਂਸਲਿੰਗ' ਦੀ ਸਿਖਲਾਈ ਦਿੰਦੀਆਂ ਹਨ।

ਉਦਾਹਰਣ ਵਜੋਂ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਈਂਸੇਜ਼ (ਐਨਆਈਐਮਐਚਏਐਨਐਸ) ਫੈਮਿਲੀ ਥੈਰੇਪੀ ਟਰੇਨਿੰਗ ਦਿੰਦਾ ਹੈ।

ਮੈਰਿਜ ਕਾਉਂਸਲਿੰਗ ਵਿੱਚ ਕੀ ਹੁੰਦਾ ਹੈ?

ਡਾ. ਨੀਤੂ ਰਾਣਾ ਅਨੁਸਾਰ ਮੈਰਿਜ ਕਾਊਂਸਲਿੰਗ ਦੇ ਕੁਝ ਨਿਯਮ ਹਨ ਜੋ ਥੈਰੇਪਿਸਟ ਪਹਿਲੇ ਸੈਸ਼ਨ ਵਿੱਚ ਦੋਨਾਂ ਪਾਰਟਨਰਜ਼ ਨੂੰ ਦੱਸ ਦਿੰਦਾ ਹੈ। ਮਿਸਾਲ ਦੇ ਤੌਰ ਤੇ:

  • ਮਨੋਵਿਗਿਆਨੀ ਇੱਕ ਤੀਜੀ ਪਾਰਟੀ ਹੈ ਜੋ ਬਿਲਕੁਲ ਨਿਰਪੱਖ ਹੈ। ਉਹ ਦੋਹਾਂ ਵਿਚੋਂ ਕਿਸੇ ਇੱਕ ਵੱਲ ਨਹੀਂ ਝੁੱਕ ਸਕਦਾ।
  • ਮਨੋਵਿਗਿਆਨੀ ਨਾ ਤਾਂ ਕਿਸੇ ਇੱਕ ਸਾਥੀ ਨੂੰ ਜੱਜ ਕਰੇਗਾ ਅਤੇ ਨਾ ਹੀ ਉਨ੍ਹਾਂ ਦੇ ਸਬੰਧਾਂ ਜਾਂ ਸਬੰਧਾਂ ਦੀਆਂ ਸਮੱਸਿਆਵਾਂ ਨੂੰ।
  • ਮਨੋਵਿਗਿਆਨੀ ਕਿਸੇ ਇੱਕ ਨੂੰ ਸਹੀ ਜਾਂ ਗ਼ਲਤ ਨਹੀਂ ਠਹਿਰਾਏਗਾ।
  • ਮਨੋਵਿਗਿਆਨੀ ਦੋਨਾਂ ਨਾਲ ਇਕੱਠੇ ਗੱਲ ਵੀ ਕਰੇਗਾ ਅਤੇ ਇੱਕ-ਇੱਕ ਕਰਕੇ ਵੀ।
  • ਮਨੋਵਿਗਿਆਨੀ ਦੋਹਾਂ ਪੱਖਾਂ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਕਿਤੇ ਹੋਰ ਸਾਂਝਾ ਨਹੀਂ ਕਰੇਗਾ।

ਡਾ. ਨੀਤੂ ਦੇ ਅਨੁਸਾਰ ਆਮ ਤੌਰ 'ਤੇ ਮੈਰਿਜ ਕਾਊਂਸਲਿੰਗ ਦੇ ਦੋ ਤਰੀਕੇ ਹੁੰਦੇ ਹਨ:

1) ਸਿਸਟੇਮੈਟਿਕ ਥੈਰੇਪੀ - ਇਸ ਵਿੱਚ ਲੋਕਾਂ ਦੇ ਪਰਿਵਾਰਿਕ ਅਤੇ ਸਮਾਜਿਕ ਪਿਛੋਕੜ ਦੀ ਤੈਹਿ ਤੱਕ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਕੋਸ਼ਿਸ਼ ਹੁੰਦੀ ਹੈ।

MARRIAGE COUNSELLING

ਤਸਵੀਰ ਸਰੋਤ, Getty Images

ਉਦਾਹਰਨ ਵਜੋਂ ਜੇ ਕੋਈ ਸਾਥੀ ਇੱਕ ਅਜਿਹੇ ਪਰਿਵਾਰ ਤੋਂ ਆਇਆ ਹੈ ਜਿਸ ਦੇ ਦੋਵੇਂ ਮਾਪੇ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ, ਉਸ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦਿੰਦੇ ਸਨ ਅਤੇ ਦੂਜਾ ਸਾਥੀ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਹੈ ਜਿੱਥੇ ਬੱਚਿਆਂ ਨੂੰ ਹਮੇਸ਼ਾਂ ਮਾਪਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਤਾਂ ਦੋਹਾਂ ਦੇ ਰਵੱਈਏ ਵਿੱਚ ਫਰਕ ਹੋਏਗਾ।

ਅਜਿਹੇ ਵਿੱਚ ਥੈਰੇਪਿਸਟ ਦੋਨਾਂ ਵਿਚਲੇ ਮਤਭੇਦ ਦੇ ਲੁਕੇ ਹੋਏ ਕਾਰਨਾਂ ਦੀ ਜਾਂਚ ਕਰਦਾ ਹੈ ਅਤੇ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ।

2) ਵਿਵਹਾਰਿਕ (ਬਿਹੇਵਰੀਅਲ) ਥੈਰੇਪੀ - ਇਸ ਵਿੱਚ ਥੈਰੇਪਿਸਟ ਜ਼ਿਆਦਾ ਪਿੱਛੇ ਨਹੀਂ ਜਾਂਦਾ ਅਤੇ ਮਤਭੇਦ ਦੇ ਕਾਰਨਾਂ ਦੀ ਪਰਿਵਾਰਕ ਅਤੇ ਸਮਾਜਿਕ ਪਿਛੋਕੜ ਦੀ ਪੜਚੋਲ ਵੀ ਨਹੀਂ ਕਰਦਾ। ਉਹ ਸਿੱਧਾ ਲੋਕਾਂ ਦੇ ਵਿਹਾਰ ਦੀ ਸਿੱਧੇ ਰੂਪ ਵਿੱਚ ਜਾਂਚ ਕਰਦਾ ਹੈ ਅਤੇ ਉਸ ਨੂੰ ਬਦਲਣ ਜਾਂ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ।

ਕੌਣ ਆਉਂਦਾ ਹੈ ਮੈਰਿਜ ਕਾਊਂਸਲਿੰਗ ਦੇ ਲਈ?

ਡਾ. ਗੀਤਾਂਜਾਲੀ ਅਨੁਸਾਰ ਉਨ੍ਹਾਂ ਕੋਲ ਆਉਣ ਵਾਲਿਆਂ ਵਿੱਚ ਮੱਧ ਵਰਗੀ, ਉੱਚ ਮੱਧ ਵਰਗ ਅਤੇ ਅਮੀਰ ਲੋਕ ਆਉਂਦੇ ਹਨ। ਇਨ੍ਹਾਂ ਵਿੱਚ ਵੀ ਜ਼ਿਆਦਾਤਰ ਨੌਜਵਾਨ ਜੋੜੇ ਅਤੇ ਪ੍ਰੇਮ ਵਿਆਹਾਂ ਵਾਲੇ ਜੋੜੇ ਹੁੰਦੇ ਹਨ।

ਡਾ. ਗੀਤਾਂਜਲੀ ਅਨੁਸਾਰ ਲਵ ਮੈਰਿਜ ਦੇ ਮਾਮਲੇ ਜ਼ਿਆਦਾ ਆਉਣ ਦਾ ਮੁੱਖ ਕਾਰਨ ਹੈ ਕਿ ਆਮ ਤੌਰ 'ਤੇ ਅਜਿਹੇ ਜੋੜੇ ਵਧੇਰੇ ਜਾਗਰੂਕ ਹੁੰਦੇ ਹਨ ਅਤੇ ਅਜਿਹੇ ਰਿਸ਼ਤਿਆਂ ਵਿੱਚ ਅਸਹਿਮਤੀ ਜਤਾਉਣ ਦੀ ਗੁੰਜਾਇਸ਼ ਵੀ ਜ਼ਿਆਦਾ ਰਹਿੰਦੀ ਹੈ।

ਇਸ ਤੋਂ ਇਲਾਵਾ ਪ੍ਰੇਮ ਵਿਆਹ ਵਿੱਚ ਲੋਕ ਆਪਣੇ ਸਾਥੀ ਤੋਂ ਕਾਫੀ ਉਮੀਦਾਂ ਰੱਖਦੇ ਹਨ। ਜਦੋਂ ਇਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਰਿਸ਼ਤੇ ਵਿੱਚ ਤਣਾਅ ਆਉਂਦਾ ਹੈ।

ਇਸ ਤੋਂ ਇਲਾਵਾ ਡਾ. ਨੀਤੂ ਅਨੁਸਾਰ ਉਨ੍ਹਾਂ ਕੋਲ ਲਵ ਅਤੇ ਅਰੇਂਜਡ ਮੈਰਿਜ ਦੋਹਾਂ ਤਰ੍ਹਾਂ ਦੇ ਹੀ ਮਾਮਲੇ ਆਉਂਦੇ ਹਨ।

ਕਿਸ ਤਰ੍ਹਾਂ ਦੇ ਮਾਮਲੇ ਜ਼ਿਆਦਾ ਹਨ?

  • ਸੁਮੇਲ ਅਤੇ ਸ਼ਖਸੀਅਤ ਦੀਆਂ ਸਮੱਸਿਆਵਾਂ - ਵਿਆਹੁਤਾ ਜੋੜਿਆਂ ਦੇ ਸੁਭਾਅ, ਵਿਹਾਰ, ਵਿਚਾਰ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਵੱਖ ਹੋਣ ਕਾਰਨ ਮੁਸ਼ਕਲ ਮੁਸ਼ਕਿਲਾਂ ਹੁੰਦੀਆਂ ਹਨ।
  • ਸੱਸ-ਸਹੁਰੇ ਅਤੇ ਰਿਸ਼ਤੇਦਾਰਾਂ ਨਾਲ ਹੋਣ ਵਾਲੀਆਂ ਸਮੱਸਿਆਵਾਂ
  • ਵਿਆਹ ਤੋਂ ਬਾਅਦ ਸਬੰਧ (ਐਕਸਟਰਾ ਮੈਰੀਟਲ ਅਫੇਅਰ)
  • ਪੇਰੈਂਟਿੰਗ ਦੀਆਂ ਸਮੱਸਿਆਵਾਂ (ਬੱਚਿਆਂ ਨਾਲ ਸੰਬੰਧਿਤ ਸਮੱਸਿਆਵਾਂ)

ਇਸ ਤੋਂ ਇਲਾਵਾ ਇਹ ਜੋੜੇ ਇੱਕ-ਦੂਜੇ ਨੂੰ ਸਮਾਂ ਨਾ ਦੇ ਸਕਣ, ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿਣ, ਇੱਕ-ਦੂਜੇ ਲਈ ਭਾਵਨਾਤਮਕ ਤੌਰ' ਤੇ ਉਪਲਬਧ ਨਾ ਹੋ ਸਕਣ ਵਰਗੇ ਮੁੱਦੇ ਵੀ ਕਾਫ਼ੀ ਦੇਖਣ ਨੂੰ ਮਿਲਦੇ ਹਨ।

ਕਦੋਂ ਜਾਣਾ ਚਾਹੀਦਾ ਹੈ ਮੈਰਿਜ ਕਾਊਂਸਲਰ ਕੋਲ?

ਡਾ. ਨੀਤੂ ਅਨੁਸਾਰ ਜਦੋਂ ਵਿਆਹ ਵਿੱਚ ਚੱਲ ਰਹੀ ਪਰੇਸ਼ਾਨੀ ਕਾਰਨ ਤੁਹਾਡੀ ਨੀਂਦ, ਭੋਜਨ ਅਤੇ ਕੰਮ ਪ੍ਰਭਾਵਿਤ ਹੋਣ ਲੱਗੇ ਤਾਂ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਾਉਂਸਲਿੰਗ ਦਾ ਸਮਾਂ ਆ ਗਿਆ ਹੈ।

ਸਮਾਂ ਅਤੇ ਪੈਸਾ?

ਜੇ ਤੁਸੀਂ ਸਮੇਂ ਨੂੰ ਵੇਖਦੇ ਹੋ ਤਾਂ ਕੋਈ ਤੈਅ ਨਿਯਮ ਨਹੀਂ ਹੁੰਦਾ, ਪਰ ਆਮ ਤੌਰ ਤੇ ਇਹ 5-6 ਸੈਸ਼ਨਾਂ ਤੋਂ ਲੈ ਕੇ 10-12 ਸੈਸ਼ਨਾਂ ਤੱਕ ਹੁੰਦਾ ਹੈ।

ਫੀਸ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਮੈਰਿਜ ਕਾਊਂਸਲਿੰਗ ਦੀ ਫ਼ੀਸ 1000-3000 ਰੁਪਏ (ਪ੍ਰਤੀ ਸੈਸ਼ਨ) ਦੇ ਵਿਚਕਾਰ ਹੈ।

MARRIAGE COUNSELLING

ਤਸਵੀਰ ਸਰੋਤ, Thinkstock

'ਪਰਫੈਕਟ ਕਪਲ' ਅਤੇ 'ਪਰਫੈਕਟ ਵਿਆਹ' ਹੁੰਦਾ ਹੈ?

ਡਾ. ਨੀਤੂ ਅਤੇ ਡਾ. ਗੀਤਾਂਜਾਲੀ ਦੋਵਾਂ ਨੇ ਹੀ ਇਸ ਦਾ ਜਵਾਬ 'ਨਾ' ਵਿੱਚ ਦਿੱਤਾ ਹੈ। ਡਾ. ਗੀਤਾਂਜਾਲੀ ਅਨੁਸਾਰ ਹਰੇਕ ਰਿਸ਼ਤੇ ਵਿੱਚ ਸਮੱਸਿਆਵਾਂ ਹੁੰਦੀਆਂ ਹਨ, ਹਰੇਕ ਵਿਆਹ ਵਿੱਚ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਹਨਾਂ ਮੁਸ਼ਕਿਲਾਂ ਨੂੰ ਦੂਰ ਵੀ ਕੀਤਾ ਜਾ ਸਕਦਾ ਹੈ।

ਡਾਕਟਰ ਗੀਤਾਂਜਲੀ ਕਹਿੰਦੀ ਹੈ, "ਮੇਰੇ ਕੋਲ ਅਜਿਹੇ ਕਈ ਜੋੜੇ ਹਨ ਜਿਨ੍ਹਾਂ ਨੂੰ ਬਾਹਰੀ ਦੁਨੀਆ ਪਰਫੈਕਟ ਮੰਨਦੀ ਹੈ, ਦੂਜੇ ਲੋਕ ਉਨ੍ਹਾਂ ਕੋਲੋਂ ਸਲਾਹ ਲੈਂਦ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਵਿੱਚ ਸਭ ਕੁਝ ਵਧੀਆ ਹੈ ਪਰ ਅਸਲੀਅਤ ਵਿੱਚ ਉਨ੍ਹਾਂ ਦੇ ਸਬੰਧਾਂ ਵਿੱਚ ਕਈ ਸਮੱਸਿਆਵਾਂ ਹੁੰਦੀਆਂ ਹਨ।"

ਸਿਰਫ਼ ਪਿਆਰ ਕਾਫ਼ੀ ਹੈ?

ਡਾ. ਨੀਤੂ ਦੀ ਮੰਨੀਏ ਤਾਂ ਵਿਆਹ ਅਤੇ ਪੂਰੀ ਜ਼ਿੰਦਗੀ ਦੇ ਰਿਸ਼ਤਿਆਂ ਦੇ ਸੰਦਰਭ ਵਿੱਚ ਪਿਆਰ ਕਾਫ਼ੀ 'ਓਵਰਰੇਟਿਡ ਸ਼ਬਦ' ਹੈ।

ਉਹ ਕਹਿੰਦੀ ਹੈ, " ਹਰ ਰਿਸ਼ਤੇ ਵਾਂਗ ਵਿਆਹ ਵਿੱਚ ਵੀ ਵੱਖ-ਵੱਖ ਪੜਾਅ ਆਉਂਦੇ ਹਨ। ਬੱਚੇ ਹੋਣ ਤੋਂ ਪਹਿਲਾਂ, ਬੱਚੇ ਹੋਣ ਤੋਂ ਬਾਅਦ, ਬੱਚਿਆਂ ਦੇ ਵੱਡੇ ਹੋਣ ਤੇ ਅਤੇ ਉਨ੍ਹਾਂ ਦੇ ਪੜ੍ਹ-ਲਿਖ ਕੇ ਘਰੋਂ ਬਾਹਰ ਚਲੇ ਜਾਣ ਤੋਂ ਬਾਅਦ ਇਸ ਸਭ ਦੇ ਦੌਰਨ ਵਿਆਹੇ ਜੋੜਿਆਂ ਦੀ ਜ਼ਿੰਦਗੀ ਅਤੇ ਸਬੰਧ ਕਾਫ਼ ਹੱਦ ਤੱਕ ਬਦਲਦੇ ਹਨ।"

" ਬਦਲਾਵਾਂ ਨੂੰ ਇਨ੍ਹਾਂ ਲਹਿਰਾਂ ਵਿੱਚੋਂ ਸਿਰਫ਼ ਪਿਆਰ ਦੇ ਸਹਾਰੇ ਨਹੀਂ ਟਿਕਾ ਸਕਦੇ।"

ਵਿਆਹ ਵਿੱਚ ਇੱਕ-ਦੂਜੇ ਲਈ ਸਨਮਾਨ, ਇੱਕ-ਦੂਜੇ ਤੇ ਭਰੋਸਾ, ਦੋਸਤੀ ਅਤੇ ਸਮਝਦਾਰੀ ਵਰਗੀਆਂ ਚੀਜ਼ਾਂ ਬੇਹੱਦ ਜ਼ਰੂਰੀ ਹੁੰਦੀਆਂ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)