ਡਿਊਟੀ 'ਤੇ ਆਪਣੀ ਬੱਚੀ ਨੂੰ ਪਾਲਣ ਵਾਲੀ ਮਹਿਲਾ ਪੁਲਿਸ ਕਾਂਸਟੇਬਲ ਦੀ ਪੂਰੀ ਕਹਾਣੀ

- ਲੇਖਕ, ਟੀਮ ਬੀਬੀਸੀ ਹਿੰਦੀ
- ਰੋਲ, ਦਿੱਲੀ
ਤਿੰਨ ਮਹੀਨੇ ਤੋਂ ਇੱਕ ਕੰਮ ਜਿਹੜਾ ਅਰਚਨਾ ਨਹੀਂ ਕਰਵਾ ਸਕੀ, ਉਹ ਇੱਕ ਝਟਕੇ ਵਿੱਚ ਉਨ੍ਹਾਂ ਦੀ ਤਸਵੀਰ ਨੇ ਕਰ ਦਿੱਤਾ।
ਕਹਾਣੀ ਝਾਂਸੀ ਵਿੱਚ ਰਹਿਣ ਵਾਲੀ ਅਰਚਨਾ ਦੀ ਹੈ। ਅਰਚਨਾ ਉੱਥੇ ਪੁਲਿਸ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਹਨ।
ਅਰਚਨਾ ਪਿਛਲੇ ਤਿੰਨ ਮਹੀਨੇ ਤੋਂ ਆਪਣਾ ਤਬਾਦਲਾ ਆਗਰਾ ਕਰਵਾਉਣਾ ਚਾਹੁੰਦੀ ਸੀ, ਪਰ ਲਖਨਊ ਜਾ ਕੇ ਸੀਨੀਅਰ ਅਫਸਰਾਂ ਨੂੰ ਮਿਲਣ ਤੋਂ ਬਾਅਦ ਵੀ ਉਨ੍ਹਾਂ ਦਾ ਤਬਾਦਲਾ ਆਗਰਾ ਨਹੀਂ ਹੋ ਸਕਿਆ ਸੀ।
ਇਹ ਵੀ ਪੜ੍ਹੋ:
ਇੱਕ ਦਿਨ ਅਰਚਨਾ ਆਪਣੀ 6 ਮਹੀਨੇ ਦੀ ਬੱਚੀ ਦੇ ਨਾਲ ਡਿਊਟੀ 'ਤੇ ਤਾਇਨਾਤ ਸੀ। ਬੱਚੀ ਨੂੰ ਉੱਥੇ ਹੀ ਨੀਂਦ ਆ ਗਈ। ਅੰਦਰ ਕਮਰੇ ਵਿੱਚ ਜਿੱਥੇ ਬਿਸਤਰੇ ਦਾ ਪ੍ਰਬੰਧ ਸੀ, ਉੱਥੇ ਏਸੀ ਚੱਲ ਰਿਹਾ ਸੀ ਅਤੇ ਠੰਡ ਜ਼ਿਆਦਾ ਸੀ। ਇਸ ਲਈ ਅਰਚਨਾ ਬੱਚੀ ਨੂੰ ਬਾਹਰ ਲੈ ਆਈ ਅਤੇ ਮੇਜ਼ 'ਤੇ ਸੁਆ ਦਿੱਤਾ।
ਜਦੋਂ ਅਰਚਨਾ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ, ਤਾਂ ਉੱਥੇ ਪੁੱਜੇ ਕਿਸੇ ਪੱਤਰਕਾਰ ਨੇ ਉਨ੍ਹਾਂ ਦੀ ਕੁੜੀ ਨਾਲ ਤਸਵੀਰ ਖਿੱਚ ਲਈ।
ਤਸਵੀਰ 'ਤੇ ਕੀ ਸੀ ਪ੍ਰਤੀਕਿਰਿਆ
ਇਹ ਘਟਨਾ 26 ਅਕਤੂਬਰ ਦੀ ਹੈ। ਤਸਵੀਰ ਕੁਝ ਹੀ ਘੰਟੇ ਵਿੱਚ ਵਾਇਰਲ ਹੋ ਗਈ।

ਫੋਟੋ ਕਦੋਂ ਖਿੱਚੀ, ਕਿਸ ਨੇ ਖਿੱਚੀ ਅਰਚਨਾ ਨੂੰ ਨਹੀਂ ਪਤਾ। ਬੀਬੀਸੀ ਨਾਲ ਗੱਲਬਾਤ ਦੌਰਾਨ ਅਰਚਨਾ ਨੇ ਦੱਸਿਆ, ''ਪਹਿਲੀ ਵਾਰ ਵਾਇਰਲ ਫ਼ੋਟੋ ਦਾ ਪਤਾ ਉਦੋਂ ਲੱਗਿਆ ਜਦੋਂ ਪੁਲਿਸ ਵਾਲਿਆਂ ਲਈ ਬਣੇ WhatsApp ਗਰੁੱਪ ਵਿੱਚ ਮੈਂ ਆਪਣੀ ਅਤੇ ਬੱਚੀ ਦੀ ਤਸਵੀਰ ਦੇਖੀ।''
ਅਰਚਨਾ ਨੂੰ ਪਹਿਲਾਂ ਤਾਂ ਲੱਗਿਆ ਕਿ ਪੁਲਿਸ ਗਰੁੱਪ 'ਚ ਉਨ੍ਹਾਂ ਦੀ ਇਹ ਤਸਵੀਰ ਚੱਲ ਰਹੀ ਹੈ। ਪਰ ਅਗਲੇ ਦਿਨ 27 ਅਕਤੂਬਰ ਨੂੰ ਜਦੋਂ ਉਨ੍ਹਾਂ ਨੇ ਤਸਵੀਰ ਦੇ ਨਾਲ ਅਖ਼ਬਾਰ ਵਿੱਚ ਪੂਰੀ ਖ਼ਬਰ ਪੜ੍ਹੀ ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਤਸਵੀਰ ਵਾਇਰਲ ਹੋ ਚੁੱਕੀ ਸੀ।

ਕੀ ਤਸਵੀਰ ਦੇਖ ਕੇ ਤਣਾਅ 'ਚ ਆ ਗਈ ਅਰਚਨਾ?
ਇਸ ਸਵਾਲ ਦੇ ਜਵਾਬ ਵਿੱਚ ਅਰਚਨਾ ਕਹਿੰਦੀ ਹੈ, ''ਮੈਂ ਕੋਈ ਚੋਰੀ ਤਾਂ ਨਹੀਂ ਕੀਤੀ ਸੀ, ਨਾ ਹੀ ਡਿਊਟੀ ਵਿੱਚ ਕੋਈ ਲਾਪਰਵਾਹੀ ਵਰਤੀ। ਮੈਨੂੰ ਭਲਾ ਕਿਉਂ ਡਰ ਲਗਦਾ।''
"ਪਰ ਐਨਾ ਜ਼ਰੂਰ ਹੈ ਤਸਵੀਰ ਜਿਵੇਂ ਹੀ ਛਪੀ ਮੇਰੇ ਸੀਨੀਅਰ ਦਾ ਫ਼ੋਨ ਆ ਗਿਆ। ਐਤਵਾਰ ਸਵੇਰ ਨੂੰ ਡੀਜੀਪੀ ਸਰ ਦਾ ਫ਼ੋਨ ਆਇਆ।''
"ਉਨ੍ਹਾਂ ਨੇ ਪੁੱਛਿਆ, ਅਸੀਂ ਕੀ ਕਰੀਏ ਜਿਸ ਨਾਲ ਤੁਹਾਨੂੰ ਸਹੂਲਤ ਹੋਵੇਗੀ? ਮੈਂ ਆਗਰਾ ਟਰਾਂਸਫਰ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਤੁਰੰਤ ਮੇਰੀ ਅਰਜ਼ੀ ਸਵੀਕਾਰ ਕਰ ਲਈ।''
ਅਰਚਨਾ ਦੀ ਪੂਰੀ ਕਹਾਣੀ
ਅਰਚਨਾ ਦਾ ਵਿਆਹ 2006 ਵਿੱਚ ਹੋਇਆ ਸੀ। ਅਰਚਨਾ ਦੇ ਪਤੀ ਗੁਰੂਗ੍ਰਾਮ ਵਿੱਚ ਪ੍ਰਾਈਵੇਟ ਨੌਕਰੀ ਕਰਦੇ ਹਨ। 2008 ਵਿੱਚ ਉਨ੍ਹਾਂ ਦੀ ਵੱਡੀ ਕੁੜੀ ਪੈਦਾ ਹੋਈ ਜਿਸਦਾ ਨਾਮ ਕਨਕ ਰੱਖਿਆ ਸੀ।
ਅਰਚਨਾ ਨੂੰ ਵਿਆਹ ਤੋਂ ਪਹਿਲਾਂ ਹੀ ਸਰਕਾਰੀ ਨੌਕਰੀ ਕਰਨ ਦਾ ਸ਼ੌਕ ਸੀ। ਉਨ੍ਹਾਂ ਨੇ ਪੋਸਟ ਗ੍ਰੈਜੁਏਸ਼ਨ ਅਤੇ ਬੀਐੱਡ ਕੀਤੀ ਹੋਈ ਹੈ। ਉਹ ਪਹਿਲਾਂ ਅਧਿਆਪਕਾ ਬਣਨਾ ਚਾਹੁੰਦੀ ਸੀ ਪਰ ਜਦੋਂ ਟੀਚਰ ਦੀ ਨੌਕਰੀ ਨਹੀਂ ਮਿਲੀ ਤਾਂ ਸਬ ਇੰਸਪੈਕਟਰ ਦੇ ਅਹੁਦੇ ਲਈ ਅਰਜ਼ੀ ਭਰੀ।
ਉਨ੍ਹਾਂ ਨੇ ਲਿਖਤ ਪ੍ਰੀਖਿਆ ਪਾਸ ਕਰ ਲਈ ਪਰ ਅੱਗੇ ਗੱਲ ਨਾ ਬਣੀ। ਫਿਰ 2016 ਵਿੱਚ ਕਾਂਸਟੇਬਲ ਦੀ ਭਰਤੀ ਨਿਕਲੀ।
ਅਰਚਨਾ ਨੇ ਘਰਵਾਲਿਆਂ ਦੇ ਕਹਿਣ 'ਤੇ ਪ੍ਰੀਖਿਆ ਲਈ ਫਾਰਮ ਭਰ ਦਿੱਤਾ ਅਤੇ ਪਾਸ ਵੀ ਹੋ ਗਈ।

ਤਸਵੀਰ ਸਰੋਤ, Archana
ਡੇਢ ਸਾਲ ਨੌਕਰੀ ਕਰਨ ਤੋਂ ਬਾਅਦ ਅਰਚਨਾ ਮੁੜ ਗਰਭਵਤੀ ਹੋਈ। ਪਰ ਇਸ ਵਾਰ ਮਾਮਲਾ ਪੂਰਾ ਵੱਖਰਾ ਸੀ।
ਪ੍ਰੈਗਨੈਂਸੀ ਦੇ ਨੌਵੇਂ ਮਹੀਨੇ ਅਰਚਨਾ ਛੁੱਟੀ 'ਤੇ ਚਲੀ ਗਈ ਸੀ। ਬੱਚੀ ਪੰਜ ਮਹੀਨੇ ਦੀ ਹੋਈ ਤਾਂ ਅਰਚਾ ਨੂੰ ਡਿਊਟੀ ਵਾਪਿਸ ਜੁਆਇਨ ਕਰਨੀ ਪਈ।
ਪਰ ਅਰਚਨਾ ਸਾਹਮਣੇ ਵੱਡੀ ਸਮੱਸਿਆ ਸੀ।
ਪੰਜ ਮਹੀਨੇ ਦੀ ਬੱਚੀ ਦਾ ਧਿਆਨ ਕੌਣ ਰੱਖੇਗਾ?
ਸਰਕਾਰੀ ਨੌਕਰੀ ਅਰਚਨਾ ਦਾ ਸਾਲਾਂ ਪੁਰਾਣਾ ਸੁਪਨਾ ਸੀ। ਨੌਕਰੀ ਲਈ ਅਰਚਨਾ ਨੇ ਆਪਣੀ 8 ਸਾਲ ਦੀ ਵੱਡੀ ਕੁੜੀ ਨੂੰ ਦਾਦੀ ਕੋਲ ਕਾਨਪੁਰ ਛੱਡਿਆ, ਪਤੀ ਨੂੰ ਗੁਰੂਗ੍ਰਾਮ ਵਿੱਚ ਅਤੇ ਖ਼ੁਦ ਨੌਕਰੀ ਕਰਨ ਝਾਂਸੀ ਆ ਗਈ।
ਛੋਟੀ ਧੀ ਨੂੰ ਘਰ ਇਕੱਲਾ ਨਹੀਂ ਛੱਡ ਸਕਦੀ ਸੀ। ਇਸ ਲਈ ਅਰਚਨਾ ਬੱਚੀ ਨੂੰ ਡਿਊਟੀ 'ਤੇ ਲਿਜਾਉਣ ਲੱਗੀ।
ਇਹ ਵੀ ਪੜ੍ਹੋ:
ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਰੂਟੀਨ ਬਾਰੇ ਅਰਚਨਾ ਦੱਸਦੀ ਹੈ, ''ਉਂਝ ਤਾਂ ਨੌਂ ਘੰਟੇ ਦੀ ਡਿਊਟੀ ਹੁੰਦੀ ਹੈ, ਪਰ ਕੰਮ ਪੈਣ 'ਤੇ ਰਾਤ-ਦਿਨ ਕਦੇ ਵੀ ਬੁਲਾਇਆ ਜਾ ਸਕਦਾ ਹੈ। ਹਫ਼ਤੇ ਵਿੱਚ ਇੱਕ ਦਿਨ ਨਾਈਟ ਡਿਊਟੀ ਵੀ ਲੱਗਦੀ ਹੈ, ਉਹ ਵੇਲਾ ਮੁਸ਼ਕਿਲ ਹੁੰਦਾ ਹੈ।''
ਅਰਚਨਾ ਕਹਿੰਦੀ ਹੈ, "ਪਿਛਲ਼ੇ ਇੱਕ ਮਹੀਨੇ ਵਿੱਚ ਕਈ ਵਾਰ ਮੈਨੂੰ ਨਾਈਟ ਡਿਊਟੀ ਕਰਨੀ ਪਈ। ਉਸ ਦਿਨ ਮੈਂ ਦਫ਼ਤਰ ਵਿੱਚ ਹੀ ਬੱਚੀ ਦੇ ਨਾਲ ਰਹੀ। ਪਰ ਬਾਕੀ ਮੌਕੇ ਮੈਂ ਡਿਊਟੀ ਦੂਜਿਆਂ ਨਾਲ ਬਦਲ ਕਰ ਲੈਂਦੀ ਸੀ।"
ਨੌਕਰੀ ਅਤੇ ਪਰਿਵਾਰ - ਇੱਕੋ ਸਮੇਂ ਕਿੰਨੀ ਵੱਡੀ ਚੁਣੌਤੀ?
ਅਰਚਨਾ ਨੇ ਛੋਟੀ ਕੁੜੀ ਦਾ ਨਾਮ ਅਨਿਕਾ ਰੱਖਿਆ ਹੈ। ਇਸ ਨਾਮ ਪਿੱਛੇ ਵੀ ਇੱਕ ਕਹਾਣੀ ਹੈ। ਅਨਿਕਾ ਨਾਮ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਪਰਿਵਾਰਕ ਮੈਂਬਰਾਂ ਦੇ ਅੰਸ਼ ਹਨ। ਅ ਤੋਂ ਅਰਚਨਾ, ਨ ਤੋਂ ਨੀਲੇਸ਼ ( ਅਰਚਨਾ ਦੇ ਪਤੀ) ਅਤੇ ਕ ਤੋਂ ਕਨਕ ( ਅਰਚਨਾ ਦੀ ਵੱਡੀ ਕੁੜੀ)।

ਤਸਵੀਰ ਸਰੋਤ, Archana/ BBC
ਤਾਂ ਕੀ ਅਨਿਕਾ ਦਾ ਨਾਮ ਜਨਮ ਲੈਣ ਤੋਂ ਪਹਿਲਾਂ ਹੀ ਸੋਚ ਲਿਆ ਸੀ? ਇਸ ਸਵਾਲ ਦੇ ਜਵਾਬ ਵਿੱਚ ਅਰਚਨਾ ਹੱਸ ਪੈਂਦੀ ਹੈ।
ਫਿਰ ਕਹਿੰਦੀ ਹੈ,'' ਮੇਰੇ ਵੰਡੇ ਹੋਏ ਪਰਿਵਾਰ ਨੂੰ ਅਨਿਕਾ ਨੇ ਇੱਕ ਝਟਕੇ 'ਚ ਮਿਲਾ ਦਿੱਤਾ। ਮੇਰੇ ਸੱਸ-ਸਹੁਰਾ ਕਾਨਪੁਰ ਵਿੱਚ ਰਹਿੰਦੇ ਹਨ, ਮੇਰੇ ਮਾਤਾ-ਪਿਤਾ ਆਗਰਾ ਵਿੱਚ ਅਤੇ ਪਤੀ ਗੁਰੂਗ੍ਰਾਮ ਵਿੱਚ।''
"ਮੈਨੂੰ ਡੀਜੀਪੀ ਸਰ ਨੇ ਯਕੀਨ ਦੁਆਇਆ ਹੈ ਕਿ ਮੇਰਾ ਤਬਾਦਲਾ ਆਗਰਾ ਕਰ ਦਿੱਤਾ ਜਾਵੇਗਾ। ਉੱਥੇ ਮੇਰੇ ਮਾਤਾ-ਪਿਤਾ ਵੀ ਹੋਣਗੇ ਅਤੇ ਪਤੀ ਵੀ ਆਉਂਦੇ-ਜਾਂਦੇ ਰਹਿਣਗੇ। ਹੁਣ ਆਪਣੀ ਵੱਡੀ ਧੀ ਨਾਲ ਵੀ ਰਹਿ ਸਕਾਂਗੀ।''
ਛੇ ਮਹੀਨੇ ਦੀ ਅਨਿਕਾ ਨੇ ਨਾ ਸਿਰਫ਼ ਅਰਚਨਾ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਸਗੋਂ ਪੁਲਿਸ ਵਿੱਚ ਕੰਮ ਕਰਨ ਵਾਲੀਆਂ ਬਾਕੀ ਔਰਤਾਂ ਲਈ ਇੱਕ ਰਾਹ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ:
ਅਰਨਾ ਦੀ ਕਹਾਣੀ ਅਖ਼ਬਾਰਾਂ ਵਿੱਚ ਪੜ੍ਹ ਕੇ ਉੱਤਰ-ਪ੍ਰਦੇਸ਼ ਦੇ ਡੀਜੀਪੀ ਨੇ ਟਵਿੱਟਰ 'ਤੇ ਲਿਖਿਆ, "ਕੰਮਕਾਜੀ ਮਾਵਾਂ ਲਈ ਹਰ ਪੁਲਿਸ ਲਾਈਨ ਵਿੱਚ ਇੱਕ ਕ੍ਰੈਚ ਦਾ ਪ੍ਰਬੰਧ ਹੋਵੇ, ਇਸ 'ਤੇ ਅਸੀਂ ਵਿਚਾਰ ਕਰ ਰਹੇ ਹਾਂ।"
ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












