You’re viewing a text-only version of this website that uses less data. View the main version of the website including all images and videos.
ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਮਗਰੋਂ ਸਕੂਲੀ ਕਿਤਾਬਾਂ 'ਚ ਗੁਰੂਆਂ ਦੇ ਇਤਿਹਾਸ ਨੂੰ ਲੈ ਕੇ ਸੁਖਬੀਰ ਬਾਦਲ ਦਾ ਅਲਟੀਮੇਟਮ
ਪਾਰਟੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਨੂੰ ਮਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਕੂਲਾਂ ਵਿੱਚ ਸਿੱਖ ਗੁਰੂਆਂ ਬਾਰੇ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਲੈ ਕੇ ਨਵੀਂ ਮੁਹਿੰਮ ਵਿੱਢਣ ਦਾ ਐਲਾਨ ਕੀਤਾ।
ਚੰਡੀਗੜ੍ਹ ਵਿੱਚ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਇਸ ਦਾ ਫੈਸਲਾ ਲਿਆ ਗਿਆ ਅਤੇ ਬਾਅਦ ਵਿੱਚ ਸੁਖਬੀਰ ਬਾਦਲ ਨੇ ਟਵੀਟ ਵੀ ਕੀਤਾ।
ਉਨ੍ਹਾਂ ਲਿਖਿਆ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖ ਕੌਮ ਤੋਂ ਮੁਆਫ਼ੀ ਮੰਗਣ। ਉਨ੍ਹਾਂ ਮਾਹਿਰਾਂ ਅਤੇ ਸਰਕਾਰੀ ਅਫ਼ਸਰਾਂ ਦੀ ਗ੍ਰਿਫ਼ਤਾਰੀ ਹੋਵੇ ਜਿਨ੍ਹਾਂ ਨੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਉਨ੍ਹਾਂ ਕਿਤਾਬਾਂ ਨੂੰ ਪ੍ਰਵਾਨਗੀ ਦਿੱਤੀ ਜਿਨ੍ਹਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਕਿਤਾਬਾਂ ਜੇਕਰ ਦੋ ਦਿਨਾਂ ਅੰਦਰ ਨਾ ਵਾਪਸ ਲਈਆਂ ਗਈਆਂ ਤਾਂ ਕੌਮ ਇੱਕ ਨਵੰਬਰ ਤੋਂ ਸੰਘਰਸ਼ ਸ਼ੁਰੂ ਕਰੇਗੀ।''
ਇਹ ਵੀ ਪੜ੍ਹੋ
'ਪੁਰਾਣੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ'
ਸੁਖਬੀਰ ਬਾਦਲ ਦੇ ਅਲਟੀਮੇਟ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ, ''ਵਿਦਿਆਰਥੀ ਵਿਦਿਅਕ ਸਾਲ ਦੇ ਮੱਧ ਵਿੱਚ ਹਨ ਅਤੇ ਉਨ੍ਹਾਂ ਦੀ ਸਪੱਸ਼ਟਤਾ ਲਈ 11ਵੀਂ ਅਤੇ 12ਵੀਂ ਜਮਾਤ ਲਈ ਸਾਲ 2017-18 ਦੀਆਂ ਇਤਿਹਾਸ ਦੀਆਂ ਕਿਤਾਬਾਂ ਹੀ ਜਾਰੀ ਰੱਖੀਆਂ ਜਾਣ।''
ਇਸ ਸਬੰਧ ਵਿੱਚ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਟਵੀਟ ਕੀਤਾ।
ਮਾਹਿਰਾਂ ਦੀ ਕਮੇਟੀ ਬਾਰੇ
11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਤੱਥਾਂ ਵਿੱਚ ਫਰਕ ਅਤੇ ਕਥਿਤ ਗਲਤੀਆਂ ਦਾ ਮਸਲਾ ਚੁੱਕਿਆ ਗਿਆ ਤਾਂ ਪੰਜਾਬ ਸਰਕਾਰ ਨੇ ਮਾਮਲੇ ਨੂੰ ਦੇਖਣ ਲਈ 11 ਮਈ 2018 ਨੂੰ ਮਾਹਿਰਾਂ ਦੀ ਇੱਕ ਕਮੇਟੀ ਬਣਾਈ।
ਇਹ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ । ਇਸ ਦੇ ਮੈਂਬਰ ਹਨ ਡਾ. ਜੇਐੱਸ ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਥੀਪਾਲ ਸਿੰਘ ਕਪੂਰ ਹਨ। ਇਸ ਵਿੱਚ ਦੋ ਐਸਜੀਪੀਸੀ ਮੈਂਬਰ ਡਾ. ਬਲਵੰਤ ਸਿੰਘ ਅਤੇ ਡਾ. ਇੰਦਰਜੀਤ ਸਿੰਘ ਗੋਗੋਆਨੀ ਵੀ ਸ਼ਾਮਲ ਹਨ।
ਲੰਮੇ ਸਮੇਂ ਤੋਂ ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਸਿੱਖ ਗੁਰੂਆਂ ਨਾਲ ਸਬੰਧਤ ਤੱਥਾਂ ਬਾਰੇ ਸਵਾਲ ਚੁੱਕੇ ਜਾਂਦੇ ਰਹੇ ਹਨ।