ਅੱਜ ਦੀਆਂ 5 ਅਹਿਮ ਖ਼ਬਰਾਂ - ਵਰਵਰਾ ਰਾਓ ਦੀ ਧੀ ਨੂੰ ਪੁਲਿਸ ਨੇ ਪੁੱਛਿਆ, "ਸੰਧੂਰ ਕਿਉਂ ਨਹੀਂ ਪਾਇਆ"

ਤਸਵੀਰ ਸਰੋਤ, Getty Images
ਪੁਣੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖੱਬੇ ਪੱਖੀ ਕਾਰਕੁਨ ਤੇ ਕਵੀ ਵਰਵਰਾ ਰਾਓ ਦੀ ਧੀ ਨੇ ਕਿਹਾ ਕਿ ਹੈਦਰਾਬਾਦ ਵਿੱਚ ਉਨ੍ਹਾਂ ਦੇ ਘਰ ਛਾਪਾ ਮਾਰਨ ਆਏ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਤ ਬਾਰੇ ਸਵਾਲ ਕੀਤੇ।
ਕੇ. ਪਵਨਾ ਦੇ ਮੁਤਾਬਕ ਇਨ੍ਹਾਂ ਸਵਾਲਾਂ ਵਿੱਚ ਸ਼ਾਮਲ ਸਨ - "ਤੁਹਾਡੇ ਪਤੀ ਦਲਿਤ ਹਨ ਤਾਂ ਕਿਸੇ ਰਿਵਾਜ ਨੂੰ ਨਹੀਂ ਮੰਨਦੇ ਪਰ ਤੁਸੀਂ ਬ੍ਰਾਹਮਣ ਹੋ ਕੇ ਵੀ ਕੋਈ ਜ਼ੇਵਰ ਜਾਂ ਸਿੰਦੂਰ ਕਿਉਂ ਨਹੀਂ ਪਹਿਨਿਆ ਹੋਇਆ? ਤੁਸੀਂ ਇੱਕ ਪਤਨੀ ਜਿਹੇ ਕੱਪੜੇ ਕਿਉਂ ਨਹੀਂ ਪਹਿਨੇ ਹੋਏ?"
ਇਹ ਵੀ ਪੜ੍ਹੋ:
ਪਵਨਾ ਦੇ ਪਤੀ ਪ੍ਰੋਫੈਸਰ ਕੇ. ਸੱਤਿਆਨਾਰਾਇਣ ਹੈਦਰਾਬਾਦ ਦੀ ਇੰਗਲਿਸ਼ ਐਂਡ ਫਾਰਨ ਲੈਂਗਵੇਜ ਯੂਨੀਵਰਸਿਟੀ ਵਿੱਚ ਕਲਚਰਲ ਸਟਡੀਜ਼ ਵਿਭਾਗ ਦੇ ਮੁਖੀ ਹਨ।
ਪ੍ਰੋਫੈਸਰ ਸੱਤਿਆਨਾਰਾਇਣ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਕਿਹਾ ਕਿ ਉਹ ਵਰਵਰਾ ਰਾਓ ਨੂੰ ਲਭ ਰਹੇ ਹਨ ਪਰ ਜਦੋਂ ਉਹ ਉੱਥੇ ਨਹੀਂ ਮਿਲੇ ਤਾਂ ਉਨ੍ਹਾਂ ਨੇ "ਸਾਰਾ ਘਰ ਖਿਲਾਰ ਕੇ ਰੱਖ ਦਿੱਤਾ"।
ਪੁਣੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਪੰਜ ਖੱਬੇ ਪੱਖੀ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ ਹੀ "ਮਾਓਵਾਦੀਆਂ ਦੇ ਦੇਸ ਵਿੱਚ ਸਰਕਾਰ ਨੂੰ ਹਟਾਉਣ ਦੀ ਸਾਜ਼ਿਸ਼" ਦਾ ਪਤਾ ਲੱਗਿਆ ਹੈ।
ਇਨ੍ਹਾਂ ਕਾਰਕੁਨਾਂ ਨੂੰ ਪੁਲਿਸ ਮਹਾਰਾਸ਼ਟਰ ਦੇ ਭੀਮਾ-ਕੋਰੇਗਾਂਵ ਵਿੱਚ ਇਸੇ ਸਾਲ ਦੀ ਸ਼ੁਰੂਆਤ ਵਿੱਚ ਹੋਏ ਜਾਤੀਵਾਦੀ ਦੰਗਿਆਂ ਨਾਲ ਜੋੜ ਰਹੀ ਹੈ।
ਨੋਟਬੰਦੀ: 99.3 ਫ਼ੀਸਦ ਬੰਦ ਹੋਏ ਨੋਟ ਆਏ ਬੈਂਕਾਂ 'ਚ ਵਾਪਸ, ਉੱਠੇ ਤਿੱਖੇ ਸਵਾਲ
ਭਾਰਤੀ ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਮੁਤਾਬਕ, ਨੋਟਬੰਦੀ ਤੋਂ ਬਾਅਦ 500 ਤੇ 1,000 ਰੁਪਏ ਦੇ 99.3 ਫ਼ੀਸਦ ਨੋਟ ਵਾਪਸ ਬੈਂਕਾਂ ਵਿਚ ਜਮ੍ਹਾ ਹੋ ਗਏ ਸਨ।
ਇਸ ਜਾਣਕਾਰੀ ਦੇ ਜਨਤਕ ਹੋਣ ਤੋਂ ਬਾਅਦ ਵਿਰੋਧੀਆਂ ਨੇ ਕੇਂਦਰੀ ਸਰਕਾਰ ਦੇ ਨਵੰਬਰ 2016 ਵਿਚ ਲਏ ਇਸ ਕਦਮ ਦੀ ਨਵੇਂ ਸਿਰੇ ਤੋਂ ਨਿਖੇਧੀ ਕੀਤੀ।

ਤਸਵੀਰ ਸਰੋਤ, Getty Images
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ ਨੋਟਬੰਦੀ ਨੂੰ "ਕਾਲੇ ਧਨ ਨੂੰ ਚਿੱਟਾ ਕਰਨ ਦੀ ਸਕੀਮ" ਆਖਿਆ।
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਉੱਤੇ ਸਰਕਾਰ ਤੋਂ "ਵਾਈਟ ਪੇਪਰ" ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਨੇ ਲੋਕਾਂ ਨੂੰ "ਬਹੁਤ ਤਕਲੀਫ ਦਿੱਤੀ"।
ਪਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਦੇ ਕਦਮ ਦੀ ਅਜੇ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਨੋਟਬੰਦੀ ਨੇ ਆਪਣੇ ਮੁੱਖ ਉਦੇਸ਼ ਪੂਰੇ ਕੀਤੇ।
ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਯਾਤਰਾ ਚੱਲੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸੇ ਮਹੀਨੇ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਲਈ ਜਾ ਸਕਦੇ ਹਨ।
ਹਾਲਾਂਕਿ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਕੁਝ ਅਖ਼ਬਾਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਅਜੇ ਤਕ ਇਸ ਲਈ ਅਰਜੀ ਦਾਖ਼ਲ ਨਹੀਂ ਕੀਤੀ ਹੈ ਪਰ ਚੀਨ ਵਿਚੋਂ ਲੰਘਣ ਵਾਲੀ ਇਹ ਯਾਤਰਾ ਨਿੱਜੀ ਕੰਪਨੀਆਂ ਵੀ ਕਰਵਾਉਂਦੀਆਂ ਹਨ।

ਤਸਵੀਰ ਸਰੋਤ, Getty Images/AFP
ਕਰਨਾਟਕ ਦੀਆਂ ਚੋਣਾਂ ਵੇਲੇ ਹਵਾਈ ਦੁਰਘਟਨਾ ਤੋਂ ਬਚੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਇਹ ਯਾਤਰਾ ਭਗਵਾਨ ਸ਼ਿਵ ਦਾ ਧੰਨਵਾਦ ਕਰਨ ਲਈ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਇਸਦਾ ਐਲਾਨ ਸਭ ਤੋਂ ਪਹਿਲਾਂ ਅਪ੍ਰੈਲ ਵਿੱਚ ਦਿੱਲੀ ਵਿੱਚ ਇੱਕ ਰੈਲੀ ਮੌਕੇ ਕੀਤਾ ਸੀ।
ਲਾਂਘੇ ਦੀ ਉਮੀਦ: ਪਾਕਿਸਤਾਨ 'ਚ ਭਾਰਤੀ ਦੂਤ ਨੇ ਕਰਤਾਰਪੁਰ ਸਾਹਿਬ ਟੇਕਿਆ ਮੱਥਾ
ਲਾਹੌਰ ਤੋਂ ਖ਼ਬਰ ਮੁਤਾਬਕ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਬੁੱਧਵਾਰ ਨੂੰ ਉੱਥੇ ਬਾਡਰ ਦੇ ਨੇੜੇ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਜਾ ਕੇ ਮੱਥਾ ਟੇਕਿਆ।
ਸਿਆਸੀ ਹਲਚਲ ਕਹਿੰਦੀ ਹੈ ਕਿ ਪਾਕਿਸਤਾਨ ਛੇਤੀ ਹੀ ਭਾਰਤ ਤੋਂ ਇਸ ਗੁਰਦੁਆਰੇ ਤੱਕ ਇੱਕ ਲਾਂਘਾ ਖੋਲਣ ਨੂੰ ਮੰਜ਼ੂਰੀ ਦੇ ਸਕਦਾ ਹੈ।
ਗੁਰੂ ਨਾਨਕ ਦੇਵ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਸੀ ਅਤੇ ਅਗਲੇ ਸਾਲ ਨਵੰਬਰ ਵਿੱਚ ਉਨ੍ਹਾਂ ਦੇ ਜਨਮ ਦੇ 550 ਸਾਲ ਹੋ ਰਹੇ ਹਨ।
ਇਹ ਵੀ ਪੜ੍ਹੋ:
ਕੁਝ ਦਿਨ ਪਹਿਲਾਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਰਕਾਰ ਨੂੰ ਲਾਂਘੇ ਦੀ ਮੰਗ ਪਾਕਿਸਤਾਨ ਨਾਲ ਚੁੱਕਣ ਲਈ ਕਿਹਾ ਸੀ।
ਮਹਿਲਾ ਹਾਕੀ ਟੀਮ 20 ਸਾਲਾਂ ਬਾਅਦ ਏਸ਼ੀਆਈ ਖੇਡਾਂ ਦੇ ਫਾਈਨਲ 'ਚ
ਇੰਡੋਨੇਸ਼ੀਆ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਚੀਨ ਨੂੰ 1-0 ਦੇ ਅੰਤਰ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਤਸਵੀਰ ਸਰੋਤ, Getty Images/AFP
ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਜਾਪਾਨ ਨਾਲ 31 ਅਗਸਤ ਨੂੰ ਹੋਵੇਗਾ। ਮਰਦਾਂ ਦੀ ਹਾਕੀ ਟੀਮ 30 ਅਗਸਤ ਨੂੰ ਸੈਮੀਫਾਈਨਲ ਵਿੱਚ ਮਲੇਸ਼ੀਆ ਦਾ ਸਾਹਮਣਾ ਕਰੇਗੀ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਮਹਿਲਾ ਟੀਮ 1998 ਦੇ ਏਸ਼ੀਆਈ ਖੇਡਾਂ ਵਿੱਚ ਫਾਈਨਲ ਤਕ ਪਹੁੰਚੀ ਸੀ।
ਮਹਿਲਾ ਟੀਮ ਜੇਤੂ ਸਿਰਫ ਉਦੋਂ ਰਹੀ ਸੀ ਜਦੋਂ ਇਹ ਖੇਡਾਂ 1982 ਵਿੱਚ ਭਾਰਤ ਵਿੱਚ ਹੋਈਆਂ ਸਨ।












