You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਰੇਲ ਹਾਦਸਾ : ਰੇਲਵੇ ਪਟੜੀ ਉੱਤੇ ਮਨੁੱਖੀ ਅੰਗ ਕਤਲੇਆਮ ਵਾਂਗ ਖਿਡੇ ਪਏ ਸਨ - ਬਲਾਗ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਮੈਂ ਹਾਦਸੇ ਤੋਂ ਕੁਝ ਮਿੰਟਾਂ ਬਾਅਦ ਹੀ ਘਟਨਾ ਸਥਾਨ 'ਤੇ ਪਹੁੰਚਿਆ। ਜ਼ਖਮੀਆਂ ਦੀਆਂ ਦਰਦ ਭਰੀਆਂ ਚੀਕਾਂ ਤੇ ਮਰੇ ਲੋਕਾਂ ਦੇ ਆਪਣਿਆਂ ਦੇ ਵੈਣਾਂ ਨੇ ਵਾਤਾਵਰਨ ਵਿਚ ਅਜੀਬ ਦਹਿਸ਼ਤ ਤੇ ਉਦਾਸੀ ਭਰ ਦਿੱਤੀ ਸੀ।
ਲੋਕੀ ਆਪਣੇ ਲਾਪਤਾ ਜੀਆਂ ਦੀ ਭਾਲ ਵਿਚ ਰੇਲਵੇ ਟਰੈਕ ਦੇ ਆਰ-ਪਾਰ ਕੱਟੇ ਅੰਗਾਂ ਤੇ ਖਿੱਲਰੀਆਂ ਵਸਤਾਂ ਨੂੰ ਰੋਂਦੇ ਵਿਲਕਦੇ ਚੁੱਕ ਰਹੇ ਸਨ।
ਰੇਲਵੇ ਟਰੈਕ ਦੇ ਆਲੇ-ਦੁਆਲੇ ਖਿਲਰੇ ਮਨੁੱਖੀ ਅੰਗਾਂ ਦੇ ਟੁਕੜੇ ਇੱਕ ਜੰਗੀ ਕਤਲੇਆਮ ਵਰਗਾ ਮੰਜ਼ਰ ਪੇਸ਼ ਕਰ ਰਹੇ ਸਨ।
ਮੈਂ ਗੱਲ ਅੰਮ੍ਰਿਤਸਰ 'ਚ ਦਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ਦੀ ਕਰ ਰਿਹਾ ਹਾਂ। ਇਹ ਹਾਦਸਾ ਜਿੱਥੇ ਸਾਡੇ ਮੁਲਕ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ, ਉੱਥੇ ਹੀ ਇਹ ਸਵਾਲ ਵੀ ਪੈਦਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਜੀਣ ਪ੍ਰਤੀ ਕਿੰਨੇ ਕੁ ਸੁਚੇਤ ਹਾਂ।
ਇਸ ਹਾਦਸੇ ਦੌਰਾਨ ਰੇਲ ਪਟੜੀ ਉੱਤੇ ਖੜ੍ਹੇ ਹੋ ਕੇ ਦੁਸਹਿਰੇ ਦਾ ਤਿਉਹਾਰ ਵੇਖ ਰਹੇ ਲੋਕਾਂ ਨੂੰ ਜਲੰਧਰ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਆ ਰਹੀ ਡੀ.ਐਮ.ਯੂ. ਦੀ ਤੇਜ਼ ਰਫ਼ਤਾਰ ਰੇਲ ਗੱਡੀ ਨੇ ਕੁਚਲ ਦਿੱਤਾ।
ਇਸ ਹਾਦਸੇ ਵਿੱਚ 58 ਲੋਕ ਮਾਰੇ ਗਏ ਅਤੇ ਲਗਭਗ 100 ਲੋਕ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ:
ਜ਼ਿੰਮੇਵਾਰ ਕੌਣ ਹੈ ?
ਮੈਂ ਇਹ ਵੀ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਸਮਾਜ 'ਚ ਅਜੇ ਤੱਕ ਇਹ ਸੋਝੀ ਵੀ ਨਹੀਂ ਆਈ ਕਿ ਮਨੁੱਖੀ ਜ਼ਿੰਦਗੀ ਕਿੰਨੀ ਕੀਮਤੀ ਹੈ ਤੇ ਅਸੀਂ ਆਪਣੀ ਜ਼ਿੰਦਗੀ ਪ੍ਰਤੀ ਕਦੋਂ ਗੰਭੀਰ ਹੋਵਾਂਗੇ।
ਕੀ ਇਹ ਸਮਝਣ ਵਾਲੀ ਗੱਲ ਨਹੀਂ ਹੈ ਕਿ ਰੇਲ ਦੀ ਪਟੜੀ ਰੇਲਗੱਡੀਆਂ ਲਈ ਹੈ ਜਾਂ ਉਸ ਤੇ ਖੜ੍ਹੇ ਹੋ ਕੇ ਮੇਲਾ ਵੇਖਣ ਲਈ ?
ਆਮ ਵੇਖਣ 'ਚ ਆਉਂਦਾ ਹੈ ਕਿ ਹਮੇਸ਼ਾ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ 'ਤੇ ਤਿਉਹਾਰ ਆਦਿ ਮਨਾਉਣ ਸਮੇਂ ਲੋਕ ਆਪਣੀ ਸੁਰੱਖਿਆ ਨੂੰ ਭੁੱਲ ਜਾਂਦੇ ਹਨ।
ਇਹੀ ਨਹੀਂ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਕਦੇ ਇਹ ਚਿੰਤਾ ਨਹੀਂ ਹੋਈ ਕਿ ਪਿਛਲੇ ਕਈ ਸਾਲਾਂ ਤੋਂ ਇਸ ਤੰਗ ਤੇ ਅਢੁੱਕਵੀਂ ਥਾਂ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਆ ਰਹੇ ਸਨ।
ਦੂਜੇ ਪਾਸੇ ਸਿਆਸੀ ਨੇਤਾ ਜੋ ਹਮੇਸ਼ਾ ਆਪਣੇ ਚਾਪਲੂਸਾਂ ਨਾਲ ਘਿਰੇ ਰਹਿੰਦੇ ਹਨ ਅਤੇ ਵੱਡੇ ਇਕੱਠਾ ਨਾਲ ਪ੍ਰਭਾਵਿਤ ਕਰਨ ਲਈ ਤਿਆਰ ਰਹਿੰਦੇ ਹਨ, ਉਨ੍ਹਾਂ ਨੇ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਂ ਨਹੀ ਕੱਢਿਆ।
ਲੱਗਦਾ ਹੈ ਪ੍ਰਬੰਧਕ ਇੰਨੇ ਬੇਵੱਸ ਸਨ ਕਿ ਘਟਨਾ ਤੋਂ ਬਾਅਦ ਉਹ ਲੋੜਵੰਦਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੌੜਨਾ ਵਾਜ਼ਿਬ ਸਮਝਿਆ ਸਨ ਕਿਉਂਕਿ ਉਨ੍ਹਾਂ ਨੂੰ ਇਹ ਡਰ ਸੀ ਕਿ ਲੋਕ ਉਨ੍ਹਾਂ ਨੂੰ ਦੋਸ਼ੀ ਸਮਝ ਕੇ ਉਨ੍ਹਾਂ 'ਤੇ ਹਮਲਾ ਕਰ ਦੇਣਗੇ।
ਵੀਡੀਓ ਕਲਿੱਪਾਂ ਨੇ ਦਿਖਾਇਆ ਕਿ ਦਸਹਿਰਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਦੀ ਹਾਜ਼ਰੀ ਵਿੱਚ ਸਥਾਨਕ ਨੇਤਾ ਭਾਰੀ ਇਕੱਠ ਬਾਰੇ ਸ਼ੇਖੀ ਮਾਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਭਾਵੇਂ ਰੇਲਗੱਡੀ ਹੀ ਕਿਉਂ ਨਾ ਆ ਜਾਵੇ ਫਿਰ ਵੀ ਕੁਝ ਨਹੀਂ ਹੋਵੇਗਾ।
ਅਜਿਹਾ ਐਲਾਨ ਕਿਸੇ ਵੀ ਹੋਰ ਦੇਸ ਵਿੱਚ ਅਪਰਾਧਿਕ ਜੁਰਮ ਲਈ ਕਾਫ਼ੀ ਹੋਵੇਗਾ।
ਹਾਦਸੇ ਦੀ ਪੁਸ਼ਟੀ
ਪਰ ਸਾਰੇ ਘਟਨਾਕ੍ਰਮ ਵਿਚ ਕੁਝ ਬਹਾਦਰੀ ਦੀਆਂ ਕਹਾਣੀਆਂ ਵੀ ਹਨ। ਸਥਾਨਕ ਲੋਕ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਪੀੜਤਾਂ ਦੀ ਮਦਦ ਕੀਤੀ।
ਮੈਨੂੰ ਪਹਿਲਾਂ ਇਹ ਜਾਣਕਾਰੀ ਮਿਲੀ ਕਿ ਰਾਵਣ ਸੜ੍ਹਦਾ ਪੁਤਲਾ ਡਿੱਗਣ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਤਾਂ ਮੈਂ ਦੌੜ ਕੇ 7.20 ਵਜੇ ਜੌੜਾ ਫਾਟਕ ਪੁੱਜਿਆ।
ਮੈਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਫੋਨ ਕਰ ਘਟਨਾ ਸੰਬੰਧੀ ਜਾਣਕਾਰੀ ਲਈ
ਉਨ੍ਹਾਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ, "ਹਾਂ, ਰੌਬਿਨ, ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ, ਇੱਕ ਰੇਲ ਹਾਦਸਾ ਹੋਇਆ ਹੈ ਅਤੇ ਮੈਨੂੰ ਡਰ ਹੈ ਕਿ ਬਹੁਤ ਸਾਰੇ ਲੋਕ ਮਰ ਗਏ ਹਨ।"
ਉਸ ਨੇ ਮੈਨੂੰ ਦੱਸਿਆ ਕਿ ਉਹ ਪੀੜਤਾਂ ਲਈ ਸਾਰੇ ਪ੍ਰਬੰਧ ਕਰਨ ਲਈ ਹਸਪਤਾਲ ਵਿਚ ਜਾ ਰਹੇ ਹਨ ਅਤੇ ਪੁਲਿਸ ਕਮਿਸ਼ਨਰ ਐਸ.ਐਸ. ਸ਼੍ਰੀਵਾਸਤਵ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਮੌਕੇ 'ਤੇ ਮੌਜੂਦ ਰਹਿਣਗੇ।
ਹੁਣ ਇਹ ਖ਼ਬਰ ਬੀਬੀਸੀ ਦਫ਼ਤਰ ਸੌਂਪਣ ਦੀ ਵਾਰੀ ਸੀ। ਜਦ ਮੈਂ ਡੈਸਕ 'ਤੇ ਗੱਲ ਕੀਤੀ ਤਾਂ ਮੇਰੇ ਸਾਥੀ ਖੁਸ਼ਹਾਲ ਲਾਲੀ ਨੇ ਇਸ ਖ਼ਬਰ ਦੀ ਪੁਸ਼ਟੀ ਲਈ ਮੇਰੇ ਨਾਲ ਤਿੰਨ ਵਾਰ ਗੱਲ ਕੀਤੀ।
ਸਿਆਸਤਦਾਨਾਂ ਖ਼ਿਲਾਫ਼ ਨਾਅਰੇ
ਉਸ ਸਮੇਂ ਤੱਕ ਮੈਂ ਜੌੜਾ ਫ਼ਾਟਕ ਮੈਦਾਨ ਵਿਚ ਪਹੁੰਚ ਗਿਆ ਸੀ, ਜਿੱਥੇ ਰਾਵਣ ਦਾ ਪੁਤਲਾ ਅਜੇ ਵੀ ਧੁਖ ਰਿਹਾ ਸੀ ਅਤੇ ਲੋਕ ਉੱਚੀ-ਉੱਚੀ ਸਿਆਸਤਦਾਨਾਂ ਦੇ ਖ਼ਿਲਾਫ਼ ਨਾਅਰੇ ਲਾ ਰਹੇ ਸਨ।
ਮੈਂ ਦੇਖਿਆ ਕੀ ਦੁਸਹਿਰਾ ਗ੍ਰਾਉਂਡ ਅਤੇ ਰੇਲਵੇ ਲਾਈਨ ਵਿਚਾਲੇ ਇੱਕ 7 ਫੁੱਟ ਉੱਚੀ ਕੰਧ ਸੀ , ਮੈਂ ਆਪਣੇ ਦੂਜੇ ਪੱਤਰਕਾਰ ਸਾਥੀ ਦੇ ਨਾਲ ਰੇਲਵੇ ਲਾਈਨ 'ਤੇ ਪਹੁੰਚ ਗਿਆ।
ਮੇਰੀ ਪਹਿਲੀ ਮੁਲਾਕਾਤ ਜਖ਼ਮੀ ਨੂੰ ਆਟੋ ਰਿਕਸ਼ਾ ਵਿੱਚ ਪਾ ਕੇ ਹਸਪਤਾਲ ਲੈ ਜੇ ਰਹੇ ਪੁਲਿਸ ਜਵਾਨ ਨਾਲ ਹੋਈ, ਜਿਸਦੀ ਵਰਦੀ 'ਤੇ ਖ਼ੂਨ ਦੇ ਦਾਗ਼ ਲੱਗੇ ਹੋਏ ਸਨ।
ਇਸ ਦੌਰਾਨ ਐਂਬੂਲੈਂਸ ਜਾਂ ਕਿਸੇ ਹੋਰ ਵਾਹਨ ਦੀ ਉਡੀਕ ਨਾ ਕਰਦਿਆਂ ਜੋ ਵੀ ਸਾਧਨ ਮਿਲ ਰਿਹਾ ਸੀ, ਜਖ਼ਮੀਆਂ ਨੂੰ ਉਨ੍ਹਾਂ 'ਚ ਪਾ ਕੇ ਹੀ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ।
ਮੈਂ ਵੇਖਿਆ ਕਿ 50 ਦੇ ਕਰੀਬ ਪੁਲਿਸ ਮੁਲਾਜ਼ਮ ਲਾਸ਼ਾਂ ਅਤੇ ਮਨੁੱਖੀ ਅੰਗਾਂ ਦੇ ਟੁਕੜੇ ਚੁੱਕ ਰਹੇ ਸਨ ਪਰ ਕੁਝ ਸਥਾਨਕ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਵੀ ਰਹੇ ਸਨ।
ਏਐਸਆਈ ਸਤਨਾਮ ਸਿੰਘ ( ਬਦਲਿਆ ਨਾਮ) ਨੇ ਕਿਹਾ ਕਿ ਉਨ੍ਹਾਂ ਨੂੰ ਹੌਂਸਲੇ ਤੇ ਸਿਦਕ ਕੰਮ ਕਰਨਾ ਪੈਣਾ ਹੈ ਕਿਉਂਕਿ ਉਨ੍ਹਾਂ ਦੀ ਸਿਖਲਾਈ ਇਸੇ ਤਰ੍ਹਾਂ ਦੀ ਹੀ ਹੋਈ ਹੈ ਕਿ ਕਿਵੇਂ ਮੁਸ਼ਕਿਲ ਹਲਾਤਾਂ 'ਚ ਜ਼ਖ਼ਮੀਆਂ ਦੀ ਮਦਦ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੈ।
ਇਸੇ ਤਰਾਂ ਇੱਕ ਹੋਰ ਪੁਲਿਸ ਮੁਲਾਜ਼ਮ ਜੁਗਰਾਜ ਸਿੰਘ ( ਬਦਲਿਆ ਨਾਮ) ਮੁਤਾਬਕ ਉਹ ਪਿਛਲੇ 24 ਘੰਟਿਆਂ ਦੌਰਾਨ ਕੁਝ ਕੁ ਮਿੰਟਾਂ ਦੇ ਅਰਾਮ ਤੋਂ ਬਾਅਦ ਮੁੜ ਡਿਊਟੀ 'ਤੇ ਆ ਗਏ ਹਨ।
ਇਹ ਵੀ ਪੜ੍ਹੋ:
40 ਘੰਟਿਆਂ 'ਚ ਰੇਲਵੇ ਸੇਵਾ ਮੁੜ ਬਹਾਲ
ਘਟਨਾ ਸਥਾਨ ਉੱਤੇ ਕਮਿਸ਼ਨਰ ਸ਼੍ਰੀਵਾਸਤਵ ਖ਼ੁਦ ਸਥਿਤੀ ਦਾ ਜ਼ਾਇਜਾ ਲੈ ਰਹੇ ਸਨ ਤੇ ਉਹ ਆਪਣੀ ਫ਼ੋਰਸ ਨੂੰ ਜ਼ਖਮੀਆਂ ਦੀ ਤੁਰੰਤ ਮਦਦ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਸਨ।
ਜਦੋਂ ਉਹ ਉੱਥੇ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੈਂ ਦੇਖਿਆ ਕਿ ਇੱਕ ਸਥਾਨਕ ਸਿਆਸੀ ਨੇਤਾ ਨੇ ਉਨ੍ਹਾਂ ਕੋਲੋਂ ਮਾਈਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਕਮਸ਼ਿਨਰ ਨੇ ਸੰਜੀਦਗੀ ਦਿਖਾਉਂਦੇ ਹੋਏ ਰਾਹਤ ਕਾਰਜ ਨੂੰ ਤਰਜ਼ੀਹ ਦਿੱਤੀ।
ਪੁਲਿਸ ਨੇ ਲਗਾਤਾਰ 48 ਘੰਟੇ ਘਟਨਾ ਸਥਾਨ ਦੀ ਜਾਂਚ ਕੀਤੀ ਤਾਂ ਕਿ ਕੋਈ ਵੀ ਮਾਸ ਜਾਂ ਅੰਗ ਦਾ ਟੁਕੜਾ ਰੇਲਵੇ ਪਟੜੀ 'ਤੇ ਰਹਿ ਨਾ ਜਾਵੇ। ਪੁਲਿਸ ਨੇ 40 ਘੰਟਿਆਂ 'ਚ ਮੁੜ ਰੇਲਵੇ ਸੇਵਾ ਬਹਾਲ ਵੀ ਕਾਰਵਾਈ।
ਉਧਰ ਦੂਜੇ ਪਾਸੇ ਡੀਸੀ ਦੇ ਅਧੀਨ ਤਿੰਨ ਕੰਟਰੋਲ ਰੂਮਾਂ 'ਚ ਤਾਇਨਾਤ ਪ੍ਰਸ਼ਾਸਨ ਦੀ ਟੀਮ ਹਸਪਤਾਲ ਵਿਚ ਕੰਮ ਕਰ ਰਹੀ ਸੀ ਅਤੇ ਸ਼ਹਿਰ ਵਿਚ ਦਿਨ-ਰਾਤ 8 ਹਸਪਤਾਲਾਂ ਵਿਚ ਕੰਮ ਕੀਤਾ ਜਾ ਰਿਹਾ ਸੀ।
ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਹਾਦਸੇ ਨਾਲ ਨਜਿੱਠਣ ਲਈ ਸਿਖਲਾਈ ਹਾਸਿਲ ਕੀਤੀ ਹੈ ਪਰ ਇਸ ਹਾਦਸੇ ਤੋਂ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਹਨ।
ਪੋਸਟ ਮਾਰਟਮ ਸੂਰਜ ਡੁੱਬਣ ਤੋਂ ਬਾਅਦ ਵੀ
ਮੈਂ ਦੇਖਿਆ ਕਿ ਡੀਸੀ ਨੇ ਸਥਿਤੀ ਅਤੇ ਹਾਲਾਤ ਨਾਲ ਨਜਿੱਠਣ ਲਈ ਪੁਲਿਸ ਅਤੇ ਫੌਜ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ।
ਡੀਸੀ ਨੇ ਵਿਸ਼ੇਸ਼ ਆਦੇਸ਼ ਵੀ ਜਾਰੀ ਕਰਵਾਇਆ ਕਿ ਮ੍ਰਿਤਕਾਂ ਦਾ ਪੋਸਟ ਮਾਰਟਮ ਸੂਰਜ ਡੁੱਬਣ ਤੋਂ ਬਾਅਦ ਵੀ ਕਰਵਾਇਆ ਜਾ ਸਕੇ।
ਇਹ ਹਾਦਸਾ ਕਿਉਂ ਵਾਪਰਿਆ ? ਇਸ ਤਰ੍ਹਾਂ ਦੇ ਸੈਂਕੜੇ ਹੀ ਸਮਾਗਮ ਹਰ ਰੋਜ਼ ਸ਼ਹਿਰ ਅਤੇ ਨੇੜਲੇ ਪਿੰਡਾਂ ਤੇ ਕਸਬਿਆਂ ਅੰਦਰ ਹੁੰਦੇ ਰਹਿੰਦੇ ਹਨ।
ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸਾਰਿਆਂ ਕੋਲ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਹੁੰਦੀਆਂ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਿਸਟਮ ਵਿੱਚ ਇੰਨੀਆਂ ਊਣਤਾਈਆਂ ਆ ਗਈਆਂ ਹਨ ਕਿ ਸਿਆਸਤਦਾਨ ਵੀ ਉਸ ਦੀ ਦੁਰਵਰਤੋਂ ਕਰਦੇ ਹਨ।
ਅਫਸਰਸ਼ਾਹੀ ਦੇ ਨਾਲ-ਨਾਲ ਸਿਆਸੀ ਲੀਡਰਾਂ ਦੀ ਜਵਾਬਦੇਹੀ ਹੋਣੀ ਵੀ ਜ਼ਰੂਰੀ ਹੈ ਪਰ ਇਹ ਇੱਕ ਦੂਰ ਸੁਪਨਾ ਜਾਪਦਾ ਹੈ।