ਰਾਮ ਮੰਦਰ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸੱਦੀ ਧਰਮ ਸਭਾ ਦਾ ਅੱਖੀਂ-ਡਿੱਠਾ ਹਾਲ

    • ਲੇਖਕ, ਫੈਜ਼ਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਨਰਸਿੰਘਾ ਵਜਾਉਂਦੀ ਔਰਤ, ਹੱਥਾਂ ਵਿੱਚ ਝੰਡਾ ਫੜੀ ਨੌਜਵਾਨ, ਕੁਝ ਭਗਵੀਆਂ ਟੀ-ਸ਼ਰਟਾਂ ਅਤੇ ਟੋਪੀਆਂ ਪਾਈ ਅਤੇ ਰਾਮ ਦੇ ਗੀਤ ਗਾਉਂਦੇ ਨੌਜਵਾਨ।

ਇਹ ਸਾਰੇ ਲੋਕ ਐਤਵਾਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸੱਦੀ ਗਈ ਧਰਮ ਸਭਾ ਵਿੱਚ ਪਹੁੰਚੇ ਸਨ।

ਅਯੁੱਧਿਆ ਵਿੱਚ ਹੋਏ ਮਾੜੇ ਇਕੱਠ ਤੋਂ ਸੁਚੇਤ ਸੰਘ ਪਰਿਵਾਰ ਨਾਲ ਜੁੜੇ ਇਸ ਸੰਗਠਨ ਨੇ ਕੋਈ ਕਮੀ ਨਹੀਂ ਛੱਡੀ—ਨਤੀਜਾ- ਦਿੱਲੀ ਦੇ ਤੁਰਕਮਾਨ ਗੇਟ ਤੋਂ ਰਾਜਘਾਟ ਨੂੰ ਜਾਣ ਵਾਲੀ ਸੜਕ ਉੱਪਰ ਘੰਟੇ-ਅੱਧੇ ਘੰਟੇ ਤੱਕ ਬੱਸ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਦੀ ਲਾਈਨ ਲੱਗੀ ਨਜ਼ਰ ਆਈਆਂ।

ਜੇ ਭੀੜ ਵੱਡੀ ਸੀ ਤਾਂ ਧਰਮ ਸਭਾ ਦਾ ਬੰਦੋਬਸਤ ਵੀ ਬਹੁਤ ਵੱਡਾ ਸੀ— ਵਿਸ਼ਾਲ ਸਟੇਜ ਜਿਸ ਉੱਪਰ ਘੱਟੋ-ਘੱਟ ਦੋ ਦਰਜਨ ਹਿੰਦੂ ਸਾਧੂ-ਸੰਤ ਬੈਠੇ ਸਨ। ਮੈਦਾਨ ਦੇ ਚਾਰੇ ਖੂੰਜਿਆਂ ਉੱਪਰ ਪੁਲਿਸ ਦੇ ਮਚਾਨ ਅਤੇ ਥਾਂ-ਥਾਂ 'ਤੇ ਵੱਡੀਆਂ ਸਕਰੀਨਾਂ, ਜਿਨ੍ਹਾਂ ਉੱਪਰ ਵਾਰੀ-ਵਾਰੀ ਸਟੇਜ 'ਤੇ ਭਾਸ਼ਣ ਦੇ ਰਹੇ ਬੁਲਾਰਿਆਂ ਅਤੇ ਭੀੜ ਨੂੰ ਦੇਖਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ:

ਬੈਠਣ ਵਾਲਿਆਂ ਲਈ ਕੁਰਸੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ।

ਬਾਕੀ ਬੁਲਾਰਿਆਂ ਦੇ ਬੋਲਣ ਮਗਰੋਂ ਵਾਰੀ ਆਈ ਸੰਘ ਦੇ ਨੰਬਰ ਦੋ ਦੇ ਲੀਡਰ- ਭਈਆ ਜੀ ਜੋਸ਼ੀ ਦੇ ਬੋਲਣ ਦੀ।

ਉਨ੍ਹਾਂ ਨੇ, ਮੰਦਿਰ ਉੱਥੇ ਹੀ ਬਣਾਵਾਂਗੇ, ਦੇ ਐਲਾਨ ਕਰਨ ਵਾਲੇ ਜੋ ਲੋਕ ਅੱਜ ਸਰਕਾਰ ਵਿੱਚ ਬੈਠੇ ਹਨ" ਨੂੰ ਯਾਦ ਦਵਾਇਆ ਕਿ ਲੋਕਤੰਤਰ ਵਿੱਚ ਸੰਸਦ ਦਾ ਵੀ ਹੱਕ ਹੈ।

ਸੰਘ ਦੀ ਹਮਾਇਤ

ਜੋਸ਼ੀ ਨੇ ਉਨ੍ਹਾਂ ਲੋਕਾਂ ਨੂੰ ਸੰਸਦ ਦੇ ਫਰਜ਼ ਦੀ ਯਾਦ ਦਵਾਈ ਤੇ ਕਿਹਾ ਕਿ ਉਹ ਸਾਧੂਆਂ-ਸੰਤਾਂ ਰਾਹੀਂ ਲਿਆਂਦੇ ਗਏ ਇਸ ਮਤੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।

ਜੈ ਸ਼੍ਰੀਰਾਮ ਅਤੇ ਮੰਦਿਰ ਉੱਥੇ ਹੀ ਬਣਾਵਾਂਗੇ ਦੇ ਨਾਅਰਿਆ ਵਿਚਕਾਰ ਇੱਕ ਤੋਂ ਬਾਅਦ ਇੱਕ ਸਾਧੂ ਨੇ ਹਿੰਦੂ ਸਮਾਜ ਦਾ ਧੀਰਜ ਖ਼ਤਮ ਹੋ ਜਾਣ ਦੀ ਗੱਲ ਆਖੀ। ਤੇ ਕਿਹਾ ਕਿ ਹੁਣ ਸਰਕਾਰ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ।

ਰਾਮ ਮੰਦਿਰ ਮਾਮਲੇ ਬਾਰੇ ਇਹ ਵੀ ਪੜ੍ਹੋ:

ਉਨ੍ਹਾਂ ਦੀ ਮੰਗ ਸੀ ਕਿ ਕਾਨੂੰਨ ਸੰਸਦ ਦੇ ਆਗਾਮੀ ਸਰਦ ਰੁੱਤ ਇਜਲਾਸ ਵਿੱਚ ਲਿਆਂਦਾ ਜਾਵੇ। ਜੇ ਬਿਲ ਨਾ ਵੀ ਪਾਸ ਹੋਵੇ ਤਾਂ ਸਰਕਾਰ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਇਹ ਤਾਂ ਸਾਫ ਹੋ ਜਾਵੇਗਾ ਕਿ ਕੌਣ ਮੰਦਿਰ ਦੇ ਹੱਕ ਵਿੱਚ ਹੈ ਤੇ ਕੌਣ ਵਿਰੋਧ ਵਿੱਚ।

ਇਸ ਰੈਲੀ ਵਿੱਚ ਸ਼ਾਮਲ ਬਹੁਤੇ ਲੋਕਾਂ ਦੀ ਰਾਮ ਮੰਦਿਰ ਬਾਰੇ ਸਪਸ਼ਟ ਰਾਇ ਸੀ।

ਕਦੇ ਨਾ ਕਦੇ ਰਾਮ ਮੰਦਿਰ ਜ਼ਰੂਰ ਬਣੇਗਾ

ਬਿਹਾਰ ਤੋਂ ਆਈ ਸੰਯੁਕਤਾ ਕੇਸਰੀ ਦਿੱਲੀ ਵਿੱਚ ਹੀ ਰਾਮ ਮੰਦਿਰ ਬਾਰੇ ਹੋਈਆਂ ਤਿੰਨ-ਚਾਰ ਰੈਲੀਆਂ ਵਿੱਚ ਹਿੱਸਾ ਲੈ ਚੁੱਕੇ ਹਨ। ਪਰ ਉਹ ਹਾਲੇ ਵੀ ਮਾਮਲਾ ਸੁਲਾਹ-ਸਫਾਈ ਨਾਲ ਨਿਬੇੜਨ ਦੇ ਹੱਕ ਵਿੱਚ ਹਨ।

ਵਿਵੇਕ ਵਿਹਾਰ, ਦਿੱਲੀ ਤੋਂ ਪਹੁੰਚੇ ਰੋਹਨ ਕੁਮਾਰ ਮੁਤਾਬਕ 10 ਵਾਰ ਜਾਂ ਭਾਵੇਂ 15 ਵਾਰ ਉਹ ਜਦ ਤੱਕ ਰਾਮ ਮੰਦਿਰ ਨਹੀਂ ਬਣ ਜਾਂਦਾ ਅਜਿਹੀਆਂ ਰੈਲੀਆਂ ਵਿੱਚ ਆਉਂਦੇ ਰਹਿਣਗੇ।

ਰੋਹਨ ਦਾ ਕਹਿਣਾ ਸੀ, "ਕਦੇ ਨਾ ਕਦੇ ਰਾਮ ਮੰਦਿਰ ਬਣੇਗਾ ਤਾਂ ਜ਼ਰੂਰ।"

ਇਹ ਸੁਣ ਕੇ ਨਾਲ ਖੜ੍ਹੇ ਨੌਜਵਾਨ ਉਤੇਜਿਤ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਅੱਤਵਾਦੀਆਂ ਦੀ ਸੁਣਵਾਈ ਤਾਂ ਅਦਾਲਤਾਂ ਅੱਧੀ ਰਾਤ ਨੂੰ ਵੀ ਕਰ ਸਕਦੀਆਂ ਹਨ ਪਰ ਰਾਮ ਮੰਦਿਰ ਉਨ੍ਹਾਂ ਦੀ ਪਹਿਲ ਨਹੀਂ ਹੈ।

ਅਕਤੂਬਰ ਵਿੱਚ ਜਦੋਂ ਰਾਮ ਮੰਦਿਰ ਦਾ ਕੇਸ ਸੁਪਰੀਮ ਕੋਰਟ ਵਿੱਚ ਆਇਆ ਸੀ ਤਾਂ ਇਸ ਦੀ ਸੁਣਵਾਈ ਜਨਵਰੀ ਤੱਕ ਟਾਲ ਦਿੱਤੀ ਗਈ ਸੀ।

ਸੁਪਰੀਮ ਕੋਰਟ ਵਿੱਚ ਹੈ ਮਾਮਲਾ

ਪਿਛਲੇ ਦਿਨੀਂ ਇੱਕ ਚੋਣ ਜਲਸੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਂਗਰਸ ਦਾ ਇੱਕ ਰਾਜ ਸਭਾ ਮੈਂਬਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਵਿੱਚ ਦੇਰੀ ਦੀ ਵਜ੍ਹਾ ਬਣੇ।

ਨਰਿੰਦਰ ਮੋਦੀ ਦਾ ਇਸ਼ਾਰਾ ਕਪਿਲ ਸਿੱਬਲ ਵੱਲ ਸੀ। ਜਿਨ੍ਹਾਂ ਨੇ ਸੁੰਨੀ ਵਕਫ ਦੇ ਵਕੀਲ ਵਜੋਂ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਬਾਬਰੀ-ਮਸਜਿਦ ਰਾਮ ਜਨਮ ਭੂਮੀ ਦੀ ਮਾਮਲਾ 2019 ਤੱਕ ਟਾਲ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਭਾਜਪਾ ਇਸ ਨੂੰ ਲੋਕ ਸਭਾ ਚੋਣਾਂ ਦੌਰਾਨ ਭੁੰਨਣਾ ਚਾਹੁੰਦੀ ਹੈ।

ਇੱਧਰ ਸਟੇਜ ਤੋਂ ਜੋਸ਼ੀ ਤੋਂ ਬਾਅਦ ਆਏ ਇੱਕ ਸੰਤ ਕਹਿ ਰਹੇ ਸਨ ਕਿ ਉਹ ਮੋਦੀ ਜੀ ਨੂੰ ਤਦ ਤੱਕ ਨਹੀਂ ਛੱਡਣਗੇ ਜਦੋਂ ਤੱਕ ਉਹ ਰਾਮ ਮੰਦਿਰ ਨਹੀਂ ਬਣਵਾਉਂਦੇ।

ਸਟੇਜ ਦੇ ਕੋਲ ਹੀ ਖੜ੍ਹੇ ਦੀਪਕ ਕੁਮਾਰ ਰਾਜਪੂਤ ਨੂੰ ਮੈਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਰਾਮ ਮੰਦਰ ਵੀ ਬਣੇਗਾ ਤੇ ਮੋਦੀ ਜੀ ਪ੍ਰਧਾਨ ਮੰਤਰੀ ਵੀ ਬਣਨਗੇ।"

ਜਦੋਂ ਪੁੱਛਿਆ ਕਿ ਸਾਢੇ ਚਾਰ ਸਾਲਾਂ ਵਿੱਚ ਤਾਂ ਬਣਿਆ ਨਹੀਂ ਹੁਣ ਕੀ ਬਣੇਗਾ ਤਾਂ ਕੋਲ ਖੜ੍ਹੇ ਨੌਜਵਾਨਾਂ ਨੇ ਕਿਹਾ, ਹੁਣ ਤੱਕ ਨਹੀਂ ਬਣਾ ਸਕੇ ਹੁਣ ਬਣਾਉਣਗੇ ਨਾ।

ਉਨ੍ਹਾਂ ਦੇ ਸਾਥੀ ਕਹਿੰਦੇ ਹਨ, "70 ਸਾਲਾਂ ਵਿੱਚ ਨਹੀਂ ਬਣਿਆ ਤਾਂ ਤੁਸੀਂ ਕੁਝ ਨਹੀਂ ਕਹਿੰਦੇ ਹੁਣ ਮੋਦੀ ਤੋਂ ਪੰਜਾਂ ਸਾਲਾਂ ਦੇ ਸਵਾਲ ਪੁੱਛਣ ਲੱਗ ਪਏ?''

ਮੈਂ ਪੁੱਛਿਆ ਤਾਂ ਫਿਰ ਮੋਦੀ ਨੂੰ ਕਿੰਨਾ ਸਮਾਂ ਮਿਲਣਾ ਚਾਹੀਦਾ ਹੈ ਤਾਂ ਜਵਾਬ ਸੀ ਘੱਟੋ-ਘੱਟ 10 ਸਾਲ ਤਾਂ ਮਿਲਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)