ਕੀ 'ਹਿੰਦੂਵਾਦੀ ਦੇਸ਼ਭਗਤੀ' ਪੜ੍ਹਨ-ਲਿਖਣ ਤੋਂ ਵੱਧ ਜ਼ਰੂਰੀ - ਬਲਾਗ

ਹਿੰਦੂਵਾਦੀ ਦੇਸ਼ਭਗਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਐਸਐਸ ਦੇ ਨਿਰਦੇਸ਼ਾਂ ਤਹਿਤ, ਏਬੀਵੀਪੀ ਜਾਂ ਦੂਜੇ ਹਿੰਦੂਤਵਵਾਦੀ ਸੰਗਠਨ ਜਿਹੜੇ ਕੁਝ ਕਰ ਰਹੇ ਹਨ ਉਨ੍ਹਾਂ ਪਿੱਛੇ ਸਰਕਾਰ ਪੂਰੀ ਤਾਕਤ ਨਾਲ ਖੜ੍ਹੀ ਹੈ
    • ਲੇਖਕ, ਰਾਜੇਸ਼ ਪ੍ਰਿਆਦਰਸ਼ੀ
    • ਰੋਲ, ਡਿਜੀਟਲ ਐਡੀਟਰ, ਬੀਬੀਸੀ ਹਿੰਦੀ

'ਦੇਸ਼ਧ੍ਰੋਹੀਆਂ' ਦੀ ਲੰਬੀ ਹੁੰਦੀ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ ਇਤਿਹਾਸਕਾਰ ਰਾਮਚੰਦਰ ਗੁਹਾ ਦਾ। ਗੁਹਾ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨਹੀਂ ਹੋਣਗੇ ਕਿਉਂਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੀਆਂ ਨਜ਼ਰਾਂ 'ਚ ਉਹ ਸਿੱਖਿਆ ਅਤੇ ਦੇਸ ਲਈ ਨੁਕਸਾਨਦਾਇਕ ਹਨ।

ਰਾਮਚੰਦਰ ਗੁਹਾ ਬਾਰੇ ਗੱਲ ਕਰਨ ਤੋਂ ਪਹਿਲਾਂ ਜ਼ਰਾ ਥੋੜ੍ਹਾ ਪਿੱਛੇ ਜਾਈਏ ਤਾਂ ਇਸ ਟ੍ਰੈਂਡ ਨੂੰ ਸਮਝਣ ਵਿੱਚ ਸੌਖ ਹੋਵੇਗੀ।

27 ਸਤੰਬਰ 2018- ਮੱਧ ਪ੍ਰਦੇਸ਼ ਵਿੱਚ ਮੰਦਸੌਰ ਦੇ ਇੱਕ ਸਰਕਾਰੀ ਕਾਲਜ ਦੇ ਇੱਕ ਪ੍ਰੋਫ਼ੈਸਰ ਨੇ ਕਲਾਸਰੂਮ 'ਚ ਨਾਅਰੇਬਾਜ਼ੀ ਕਰ ਰਹੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀਆਂ ਦੇ ਪੈਰਾਂ ਨੂੰ ਹੱਥ ਲਾ ਕੇ ਮਾਫ਼ੀ ਮੰਗੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਇੱਕ ਦਿਨ ਲਈ ਵਾਇਰਲ ਹੋਇਆ ਜਿਸ ਤੋਂ ਬਾਅਦ ਲੋਕ ਉਸ ਨੂੰ ਭੁੱਲ ਗਏ। 'ਦੇਸ਼ਧ੍ਰੋਹੀ' ਐਲਾਨੇ ਗਏ ਪ੍ਰੋਫ਼ੈਸਰ ਸਾਹਿਬ ਨੇ ਗਾਂਧੀਵਾਦੀ ਤਰੀਕੇ ਨਾਲ ਆਪਣਾ ਵਿਰੋਧ ਪ੍ਰਗਟ ਕੀਤਾ ਸੀ ਅਤੇ ਸਮਝਦਾਰੀ ਵੀ ਇਸੇ ਵਿੱਚ ਸੀ।

ਉਸੇ ਸੂਬੇ ਵਿੱਚ ਊਜੈਨ 'ਚ 2006 ਵਿੱਚ ਮਾਧਵ ਕਾਲਜ ਦੇ ਪ੍ਰੋਫ਼ੈਸਰ ਸਭਰਵਾਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁੱਟਣ ਦਾ ਇਲਜ਼ਾਮ ਜਿਨ੍ਹਾਂ ਤਿੰਨ ਲੋਕਾਂ 'ਤੇ ਲੱਗਿਆ ਸੀ ਉਹ ਵੀ ਏਬੀਵੀਪੀ ਦੇ 'ਦੇਸਭਗਤ ਵਿਦਿਆਰਥੀ ਲੀਡਰ' ਸਨ।

ਇਹ ਗੱਲ ਮੰਦਸੌਰ ਵਾਲੇ ਪ੍ਰੋਫ਼ੈਸਰ ਸਾਹਿਬ ਨੂੰ ਸ਼ਾਇਦ ਯਾਦ ਰਹੀ ਹੋਵੇਗੀ।

ਹਿੰਦੂਵਾਦੀ ਦੇਸ਼ਭਗਤੀ, ਰਾਮਚੰਦਰ ਗੁਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਮਚੰਦਰ ਗੁਹਾ ਨੇ ਇਹ ਕਹਿ ਦਿੱਤਾ ਹੈ ਕਿ ਉਹ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਨਹੀਂ ਪੜ੍ਹਾਉਣਗੇ, ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਦਾ ਕਾਰਨ ਉਹ ਹਾਲਾਤ ਹਨ ਜਿਹੜੇ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹਨ।

ਪ੍ਰੋਫ਼ੈਸਰ ਸਭਰਵਾਲ ਕਤਲਕਾਂਡ ਦੇ ਇੱਕ ਮੁੱਖ ਮੁਲਜ਼ਮ ਦੀ ਸਿਹਤ ਦਾ ਹਾਲ ਜਾਣਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 2008 'ਚ ਹਸਪਤਾਲ ਗਏ ਸਨ ਜਦੋਂ ਕਤਲ ਦੇ ਮੁਕੱਦਮੇ ਦੀ ਸੁਣਵਾਈ ਜਾਰੀ ਸੀ। ਜ਼ਾਹਰ ਹੈ ਆਲੋਚਨਾ ਹੋਈ ਕਿ ਮੁੱਖ ਮੰਤਰੀ ਹਿੰਸਾ ਫੈਲਾਉਣ ਵਾਲਿਆਂ ਦਾ ਹੌਸਲਾ ਵਧਾ ਰਹੇ ਹਨ। ਪਰ ਇਹ ਗੱਲ ਵੀ ਰਫ਼ਾ-ਦਫ਼ਾ ਹੋ ਗਈ।

ਸੂਬਾ ਸਰਕਾਰ ਨੇ ਪ੍ਰੋਫ਼ੈਸਰ ਸਭਰਵਾਲ ਦੇ ਕਤਲ ਮਾਮਲੇ ਵਿੱਚ ਜਿਹੜਾ ਰਵੱਈਆ ਅਪਣਾਇਆ ਉਸ 'ਤੇ ਕੁਝ ਲੋਕਾਂ ਨੇ ਸਵਾਲ ਚੁੱਕਿਆ।

ਹਾਲਾਂਕਿ, 2009 ਵਿੱਚ ਸਾਰੇ ਛੇ ਮੁਲਜ਼ਮ 'ਸਬੂਤਾਂ ਦੀ ਘਾਟ ਕਾਰਨ' ਰਿਹਾਅ ਹੋ ਗਏ, ਇਸ ਸਭ ਦਾ ਸਬੰਧ ਰਾਸ਼ਟਰੀ ਸਵੈਮਸੇਵਕ ਸੰਘ ਦੇ ਵਿਦਿਆਰਥੀ ਸੰਗਠਨ ਏਬੀਵੀਪੀ ਅਤੇ ਸੰਘ ਪਰਿਵਾਰ ਦੀ ਬਜਰੰਗ ਦਲ ਵਰਗੀਆਂ ਸੰਸਥਾਵਾਂ ਨਾਲ ਸੀ। ਰਿਹਾਅ ਹੋਣ ਤੋਂ ਬਾਅਦ ਕੁਝ ਲੋਕਾਂ ਨੂੰ ਸਿੱਖਿਅਕ ਅਦਾਰਿਆਂ ਵਿੱਚ ਨੌਕਰੀਆਂ ਵੀ ਦਿੱਤੀਆਂ ਗਈਆਂ।

ਕੰਟਰੋਲ ਦੀ ਪਹਿਲੀ ਪੌੜੀ

ਭਾਜਪਾ ਸ਼ਾਸਤ ਸੂਬੇ ਮੱਧ ਪ੍ਰਦੇਸ਼ ਤੋਂ 10-12 ਸਾਲ ਪਹਿਲਾਂ ਇੱਕ ਤਰ੍ਹਾਂ ਦਾ ਟ੍ਰੈਂਡ ਸ਼ੁਰੂ ਹੋਇਆ। ਮੰਦਸੌਰ ਅਤੇ ਉਜੈਨ ਵਰਗੀਆਂ ਕਈ ਘਟਨਾਵਾਂ ਉੱਥੇ ਹੋਈਆਂ, ਪਰ 2014 ਵਿੱਚ ਕੇਂਦਰ 'ਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ, ਏਬੀਵੀਪੀ ਨਾਲ ਜੁੜੇ ਵਿਦਿਆਰਥੀਆਈਂ ਨੇ ਦੇਸ ਭਰ ਦੇ ਕੈਂਪਸਾਂ 'ਚ ਖ਼ੁਦ ਨੂੰ 'ਦੇਸਭਗਤ' ਅਤੇ ਬਾਕੀ ਸਭ ਨੂੰ 'ਦੇਸਧ੍ਰੋਹੀ' ਐਲਾਨ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

ਹਿੰਦੂਵਾਦੀ ਦੇਸ਼ਭਗਤੀ

ਦਿੱਲੀ ਦੇ ਰਾਮਜਸ ਕਾਲਜ ਅਤੇ ਜੇਐਨਯੂ ਤੋਂ ਲੈ ਕੇ, ਇਲਾਹਾਬਾਦ ਅਤੇ ਹੈਦਰਾਬਾਦ ਤੱਕ ਸਾਰੀਆਂ ਘਟਨਾਵਾਂ ਇੱਕੋ ਜਿਹੀਆਂ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਾਦਸਿਆਂ ਦੀ ਤਰ੍ਹਾਂ ਨਹੀਂ ਸਗੋਂ ਇੱਕ ਟ੍ਰੈਂਡ ਦੀ ਤਰ੍ਹਾਂ ਸਮਝਿਆ ਤੇ ਦੇਖਿਆ ਜਾਣਾ ਚਾਹੀਦਾ ਹੈ।

ਆਰਐਸਐਸ ਦੇ ਨਿਰਦੇਸ਼ਾਂ ਤਹਿਤ, ਏਬੀਵੀਪੀ ਜਾਂ ਦੂਜੇ ਹਿੰਦੂਤਵਵਾਦੀ ਸੰਗਠਨ ਜਿਹੜੇ ਕੁਝ ਕਰ ਰਹੇ ਹਨ ਉਨ੍ਹਾਂ ਪਿੱਛੇ ਸਰਕਾਰ ਪੂਰੀ ਤਾਕਤ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ:

ਸਿੱਖਿਅਕ ਸੰਸਥਾਵਾਂ ਦਾ ਹਿੰਦੂਕਰਣ ਦੇਸ ਦੀਆਂ ਸਾਰੀਆਂ ਸੰਸਥਾਵਾਂ 'ਤੇ ਆਰਐਸਐਸ ਦੇ ਕੰਟਰੋਲ ਦੀ ਪਹਿਲੀ ਪੌੜੀ ਹੈ ਅਤੇ ਇਸ ਪ੍ਰਾਜੈਕਟ 'ਤੇ ਕਾਫ਼ੀ ਗੰਭੀਰਤਾ ਨਾਲ ਕੰਮ ਜਾਰੀ ਹੈ।

ਪਰੂੀ ਕੋਸ਼ਿਸ਼ ਹੈ ਕਿ ਕਿਸੇ ਵੀ ਕੈਂਪਸ 'ਚ ਹਿੰਦੂਤਵ ਤੋਂ ਇਲਾਵਾ, ਕਿਸੇ ਹੋਰ ਤਰ੍ਹਾਂ ਦੀ ਆਵਾਜ਼ ਸੁਣਾਈ ਨਾ ਦੇਵੇ। ਜਿਵੇਂ ਕਿ ਦੋ ਸਾਲ ਪਹਿਲਾਂ ਸੀਨੀਅਰ ਪੱਤਰਕਾਰ ਸਿਧਾਰਥ ਵਰਦਰਾਜਨ ਨੂੰ ਇਲਾਹਾਬਾਦ ਯੂਨੀਵਰਸਿਟੀ ਤੋਂ ਪੁਲਿਸ ਦੇ ਘੇਰੇ 'ਚ ਵਾਪਿਸ ਆਉਣਾ ਪਿਆ ਕਿਉਂਕਿ ਏਬੀਵੀਪੀ ਉਨ੍ਹਾਂ ਨੂੰ 'ਦੇਸ਼ਧ੍ਰੋਹੀ' ਐਲਾਨ ਚੁੱਕੀ ਸੀ।

ਛੋਟੇ-ਵੱਡੇ ਹਰ ਤਰ੍ਹਾਂ ਦੇ 'ਦੇਸ਼ਧ੍ਰੋਹੀ'

'ਗਾਂਧੀ ਬਿਫ਼ੋਰ ਇੰਡੀਆ' ਅਤੇ 'ਇੰਡੀਆ ਆਫ਼ਟਰ ਗਾਂਧੀ' ਵਰਗੀਆਂ ਕੌਮਾਂਤਰੀ ਪੱਧਰ 'ਤੇ ਚਰਚਿਤ ਕਿਤਾਬਾਂ ਲਿਖਣ ਵਾਲੇ ਇਤਿਹਾਸਕਾਰ ਰਾਮਚੰਦਰ ਗੁਹਾ, ਗਾਂਧੀ ਦੇ ਸੂਬੇ ਗੁਜਰਾਤ ਵਿੱਚ 'ਰਾਸ਼ਟਰ ਵਿਰੋਧੀ' ਐਲਾਨ ਦਿੱਤੇ ਗਏ ਹਨ।

ਏਬੀਵੀਪੀ ਦੇ ਵਿਦਿਆਰਥੀਆਂ ਨੇ ਤੈਅ ਕੀਤਾ ਕਿ ਅਹਿਮਦਾਬਾਦ ਯੂਨੀਵਰਿਸਟੀ ਵਿੱਚ ਉਨ੍ਹਾਂ ਦਾ ਪੜ੍ਹਾਉਣਾ 'ਸਿੱਖਿਆ ਅਤੇ ਰਾਸ਼ਟਰ ਦੋਵਾਂ ਲਈ' ਨੁਕਸਾਨਦਾਇਕ ਹੋਵੇਗਾ।

ਹਿੰਦੂਵਾਦੀ ਦੇਸ਼ਭਗਤੀ

ਆਮ ਤੌਰ 'ਤੇ ਦੇਸ਼ਧ੍ਰੋਹੀ ਦਾ ਲੇਬਲ ਚਿਪਕਾ ਦੇਣਾ ਹੀ ਕਾਫ਼ੀ ਨਹੀਂ ਹੁੰਦਾ। ਪਰ ਇਸ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਕ ਲੰਬੀ ਚਿੱਠੀ ਲਿਖੀ ਗਈ ਜਿਸ ਵਿੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਾਮਚੰਦਰ ਗੁਹਾ ਅਸਲ ਵਿੱਚ ਰਾਸ਼ਟਰ ਵਿਰੋਧੀ ਹਨ।

ਉਸ ਚਿੱਠੀ ਵਿੱਚ ਗੁਹਾ ਦੀਆਂ ਕਿਤਾਬਾਂ ਦੇ ਅੰਸ਼ਾਂ ਦਾ ਹਵਾਲਾ ਦਿੱਤਾ ਗਿਆ, ਇਹ ਤਰਕਵਾਦ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ ਸ਼ਾਇਦ ਏਬੀਵੀਪੀ ਦੀ ਪਹਿਲੀ ਕੋਸ਼ਿਸ਼ ਸੀ।

ਪਰ ਕਾਸ਼ ਉਹ ਜਾਣਦੇ ਕਿ ਲਿਖਿਤ ਸ਼ਬਦਾਂ ਦੇ ਨਾਲ " " ਦਾ ਕੀ ਮਤਲਬ ਹੁੰਦਾ ਹੈ। ਗੁਹਾ ਦੇ ਖ਼ਿਲਾਫ਼ ਜਿਹੜੇ ਚਾਰ ਸਬੂਤ ਪੇਸ਼ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਦੋ ਉਨ੍ਹਾਂ ਦੇ ਨਹੀਂ ਲਿਖੇ ਹਨ ਸਗੋਂ ਉਹ ਬ੍ਰਾਹਮਣਵਾਦ ਵਿਰੋਧੀ ਅੰਦੋਲਨ ਦੇ ਨੇਤਾ ਈਵੀ ਰਾਮਸਵਾਮੀ 'ਪੇਰੀਆਰ' ਦੇ ਲੇਖ ਅਤੇ ਭਾਸ਼ਣ ਦੇ ਅੰਸ਼ ਹਨ ਜਿਨ੍ਹਾਂ ਦਾ ਗੁਹਾ ਨੇ ਆਪਣੀ ਕਿਤਾਬ 'ਚ '' '' ਦੇ ਨਾਲ ਹਵਾਲਾ ਦਿੱਤਾ ਹੈ।

ਇਸ ਚਿੱਠੀ ਵਿੱਚ ਕਈ ਦਿਲਚਸਪ ਗੱਲਾਂ ਲਿਖੀਆਂ ਗਈਆਂ ਹਨ, ਜਿਵੇਂ ਕਿ "ਗੁਹਾ ਸਾਡੇ ਪ੍ਰਾਚੀਨ ਅਤੇ ਮਹਾਨ ਰਾਸ਼ਟਰ ਦੀ ਬੇਇੱਜ਼ਤੀ ਕਰਦੇ ਹਨ, ਸਾਡਾ ਸੱਭਿਆਚਾਰ ਦੁਨੀਆਂ ਭਰ ਵਿੱਚ ਸਭ ਤੋਂ ਉੱਚਾ ਹੈ ਇਹ ਗੱਲ ਦੁਨੀਆਂ ਮੰਨਦੀ ਹੈ, ਉਹ ਦਿਸ਼ਾਹੀਨ ਸ਼ਖ਼ਸ ਹੈ, ਉਹ ਸਾਨੂੰ ਕੀ ਸਿਖਾਉਣਗੇ?"

ਖ਼ੈਰ, ਰਾਮਚੰਦਰ ਗੁਹਾ ਨੇ ਇਹ ਕਹਿ ਦਿੱਤਾ ਹੈ ਕਿ ਉਹ ਅਹਿਮਦਾਬਾਦ ਯੂਨੀਵਰਸਿਟੀ ਵਿੱਚ ਨਹੀਂ ਪੜ੍ਹਾਉਣਗੇ, ਉਨ੍ਹਾਂ ਨੇ ਕਿਹਾ ਕਿ ਇਸ ਫ਼ੈਸਲੇ ਦਾ ਕਾਰਨ ਉਹ ਹਾਲਾਤ ਹਨ ਜਿਹੜੇ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹਨ।

ਹਰ ਥਾਂ ਹਿੰਦੂਤਵ

ਇੱਕ ਤਰਕ ਇਹ ਵੀ ਹੈ ਕਿ ਜਦੋਂ ਕਾਂਗਰਸੀ ਅਤੇ ਖੱਬੇਪੱਖੀ ਆਪਣੀ ਪਸੰਦ ਦੇ ਲੋਕਾਂ ਨੂੰ ਸਿੱਖਿਅਕ ਸੰਸਥਾਵਾਂ ਵਿੱਚ ਭਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ?

ਹਿੰਦੂਵਾਦੀ ਦੇਸ਼ਭਗਤੀ

ਤਸਵੀਰ ਸਰੋਤ, Getty Images

ਇਹੀ ਕਾਰਨ ਹੈ ਕਿ ਅਟਲ ਬਿਹਾਰੀ ਵਾਜਪਾਈ ਦੇ ਸਕੱਤਰ ਰਹੇ ਸ਼ਕਤੀ ਸਿਨਹਾ ਨਹਿਰੂ ਮੈਮੋਰੀਅਲ ਚਲਾ ਰਹੇ ਹਨ ਉੱਥੋਂ ਪ੍ਰਤਾਪ ਭਾਨੂ ਮਹਿਤਾ ਵਰਗੇ ਗੰਭੀਰ ਸਕੌਲਰ ਨੂੰ ਹਟਾ ਕੇ ਟੀਵੀ ਨਿਊਜ਼ ਐਂਕਰ ਅਰਨਬ ਗੋਸਵਾਮੀ ਨੂੰ ਬਿਠਾਇਆ ਗਿਆ ਹੈ ਜਿਹੜੇ ਹਰ ਗੱਲ 'ਜ਼ੋਰ ਨਾਲ' ਕਹਿਣ ਲਈ ਜਾਣੇ ਜਾਂਦੇ ਹਨ।

ਇਸੇ ਤਰ੍ਹਾਂ ਭਾਰਤ ਵਿੱਚ ਸਮਾਜ ਵਿਗਿਆਨ ਦੇ ਖੇਤਰ 'ਚ ਰਿਸਰਚ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਆਈਸੀਐਸਐਸਆਰ ਦੇ ਚੇਅਰਮੈਨ ਬ੍ਰਿਜਬਿਹਾਰੀ ਕੁਮਾਰ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਜਿਹੜੇ ਲੋਕ ਮੁਗਲਾਂ ਦੇ ਡਰ ਤੋਂ ਜੰਗਲ ਵਿੱਚੋਂ ਭੱਜ ਗਏ ਉਹ ਲੋਕ ਆਦਿਵਾਸੀ ਬਣ ਗਏ ਅਤੇ ਸੂਰ ਖਾਣ ਵਾਲੇ ਦਲਿਤ।

ਉਹ ਇਹ ਵੀ ਕਹਿੰਦੇ ਹਨ ਕਿ ਭਾਰਤ ਵਿੱਚ ਜਾਤ ਪ੍ਰਥਾ ਨਹੀਂ ਸੀ, ਹਿੰਦੂ ਧਰਮ ਵਿੱਚ ਸਾਰੀਆਂ ਬੁਰਾਈਆਂ ਮੁਸਲਮਾਨਾਂ ਅਤੇ ਅੰਗਰੇਜ਼ਾਂ ਕਾਰਨ ਆਈਆਂ।

ਵਿਗਿਆਨ ਦੀ ਪੜ੍ਹਾਈ-ਲਿਖਾਈ ਦਾ ਹਾਲ ਵੀ ਕੁਝ ਵੱਖਰਾ ਨਹੀਂ ਹੈ। ਜ਼ਿਆਦਾਤਰ ਧਿਆਨ ਜਯੋਤਿਸ਼, ਸੰਸਕ੍ਰਿਤ, ਗੋਹਾ, ਗਊ ਮੂਤਰ, ਸਰਸਵਤੀ ਨਦੀ ਦੀ ਖੋਜ ਆਦਿ 'ਤੇ ਕੇਂਦਰਿਤ ਹੈ।

ਆਰਐਸਐਸ ਦੀ ਸਪੱਸ਼ਟ ਰਾਏ ਹੈ ਕਿ ''ਹਿੰਦੂ ਧਰਮ ਵਿੱਚ ਵਿਸ਼ਵ ਦਾ ਪੂਰਾ ਗਿਆਨ ਸ਼ਾਮਲ ਹੈ, ਵਿਦੇਸ਼ੀ ਅਸਰ ਕਾਰਨ ਅਸੀਂ ਆਪਣੇ ਪ੍ਰਾਚੀਨ ਗਿਆਨ 'ਤੇ ਮਾਣ ਕਰਨਾ ਭੁੱਲ ਗਏ ਹਾਂ, ਇਸ ਲਈ ਉਸ ਪ੍ਰਾਚੀਨ ਗਿਆਨ ਨੂੰ ਮੁੜ ਸਥਾਪਿਤ ਕਰਨਾ ਰਾਸ਼ਟਰਹਿੱਤ 'ਚ ਹੈ।"

ਹਿੰਦੂਵਾਦੀ ਦੇਸ਼ਭਗਤੀ, ਰਾਮਚੰਦਰ ਗੁਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਤਰਕ ਇਹ ਵੀ ਹੈ ਕਿ ਜਦੋਂ ਕਾਂਗਰਸੀ ਅਤੇ ਖੱਬੇਪੱਖੀ ਆਪਣੀ ਪਸੰਦ ਦੇ ਲੋਕਾਂ ਨੂੰ ਸਿੱਖਿਅਕ ਸੰਸਥਾਵਾਂ ਵਿੱਚ ਭਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ?

ਇਤਿਹਾਸ ਦੇ ਪਾਠ ਨੂੰ ਵੀ ਹਿੰਦੂਵਾਦੀ ਨਜ਼ਰੀਏ ਨਾਲ ਬਦਲਣ ਦਾ ਕੰਮ ਲਗਾਤਾਰ ਜਾਰੀ ਹੈ, ਭਾਵੇਂ ਹੀ ਤੱਥ ਅਤੇ ਤਰਕ ਕੁਝ ਹੋਰ ਕਹਿੰਦੇ ਹੋਣ। ਰਾਜਸਥਾਨ ਵਿੱਚ ਰਾਣਾ ਪ੍ਰਤਾਪ ਸਦੀਆਂ ਬਾਅਦ ਅਕਬਰ ਖ਼ਿਲਾਫ਼ ਜੇਤੂ ਐਲਾਨੇ ਜਾ ਚੁੱਕੇ ਹਨ।

ਤਾਂ ਸਿੱਖਿਆ ਦਾ ਕੀ ਹੋਵੇਗਾ?

ਜੇਐਨਯੂ ਨੂੰ 'ਥਿੰਕ ਟੈਂਕ' ਬਣਾਉਣ ਦੀ ਥਾਂ, ਸਵਾਲ ਪੁੱਛਣ ਵਾਲਿਆਂ ਦੇ ਸਾਹਮਣੇ ਅਸਲੀ ਟੈਂਕ ਲਿਆਉਣ ਦੀ ਰਣਨੀਤੀ, ਹਰ ਕੇਂਦਰੀ ਯੂਨੀਵਰਸਿਟੀ ਵਿੱਚ ਉੱਚਾ ਤਿਰੰਗਾ ਲਗਾਉਣ ਦਾ ਹੁਕਮ, ਭਾਰਤੀ ਜਨਸੰਚਾਰ ਸੰਸਥਾ ਵਿੱਚ ਹਵਨ ਆਦਿ ਅਜਿਹੇ ਕੰਮ ਹਨ ਜਿਹੜੇ ਸਿਆਸੀ ਤੌਰ 'ਤੇ ਅਸਿਹਮਤ ਲੋਕਾਂ ਨੂੰ ਉਕਸਾਉਣ ਲਈ ਕੀਤੇ ਜਾਂਦੇ ਹਨ।

ਜੇਕਰ ਉਹ ਟੈਂਕ ਜਾਂ ਝੰਡਾ ਲਗਾਉਣ ਨਾਲ ਹੋਣ ਵਾਲੇ ਫਾਇਦੇ 'ਤੇ ਸਵਾਲ ਚੁੱਕਣਗੇ ਤਾਂ ਉਨ੍ਹਾਂ ਨੂੰ ਦੇਸ਼ਧ੍ਰੋਹੀ ਐਲਾਨਣਾ ਕਾਫ਼ੀ ਸੌਖਾ ਹੋਵੇਗਾ।

ਏਬੀਵੀਪੀ ਦਾ ਕਹਿਣਾ ਹੈ ਕਿ ਸਿੱਖਿਆ ਦੇ ਹਿੱਤ ਵਿੱਚ ਇਹੀ ਹੈ ਕਿ ਰਾਮਚੰਦਰ ਗੁਹਾ ਨੂੰ ਪ੍ਰੋਫ਼ੈਸਰ ਨਾ ਬਣਾਇਆ ਜਾਵੇ।

ਜੇਕਰ ਏਬੀਵੀਪੀ ਨੂੰ ਸਿੱਖਿਆ ਦੀ ਚਿੰਤਾ ਹੈ ਤਾਂ ਉਸ ਨੇ ਕਦੋਂ ਪੁੱਛਿਆ ਕਿ ਯੂਜੀਸੀ ਵਿੱਚ ਕੀ ਹੋ ਰਿਹਾ ਹੈ, ਰਿਸਰਚ ਦੀਆਂ ਸੀਟਾਂ ਅਤੇ ਬਜਟ ਵਿੱਚ ਕਿਉਂ ਕਟੌਤੀ ਕੀਤੀ ਜਾ ਰਹੀ ਹੈ, ਕਈ ਸਿੱਖਿਅਕ ਸੰਸਥਾਵਾਂ ਦਾ ਨਿੱਜੀਕਰਣ ਕਰਨ ਦੀ ਤਿਆਰੀ ਕਿਉਂ ਹੋ ਰਹੀ ਹੈ ਜਿਸ ਨਾਲ ਫ਼ੀਸ ਵੱਧ ਜਾਵੇਗੀ?

ਕਾਰਟੂਨ

ਇਹ ਕਿੰਨੀ ਅਜੀਬ ਗੱਲ ਹੈ ਕਿ ਪ੍ਰਾਚੀਨ ਹਿੰਦੂ ਪਰੰਪਰਾ ਜਿਸ 'ਤੇ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਮਾਣ ਹੈ, ਉਸ ਪਰੰਪਰਾ ਵਿੱਚ ਜ਼ਿਆਦਾਤਰ ਗਿਆਨ ਪ੍ਰਸ਼ਨਾਂ ਅਤੇ ਉਨ੍ਹਾਂ ਦੇ ਜਵਾਬਾਂ ਦੇ ਮਾਧਿਆਮ ਨਾਲ ਦਿੱਤਾ ਗਿਆ ਹੈ। ਪ੍ਰਸ਼ਨ ਪੁੱਛਣ ਲਈ ਗੁਰੂਕੁਲ ਵਿੱਚ ਪ੍ਰੇਰਿਤ ਕੀਤਾ ਜਾਂਦਾ ਸੀ, ਪ੍ਰਸ਼ਨ ਹੀ ਨੌਕਰਸ਼ਾਹ ਹੁੰਦਾ ਸੀ, ਉੱਤਰ ਨਹੀਂ। ਇੱਥੋਂ ਤੱਕ ਕਿ ਉਪਨਿਸ਼ਦਾਂ ਵਿੱਚ ਇੱਕ ਪ੍ਰਸ਼ਨੋਪਨਿਸ਼ਦ ਵੀ ਹੈ।

ਸ਼ਾਸਤਰਾਥ ਦੀ ਪਰੰਪਰਾ ਵਾਲੇ ਦੇਸ ਵਿੱਚ ਅਸਹਿਮਤ ਵਿਚਾਰਾਂ ਨੂੰ ਦਬਾਉਣਾ, ਉਨ੍ਹਾਂ ਨੂੰ ਤਰਕ ਨਾਲ ਨਹੀਂ, ਤਾਕਤ ਨਾਲ ਹਰਾਉਣਾ, ਕਦੇ ਹਿੰਦੂ ਪਰੰਪਰਾ ਦਾ ਹਿੱਸਾ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ:

ਸਿੱਖਿਅਕ ਅਦਾਰਿਆਂ ਵਿੱਚ ਦੇਸ਼ਭਗਤੀ ਦੇ ਨਾਮ 'ਤੇ ਸਵਾਲ ਪੁੱਛਣ ਦੀ ਮਨਾਹੀ, ਅੱਗੇ ਕਿਵੇਂ ਨਾਗਰਿਕ ਤਿਆਰ ਕਰੇਗੀ?

ਕੀ ਸਮਾਜ ਵਿਗਿਆਨ ਬਿਨਾਂ ਪੇਰੀਆਰ, ਫੁਲੇ ਅਤੇ ਅੰਬੇਦਕਰ ਪੜ੍ਹਾਇਆ ਜਾਵੇਗਾ ਕਿਉਂਕਿ ਇਹ ਲੋਕ ਬ੍ਰਾਹਮਣਵਾਦੀ ਹਿੰਦੂਤਵ ਦੇ ਆਲੋਚਕ ਰਹੇ ਹਨ ਅਤੇ ਆਰਐਸਐਸ ਦੀ 'ਮਹਾਨ ਹਿੰਦੂ ਸੱਭਿਅਤਾ' ਦੀ ਥਿਊਰੀ 'ਤੇ ਸਵਾਲ ਖੜ੍ਹੇ ਕਰਦੇ ਹਨ?

ਫਿਲਹਾਲ, ਸਿੱਖਿਆ ਨੂੰ ਲੈ ਕੇ ਕਿਸੇ ਗੰਭੀਰ ਚਿੰਤਾ ਦੀ ਉਮੀਦ ਸਰਕਾਰ ਵਿੱਚ ਬੈਠੇ ਲੋਕਾਂ ਤੋਂ ਕਰਨਾ ਬੇਮਾਨੀ ਹੈ। ਉਸ ਬਾਰੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)