ਸਿਆਸਤਦਾਨਾਂ ਦੇ ਬੋਲ ਜਿਨ੍ਹਾਂ ਨਾਲ ਔਰਤਾਂ ਦੇ ਮਾਣ ਨੂੰ ਠੇਸ ਪਹੁੰਚੀ

ਪਿਛਲੇ ਦਿਨੀਂ ਰਾਜਸਥਾਨ ਦੇ ਇੱਕ ਚੋਣ ਜਲਸੇ ਵਿੱਚ ਬੋਲਦੇ ਹੋਏ ਜਨਤਾ ਦਲ (ਯੂ) ਦੇ ਆਗੂ ਸ਼ਰਦ ਯਾਦਵ ਨੇ ਕਿਹਾ, "ਵਸੁੰਧਰਾ ਨੂੰ ਆਰਾਮ ਦਿਓ, ਬਹੁਤ ਥੱਕ ਗਈ ਹੈ। ਬਹੁਤ ਮੋਟੀ ਹੋ ਗਈ ਹੈ, ਪਹਿਲਾਂ ਪਤਲੀ ਸੀ। ਸਾਡੇ ਮੱਧ ਪ੍ਰਦੇਸ਼ ਦੀ ਬੇਟੀ ਹੈ।"

ਸ਼ਰਦ ਯਾਦਵ ਦੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਮਹਿਜ਼ ਇੱਕ ਮਜ਼ਾਕ ਸੀ ਪਰ ਵਸੁੰਧਰਾ ਰਾਜੇ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਅਪਮਾਨਿਤ ਮਹਿਸੂਸ ਹੋਇਆ ਹੈ।

ਸ਼ਰਦ ਯਾਦਵ ਦੀ ਕਮਾਨ ਵਿੱਚੋਂ ਅਜਿਹਾ ਤੀਰ ਪਹਿਲੀ ਵਾਰ ਨਿਕਲਿਆ ਹੈ। ਵਜ਼ਨ ਦਾ ਵਧਣਾ-ਘਟਣਾ ਕੁਦਰਤੀ ਗੱਲ ਹੈ ਪਰ ਕੀ ਪੁਰਸ਼ ਸਿਆਸਾਤਦਾਨਾਂ ਦੇ ਮੋਟਾਪੇ ਬਾਰੇ ਵੀ ਅਜਿਹੇ ਬਿਆਨ ਦਿੱਤੇ ਜਾਂਦੇ ਹਨ?

ਗੱਲ ਸਿਰਫ ਭਾਰ ਦੀ ਨਹੀਂ, ਆਪਣੇ ਪਹਿਰਾਵੇ, ਰੂਪ-ਰੰਗ ਯਾਂ ਵਿਹਾਰ ਨੂੰ ਲੈ ਕੇ ਵੀ ਅਕਸਰ ਸਿਆਸਤ ਵਿੱਚ ਸਰਗਰਮ ਔਰਤਾਂ, ਪੁਰਸ਼ ਸਿਆਸਤਦਾਨਾਂ ਦੇ ਅਸ਼ਲੀਲ, ਭੱਦੇ ਅਤੇ ਤੌਹੀਨ ਨਾਲ ਭਰੀਆਂ ਟਿੱਪਣੀਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ।

ਪਰਕਟੀਆਂ ਔਰਤਾਂ

ਸ਼ੁਰੂਆਤ ਜੇ ਸ਼ਰਦ ਯਾਦਵ ਤੋਂ ਕਰੀਏ ਤਾਂ ਉਹ ਇਸ ਵਿੱਚ ਮਾਹਰ ਹਨ। ਇਹ ਸ਼ਰਦ ਯਾਦਵ ਹੀ ਸਨ ਜਿਨ੍ਹਾਂ ਨੇ ਜੂਨ 1997 ਵਿੱਚ ਔਰਤਾਂ ਲਈ ਰਾਖਵੇਂਕਰਣ ਦੇ ਬਿਲ ਬਾਰੇ ਚੱਲ ਰਹੀ ਬਹਿਸ ਵਿੱਚ ਕਿਹਾ ਸੀ, ਇਸ ਬਿਲ ਨਾਲ ਸਿਰਫ ਪਰਕਟੀਆਂ ਔਰਤਾਂ ਨੂੰ ਫਾਇਦਾ ਹੋਵੇਗਾ।

"ਪਰਕਟੀਆਂ ਔਰਤਾਂ ਸਾਡੀਆਂ (ਪੇਂਡੂ) ਔਰਤਾਂ ਦੀ ਨੁਮਾਇੰਦਗੀ ਕਿਵੇਂ ਕਰਨਗੀਆਂ।"

20 ਸਾਲ ਬਾਅਦ 2017 ਉਨ੍ਹਾਂ ਦਾ ਬਿਆਨ ਕੁਝ ਇਸ ਤਰ੍ਹਾਂ ਸੀ, 'ਵੋਟ ਦੀ ਇੱਜ਼ਤ ਤੁਹਾਡੀ ਬੇਟੀ ਦੀ ਇੱਜ਼ਤ ਨਾਲੋਂ ਵੱਡੀ ਹੁੰਦੀ ਹੈ। ਜੇ ਬੇਟੀ ਦੀ ਇੱਜ਼ਤ ਗਈ ਤਾਂ ਸਿਰਫ਼ ਪਿੰਡ ਅਤੇ ਮੁਹੱਲੇ ਦੀ ਇੱਜ਼ਤ ਜਾਵੇਗੀ ਪਰ ਜੇ ਵੋਟ ਇੱਕ ਵਾਰ ਵਿਕ ਗਿਆ ਤਾਂ ਦੇਸ਼ ਅਤੇ ਸੂਬੇ ਦੀ ਇੱਜ਼ਤ ਚਲੀ ਜਾਵੇਗੀ।'

ਇੰਨਾ ਹੀ ਨਹੀਂ ਸ਼ਰਦ ਯਾਦਵ ਸੰਸਦ ਵਿੱਚ ਔਰਤਾਂ ਦੇ ਰੰਗ ਅਤੇ ਬਣਾਵਟ ਬਾਰੇ ਵੀ ਟਿੱਪਣੀ ਕਰਨੋਂ ਨਹੀਂ ਖੁੰਝੇ।

ਉਨ੍ਹਾਂ ਦਾ ਬਿਆਨ ਸੀ, "ਦੱਖਣ ਦੀ ਔਰਤ ਜਿੰਨੀ ਖ਼ੂਬਸੂਰਤ ਹੁੰਦੀ ਹੈ... ਜਿੰਨਾ ਉਸਦਾ ਸਰੀਰ ਦੇਖਣ ( ਹੱਥਾਂ ਨਾਲ ਸਰੀਰ ਦੀ ਬਣਾਵਟ ਦੱਸਦੇ ਹੋਏ)... ਉਹ ਨਾਚ ਜਾਣਦੀ ਹੈ... ਮੈਂ ਤਾਂ ਬਸ ਉਨ੍ਹਾਂ ਦੀ ਖ਼ੂਬਸੂਰਤੀ ਦੀ ਸਿਫਤ ਕਰ ਰਿਹਾ ਹਾਂ (ਇਸ ਦੌਰਾਨ ਸੰਸਦ ਮੈਂਬਰਾਂ ਦੇ ਠਹਾਕੇ ਸੁਣੇ ਜਾ ਸਕਦੇ ਹਨ)।"

ਦਿਲਚਸਪ ਗੱਲ ਹੈ ਕਿ ਸ਼ਰਦ ਯਾਦਵ ਨੂੰ ਸਰਬਸ੍ਰੇਸ਼ਠ ਸੰਸਦ ਮੈਂਬਰ ਦਾ ਇਨਾਮ ਵੀ ਮਿਲ ਚੁਕਿਆ ਹੈ।

ਚੋਣ ਜਲਸਿਆਂ ਵਿੱਚ ਅਕਸਰ ਸਿਆਸੀ ਬਿਆਨਬਾਜ਼ੀ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। 2012 ਵਿੱਚ ਜਦੋਂ ਨਰਿੰਦਰ ਮੋਦੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਥਰੂਰ ਬਾਰੇ ਉਨ੍ਹਾ ਕਿਹਾ ਸੀ, "ਵਾਹ ਕਿਆ ਗਰਲ ਫਰੈਂਡ ਹੈ। ਤੁਸੀਂ ਕਦੇ ਦੇਖੀ ਹੈ 50 ਕਰੋੜ ਦੀ ਗਰਲ ਫਰੈਂਡ?''

ਇਸ ਟਿੱਪਣੀ ਦਾ ਜਵਾਬ ਦਿੰਦਿਆਂ ਸ਼ਸ਼ੀ ਥਰੂਰ ਨੇ ਟਵਿੱਟਰ 'ਤੇ ਲਿਖਿਆ, "ਮੋਦੀ ਜੀ ਮੇਰੀ ਪਤਨੀ 50 ਕਰੋੜ ਦੀ ਨਹੀਂ ਅਨਮੋਲ ਹੈ ਪਰ ਤੁਸੀਂ ਇਹ ਨਹੀਂ ਸਮਝ ਸਕਦੇ ਕਿਉਂਕਿ ਤੁਸੀਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹੋ।"

ਡੇਂਟਡ-ਪੇਂਟਿਡ ਔਰਤਾਂ

2012 ਵਿੱਚ ਦਸੰਬਰ ਗੈਂਗ ਰੇਪ ਤੋਂ ਬਾਅਦ ਦਿੱਲੀ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਸਨ ਪਰ ਸਿਆਸੀ ਨੇਤਾ ਇਨ੍ਹਾਂ ਪ੍ਰਦਰਸ਼ਨਾਂ ਬਾਰੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ।

ਪੱਛਮੀ ਬੰਗਾਲ ਦੇ ਜਾਂਗੀਪੁਰ ਤੋਂ ਕਾਂਗਰਸ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਕਥਿਤ ਰੂਪ ਵਿੱਚ ਕਿਹਾ ਸੀ, "ਦਿੱਲੀ ਵਿੱਚ 23 ਸਾਲਾ ਮੁਟਿਆਰ ਨਾਲ ਬਲਾਤਕਾਰ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੀਆਂ ਵਿਦਿਆਰਥਣਾਂ 'ਸਜੀਆਂ-ਸਵਰੀਆਂ' ਔਰਤਾਂ ਹਨ ਜਿਨ੍ਹਾਂ ਨੂੰ ਅਸਲੀਅਤ ਬਾਰੇ ਕੁਝ ਵੀ ਨਹੀਂ ਪਤਾ।''

'ਹੱਥ ਵਿੱਚ ਮੋਮਬੱਤੀ ਬਾਲ ਕੇ ਸੜਕਾਂ 'ਤੇ ਉੱਤਰਨਾ ਇੱਕ ਫੈਸ਼ਨ ਬਣ ਗਿਆ ਹੈ। ਇਹ ਸਜੀਆਂ ਸਵਰੀਆਂ ਔਰਤਾਂ ਡਿਸਕੋ ਵਿੱਚ ਗਈਆਂ ਅਤੇ ਫਿਰ ਇਸ ਗੈਂਗ ਰੇਪ ਖਿਲਾਫ ਵਿਰੋਧ ਕਰਨ ਇੰਡੀਆ ਗੇਟ ਪਹੁੰਚੀਆਂ।''

ਹਾਲਾਂਕਿ ਇਸ ਤੋਂ ਬਾਅਦ ਅਭਿਜੀਤ ਮੁਖਰਜੀ ਨੇ ਆਪਣੀ ਟਿੱਪਣੀ ਲਈ ਮਾਫੀ ਵੀ ਮੰਗ ਲਈ ਸੀ।

ਰੇਣੁਕਾ ਚੌਧਰੀ ਦੀ ਹਾਸੀ ਅਤੇ ਸਰੂਪਨਖਾ

ਤਾਜ਼ਾ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿੱਚ ਬਿਆਨ ਦੇ ਰਹੇ ਸਨ। ਇਸੇ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਰੇਣੁਕਾ ਚੌਧਰੀ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਈ। ਮੁਸਕਰਾਉਂਦੇ ਹੋਏ ਮੋਦੀ ਨੇ ਕਿਹਾ, "ਸਭਾਪਤੀ ਜੀ ਰੇਣੁਕਾ ਜੀ ਨੂੰ ਤੁਸੀਂ ਕੁਝ ਨਾ ਕਹੋ, ਰਮਾਇਣ ਸੀਰੀਅਲ ਖ਼ਤਮ ਹੋਣ ਤੋਂ ਬਾਅਦ ਅਜਿਹੀ ਹਾਸਾ ਸੁਣਨ ਦਾ ਅੱਜ ਸੁਭਾਗ ਮਿਲਿਆ ਹੈ।"

ਬਾਅਦ ਵਿੱਚ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਕਿਰਣ ਰਿੱਜੀਜੂ ਨੇ ਫੇਸਬੁੱਕ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਰੇਣੁਕਾ ਦੀ ਤੁਲਨਾ ਰਮਾਇਣ ਦੀ ਕਿਰਦਾਰ ਸਰੂਪਨਖਾ ਨਾਲ ਕਰ ਦਿੱਤੀ ਗਈ।

ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਮਾਇਣ ਵਿੱਚ ਸਰੂਪਨਖਾ ਦੀ ਨੱਕ ਕੱਟੇ ਜਾਣ ਵਾਲਾ ਦ੍ਰਿਸ਼ ਵੀ ਸਾਂਝਾ ਕੀਤਾ।

'ਫਿਲਮਾਂ ਵਿੱਚ ਨੱਚਣ ਵਾਲੀ'

' ਫਿਲਮਾਂ ਵਿੱਚ ਨੱਚਣ ਵਾਲੀ '- ਭਾਜਪਾ ਨੇਤਾ ਨਰੇਸ਼ ਅਗਰਵਾਲ ਨੇ ਅਦਾਕਾਰਾ ਤੇ ਸੰਸਦ ਮੈਂਬਰ ਜਯਾ ਬਚਨ ਲਈ ਇਹੀ ਸ਼ਬਦ ਵਰਤੇ ਸਨ।

ਉਸੇ ਜਯਾ ਬਚਨ ਨੂੰ ਜਿਸ ਨੂੰ ਕਿ ਫਲਮਾਂ ਵਿੱਚ ਪਾਏ ਆਪਣੇ ਯੋਗਦਾਨ ਲਈ ਪਦਮਸ਼੍ਰੀ ਦਾ ਸਨਮਾਨ ਵੀ ਮਿਲ ਚੁੱਕਿਆ ਹੈ।

ਜਯਾ ਬੱਚਨ ਨੂੰ ਅਭਿਮਾਨ, ਹਜ਼ਾਰ ਚੌਰਾਸੀ ਕੀ ਮਾਂ, ਕੋਰਾ ਕਾਗਜ਼ ਵਰਗੀਆਂ ਫਿਲਮਾਂ ਵਿੱਚ ਬਿਹਤਰੀਨ ਅਦਾਕਾਰੀ ਲਈ ਕਈ ਇਨਾਮ ਵੀ ਮਿਲ ਚੁੱਕੇ ਹਨ।

ਪਰ ਹੁਣ 2018 ਵਿੱਚ ਜਯਾ ਬਚਨ ਨੂੰ ਸਮਾਜਵਾਦੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਇੱਕ ਵਾਰ ਫਿਰ ਤੋਂ ਨਾਮਜ਼ਦ ਕੀਤਾ ਗਿਆ ਤਾਂ ਨਰੇਸ਼ ਅਗਰਵਾਲ ਨੇ ਜਯਾ ਬਚਨ ਨੂੰ 'ਫਿਲਮਾਂ ਵਿੱਚ ਨੱਚਣ ਵਾਲੀ' ਦੱਸਿਆ। ਜਿਸ ਸਮੇਂ ਅਗਰਵਾਲ ਨੇ ਇਹ ਬਿਆਨ ਦਿੱਤਾ ਸੀ ਤਾਂ ਜਯਾ ਬਚਨ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ।

'ਟੀਵੀ 'ਤੇ ਠੁਮਕੇ ਲਾਉਂਦੀ ਸੀ'

ਜਯਾ ਬਚਨ ਇਕੱਲੀ ਅਦਾਕਾਰਾ ਨਹੀਂ ਹੈ ਜਿਨ੍ਹਾਂ ਬਾਰੇ ਇਤਰਾਜਯੋਗ ਬਿਆਨ ਦਿੱਤਾ ਗਿਆ ਹੋਵੇ।

2012 ਵਿੱਚ ਗੁਜਰਾਤ ਚੋਣਾਂ ਦੇ ਨਤੀਜਿਆਂ ਬਾਰੇ ਚੱਲ ਰਹੀ ਬਹਿਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸੰਜਯ ਨਿਰੂਪਮ ਨੇ ਸਮ੍ਰਿਤੀ ਇਰਾਨੀ ਨੂੰ ਕਿਹਾ ਸੀ, "ਕੱਲ ਤੱਕ ਤੁਸੀਂ ਪੈਸੇ ਲਈ ਠੁਮਕੇ ਲਾ ਰਹੇ ਸੀ ਅਤੇ ਅੱਜ ਤੁਸੀਂ ਸਿਆਸਤ ਸਿਖਾ ਰਹੇ ਹੋ।"

ਹਾਲਾਂਕਿ ਸੰਜਯ ਨਿਰੂਪਮ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਲੋਕ ਮਹਿਜ਼ ਟਿੱਪਣੀ ਨੂੰ ਨਾ ਦੇਖਣ ਅਤੇ ਜੇ ਪੂਰੀ ਗੱਲ ਸਮਝਣੀ ਹੋਵੇ ਤਾਂ ਪੂਰਾ ਪ੍ਰੋਗਰਾਮ ਦੇਖਣ।

'ਬਲਾਤਕਾਰ ਕਰਵਾਉਣ ਦਾ ਪੈਸਾ'

ਮਹਿਲਾ ਸਿਆਸਤਦਾਨਾਂ ਉੱਪਰ ਭੱਦੀਆਂ ਟਿੱਪਣੀਆਂ ਕਰਨ ਵਾਲੇ ਆਗੂ ਹਰੇਕ ਪਾਰਟੀ ਵਿੱਚ ਮਿਲ ਜਾਣਗੇ।

2012 ਵਿੱਚ ਜਦੋਂ ਚੁਣਾਵੀ ਕੁਸ਼ਤੀ ਚੱਲ ਰਹੀ ਸੀ ਤਾਂ ਸੀਪੀਆਈਐਮ ਦੇ ਆਗੂ ਅਨਿਸੁਰ ਰਹਿਮਾਨ ਔਰਤਾਂ ਖਿਲਾਫ਼ ਹੋ ਰਹੇ ਅੱਤਿਆਚਾਰਾਂ ਬਾਰੇ ਗੱਲ ਕਰ ਰਹੇ ਸਨ।

ਉਨ੍ਹਾਂ ਦਾ ਬਿਆਨ ਸੀ ਕਿ ਸ਼ੋਸ਼ਿਤ ਔਰਤਾਂ ਨੂੰ ਤਾਂ ਸ਼ਾਇਦ ਇਨਸਾਫ ਨਹੀਂ ਮਿਲੇਗਾ ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਲਾਤਕਾਰ ਦੀ ਕੀਮਤ ਤੈਅ ਕੀਤੀ ਹੋਈ ਹੈ।

ਉਨ੍ਹਾਂ ਦਾ ਕਹਿਣਾ ਸੀ, "ਅਸੀਂ ਮਮਤਾ ਦੀਦੀ ਨੂੰ ਪੁੱਛਣਾ ਚਾਹੁੰਦੇ ਹਾਂ ਉਨ੍ਹਾਂ ਨੂੰ ਕਿੰਨਾ ਮੁਆਵਜ਼ਾ ਚਾਹੀਦਾ ਹੈ, ਬਲਾਤਕਾਰ ਲਈ ਕਿੰਨਾ ਪੈਸਾ ਲੈਣਗੇ?''

ਔਰਤਾਂ ਬਾਰੇ ਅਜਿਹੇ ਘਟੀਆ ਬਿਆਨਾਂ ਦੀ ਲਿਸਟ ਲੰਬੀ ਹੈ।

ਮਸਲਨ ਮੁਲਾਇਮ ਸਿੰਘ ਦਾ ਬਲਾਤਕਾਰ 'ਤੇ ਬਿਆਨ ਕਿ ਮੁੰਡਿਆਂ ਤੋਂ ਗਲਤੀ ਹੋ ਜਾਂਦੀ ਹੈ ਅਤੇ ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ... ਜਾਂ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀ ਟਿੱਪਣੀ ਕਿ ਹਿੰਦੂਆਂ ਔਰਤਾਂ ਨੂੰ ਆਪਣੇ ਧਰਮ ਦੀ ਰਾਖੀ ਲਈ 'ਘੱਟੋ-ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ।'

ਅਜਿਹੇ ਬਿਆਨਾਂ ਦੇ ਬਾਵਜੂਦ ਅਕਸਰ ਇਹ ਸਿਆਸਤਦਾਨ ਮਾੜੀ-ਮੋਟੀ ਝਾੜ-ਝੰਬ ਕਰਾ ਕੇ ਬਚ ਨਿਕਲਦੇ ਹਨ।

ਇਹ ਬਿਆਨ ਕਦੇ ਔਰਤਾਂ ਦੀ ਬਾਡੀ ਸ਼ੇਮਿੰਗ ਕਰਦੇ ਨਜ਼ਰ ਆਉਂਦੇ ਹਨ ਤਾਂ ਕਦੇ ਬਲਾਤਕਾਰ ਵਰਗੇ ਗੰਭੀਰ ਜੁਰਮ ਨੂੰ ਮਾਮੂਲੀ ਦੱਸਣ ਦੀ ਕੋਸ਼ਿਸ਼ ਅਤੇ ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਜਾਂਦਾ ਹੈ ਕਿ ਔਰਤਾਂ ਬਾਰੇ ਹਲਕੇ ਅਤੇ ਇਤਰਾਜ਼ਯੋਗ ਬਿਆਨ ਦੇਣਾ ਆਮ ਗੱਲ ਹੈ।

ਜਦੋਂ ਬਿਆਨਬਾਜ਼ੀ ਲਈ ਮਿਲੀ ਸਜ਼ਾ

ਅਜਿਹਾ ਨਹੀਂ ਹੈ ਕਿ ਦੂਸਰੇ ਦੇਸਾਂ ਵਿੱਚ ਅਜਿਹਾ ਨਹੀਂ ਹੁੰਦਾ। ਜਿਵੇਂ 2017 ਵਿੱਚ ਬਰਤਾਨੀਆ ਦੇ ਇੱਕ ਕਾਊਂਸਲਰ ਦੇ ਬਿਆਨ ਉੱਪਰ ਬਹੁਤ ਵਿਵਾਦ ਹੋਇਆ ਸੀ।

ਕਾਊਂਸਲਰ ਨੇ ਸੰਸਦ ਦੀਆਂ ਚੋਣਾਂ ਲੜ ਰਹੀ ਲੇਬਰ ਪਾਰਟੀ ਦੀ ਇੱਕ ਉਮੀਦਵਾਰ ਕੈਥਰੀਨ ਐਟਕਿਨਸਨ ਬਾਰੇ ਕਿਹਾ ਸੀ, "ਉਹ ਗਰਭਵਤੀ ਹਨ ਅਤੇ ਉਨ੍ਹਾਂ ਦਾ ਸਮਾਂ ਤਾਂ ਨੈਪੀ ਬਦਲਣ ਵਿੱਚ ਲੰਘੇਗਾ। ਉਹ ਆਮ ਲੋਕਾਂ ਦੀ ਆਵਾਜ਼ ਕੀ ਚੁਕਣਗੇ।"

ਬਰਤਾਨੀਆ ਵਰਗੇ ਕਈ ਦੇਸਾਂ ਵਿੱਚ ਅਜਿਹੇ ਬਿਆਨਾਂ ਉੱਪਰ ਕਾਰਵਾਈ ਹੁੰਦੀ ਹੈ। ਮਿਸਾਲ ਵਜੋਂ 2017 ਵਿੱਚ ਯੂਰੋਪੀਅਨ ਸੰਸਦ ਦੇ ਇੱਕ ਮੈਂਬਰ ਨੇ ਬਿਆਨ ਦਿੱਤਾ ਸੀ ਕਿ ਔਰਤਾਂ ਨੂੰ ਘੱਟ ਪੈਸੇ ਮਿਲਣੇ ਚਾਹੀਦੇ ਹਨ ਕਿਉਂਕਿ ਉਹ ਕਮਜ਼ੋਰ, ਛੋਟੀਆਂ ਅਤੇ ਥੋੜ੍ਹੀ ਮੱਤ ਵਾਲੀਆਂ ਹੁੰਦੀਆਂ ਹਨ।

ਇਸ ਮਗਰੋਂ ਉਨ੍ਹਾਂ ਸਸਪੈਂਡ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਭੱਤਾ ਵੀ ਬੰਦ ਕਰ ਦਿੱਤਾ ਗਿਆ। ਹਾਲਾਂਕਿ ਬਾਅਦ ਵਿੱਚ ਯੂਰਪੀ ਅਦਾਲਤ ਨੇ ਕਿਹਾ ਕਿ ਇੰਨੀ ਸਜ਼ਾ ਦੀ ਲੋੜ ਨਹੀਂ ਸੀ

ਜਦੋਂ ਜੈਂਡਰ ਬਾਰੇ ਇਸ ਪ੍ਰਕਾਰ ਦੀ ਸੰਵੇਦਨਸ਼ੀਲਤਾ ਹੋਵੇ ਤਾਂ ਦੇਸ ਦੀ ਸਿਆਸਤ ਵਿੱਚ, ਸੰਸਦ ਵਿੱਚ ਅਤੇ ਨੀਤੀਆਂ ਵਿੱਚ ਵੀ ਇਸ ਦੀ ਝਲਕ ਦਿਸਦੀ ਹੈ।

ਫਿਰ ਚਾਹੇ ਉਹ ਆਸਟਰੇਲੀਆ ਜਾਂ ਆਈਸਲੈਂਡ ਵਰਗੇ ਦੇਸਾਂ ਦੀ ਸੰਸਦ ਵਿੱਚ ਬੱਚਿਆਂ ਨੂੰ ਦੁੱਧ ਚੁੰਘਾਉਣ ਦੇ ਹੱਕ ਤੋਂ ਲੈ ਕੇ ਬਲਾਤਕਾਰ ਵਰਗੇ ਗੰਭੀਰ ਮੁੱਦਿਆਂ ਬਾਰੇ ਬਹਿਸ ਹੋਵੇ ਜਾਂ ਫਿਰ ਸਪੇਨ ਵਿੱਚ ਇਸ ਸਾਲ ਨਵੀਂ ਸਰਕਾਰ ਦਾ ਗਠਨ ਜਿੱਥੇ 17 ਵਿੱਚੋਂ 11 ਮੰਤਰੀ ਔਰਤਾਂ ਸਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)