ਸੁਖਬੀਰ ਬਾਦਲ: ਮੈਂ ਅਕਸ਼ੇ ਨੂੰ ਕਦੇ ਪੰਜਾਬ ਤੋਂ ਬਾਹਰ ਮਿਲਿਆ ਹੀ ਨਹੀਂ' -5 ਅਹਿਮ ਖ਼ਬਰਾਂ

ਬਰਗਾੜੀ ਕਾਂਡ ਮਾਮਲੇ ਵਿੱਚ ਸੋਮਵਾਰ ਨੂੰ ਸਿਟ ਵੱਲੋਂ ਸੁਖਬੀਰ ਬਾਦਲ ਨਾਲ ਪੁੱਛ ਗਿੱਛ ਕੀਤੀ ਗਈ।

ਸੁਖਬੀਰ ਨੇ ਪੰਜ ਮੈਂਬਰਾਂ ਦੀ ਟੀਮ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ ਕੀਤੀ ਜਾ ਰਹੀ ਜਾਂਚ ਇੱਕ ਸਿਆਸੀ ਸਾਜ਼ਿਸ਼ ਹੈ ਅਤੇ ਉਹ ਅਦਾਕਾਰ ਅਕਸ਼ੇ ਕੁਮਾਰ ਨੂੰ ਪੰਜਾਬ ਤੋਂ ਬਾਹਰ ਕਦੇ ਮਿਲੇ ਹੀ ਨਹੀਂ।

ਹਿੰਦੁਸਤਾਨ ਟਾਈਮਜ਼ ਦੀ ਖਬਰ ਮੁਤਾਬਕ ਸੁਖਬੀਰ ਨੇ ਕਿਹਾ, ''ਮੈਂ ਸਿਟ ਨੂੰ ਸਾਫ ਤੌਰ 'ਤੇ ਦੱਸ ਦਿੱਤਾ ਕਿ ਮੈਂ ਅਕਸ਼ੇ ਨੂੰ ਕਦੇ ਵੀ ਪੰਜਾਬ ਤੋਂ ਬਾਹਰ ਮਿਲਿਆ ਹੀ ਨਹੀਂ। ਸਿਟ ਨੇ ਅਫਵਾਹਾਂ ਦੇ ਆਧਾਰ 'ਤੇ ਵੀ ਮੈਨੂੰ ਕਈ ਬੇਬੁਨੀਆਦ ਸਵਾਲ ਪੁੱਛੇ।''

''ਸਿਟ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਹੀ, ਮੈਨੂੰ ਇਹ ਪੁੱਛਿਆ ਗਿਆ ਕਿ 14 ਅਕਤੂਬਰ, 2015 ਨੂੰ ਮੈਂ ਕੀ ਆਰਡਰ ਦਿੱਤੇ ਸਨ, ਉਹ ਇੰਨਾ ਵੀ ਨਹੀਂ ਜਾਣਦੇ ਕਿ ਉਸ ਦਿਨ ਮੈਂ ਪੰਜਾਬ ਵਿੱਚ ਸੀ ਹੀ ਨਹੀਂ।''

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਸੁਖਬੀਰ ਤੇ ਡੇਰਾ ਮੁਖੀ ਰਾਮ ਰਹੀਮ ਦੀ ਮੁਲਾਕਾਤ ਮੁੰਬਈ ਵਾਲੇ ਅਕਸ਼ੇ ਦੇ ਘਰ ਵਿੱਚ ਹੋਈ ਸੀ। ਅਕਸ਼ੇ ਨਾਲ 21 ਨਵੰਬਰ ਨੂੰ ਪੁੱਛ ਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਪੰਜਾਬ ਸਕੂਲ ਸਿਖਿਆ ਬੋਰਡ ਕੋਲ੍ਹ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ।

ਦਿ ਟ੍ਰਿਬਿਊਨ ਦੀ ਖਬਰ ਮੁਤਾਬਕ ਬੋਰਡ ਕੋਲ੍ਹ ਤਿੰਨ ਕਰੋੜ ਰੁਪਇਆਂ ਦਾ ਕੈਸ਼ ਰਿਜ਼ਰਵ ਸੀ ਜਦਕਿ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨ ਦਾ ਕੁੱਲ ਬਿੱਲ 5 ਕਰੋੜ ਰੁਪਏ ਤੇ 4.5 ਕਰੋੜ ਰੁਪਏ ਹੈ।

ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦੇ ਚੇਅਰਮੈਨ ਮਨੋਹਰ ਕੰਤ ਕਲੋਹੀਆ ਨੇ ਕਿਹਾ, ''ਅਸੀਂ ਤਨਖਾਹਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਲਾਨਾ ਪਰੀਖਿਆ ਫੀਸ ਦਾ ਪੈਸਾ ਸਾਨੂੰ ਜਲਦ ਮਿਲੇਗਾ, ਜੋ ਦੋਵੇਂ ਤਨਖਾਹ ਅਤੇ ਪੈਨਸ਼ਨ ਦਾ ਧਿਆਨ ਰੱਖੇਗਾ।''

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ 18 ਆਦਰਸ਼ ਸਕੂਲਾਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਦਿੱਤੀ ਹੈ ਜਿਸ ਦਾ ਸਾਲਾਨਾ ਖਰਚਾ 32 ਕਰੋੜ ਰੁਪਏ ਦਾ ਹੈ।

ਮੁੜ ਵਿਵਾਦ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਡਰਾਮਾ ਸੋਸਾਈਟੀ ਵੱਲੋਂ ਇੱਕ ਪ੍ਰੋਗਰਾਮ ਦੇ ਪੋਸਟਰ ਵਿੱਚ ਭਾਰਤ ਦਾ ਨਕਸ਼ਾ ਕਸ਼ਮੀਰ ਅਤੇ ਨੌਰਥ ਈਸਟ ਤੋਂ ਬਿਨਾਂ ਹੀ ਵਿਖਾਇਆ ਗਿਆ ਹੈ।

ਇਹ ਪੋਸਟਰ ਅਸਗਰ ਵਜਾਹਤ ਦੇ ਮਸ਼ਹੂਰ ਨਾਟਕ 'ਜਿਨ ਲਾਹੌਰ ਨਹੀਂ ਵੇਖਿਆ' ਲਈ ਲਾਇਆ ਗਿਆ ਸੀ।

ਪੋਸਟਰ ਲੱਗਣ ਤੋਂ ਬਾਅਦ ਯੂਨੀਵਰਸਿਟੀ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਨਾਟਕ ਨੂੰ ਹੀ ਰੱਦ ਕਰਨਾ ਪਿਆ।

ਕੇਰਲ ਦੇ ਸਬਰੀਮਲਾ ਮੰਦਿਰ ਨੂੰ ਚਲਾਉਣ ਵਾਲਾ ਟ੍ਰੈਵਨਕੋਰ ਦੇਵਸਵੌਮ ਬੋਰਡ ਸੋਮਵਾਰ ਨੂੰ ਸੁਪਰੀਮ ਕੋਰਟ ਕੋਲ ਆਪਣੀ ਅਰਜ਼ੀ ਲੈ ਕੇ ਪਹੁੰਚਿਆ।

ਬੋਰਡ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਪੂਰਾ ਕਰਨ ਲਈ ਕੁਝ ਹੋਰ ਸਮਾਂ ਮੰਗਿਆ।

ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਬੋਰਡ ਨੇ ਆਪਣੀ ਅਪੀਲ ਵਿੱਚ ਲਿਖਿਆ, ''ਇਸ ਫੈਸਲੇ ਕਾਰਨ ਆਮ ਲੋਕਾਂ ਅਤੇ ਸਿਆਸੀ ਆਗੂਆਂ ਵੱਲੋਂ ਕਾਫੀ ਵਿਰੋਧ ਹੋਇਆ ਹੈ।''

ਇਹ ਵੀ ਪੜ੍ਹੋ:

ਉਨ੍ਹਾਂ ਲਿਖਿਆ ਕਿ ਨਵੰਬਰ 11 ਨੂੰ ਕੁਝ ਔਰਤਾਂ ਨੇ ਮੰਦਿਰ ਵਿੱਚ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਵਿਰੋਧੀਆਂ ਕਾਰਨ ਇਹ ਨਹੀਂ ਹੋ ਸਕਿਆ।

ਬੋਰਡ ਮੁਤਾਬਕ ਹੁਣ ਤੱਕ 1000 ਔਰਤਾਂ ਮੰਦਿਰ ਵਿੱਚ ਜਾਣ ਲਈ ਰਜਿਸਟਰ ਵੀ ਕਰਵਾ ਚੁੱਕੀਆਂ ਹਨ ਪਰ ਬੋਰਡ ਇਸ ਹਾਲਤ ਵਿੱਚ ਨਹੀਂ ਕਿ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਸਕੇ।

ਬੋਰਡ ਨੇ ਇਹ ਵੀ ਕਿਹਾ ਕਿ ਸੂਬਾ ਅਧਿਕਾਰੀਆਂ ਦੀ ਮਦਦ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਔਰਤਾਂ ਨੂੰ ਮੰਦਿਰ ਦੇ ਅੰਦਰ ਜਾਣ ਨਹੀਂ ਦੇ ਰਹੇ ਹਨ।

ਬਾਲੀਵੁੱਡ ਸਿਤਾਰਿਆਂ ਨਾਲ ਮਿਲਵਾਉਣ ਲਈ ਦਿੱਤੇ 3 ਕਰੋੜ 50 ਲੱਖ ਪਾਊਂਡ

ਬਾਹਰੀਨ ਵਿੱਚ ਸ਼ਾਹੀ ਪਰਿਵਾਰ ਦੇ ਇੱਕ ਸ਼ੇਖ ਅਲੀ-ਅਲ-ਖਲੀਫ਼ਾ ਨੇ ਬਾਲੀਵੁੱਡ ਸਿਤਾਰਿਆਂ ਨਾਲ ਨਾ ਮਿਲਵਾਉਣ ਨੂੰ ਲੈ ਕੇ ਉਨ੍ਹਾਂ 'ਤੇ ਹੋਏ ਮੁੱਕਦਮੇ 'ਤੇ ਕੋਰਟ ਵਿੱਚ ਹੈਰਾਨੀ ਪ੍ਰਗਟਾਈ ਹੈ।

ਬਾਲੀਵੁੱਡ ਸਿਤਾਰਿਆਂ ਦੇ ਫੈਨ ਅਤੇ ਮਿਸਰ ਦੇ ਇੱਕ ਵਪਾਰੀ ਅਹਿਮਦ ਅਦੇਲ ਅਬਦੁੱਲਾ ਅਹਿਮਦ ਨੇ ਸ਼ੇਖ 'ਤੇ ਧੋਖਾ ਦੇਣ ਦਾ ਇਲਜ਼ਾਮ ਲਗਾਇਆ ਹੈ। ਨਾਲ ਹੀ 25 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਹੈ।

ਮਾਮਲੇ ਦੀ ਸੁਣਵਾਈ ਇੰਗਲੈਂਡ ਦੀ ਅਦਾਲਤ ਵਿੱਚ ਹੋ ਰਹੀ ਹੈ।

ਅਦੇਲ ਮੁਤਾਬਕ 2015 'ਚ ਲੰਡਨ ਵਿਚ ਉਨ੍ਹਾਂ ਨੇ ਸ਼ੇਖ ਨਾਲ ਇਹ ਸੌਦਾ ਕੀਤਾ ਸੀ।

ਸ਼ੇਖ ਨੇ ਉਨ੍ਹਾਂ ਦੀ ਕੰਪਨੀ ਸੀਬੀਐਸਸੀ ਇਵੈਂਟ ਨਾਲ ਸੌਦਾ ਕੀਤਾ ਸੀ ਕਿ ਉਹ ਬਾਲੀਵੁੱਡ ਦੀ ਕੋਈ ਵੀ 26 ਹਸਤੀਆਂ ਨਾਲ ਉਨ੍ਹਾਂ ਦੀ ਨਿਜੀ ਮੁਲਾਕਾਤ ਕਰਵਾਉਣਗੇ।

ਸੌਦਾ 3 ਕਰੋੜ 50 ਲੱਖ ਪਾਊਂਡ ਦਾ ਸੀ। ਅਦੇਲ ਮੁਤਾਬਕ ਉਹ 1 ਕਰੋੜ 60 ਲੱਖ ਪਾਊਂਡ ਦੇ ਵੀ ਚੁੱਕੇ ਸਨ।

ਇਹ ਵੀਡੀਓਜ਼ ਵੀ ਤੁਸੀਂ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)