ਆਪਣਾ ਹੀ ਵਿਆਹ ਰੁਕਾਉਣ ਵਾਲੀ ਇਸ ਹਿੰਮਤੀ ਕੁੜੀ ਨੂੰ ਮਿਲੋ

ਵਿਆਹ ਵਾਲੇ ਦਿਨ ਘਰ ਵਿੱਚ ਬਹੁਤ ਤਿਆਰੀਆਂ ਕਰਨੀਆਂ ਹੁੰਦੀਆਂ ਹਨ। 4 ਨਵੰਬਰ ਦੇ ਸਵੇਰੇ ਮੋਨਿਕਾ ਦੇ ਵਾਲ ਬਣਾਏ ਜਾਣੇ ਸਨ ਅਤੇ ਮੇਕ-ਅੱਪ ਵੀ ਕਰਨਾ ਸੀ।
ਪਰੰਪਰਾ ਅਨੁਸਾਰ ਲਾੜੀ ਨੇ ਲਾਲ ਸਾੜੀ ਪਹਿਨਣੀ ਸੀ। ਇਸ ਦਿਨ ਲਈ ਖਾਸ ਰੱਖੇ ਗਏ ਗਹਿਣਿਆਂ ਨੂੰ ਉਸਦੇ ਕੰਨਾਂ, ਨੱਕ ਅਤੇ ਗਲੇ 'ਤੇ ਸਜਾਉਣਾ ਸੀ।
ਵਿਆਹ ਲਈ ਹੱਥਾਂ 'ਤੇ ਮਹਿੰਦੀ ਵੀ ਲੱਗਣੀ ਸੀ। ਕਾਫੀ ਕੁਝ ਕਰਨ ਵਾਲਾ ਸੀ।
ਵਿਆਹ ਦੇ ਕੁਝ ਘੰਟੇ ਪਹਿਲਾਂ ਕਿਸੇ ਦੇ ਧਿਆਨ ਵਿੱਚ ਆਏ ਬਿਨਾਂ ਲਾੜੀ ਚੁੱਪ ਚਾਪ ਹਨੇਰੇ ਵਿੱਚ ਇੱਕ ਫੋਨ ਕਾਲ ਕੀਤੀ।
ਉਹ ਫੋਨ ਕਿਸੇ ਦੋਸਤ ਜਾਂ ਕਿਸੇ ਹੋਰ ਨੂੰ ਨਹੀਂ ਮਿਲਾਇਆ ਗਿਆ ਸੀ।
ਹੈਲਪਲਾਈਨ ਨੂੰ ਕਾਲ
ਬਾਲੜੀ ਮੋਨਿਕਾ ਨੇ ਘਬਰਾਉਂਦੇ ਹੋਏ 1098 ਨੰਬਰ ਮਿਲਾਇਆ ਜੋ ਕਿ ਇੱਕ ਹੈਲਪਲਾਈਨ ਦਾ ਸੀ।
ਭਾਰਤੀ ਕਾਨੂੰਨ ਮੁਤਾਬਕ ਵਿਆਹ ਲਈ ਨਾਬਾਲਗ ਮੋਨਿਕਾ ਆਪਣਾ ਵਿਆਹ ਰੋਕਣਾ ਚਾਹੁੰਦੀ ਸੀ।
13 ਸਾਲ ਦੀ ਉਮਰ ਵਿੱਚ ਮੋਨਿਕਾ ਦਾ ਵਿਆਹ ਕਰਾਇਆ ਜਾ ਰਿਹਾ ਸੀ।
ਉਸਦੀ ਮਦਦ ਕਰਨ ਵਾਲੀ ਚੈਰਿਟੀ ਨੇ ਇਹ ਜਾਣਕਾਰੀ ਦਿੱਤੀ।
ਹਾਲਾਂਕਿ ਉਸਦੇ ਮਾਪਿਆਂ ਨੇ ਕਿਹਾ ਕਿ ਉਹ 17 ਸਾਲਾਂ ਤੋਂ ਵੱਧ ਉਮਰ ਦੀ ਹੈ।
ਮੋਨਿਕਾ ਵਰਗੇ ਗਰੀਬ ਪਰਿਵਾਰਾਂ ਕੋਲ ਅਕਸਰ ਜਨਮ ਸਰਟੀਫਿਕੇਟ ਨਹੀਂ ਹੁੰਦੇ।
ਪਰ ਇਹ ਸਥਾਪਤ ਹੈ ਕਿ ਉਹ ਹਾਲੇ ਵੀ ਬੱਚੀ ਹੈ ਅਤੇ ਕਾਨੂੰਨ ਅਨੁਸਾਰ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਨਹੀਂ ਹੋ ਸਕਦਾ।
ਪਿਛਲੇ ਸਾਲ ਸਤੰਬਰ ਵਿੱਚ ਉਸਦੇ ਪਿਤਾ ਰਾਜਸਥਾਨ ਦੇ ਬੀਕਾਨੇਰ 'ਚੋਂ ਆਪਣੇ ਘਰ ਤੋਂ ਤੜਕੇ ਹੀ ਨਿਕਲ ਗਏ।
ਸ਼ਾਮ ਨੂੰ ਵਾਪਸੀ 'ਤੇ ਉਨ੍ਹਾਂ ਮੋਨਿਕਾ ਦੀ ਮਾਂ ਸੀਤਾ ਨਾਲ ਬੈਠ ਕੇ ਮੋਨਿਕਾ ਨੂੰ ਦੱਸਿਆ ਕਿ ਉਸਦੇ ਵਿਆਹ ਲਈ ਮੁੰਡਾ ਲੱਭ ਗਿਆ ਸੀ।
ਉਸਨੇ ਦੱਸਿਆ, ''ਮੰਮੀ ਪਾਪਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਚੁਰੂ ਵਿੱਚ ਮੇਰੇ ਲਈ ਇੱਕ ਮੁੰਡਾ ਲੱਭਿਆ ਹੈ। ਜੋ ਬਹੁਤ ਚੰਗਾ ਅਤੇ ਪੜ੍ਹਿਆ ਲਿਖਿਆ ਹੈ ਅਤੇ ਮਜ਼ਦੂਰੀ ਕਰਦਾ ਹੈ।''
ਮੋਨਿਕਾ ਨੇ ਦੱਸਿਆ ਕਿ ਉਹ ਕਦੇ ਉਸ ਮੁੰਡੇ ਨੂੰ ਮਿਲੀ ਨਹੀਂ ਸੀ, ਸਿਰਫ ਤਸਵੀਰ ਵੇਖੀ ਸੀ। ਉਹ 22 ਸਾਲਾਂ ਦਾ ਸੀ।
ਮਾਪਿਆਂ ਦੀ ਆਗਿਆਕਾਰੀ ਕੁੜੀ ਹੋਣ ਕਾਰਨ ਉਹ ਮੰਨ ਗਈ ਪਰ ਉਸਦੀਆਂ ਕੁਝ ਹੋਰ ਵੀ ਭਾਵਨਾਵਾਂ ਸਨ।
ਉਸਨੇ ਕਿਹਾ, ''ਮੈਨੂੰ ਲੱਗਿਆ ਕਿ ਮੈਂ ਬਹੁਤ ਛੋਟੀ ਹਾਂ ਅਤੇ ਅਜੇ ਵਿਆਹ ਨਹੀਂ ਕਰਾਉਣਾ ਚਾਹੀਦਾ। ਮੈਂ ਪੜ੍ਹ ਲਿਖ ਕੇ ਅਧਿਆਪਿਕਾ ਬਣਨਾ ਚਾਹੁੰਦੀ ਸੀ।''
ਮੋਨਿਕਾ ਨੇ ਆਪਣੇ ਮਾਪਿਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।
ਉਸ ਨੇ ਦੱਸਿਆ, ''ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਉਨ੍ਹਾਂ ਦੇ ਪੁੱਛਣ 'ਤੇ ਮੈਂ ਕਿਹਾ ਵਿਆਹ ਦੀ ਉਮਰ ਘੱਟੋ ਘੱਟ 18 ਸਾਲ ਹੁੰਦੀ ਹੈ।''
ਵਿਆਹ ਦਾ ਮਤਲਬ ਪਰਿਵਾਰ ਨਾਲੋਂ ਬਿਲਕੁਲ ਵੱਖ ਹੋਣਾ ਸੀ।
ਉਸਦਾ ਹੋਣ ਵਾਲਾ ਪਤੀ ਉਸਦੇ ਘਰ ਤੋਂ ਚਾਰ ਘੰਟਿਆਂ ਦੀ ਦੂਰੀ 'ਤੇ ਰਹਿੰਦਾ ਸੀ।
ਉਸ ਨੇ ਕਿਹਾ, ''ਵਿਆਹ ਤੋਂ ਬਾਅਦ ਇਸ ਨਵੇਂ ਘਰ ਵਿੱਚ ਹੀ ਮੇਰੀ ਜ਼ਿੰਦਗੀ ਹੋਣੀ ਸੀ। ਕੋਈ ਮੈਨੂੰ ਖੇਡਣ ਜਾਂ ਬੋਲਣ ਨਹੀਂ ਦਿੰਦਾ ਅਤੇ ਮੈਨੂੰ ਆਪ ਹੀ ਘਰ ਦੇ ਸਾਰੇ ਕੰਮ ਕਰਨੇ ਪੈਂਦੇ। ਮੇਰੇ ਸਹੁਰਿਆਂ ਨੇ ਮੇਰੇ ਤੋਂ ਬਹੁਤ ਕੰਮ ਕਰਾਉਣਾ ਸੀ।''
ਮੋਨਿਕਾ ਦੇ ਮਾਪਿਆਂ ਨੂੰ ਫਿਰ ਵਿਆਹ ਕਰਾਉਣ ਦਾ ਫੈਸਲਾ ਸਹੀ ਕਿਉਂ ਲੱਗਦਾ ਸੀ?
ਮੋਨਿਕਾ ਦੀਆਂ ਚਾਰ ਹੋਣ ਭੈਣਾਂ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੀ ਜ਼ਿੰਦਗੀ ਇੱਕ ਸੰਘਰਸ਼ ਹੈ।
ਪੰਜ ਧੀਆਂ ਦਾ ਬਾਪ ਗਣੇਸ਼ ਰੋਜ਼ ਦੇ 500 ਰੁਪਏ ਕਮਾਉਂਦਾ ਹੈ ਅਤੇ ਕਦੇ ਕਦੇ ਤਾਂ ਕੰਮ ਵੀ ਨਹੀਂ ਮਿਲਦਾ।
ਪਰਿਵਾਰ ਦਾ ਸੰਘਰਸ਼
ਮੋਨਿਕਾ ਦਾ ਪਰਿਵਾਰ ਵਾਲਮਿਕੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ।
ਕਾਫ਼ੀ ਸਮੇਂ ਤੱਕ ਇਸ ਭਾਈਚਾਰੇ ਨਾਲ ਵਿਤਕਰਾ ਹੁੰਦਾ ਰਿਹਾ। ਅਜੇ ਵੀ ਉਹ ਸਿਰਫ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਹੀ ਵਿਚਰਦੇ ਹਨ।
ਮੋਨਿਕਾ ਦੀ ਮਾਂ ਅਤੇ ਦਾਦੀ ਲੋਕਾਂ ਦੇ ਘਰਾਂ 'ਚ ਗੋਹਾ-ਕੂੜਾ ਕਰਦੀਆਂ ਹਨ।
ਉਨ੍ਹਾਂ ਦੇ ਘਰ ਵਿੱਚ ਥੋੜਾ ਸਾਮਾਨ ਪਿਆ ਹੈ, ਬਾਹਰ ਤੋਂ ਪੈਕ ਹੋਇਆ ਫਰਿੱਜ ਨਵੇਂ ਵਾਂਗ ਲਗਦਾ ਹੈ।

ਤਸਵੀਰ ਸਰੋਤ, PA
ਉਹ ਫਰਿੱਜ ਇਸਤੇਮਾਲ ਨਹੀਂ ਕਰਦੇ। ਇਹ ਮੋਨਿਕਾ ਦੇ ਦਹੇਜ ਲਈ ਰੱਖਿਆ ਹੋਇਆ ਹੈ।
ਗਣੇਸ਼ ਲਈ ਆਪਣੀਆਂ ਧੀਆਂ ਦਾ ਵਿਆਹ ਸਭ ਤੋਂ ਮੁੱਖ ਜ਼ਿੰਮੇਵਾਰੀ ਹੈ।
ਸਭ ਤੋਂ ਵੱਡੀ ਧੀ ਰਜਨੀ ਨਵੰਬਰ ਵਿੱਚ ਵਿਆਹ ਲਈ ਬਾਲਗ ਹੋਣ ਵਾਲੀ ਸੀ।
ਉਸਦੇ ਲਾੜੇ ਦਾ ਭਰਾ ਵੀ ਸੀ ਅਤੇ ਮੋਨਿਕਾ ਦੇ ਪਰਿਵਾਰ ਨੂੰ ਲੱਗਿਆ ਕਿ ਜੇ ਉਹ ਉਸਦੇ ਨਾਲ ਆਪਣੀ ਦੂਜੀ ਕੁੜੀ ਵਿਆਹ ਦੇਣਗੇ ਤਾਂ ਦੋਵੇਂ ਵਿਆਹ ਇਕੱਠੇ ਹੋ ਜਾਣਗੇ ਅਤੇ ਖਰਚਾ ਬਚੇਗਾ।
ਉਨ੍ਹਾਂ ਕਿਹਾ, ''ਅਸੀਂ ਮਜ਼ਦੂਰ ਹਾਂ, ਕਦੇ ਮੈਨੂੰ ਕੰਮ ਮਿਲਦਾ ਹੈ ਅਤੇ ਕਦੇ ਨਹੀਂ ਮਿਲਦਾ। ਜੇ ਅਸੀਂ ਇੱਕ ਕੁੜੀ ਦਾ ਵਿਆਹ ਕਰ ਰਹੇ ਹਾਂ ਤਾਂ ਦੂਜੀ ਦਾ ਵੀ ਕਰ ਦਿੰਦੇ ਹਾਂ ਤਾਂ ਕਿ ਸਾਡੇ ਪੈਸੇ ਬਚਣ।''
ਪਰ ਮੋਨਿਕਾ ਹਾਲੇ ਨਾਬਾਲਗ ਸੀ। ਉਨ੍ਹਾਂ ਕਿਹਾ, ''ਸਾਨੂੰ ਨਹੀਂ ਪਤਾ ਸੀ ਕਿ ਇਹ ਗੈਰ-ਕਾਨੂੰਨੀ ਹੈ। ਹੁਣ ਸਾਨੂੰ ਸੋਚ ਕੇ ਬੁਰਾ ਲੱਗਦਾ ਹੈ।''
ਮੋਨਿਕਾ ਦੀ ਮਾਂ ਸੀਤਾ ਨੇ ਬਸ ਇੰਨਾ ਕਿਹਾ ਕਿ ਉਹ ਕਰ ਵੀ ਕੀ ਸਕਦੇ ਹਨ।
ਮੋਨਿਕਾ ਦੀ ਸੁਰੱਖਿਆ ਦੇ ਮਦੇਨਜ਼ਰ ਵੀ ਇਹ ਕਦਮ ਚੁੱਕਿਆ ਗਿਆ ਸੀ।
ਸੀਤਾ ਨੇ ਦੱਸਿਆ, ''ਜਦ ਅਸੀਂ ਕੰਮ ਲਈ ਘਰੋਂ ਬਾਹਰ ਜਾਂਦੇ ਹਾਂ ਤੇ ਸਾਡੀ ਧੀ ਇਕੱਲੀ ਹੁੰਦੀ ਹੈ। ਸਾਡਾ ਮੁਹੱਲਾ ਇੰਨਾ ਸੁਰੱਖਿਅਤ ਨਹੀਂ ਹੈ। ਇਸ ਲਈ ਅਸੀਂ ਸੋਚਿਆ ਕਿ ਦੋਵਾਂ ਨੂੰ ਇਕੱਠੇ ਹੀ ਵਿਆਹ ਦਿੰਦੇ ਹਾਂ।''
ਰਾਜਸਥਾਨ ਵਿੱਚ ਅਜਿਹੇ ਵਿਆਹ ਆਮ ਹਨ। ਅਕਸਰ ਸਭ ਤੋਂ ਵੱਡੀ ਧੀ ਦਾ ਨਾਂ ਵਿਆਹ ਦੇ ਕਾਰਡ ਤੇ ਛਪਵਾਇਆ ਜਾਂਦਾ ਹੈ। ਇਸ ਲਈ ਅਧਿਕਾਰਿਆਂ ਲਈ ਨਾਬਾਲਗ ਵਿਆਹਾਂ ਨੂੰ ਫੜ ਪਾਉਣਾ ਔਖਾ ਹੁੰਦਾ ਹੈ।

ਤਸਵੀਰ ਸਰੋਤ, AFP
ਪਰ ਮੋਨਿਕਾ ਦੇ ਮਾਮਲੇ ਵਿੱਚ ਲਾੜੀ ਨੇ ਆਪ ਹੀ ਜਾਣਕਾਰੀ ਦੇ ਦਿੱਤੀ।
ਮਾਪਿਆਂ ਨਾਲ ਬੈਠੀ ਮੋਨਿਕਾ ਜਦ ਉਹ ਸਮਾਂ ਯਾਦ ਕਰਦੀ ਹੈ ਤਾਂ ਉਨ੍ਹਾਂ ਖਿਲਾਫ ਕੋਈ ਗਲਤ ਭਾਵਨਾ ਨਹੀਂ ਰੱਖਦੀ।
ਪਰ ਮੋਨੀਕਾ ਲਈ ਉਹ ਸਮਾਂ ਬੇਹੱਦ ਔਖਾ ਰਿਹਾ ਹੋਵੇਗਾ।
ਕਿੱਥੋਂ ਮਿਲੀ ਹਿੰਮਤ?
ਮੋਨਿਕਾ ਕਿਸੇ ਨੌਜਵਾਨ ਬਾਗੀ ਕੁੜੀ ਵਰਗੀ ਨਹੀਂ ਲਗਦੀ। ਉਹ ਕਾਫੀ ਸ਼ਰਮੀਲੀ ਜਾਪਦੀ ਹੈ।
ਇਸ ਦੇ ਬਾਵਜੂਦ ਮੋਨਿਕਾ ਨੇ ਆਪਣੇ ਪਰਿਵਾਰ ਖਿਲਾਫ ਜਾਣ ਦੀ ਹਿੰਮਤ ਵਿਖਾਈ।
ਵਿਆਹ ਵਾਲੇ ਦਿਨ ਮੋਨਿਕਾ ਨੂੰ ਇਸ ਦਾ ਅਹਿਸਾਸ ਹੋਇਆ।
ਉਸ ਨੇ ਕਿਹਾ, ''ਜਦ ਮੈਂ ਆਪਣੀ ਭੈਣ ਨੂੰ ਲਾੜੀ ਦੇ ਜੋੜੇ ਵਿੱਚ ਵੇਖਿਆ ਤਾਂ ਮੈਨੂੰ ਲੱਗਿਆ ਕਿ ਮੈਂ ਇਹ ਨਹੀਂ ਕਰ ਸਕਦੀ।''
ਇਸ ਲਈ ਉਸ ਨੇ ਚਾਈਲਡ ਹੈਲਪਲਾਈਨ ਨੂੰ ਫੋਨ ਮਿਲਾਇਆ। ਮੋਨਿਕਾ ਨੇ ਇਸ ਬਾਰੇ ਅਤੇ ਹੈਲਪਲਾਈਨ ਦੇ ਨੰਬਰ ਬਾਰੇ ਕਿਤਾਬਾਂ 'ਚ ਪੜ੍ਹਿਆ ਸੀ।
ਉਸ ਨੇ ਆਪਣੀ ਦਾਦੀ ਤੋਂ ਫੋਨ ਲਿਆ ਅਤੇ ਭੱਜ ਕੇ ਕਾਲ ਮਿਲਾਈ। ਵਿਆਹ ਨੂੰ ਕੁਝ ਘੰਟੇ ਹੀ ਬਚੇ ਸਨ। ਉਹ ਡਰੀ ਹੋਈ ਸੀ ਪਰ ਇਹ ਉਸਦੀ ਆਖਰੀ ਕੋਸ਼ਿਸ਼ ਸੀ।

ਤਸਵੀਰ ਸਰੋਤ, AFP
ਉਸ ਨੇ ਕਿਹਾ, ''ਮੈਂ ਕਾਲ ਕੀਤੀ ਅਤੇ ਸਾਰਾ ਕੁਝ ਦੱਸ ਦਿੱਤਾ ਕਿ ਮੈਂ ਛੋਟੀ ਹਾਂ, ਵਿਆਹ ਨਹੀਂ ਕਰਾਉਣਾ ਚਾਹੁੰਦੀ ਅਤੇ ਅੱਗੇ ਪੜ੍ਹਣਾ ਚਾਹੁੰਦੀ ਹਾਂ।''
ਮੈਂ ਪੁੱਛਿਆ ਕਿ ਤੁਸੀਂ ਮੇਰਾ ਵਿਆਹ ਰੋਕਣ ਲਈ ਕੁਝ ਕਰ ਸਕਦੇ ਹੋ?
ਦਿੱਲੀ ਵਿੱਚ ਬੈਠੇ ਹੈਲਪਲਾਈਨ ਅਧਿਕਾਰੀ ਨੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਉਸ ਤੋਂ ਲੋਕੇਸ਼ਨ ਅਤੇ ਵਿਆਹ ਦੇ ਸਮੇਂ ਬਾਰੇ ਜਾਣਕਾਰੀ ਲਈ। ਉਸਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਆ ਰਹੇ ਹਾਂ।
ਬਾਲ ਵਿਆਹ ਰੋਕਣ ਦਾ ਕੰਮ
ਇੱਥੇ 31 ਸਾਲਾ ਪ੍ਰੀਤੀ ਯਾਦਵ ਤਸਵੀਰ ਵਿੱਚ ਆਉਂਦੀ ਹੈ। ਉਸਦੀ ਚੈਰਿਟੀ ਉਰਮੁਲ ਟਰੱਸਟ ਬੀਕਾਨੇਰ ਇਲਾਕੇ ਵਿੱਚ ਅਜਿਹੇ ਕੇਸ ਵੇਖਦੀ ਹੈ।
ਪ੍ਰੀਤੀ ਦਿਨ ਅਤੇ ਰਾਤ ਵੇਲੇ ਮਦਦ ਲਈ ਆਏ ਫੋਨ ਸੁਣਦੀ ਹੈ।
ਪ੍ਰੀਤੀ ਅਕਸਰ ਆਪਣੀ ਚਿੱਟੀ ਮੋਪੇਡ 'ਤੇ ਬੱਚੀਆਂ ਨੂੰ ਬਚਾਉਣ ਲਈ ਭੱਜਦੀ ਨਜ਼ਰ ਆਉਂਦੀ ਹੈ।
ਪ੍ਰੀਤੀ ਨੇ ਦੱਸਿਆ ਕਿ ਸਾਡੇ ਲਈ ਇਹ ਚੁਣੌਤੀ ਸੀ ਕਿਉਂਕਿ ਅਸੀਂ ਸਿਰਫ ਤਿੰਨ ਘੰਟਿਆਂ ਦੇ ਅੰਦਰ ਇਸ ਬੱਚੀ ਨੂੰ ਬਚਾਉਣਾ ਸੀ।

ਤਸਵੀਰ ਸਰੋਤ, Getty Images
ਫੋਨ ਉੱਤੇ ਪ੍ਰੀਤੀ ਨੇ ਮੋਨਿਕਾ ਨਾਲ ਗੱਲਬਾਤ ਕੀਤੀ ਅਤੇ ਉਸਨੂੰ ਸਮਝਾਇਆ ਕਿ ਅੱਗੇ ਕੀ ਹੋ ਸਕਦਾ ਹੈ। ਸਥਾਨਕ ਪੁਲਿਸ ਕਰੀਬ ਪੰਜ ਵਜੇ ਮੋਨਿਕਾ ਦੇ ਘਰ ਪੁੱਜੀ।
ਉਨ੍ਹਾਂ ਕਾਗਜ਼ ਮੰਗੇ ਅਤੇ ਸਥਾਪਤ ਕਰਨ ਤੋਂ ਬਾਅਦ ਕਿ ਮੋਨਿਕਾ ਬਾਲਿਕਾ ਵਧੂ ਹੈ, ਵਿਆਹ ਨੂੰ ਹੋਣ ਤੋਂ ਰੋਕ ਦਿੱਤਾ।
ਪਰ ਪਰਿਵਾਰ ਨੇ ਪੁਲਿਸ ਦੀ ਨਹੀਂ ਮੰਨੀ ਅਤੇ ਅੱਠ ਵਜੇ ਮੋਨਿਕਾ ਨੇ ਮੁੜ ਪ੍ਰੀਤੀ ਨੂੰ ਫੋਨ ਕੀਤਾ।
ਉਸਦੇ ਮਾਪਿਆਂ ਨੇ ਵਿਆਹ ਦੀ ਥਾਂ ਬਦਲ ਦਿੱਤੀ ਸੀ ਅਤੇ ਹਾਲੇ ਵੀ ਉਸਦਾ ਵਿਆਹ ਕਰਾ ਰਹੇ ਸਨ।
ਪ੍ਰੀਤੀ ਨੇ ਕਿਹਾ, ''ਵਿਆਹ ਲੁਕਾਉਣ ਲਈ ਥਾਂ ਬਦਲ ਦਿੱਤੀ ਗਈ ਸੀ। ਇਸ ਲਈ ਅਸੀਂ ਮੁੜ ਪੁਲਿਸ ਦੀ ਮਦਦ ਲਈ। ਮੈਂ, ਇੱਕ ਮਹਿਲਾ ਪੁਲਿਸ ਕਾਂਸਟੇਬਲ ਅਤੇ ਦੋ ਮਰਦ ਪੁਲਿਸ ਅਫਸਰ 10 ਵਜੇ ਵਿਆਹ ਵਾਲੀ ਥਾਂ 'ਤੇ ਪਹੁੰਚੇ।''
''ਜਦ ਅਸੀਂ ਪਹੁੰਚੇ ਤਾਂ ਮੋਨਿਕਾ ਦੁਲਹਨ ਦੇ ਜੋੜੇ ਵਿੱਚ ਸਜੀ ਹੋਈ ਸੀ। ਉਹ ਸਾਨੂੰ ਵੇਖ ਕੇ ਮੁਸਕੁਰਾਈ ਪਰ ਕੁਝ ਬੋਲੀ ਨਹੀਂ। ਉਹ ਜਾਣਦੀ ਸੀ ਕਿ ਅਸੀਂ ਉਸ ਦਾ ਵਿਆਹ ਰੋਕਣ ਲਈ ਆਏ ਸੀ। ਉਹ ਖੁਸ਼ ਸੀ।''

ਬਾਕੀ ਲੋਕ ਹੈਰਾਨ ਸਨ। ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਪੁਲਿਸ ਕਿਉਂ ਆਈ ਹੈ।
ਕੋਈ ਨਹੀਂ ਜਾਣਦਾ ਸੀ ਕਿ ਪੁਲਿਸ ਨੂੰ ਕਿਸ ਨੇ ਫੋਨ ਕੀਤਾ। ਹੁਣ ਮੋਨਿਕਾ ਖੁਸ਼ੀ ਨਾਲ ਸਭ ਨੂੰ ਦੱਸਦੀ ਹੈ ਕਿ ਉਸਨੇ ਹੀ ਪੁਲਿਸ ਨੂੰ ਫੋਨ ਕੀਤਾ ਸੀ।
ਅਗਲਾ ਕਦਮ ਸੀ ਮੋਨਿਕਾ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਮਝਾਉਣਾ।
ਪ੍ਰੀਤੀ ਨੇ ਕਿਹਾ, ''ਅਸੀਂ ਮੋਨਿਕਾ ਦੇ ਮਾਪਿਆਂ ਅਤੇ ਦਾਦਕਿਆਂ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਸਮਝਾਇਆ ਕਿ ਛੇਤੀ ਵਿਆਹ ਕਰਾਉਣ ਨਾਲ ਨਾ ਹੀ ਸਿਰਫ ਬੱਚਾ ਭੁਗਤਦਾ ਹੈ ਬਲਕਿ ਉਨ੍ਹਾਂ ਨੂੰ ਇਸ ਲਈ ਜੇਲ੍ਹ ਵੀ ਹੋ ਸਕਦੀ ਹੈ।''
ਇਸ ਲਈ ਉਨ੍ਹਾਂ ਵਿਆਹ ਰੋਕ ਦਿੱਤਾ ਅਤੇ ਲਿਖਤ ਵਿੱਚ ਦਿੱਤਾ ਕਿ ਉਹ 18 ਸਾਲ ਦੀ ਉਮਰ ਤੋਂ ਪਹਿਲਾਂ ਹੁਣ ਮੋਨੀਕਾ ਦਾ ਵਿਆਹ ਨਹੀਂ ਕਰਾਉਣਗੇ।
ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਪ੍ਰੀਤੀ ਨੇ ਬਾਲ ਵਿਆਹ ਦੇ 20 ਤੋਂ 25 ਕੇਸ ਵੇਖ ਲਏ ਹਨ।
ਸਰਦੀਆਂ ਵਿੱਚ ਰਾਜਸਥਾਨ 'ਚ ਵਿਆਹਾਂ ਦਾ ਸੀਜ਼ਨ ਹੁੰਦਾ ਹੈ।
2006 ਵਿੱਚ ਬਾਲ ਵਿਆਹ ਭਾਰਤ ਵਿੱਚ ਬੰਦ ਹੋ ਗਿਆ ਸੀ ਪਰ ਅਜੇ ਵੀ ਪ੍ਰਚਲਤ ਹੈ।
ਯੂਨੀਸੇਫ ਦੇ ਮੁਤਾਬਕ ਭਾਰਤ ਵਿੱਚ ਅਜੇ ਵੀ ਸਭ ਤੋਂ ਵੱਧ ਬਾਲ ਵਧੂਆਂ ਹਨ।
ਪ੍ਰੀਤੀ ਖੁਦ ਨੂੰ ਅਜਿਹੀਆਂ ਕੁੜੀਆਂ ਦੀ ਵੱਡੀ ਭੈਣ ਵਾਂਗ ਵੇਖਦੀ ਹੈ ਅਤੇ ਆਪਣੇ ਇਸ ਕੰਮ ਤੋਂ ਬੇਹੱਦ ਸੰਤੁਸ਼ਟ ਹੈ।
ਉਸ ਨੇ ਕਿਹਾ, ''ਆਪਣੇ ਕਰੀਅਰ ਵਿੱਚ ਮੈਂ ਅਜਿਹੇ ਕਈ ਵਿਆਹ ਰੋਕੇ ਹਨ ਅਤੇ ਇਨ੍ਹਾਂ ਕੁੜੀਆਂ ਨੂੰ ਮਿਲਣ ਤੋਂ ਬਾਅਦ ਅਸੀਂ ਹਮੇਸ਼ਾ ਜੁੜੇ ਰਹਿੰਦੇ ਹਾਂ। ਮੈਨੂੰ ਬੇਹੱਦ ਮਾਣ ਹੈ ਕਿ ਮੈਂ ਇਨ੍ਹਾਂ ਦੀਆਂ ਜ਼ਿੰਦਗੀ ਅਤੇ ਭਵਿੱਖ ਬਚਾ ਲੈਂਦੀ ਹਾਂ। ਇਹ ਮੈਨੂੰ ਖੁਸ਼ੀ ਦਿੰਦਾ ਹੈ।''













