ਚਮਕਦੇ ਹੀਰੇ ਨਹੀਂ ਲੁਕਾ ਸਕੇ ਮਜ਼ਦੂਰਾਂ ਦੀ ਖੁਦਕੁਸ਼ੀ

ਤਸਵੀਰ ਸਰੋਤ, Getty Images
- ਲੇਖਕ, ਪਾਰਥ ਪਾਂਡਿਆ
- ਰੋਲ, ਬੀਬੀਸੀ ਪੱਤਰਕਾਰ
ਬੀਤੇ 25 ਅਕਤੂਬਰ ਨੂੰ ਗੁਜਰਾਤ ਦੇ ਸੂਰਤ ਵਿੱਚ ਹਰੀਕ੍ਰਿਸ਼ਨ ਡਾਇਮੰਡ ਕੰਪਨੀ ਦੇ ਮਾਲਿਕ ਨੇ 600 ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਵਿੱਚ ਗੱਡੀਆਂ ਗਿਫ਼ਟ ਕੀਤੀਆਂ ਸਨ।
ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਹਰ ਦੀਵਾਲੀ 'ਤੇ ਆਪਣੇ ਮੁਲਾਜ਼ਮਾਂ ਨੂੰ ਮਹਿੰਗੇ ਤੋਹਫ਼ੇ ਦਿੰਦੇ ਸਨ। ਇਸ ਦੇ ਲਈ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ।
ਉਦੋਂ ਤੋਂ ਹੀ ਪੂਰੇ ਦੇਸ ਵਿੱਚ ਸੂਰਤ ਦਾ ਹੀਰਾ ਕਾਰੋਬਾਰ ਚਰਚਾ ਵਿੱਚ ਹੈ ਅਤੇ ਇਸ ਕਾਰੋਬਾਰ ਦਾ ਆਭਾਸੀ ਅਕਸ ਇੱਕ ਵਾਰ ਮੁੜ ਦੇਸ ਦੇ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ:
ਇਸ ਨੂੰ ਆਭਾਸੀ ਅਕਸ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਵਿਸ਼ਵ ਦੇ 42 ਫ਼ੀਸਦ ਹੀਰਿਆਂ ਦੀ ਪੋਲਸ਼ਿੰਗ ਦਾ ਕੰਮ ਇੱਥੇ ਹੁੰਦਾ ਹੈ, ਉੱਥੇ ਹੀਰਾ ਕਾਰੋਬਾਰ ਦਾ ਸੱਚਾ ਕੁਝ ਵੱਖਰਾ ਹੀ ਹੈ।
ਪਿਛਲੇ 20 ਦਿਨਾਂ 'ਚ ਗੁਜਰਾਤ ਦੇ ਹੀਰਾ ਕਾਰੋਬਾਰ 'ਚ ਕੰਮ ਕਰ ਰਹੇ 10 ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਦੂਜੇ ਪਾਸੇ ਹੋਰ ਕਈ ਡਾਇਮੰਡ ਯੂਨਿਟਾਂ ਵਿੱਚੋਂ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ।
ਸਫ਼ਲ ਕਾਰੋਬਾਰ ਵਿੱਚ ਖ਼ੁਦਕੁਸ਼ੀਆਂ ਕਿਉਂ?
ਗੁਜਰਾਤ ਡਾਇਮੰਡ ਵਰਕਰਸ ਯੂਨੀਅਨ (ਜੀਡੀਡਬਲਿਊਯੂ) ਨਾਮਕ ਮਜ਼ਦੂਰ ਸੰਗਠਨ ਦਾ ਦਾਅਵਾ ਹੈ ਕਿ ਗੁਜਰਾਤ ਵਿੱਚ ਪਿਛਲੇ 20 ਦਿਨਾਂ 'ਚ 10 ਤੋਂ ਵੱਧ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।

ਤਸਵੀਰ ਸਰੋਤ, Getty Images
ਗੁਜਰਾਤ ਦੇ ਸਥਾਨਕ ਮੀਡੀਆ ਵਰਗੇ 'ਗੁਜਰਾਤ ਸਮਾਚਾਰ', 'ਸੰਦੇਸ਼' ਅਤੇ ਹੋਰ ਸਥਾਨਕ ਅਖ਼ਬਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਸੂਰਤ ਦੇ ਪੂਣਾ, ਵਰਾਛਾ, ਮਾਨਦਰਵਾਜਾ, ਕਤਾਰਗਾਮ ਅਤੇ ਅਮਰੌਲੀ ਵਿੱਚ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।
ਇਸ ਤੋਂ ਇਲਾਵਾ ਭਾਵਨਗਰ ਦੇ ਘੋਘਾ, ਪਾਲੀਤਾਣਾ ਅਤੇ ਰਾਜਕੋਟ ਦੇ ਜਸਦਣ ਵਿੱਚ ਵੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ, ਅਤੇ ਹੋਰ ਸ਼ਹਿਰਾਂ ਵਿੱਚ ਵੀ ਕੁਝ ਅਜਿਹੇ ਹੀ ਹਾਲਾਤ ਹਨ।
ਡਾਇਮੰਡ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਮਜ਼ਦੂਰ ਸੰਗਠਨ ਦੇ ਨੇਤਾ ਕਹਿੰਦੇ ਹਨ ਕਿ ਵੱਡੇ ਪੱਧਰ 'ਤੇ ਮਜ਼ਦੂਰਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ ਅਤੇ ਕਾਰਖਾਨੇ ਬੰਦ ਹੋ ਰਹੇ ਹਨ।
ਸੂਰਤ ਰਤਨਕਲਾਕਾਰ ਵਿਕਾਸ ਸੰਘ ਦੇ ਜੈਸੁਖ ਗਜੇਰਾ ਦਾ ਕਹਿਣਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ਸੂਰਤ ਦੇ ਹੀਰਾ ਕਾਰੋਬਾਰ 'ਚ 15 ਤੋਂ 20 ਹਜ਼ਾਰ ਮਜ਼ਦੂਰਾਂ ਨੂੰ ਕੰਮ ਤੋਂ ਕੱਢਿਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ 'ਤੇ ਮਜ਼ਦੂਰਾਂ ਨੂੰ ਪੀਐਫ਼ ਆਦਿ ਜ਼ਿਆਦਾ ਨਹੀਂ ਮਿਲਦਾ ਹੈ।
ਗੁਜਰਾਤ ਡਾਇਮੰਡ ਵਰਕਰਸ ਯੂਨੀਅਨ ਦੇ ਪ੍ਰਧਾਨ ਰਣਮਲ ਜਿਲਰੀਆ ਕਹਿੰਦੇ ਹਨ ਕਿ ਇਹ ਹਾਲਾਤ ਪੂਰੇ ਗੁਜਰਾਤ ਵਿੱਚ ਹਨ। ਸੂਰਤ ਤੋਂ ਇਲਾਵਾ ਭਾਵਨਗਰ ਅਤੇ ਰਾਜਕੋਟ ਵਿੱਚ ਵੀ ਮਜ਼ਦੂਰਾਂ ਦਾ ਹਾਲ ਬੇਹਾਲ ਹੈ।

ਤਸਵੀਰ ਸਰੋਤ, Getty Images
ਰਣਮਲ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਸੂਰਤ ਦੇ ਵਰਾਛਾ ਵਿੱਚ ਕਿਰਣ ਐਕਸਪੋਰਟ 'ਚ 300 ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਦੀਵਾਲੀ ਵੇਲੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।"
'ਬੇਰੁਜ਼ਗਾਰੀ ਕਾਰਨ ਭਰਾ ਨੇ ਖ਼ੁਦਕੁਸ਼ੀ ਕੀਤੀ'
ਭਾਵਨਗਰ ਦੇ ਹੀਰਾ ਕਾਰੋਬਾਰ ਦੇ ਮਜ਼ਦੂਰ ਵਿਕਰਮ ਮਕਵਾਨਾ ਨੇ 11 ਅਕਤੂਬਰ ਨੂੰ ਖ਼ੁਦਕੁਸ਼ੀ ਕੀਤੀ ਸੀ। 32 ਸਾਲਾ ਵਿਕਰਮ ਹੀਰੇ ਦੀ ਯੂਨਿਟ ਵਿੱਚ ਕੰਮ ਕਰ ਰਹੇ ਸਨ, ਪਰ 2-3 ਮਹੀਨਿਆਂ ਤੋਂ ਬੇਰੁਜ਼ਗਾਰ ਸਨ।
ਉਨ੍ਹਾਂ ਦੇ ਛੋਟੇ ਭਰਾ ਜਗਦੀਸ਼ ਮਕਵਾਨਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਅਹਿਮਦਾਬਾਦ ਗਿਆ ਹੋਇਆ ਸੀ, ਉਦੋਂ ਮੇਰੇ ਦੋਸਤ ਦਾ ਮੈਨੂੰ ਫ਼ੋਨ ਆਇਆ ਅਤੇ ਦੱਸਿਆ ਕਿ ਭਰਾ ਨੇ ਕੈਰੋਸੀਨ ਪਾ ਕੇ ਖ਼ੁਦ ਨੂੰ ਅੱਗ ਲਗਾ ਲਈ ਹੈ।"
"ਮੇਰੇ ਦੋਸਤ ਨੇ ਮੇਰੇ ਭਰਾ ਨੂੰ ਸੜਦੇ ਹੋਏ ਦੇਖਿਆ ਸੀ, ਉਹ ਹੀ ਉਸ ਨੂੰ ਹਸਪਤਾਲ ਲੈ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।"
ਜਗਦੀਸ਼ ਨੇ ਖ਼ੁਦਕੁਸ਼ੀ ਦਾ ਕਾਰਨ ਦੱਸਿਆ, "ਉਹ ਡਾਇਮੰਡ ਯੂਨਿਟ 'ਚ ਕੰਮ ਕਰਦਾ ਸੀ, ਕੁਝ ਸਮਾਂ ਪਹਿਲਾਂ ਕੰਮ ਬੰਦ ਹੋ ਗਿਆ ਸੀ। ਕੰਮ ਲੱਭਣ ਲਈ ਉਹ ਸੂਰਤ ਵੀ ਗਿਆ ਸੀ। ਪਰ ਕੁਝ ਨਾ ਮਿਲਿਆ। ਬੇਰੁਜ਼ਗਾਰੀ ਦੀ ਚਿੰਤਾ ਵਿੱਚ ਹੀ ਮੇਰੇ ਭਰਾ ਨੇ ਖ਼ੁਦਕੁਸ਼ੀ ਕਰ ਲਈ।"
ਹਸਪਤਾਲ ਲਈ ਵਿਆਜ 'ਤੇ ਲਏ ਪੈਸੇ
ਡਾਇਮੰਡ ਇੰਡਸਟਰੀ ਦੀ ਮੌਜੂਦਾ ਹਾਲਾਤ ਜਾਣਨ ਲਈ ਬੀਬੀਸੀ ਨੇ ਡਾਇਮੰਡ ਇੰਡਸਟਰੀ ਦੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ।

ਤਸਵੀਰ ਸਰੋਤ, Jagdish Makwana
ਸੂਰਤ ਦੇ ਵਰਾਛਾ ਰੋਡ 'ਤੇ ਸਥਿਤ ਡਾਇਮੰਡ ਯੂਨਿਟ ਵਿੱਚ ਕੰਮ ਕਰਨ ਵਾਲੇ ਅਲਪੇਸ਼ ਕਹਿੰਦੇ ਹਨ, "ਮੇਰੀ ਪਤਨੀ ਦੀ ਡਿਲਵਰੀ ਸਮੇਂ ਵੀ ਮੈਨੂੰ ਤਨਖ਼ਾਹ ਨਹੀਂ ਦਿੱਤੀ ਗਈ। ਮੈਂ ਹਸਪਤਾਲ ਦਾ ਬਿੱਲ ਭਰਨ ਲਈ ਵਿਆਜ 'ਤੇ ਪੈਸੇ ਉਧਾਰ ਲਏ।"
ਉਹ ਕਹਿੰਦੇ ਹਨ, "ਅਜੇ ਸਾਡੇ ਕੋਲ ਕੰਮ ਘੱਟ ਹੈ। ਪਹਿਲਾਂ ਅਸੀਂ ਮਹੀਨੇ ਦੇ 15 ਹਜ਼ਾਰ ਰੁਪਏ ਲਿਜਾਂਦੇ ਸੀ ਪਰ ਹੁਣ ਮਹੀਨੇ ਦੀ 8-9 ਹਜ਼ਾਰ ਹੀ ਤਨਖ਼ਾਹ ਮਿਲਦੀ ਹੈ।"
ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਘੰਟੇ ਬਿਠਾ ਕੇ ਰੱਖਿਆ ਜਾਂਦਾ ਹੈ ਅਤੇ ਕੰਮ ਘੱਟ ਦਿੰਦੇ ਹਨ। ਘਿਸੇ ਹੋਏ ਹੀਰੇ ਦੀ ਗਿਣਤੀ ਦੀ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ।
ਮਜ਼ਦੂਰਾਂ ਦਾ ਪਰਿਵਾਰ ਡਰ 'ਚ ਹੈ
ਸੂਰਤ ਵਿੱਚ ਜਿਨ੍ਹਾਂ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰ ਮੀਡੀਆ ਨਾਲ ਗੱਲ ਕਰਨ ਤੋਂ ਡਰ ਰਹੇ ਹਨ।
ਖ਼ੁਦਕੁਸ਼ੀ ਕਰਨ ਵਾਲੇ ਇੱਕ ਮੁੰਡੇ ਦੇ ਪਿਤਾ ਨੇ ਦੱਸਿਆ ਕਿ ਉਹ ਵੀ ਡਾਇਮੰਡ ਯੂਨਿਟ ਵਿੱਚ ਕੰਮ ਕਰਦੇ ਹਨ, ਜੇਕਰ ਉਨ੍ਹਾਂ ਦਾ ਨਾਮ ਮੀਡੀਆ 'ਚ ਆ ਗਿਆ ਤਾਂ ਉਨ੍ਹਾਂ ਦੀ ਨੌਕਰੀ ਵੀ ਚਲੀ ਜਾਵੇਗੀ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਉਹ ਕਹਿੰਦੇ ਹਨ, "ਡਾਇਮੰਡ ਯੂਨਿਟ 'ਚ ਮੇਰਾ ਪੁੱਤਰ ਵੀ ਕੰਮ ਕਰਦਾ ਸੀ। ਉਨ੍ਹਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਹ ਤਾਂ ਨਹੀਂ ਪਤਾ। ਉਸ ਨੇ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਉਸਦਾ ਕੰਮ ਬੰਦ ਹੋ ਗਿਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ।"

ਤਸਵੀਰ ਸਰੋਤ, Getty Images
ਅਜਿਹਾ ਕਿਹਾ ਜਾਂਦਾ ਹੈ ਕਿ ਡਾਇਮੰਡ ਇੰਡਸਟਰੀ ਵਿੱਚ ਮਜ਼ਦੂਰਾਂ ਨੂੰ ਚੰਗੀ ਸਹੂਲਤ ਮਿਲਦੀ ਹੈ ਅਤੇ ਚੰਗੀ ਤਨਖ਼ਾਹ ਮਿਲਦੀ ਹੈ। ਤਾਂ ਫਿਰ ਇਹ ਮਜ਼ਦੂਰ ਖ਼ੁਦਕੁਸ਼ੀ ਕਿਉਂ ਕਰ ਰਹੇ ਹਨ?
ਬੇਰੁਜ਼ਾਗੀ ਦਾ ਕੋਈ ਸਵਾਲ ਨਹੀਂ
ਸੂਰਤ ਡਾਇਮੰਡ ਐਸੋਸੀਏਸ਼ਨ ਦੇ ਪ੍ਰਧਾਨ ਬਾਬੂਭਾਈ ਕਹਿੰਦੇ ਹਨ ਕਿ ਡਾਇਮੰਡ ਇੰਡਸਟਰੀ ਵਿੱਚ ਕੰਮ ਦੀ ਕੋਈ ਘਾਟ ਨਹੀਂ ਹੈ।
ਬਾਬੂਭਾਈ ਕਹਿੰਦੇ ਹਨ, "ਦੀਵਾਲੀ ਵੇਲੇ ਡਾਇਮੰਡ ਯੂਨਿਟ ਵਿੱਚ ਜ਼ਿਆਦਾ ਕੰਮ ਹੁੰਦਾ ਹੈ, ਜਿਸ ਨਾਲ ਮਜ਼ਦੂਰਾਂ ਦੀ ਦੀਵਾਲੀ ਚੰਗੀ ਹੁੰਦੀ ਹੈ, ਤਾਂ ਅਜੇ ਬੇਰੁਜ਼ਗਾਰੀ ਦਾ ਕੋਈ ਸਵਾਲ ਨਹੀਂ ਉੱਠਦਾ। ਕਿਸੇ ਵੀ ਯੂਨਿਟ ਵਿੱਚੋਂ ਮਜ਼ਦੂਰਾਂ ਨੂੰ ਨਹੀਂ ਕੱਢਿਆ ਗਿਆ।"

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਇਹ ਮਜ਼ਦੂਰ ਸ਼ਾਇਦ ਪਰਿਵਾਰਕ ਕਾਰਨਾਂ ਤੋਂ ਖ਼ੁਦਕੁਸ਼ੀ ਕਰ ਰਹੇ ਹਨ। ਡਾਇਮੰਡ ਇੰਡਸਟਰੀ ਵਿੱਚ ਮਜ਼ਦੂਰਾਂ ਨੂੰ ਖ਼ੁਦਕੁਸ਼ੀ ਕਰਨ ਪਵੇ ਅਜਿਹੇ ਹਾਲਾਤ ਨਹੀਂ ਹਨ।"
'ਲੋਨ ਲੈਣਾ ਹੈ, ਸੈਲਰੀ ਸਲਿੱਪ ਨਹੀਂ ਹੈ'
ਵਾਰਛਾ ਰੋਡ ਦੇ ਡਾਇਮੰਡ ਯੂਨਿਟ ਵਿੱਚ ਕੰਮ ਕਰ ਰਹੇ ਅਲਪੇਸ਼ਭਾਈ ਕਹਿੰਦੇ ਹਨ ਉਨ੍ਹਾਂ ਨੂੰ ਸੈਲਰੀ ਸਲਿੱਪ ਨਹੀਂ ਮਿਲਦੀ ਹੈ।
ਇਸੇ ਤਰ੍ਹਾਂ ਰਾਜਕੋਟ ਦੀ ਯੂਨਿਟ ਵਿੱਚ ਕੰਮ ਕਰ ਰਹੇ ਅਨਿਲਭਾਈ ਕਹਿੰਦੇ ਹਨ, "ਮੈਂ ਬੈਂਕ ਤੋਂ ਲੋਨ ਲੈਣਾ ਸੀ, ਪਰ ਸਾਡੇ ਕੋਲ ਸੈਲਰੀ ਸਲਿੱਪ ਨਹੀਂ ਹੈ।"
"ਅਸੀਂ ਮਾਲਿਕ ਤੋਂ ਸੈਲਰੀ ਸਲਿੱਪ ਮੰਗੀ ਤਾਂ ਕੰਮ ਤੋਂ ਕੱਢਣ ਦੀ ਧਮਕੀ ਦੇ ਰਹੇ ਸਨ। ਇਸੇ ਕਾਰਨ ਅਸੀਂ ਅੱਜ ਤੱਕ ਲੋਨ ਨਹੀਂ ਲੈ ਸਕੇ।"
ਪੀਪਲਜ਼ ਟ੍ਰੇਨਿੰਗ ਐਂਡ ਰਿਸਰਚ ਸੈਂਟਰ (ਪੀਟੀਆਰਸੀ) ਦੇ ਨਾਲ ਜੁੜੇ ਬੜੌਦਾ ਦੇ ਜਗਦੀਸ਼ ਪਟੇਲਨੀ ਇੱਕ ਹੀਰਾ ਕਾਰੋਬਾਰ ਨਾਲ ਜੁੜੇ ਮਜ਼ਦੂਰਾਂ 'ਤੇ ਕਾਫ਼ੀ ਕੰਮ ਕੀਤਾ ਹੈ।
ਉਨ੍ਹਾਂ ਦੀ ਇੱਕ ਰਿਪੋਰਟ 'ਸਟਡੀ ਆਫ਼ ਲੇਬਰ ਕੰਡੀਸ਼ਨਸ ਇਨ ਸੂਰਤ ਟੈਕਸਟਾਈਲ ਇੰਡਸਟਰੀ' ਦੇ ਨਾਮ ਨਾਲ ਪ੍ਰਕਾਸ਼ਿਤ ਹੋਈ ਹੈ।
ਇਸ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਸੂਰਤ ਦੇ 58,400 ਡਾਇਮੰਡ ਯੂਨਿਟ ਵਿੱਚ ਮਜ਼ਦੂਰਾਂ ਨੂੰ ਪੀਐਫ ਨਹੀਂ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬਹੁਤ ਘੱਟ ਮਜ਼ਦੂਰਾਂ ਦਾ ਨਾਮ ਯੂਨਿਟ ਦੇ ਰਜਿਸਟਰ 'ਤੇ ਆਨ ਰਿਕਾਰਡ ਹੁੰਦਾ ਹੈ।
'ਹੁਣ ਸਾਨੂੰ ਵੀ ਡਰ ਲੱਗ ਰਿਹਾ ਹੈ'
ਰਾਜਕੋਟ ਵਿੱਚ ਹੀਰਾ ਕਾਰੋਬਾਰ ਨਾਲ ਜੁੜੇ ਅਨਿਲਭਾਈ ਨੇ ਬੀਬੀਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, "ਹੁਣੇ ਮੈਨੂੰ ਪਤਾ ਲੱਗਾ ਹੈ ਕਿ ਕਦੇ ਮੇਰੇ ਨਾਲ ਕੰਮ ਕਰਨ ਵਾਲੇ ਇੱਕ ਮੁੰਡੇ ਨੇ ਖੁਦਕੁਸ਼ੀ ਕਰ ਲਈ ਹੈ।"
"ਇੱਕ ਤੋਂ ਬਾਅਦ ਇੱਕ ਅਜਿਹੇ ਕਿੱਸੇ ਸੁਣ ਕੇ ਹੁਣ ਮੈਨੂੰ ਡਰ ਲੱਗ ਰਿਹਾ ਹੈ। 10 ਦਿਨਾਂ ਵਿੱਚ 7 ਤੋਂ ਵੱਧ ਖ਼ੁਦਕੁਸ਼ੀ ਦੇ ਮਾਮਲੇ ਸੁਣਨ ਵਿੱਚ ਆਏ ਹਨ।"
ਹਰ ਮਜ਼ਦੂਰ ਖ਼ੁਦਕੁਸ਼ੀ ਦੇ ਚੱਕਰ ਤੋਂ ਡਰਿਆ ਹੋਇਆ ਹੈ।

ਤਸਵੀਰ ਸਰੋਤ, Getty Images
ਅਲਪੇਸ਼ਭਾਈ ਕਹਿੰਦੇ ਹਨ, "ਹੁਣੇ ਭਾਵਨਗਰ ਵਿੱਚ ਇੱਕ ਮੁੰਡੇ ਨੇ ਖੁਦਕੁਸ਼ੀ ਕੀਤੀ, ਉਹ ਮੇਰਾ ਦੋਸਤ ਸੀ। ਹੀਰੇ ਦੀ ਯੂਨਿਟ ਵਿੱਚ ਕੰਮ ਕਰਦਾ ਸੀ, ਕੰਮ ਤੋਂ ਕੱਢ ਦਿੱਤਾ ਸੀ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ।"
ਰਾਜਕੋਟ ਦੇ ਅਨਿਲਭਾਈ ਕਹਿੰਦੇ ਹਨ, "ਪਹਿਲਾਂ ਅਸੀਂ ਰੋਜ਼ਾਨਾ 150 ਛੋਟੇ ਹੀਰੇ ਘਿੱਸਦੇ ਸਨ, ਪਰ ਹੁਣ 70-75 ਵੀ ਨਹੀਂ ਮਿਲਦੇ।"
ਉਹ ਦੱਸਦੇ ਹਨ, "ਇੱਕ ਹੀਰਾ ਘਿੱਸਣ 'ਤੇ ਸਾਨੂੰ 3 ਰੁਪਏ 60 ਪੈਸੇ ਮਿਲਦੇ ਹਨ। ਸਾਨੂੰ ਸਾਡੇ ਕਾਨੂੰਨੀ ਅਧਿਕਾਰ ਨਹੀਂ ਦਿੱਤੇ ਜਾਂਦੇ। ਸਾਨੂੰ ਵੀ ਬੇਰੁਜ਼ਗਾਰ ਹੋਣ ਦਾ ਡਰ ਲੱਗਾ ਰਹਿੰਦਾ ਹੈ।"
ਇਹ ਵੀ ਪੜ੍ਹੋ:
ਗੁਜਰਾਤ ਵਿੱਚ ਡਾਇਮੰਡ ਇੰਡਸਟਰੀ ਦੇ ਮਜ਼ਦੂਰਾਂ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਸਭ ਤੋਂ ਵੱਧ ਮਾਮਲੇ ਸੂਰਤ ਦੇ ਹਨ।
ਬੀਬੀਸੀ ਨੇ ਮਜ਼ਦੂਰਾਂ ਦੀ ਖ਼ੁਦਕੁਸ਼ੀ ਦੇ ਮਾਮਲਿਆਂ 'ਤੇ ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਸ਼ਰਮਾ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ, "ਪਿਛਲੇ ਕੁਝ ਦਿਨਾਂ ਵਿੱਚ ਖ਼ੁਦਕੁਸੀ ਦੇ ਮਾਮਲੇ ਦਰਜ ਹੋਏ ਹਨ। ਪਰ ਖ਼ੁਦਕੁਸ਼ੀ ਦੇ ਪਿੱਛੇ ਕੀ ਕਾਰਨ ਹੈ ਉਸ 'ਤੇ ਅਜੇ ਜਾਂਚ ਹੋ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਇਸਦੇ ਪਿੱਛੇ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।"
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












