ਰਾਮ ਮੰਦਿਰ ਤੋਂ ਬਿਨਾਂ ਇਹ ਸਰਕਾਰ ਵੀ ਨਹੀਂ ਰਹਿ ਸਕੇਗੀ - ਉੱਧਵ ਠਾਕਰੇ

ਆਪਣੇ ਦੋ ਦਿਨਾਂ ਦੌਰੇ ਲਈ ਅਯੁਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕੇਂਦਰ ਸਰਾਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਰਾਮ ਮੰਦਿਰ ਨਾ ਬਣਿਆ ਤਾਂ ਸ਼ਾਇਦ ਉਹ ਮੁੜ ਸੱਤਾ ਵਿੱਚ ਨਾ ਆ ਸਕੇ।

ਇਹ ਸ਼ਬਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਰਾਮ ਲੱਲਾ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਹੇ।

ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਸਰਕਾਰ ਰਾਮ ਮੰਦਿਰ ਨਾ ਬਣਵਾ ਸਕੀ ਫੇਰ, ਤਾਂ ਉਨ੍ਹਾਂ ਕਿਹਾ," ਪਹਿਲਾਂ ਸਰਕਾਰ ਨੂੰ ਇਸ ਬਾਰੇ ਕੰਮ ਤਾਂ ਕਰਨ ਦਿਓ।''

"ਇਹ ਸਰਕਾਰ ਮਜ਼ਬੂਤ ਹੈ, ਜੇ ਇਹ ਨਹੀਂ ਬਣਵਾਏਗੀ ਤਾਂ ਹੋਰ ਕੌਣ ਬਣਵਾਏਗਾ। ਜੇ ਮੰਦਿਰ ਨਹੀਂ ਬਣਵਾਉਂਦੀ ਤਾਂ ਮੰਦਿਰ ਤਾਂ ਜ਼ਰੂਰ ਬਣੇਗਾ ਪਰ ਸ਼ਾਇਦ ਇਹ ਸਰਕਾਰ ਨਹੀਂ ਰਹੇਗੀ।"

ਇਹ ਵੀ ਪੜ੍ਹੋ:

ਉੱਧਵ ਨੇ ਕਿਹਾ, "ਮੇਰਾ ਕੋਈ ਲੁਕਵਾਂ ਏਜੰਡਾ ਨਹੀਂ ਹੈ। ਦੇਸਵਾਸੀਆਂ ਦੀ ਭਾਵਨਾ ਕਾਰਨ ਆਇਆ ਹਾਂ। ਪੂਰੇ ਸੰਸਾਰ ਦੇ ਹਿੰਦੂ ਇਹ ਜਾਨਣਾ ਚਾਹੁੰਦੇ ਹਨ ਕਿ ਰਾਮ ਮੰਦਿਰ ਕਦੋਂ ਬਣੇਗਾ।''

"ਚੋਣਾਂ ਦੌਰਾਨ ਸਾਰੇ ਲੋਕ ਰਾਮ - ਰਾਮ ਕਰਦੇ ਹਨ ਅਤੇ ਬਾਅਦ ਵਿੱਚ ਆਰਾਮ ਕਰਦੇ ਹਨ। ਸਾਲ ਗੁਜ਼ਰਦੇ ਜਾ ਰਹੇ ਹਨ, ਪੀੜ੍ਹੀਆ ਲੰਘ ਰਹੀਆਂ ਹਨ ਪਰ ਰਾਮ ਲੱਲਾ ਦਾ ਮੰਦਿਰ ਨਹੀਂ ਬਣਿਆ।"

ਉਨ੍ਹਾਂ ਨੇ ਕਿਹਾ,"ਮੁੱਖ ਮੰਤਰੀ ਯੋਗੀ ਜੀ ਨੇ ਕਿਹਾ ਹੈ ਕਿ ਮੰਦਿਰ ਜਿੱਥੇ ਸੀ ਉੱਥੇ ਹੀ ਹੈ ਪਰ ਦਿਖ ਨਹੀਂ ਰਿਹਾ। ਛੇਤੀ ਤੋਂ ਛੇਤੀ ਨਿਰਮਾਣ ਹੋਣਾ ਚਾਹੀਦਾ ਹੈ।''

''ਆਓ ਇੱਕ ਕਾਨੂੰਨ ਬਣਾਓ, ਸ਼ਿਵ ਸੈਨਾ ਹਿੰਦੁਤਵ ਬਾਰੇ ਤੁਹਾਡਾ ਸਾਥ ਦੇ ਰਹੀ ਸੀ, ਦੇ ਰਹੀ ਹੈ। ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ।"

ਉਨ੍ਹਾਂ ਕਿਹਾ ਕਿ ਹਿੰਦੂ ਹੁਣ ਤਕੜਾ ਹੋ ਗਿਆ ਹੈ ਅਤੇ ਮਾਰ ਨਹੀਂ ਖਾਵੇਗਾ।

"ਹਿੰਦੂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ"

ਉੱਧਵ ਨੇ ਕਿਹਾ, " ਅੱਜ ਜਦੋਂ ਦਰਸ਼ਨ ਲਈ ਗਿਆ ਤਾਂ ਇੱਕ ਵੱਖਰਾ ਅਨੁਭਵ ਹੋਇਆ। ਉੱਥੇ ਕੁਝ ਤਾਂ ਸ਼ਕਤੀ ਜ਼ਰੂਰ ਹੈ। ਦੁੱਖ ਇਸ ਗੱਲ ਦਾ ਹੈ ਕਿ ਮੈਂ ਜਾ ਮੰਦਿਰ ਰਿਹਾ ਸੀ ਤੇ ਲੱਗ ਇੰਝ ਰਿਹਾ ਸੀ ਜਿਵੇਂ ਜੇਲ੍ਹ ਜਾ ਰਿਹਾ ਹੋਵਾਂ।"

ਉਨ੍ਹਾਂ ਕਿਹਾ, "ਸਰਕਾਰ ਨੇ ਕਿਹਾ ਸੀ ਕਿ ਮੰਦਿਰ ਬਣਾਉਣ ਲਈ ਸੰਵਿਧਾਨ ਦੇ ਘੇਰੇ ਵਿੱਚ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾਵੇਗਾ।''

"ਪਿਛਲੇ ਚਾਰ ਸਾਲ ਕਿਹੜੀਆਂ-ਕਿਹੜੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਗਈ ਅਤੇ ਇੱਕ ਵੀ ਸੰਭਾਵਨਾ ਨਹੀਂ ਮਿਲੀ ਕਿ ਰਾਮ ਮੰਦਿਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾ ਸਕੇ। ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੋ।"

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਵਾਰ ਨੂੰ ਉਨ੍ਹਾਂ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਸੀ ਕਿ ਪਹਿਲਾਂ ਰਾਮ ਮੰਦਿਰ ਦੀ ਤਾਰੀਕ ਦਿਓ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ।

"ਰਾਮ ਮੰਦਿਰ ਬਾਰੇ ਬਿਲ ਦੀ ਸ਼ਿਵ ਸੈਨਾ ਹਮਾਇਤ ਕਰੇਗੀ"

ਉੱਧਵ ਠਾਕਰੇ ਨੇ ਕਿਹਾ ਕਿ ਲੰਘੇ ਚਾਰ ਸਾਲਾਂ ਤੋਂ ਭਾਜਪਾ ਰਾਮ ਮੰਦਿਰ ਬਾਰੇ ਸੁੱਤੀ ਰਹੀ। ਉਨ੍ਹਾਂ ਕਿਹਾ ਕਿ ਇਸ ਮਸਲੇ ਬਾਰੇ ਭਾਜਪਾ ਬਿਲ ਲੈ ਕੇ ਆਵੇ, ਸਾਡੀ ਪਾਰਟੀ ਇਸ ਦੀ ਹਮਾਇਤ ਜ਼ਰੂਰ ਕਰੇਗੀ।

ਉਨ੍ਹਾਂ ਕਿਹਾ ਕਿ ਅਟਲ ਜੀ ਦੀ ਮਿਲੀਜੁਲੀ ਸਰਕਾਰ ਸੀ ਅਤੇ ਉਸ ਸਮੇਂ ਰਾਮ ਮੰਦਿਰ ਦੀ ਗੱਲ ਕਰਨਾ ਔਖਾ ਹੋ ਸਕਦਾ ਸੀ ਪਰ ਅਜੋਕੀ ਸਰਕਾਰ ਬੇਹੱਦ ਤਾਕਤਵਰ ਹੈ ਕੇਂਦਰ ਅਤੇ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ।

ਠਾਕਰੇ ਨੇ ਕਿਹਾ, "ਮੰਦਿਰ ਨਹੀਂ ਬਣਵਾ ਸਕਦੇ ਤਾਂ ਸਰਕਾਰ ਕਹਿ ਦੇਵੇ ਕਿ ਸਾਡੇ ਤੋਂ ਨਹੀਂ ਹੋ ਸਕਦਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)