ਔਰਤ ਨੂੰ ਨਗਨ ਕਰਕੇ ਘੁੰਮਾਉਣ ਦੇ ਮਾਮਲੇ ਦਾ ਸਮੁੱਚਾ ਘਟਨਾਕ੍ਰਮ- ਗਰਾਊਂਡ ਰਿਪੋਰਟ

ਭੀੜ ਵੱਲੋਂ ਪੀੜਤ ਮਹਿਲਾ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਭੀੜ ਵੱਲੋਂ ਪੀੜਤ ਮਹਿਲਾ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ
    • ਲੇਖਕ, ਨੀਰਜ ਪ੍ਰਿਅਦਰਸ਼ੀ
    • ਰੋਲ, ਭੋਜਪੁਰ ਬਿਹੀਆ ਬਾਜ਼ਾਰ ਤੋਂ ਬੀਬੀਸੀ ਹਿੰਦੀ ਲਈ

ਬਿਹਾਰ ਵਿੱਚ ਭੋਜਪੁਰ ਦੇ ਬਿਹੀਆ ਬਾਜ਼ਾਰ ਦੀ ਇਸ ਗਲ਼ੀ ਵਿਚ ਮੰਗਲਵਾਰ ਨੂੰ ਲੋਕ ਕੈਮਰੇ ਉੱਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ। ਇਹ ਉਹੀ ਥਾਂ ਹੈ, ਜਿੱਥੇ ਇੱਕ ਦਿਨ ਪਹਿਲਾਂ ਕੁਝ ਲੋਕਾਂ ਨੇ ਇੱਕ ਔਰਤ ਨੂੰ ਕੁੱਟਮਾਰ ਕਰਦਿਆਂ ਨੰਗੀ ਕਰਕੇ ਘੁੰਮਾਇਆ ਸੀ।

ਸਥਾਨਕ ਦੁਕਾਨਦਾਰ ਸਿਰਫ਼ ਇੰਨਾ ਹੀ ਬੋਲ ਰਹੇ ਹਨ ਕਿ ਪੁਲਿਸ ਜਿਸ ਪਾਸੇ ਜਾ ਰਹੀ ਹੈ, ਤੁਸੀਂ ਵੀ ਉਸ ਪਾਸੇ ਚਲੇ ਜਾਓ।

ਇਸ ਹਫ਼ਤੇ ਦਾ ਸੋਮਵਾਰ ਹਿੰਦੂ ਕੈਲੰਡਰ ਅਨੁਸਾਰ ਸਾਉਣ ਮਹੀਨੇ ਦਾ ਆਖਰੀ ਸੋਮਵਾਰ ਸੀ, ਇਸ ਲਈ ਬਿਹੀਆ ਬਾਜ਼ਾਰ ਦੇ ਪੰਚਮੁਖੀ ਸ਼ਿਵ ਮੰਦਿਰ 'ਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਨਾਲ ਹੀ ਭੰਡਾਰਾ ਵਰਤਾਇਆ ਜਾਣਾ ਸੀ।

ਸੜਕ ਦੇ ਦੋਵੇਂ ਪਾਸੇ ਬਾਂਸ ਦੀ ਮਦਦ ਨਾਲ ਇੱਕ ਥਾਂ ਤਿਆਰ ਕੀਤੀ ਗਈ ਸੀ, ਜਿਸਦੇ ਵਿਚਾਲੇ ਲੋਕਾਂ ਦੇ ਖਾਣ ਦਾ ਇੰਤਜ਼ਾਮ ਸੀ।

ਸ਼ਿਵ ਮੰਦਿਰ ਦੇ ਨਾਲ ਦੀ ਗਲੀ ਵਿੱਚ ਮੈਂ ਪੀੜਤ ਮਹਿਲਾ ਦੇ ਘਰ ਤੱਕ ਪਹੁੰਚਦਾ ਹਾਂ। ਗਲੀ ਵਿੱਚ ਅੱਗੇ ਜਾਣ 'ਤੇ ਮੈਨੂੰ ਬਿਹੀਆ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਅਤੇ ਰੇਲ ਦੀਆਂ ਪਟੜੀਆਂ ਵੀ ਦਿਖਾਈ ਦੇ ਰਹੀਆਂ ਸਨ।

ਇਹ ਵੀ ਪੜ੍ਹੋ:

ਇਨ੍ਹਾਂ ਪਟੜੀਆਂ ਦੇ ਨੇੜੇ ਸੋਮਵਾਰ ਦੀ ਸਵੇਰ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਲਾਸ਼ ਮਿਲਣ ਤੋਂ ਬਾਅਦ ਜੋ ਗੁੱਸੇ ਦੀ ਅੱਗ ਫੈਲੀ ਉਸ ਨੇ 'ਚਾਂਦ ਮਹਿਲ' ਨੂੰ ਸਾੜ ਦਿੱਤਾ ਸੀ।

ਇਮਾਰਤ ਦੀ ਦੀਵਾਰ 'ਤੇ ਹੁਣ ਵੀ ਫਟਿਆ ਬੈਨਰ ਨਜ਼ਰ ਆ ਰਿਹਾ ਹੈ ਜਿਸ 'ਤੇ ਲਿਖਿਆ ਹੈ, "ਹਲਚਲ ਥੀਏਟਰ ਗਰੁੱਪ, ਸ਼ਾਦੀ ਵਿਆਹ ਵਰਗੇ ਮੌਕਿਆਂ ਲਈ ਉਪਲੱਬਧ।''

ਗੁੱਸੇ ਵਿੱਚ ਭੀੜ ਨੇ ਘਰ ਨੂੰ ਲਾਈ ਅੱਗ

ਮੁੱਖ ਦਰਵਾਜ਼ੇ ਦੇ ਬਾਹਰ ਖੜ੍ਹੀਆਂ ਕੁਝ ਔਰਤਾਂ ਆਪਸ ਵਿੱਚ ਭੋਜਪੁਰੀ ਵਿੱਚ ਗੱਲ ਕਰ ਰਹੀਆਂ ਸਨ। ਉਨ੍ਹਾਂ ਨੇ ਦੱਸਿਆ, "ਰੋਜ਼ ਗੁਲਜ਼ਾਰ ਰਹਿੰਦਾ ਸੀ ਉਸਦਾ ਚਾਂਦ ਮਹਿਲ, ਹੁਣ ਤਾਂ ਸੜ ਕੇ ਇੰਨਾ ਕਾਲਾ ਹੋ ਗਿਆ ਕਿ ਪਛਾਣ ਵਿੱਚ ਵੀ ਨਹੀਂ ਆ ਰਿਹਾ।''

ਦਰਅਸਲ ਚਾਂਦ ਮਹਿਲ ਉਸੇ ਪੀੜਤ ਮਹਿਲਾ ਦਾ ਘਰ ਹੈ, ਜਿਸ ਨੂੰ ਨੰਗੀ ਕਰ ਕੇ ਘਸੀਟਦੇ ਹੋਏ ਪੂਰੇ ਬਾਜ਼ਾਰ ਵਿੱਚ ਘੁੰਮਾਇਆ ਗਿਆ ਸੀ।

ਪੀੜਤ ਮਹਿਲਾ ਦਾ ਥਿਏਟਰ ਅਤੇ ਆਰਕੈਸਟਰਾ ਦਾ ਗਰੁੱਪ ਸੀ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਪੀੜਤ ਮਹਿਲਾ ਦਾ ਥਿਏਟਰ ਅਤੇ ਆਰਕੈਸਟਰਾ ਦਾ ਗਰੁੱਪ ਸੀ

ਪੂਰਾ ਘਰ ਸੜ ਚੁੱਕਾ ਸੀ, ਭੀੜ ਨੇ ਘਰ ਵਿੱਚ ਵੜ ਕੇ ਭੰਨ-ਤੋੜ ਕੀਤੀ ਸੀ ਅਤੇ ਇਸਦੇ ਨਿਸ਼ਾਨ ਸਾਫ਼-ਤੌਰ 'ਤੇ ਦੇਖੇ ਜਾ ਸਕਦੇ ਸਨ।

ਰਸੋਈ ਵਿੱਚ ਇੱਕ ਪਾਸੇ ਗੈਸ ਸਿਲੰਡਰ ਪਿਆ ਸੀ, ਜਿਸ ਵਿੱਚ ਅਜੇ ਵੀ ਥੋੜ੍ਹੀ ਗੈਸ ਬਚੀ ਸੀ। ਇੱਥੇ ਰੱਖਿਆ ਸਭ ਕੁਝ ਖਾਕ ਹੋ ਚੁੱਕਾ ਸੀ ਪਰ ਬਲ਼ ਚੁੱਕੇ ਚੁੱਲ੍ਹੇ ਕੋਲ ਰੱਖੇ ਹੋਏ ਥੋੜੇ ਜਿਹੇ ਪੱਕੇ ਚੌਲ ਸਨ, ਜੋ ਸੜਨ ਤੋਂ ਬਚ ਗਏ ਸਨ। ਸ਼ਾਇਦ ਇਨ੍ਹਾਂ ਨੂੰ ਢੱਕ ਕੇ ਰੱਖਿਆ ਹੋਵੇਗਾ।

ਖਿੜਕੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਸਨ। ਘਰ ਦਾ ਸਾਰਾ ਸਾਮਾਨ ਬਾਹਰ ਸੁੱਟਿਆ ਹੋਇਆ ਸੀ। ਲੋਕ ਖਿੜਕੀਆਂ ਅਤੇ ਟੁੱਟੇ ਦਰਵਾਜੇ ਤੋਂ ਅੰਦਰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ।

ਉਂਝ ਦਾ ਘਟਨਾ ਸੋਮਵਾਰ ਦੀ ਹੈ ਪਰ ਅੱਗ ਦਾ ਧੂੰਆਂ ਇਮਾਰਤ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਵੇਖਿਆ ਜਾ ਸਕਦਾ ਸੀ। ਦੀਵਾਰਾਂ ਗਰਮ ਸਨ। ਰਸੋਈ ਦੀ ਦੀਵਾਰ 'ਤੇ ਹੱਥ ਰੱਖਿਆ ਤਾਂ ਲੱਗਾ ਜਿਵੇਂ ਥੋੜ੍ਹੀ ਦੇਰ ਪਹਿਲਾਂ ਹੀ ਅੱਗ ਬੁਝੀ ਸੀ।

ਦੁਪਹਿਰ ਦੇ ਕਰੀਬ ਡੇਢ ਵੱਜੇ ਸਨ। ਭੋਜਪੁਰ ਦੇ ਪੁਲਿਸ ਐਸਪੀ ਅਵਕਾਸ਼ ਕੁਮਾਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਸੰਜੀਵ ਕੁਮਾਰ ਨੂੰ ਲੈ ਕੇ ਪੁਲਿਸ ਘਰ ਦੇ ਅੰਦਰ ਦਾਖਿਲ ਹੋਈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਘਰ ਦੇ ਕੋਨੇ-ਕੋਨੇ ਵਿੱਚ ਜਾ ਕੇ ਮੁਆਇਨਾ ਕੀਤਾ। ਬਾਹਰ ਨਿਕਲੇ ਤਾਂ ਪੀੜਤ ਮਹਿਲਾ ਦੇ ਪੁੱਤਰ ਤੋਂ ਪੁੱਛ ਕੇ ਨਾਲ ਦੇ ਘਰ ਦਾ ਬੂਹਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਪੁਲਿਸ ਦੇ ਪੁੱਛਣ 'ਤੇ ਉਸ ਨੇ ਕਿਹਾ, "ਸਭ ਡਰ ਕੇ ਇੱਧਰ-ਉੱਧਰ ਚਲੇ ਗਏ ਹਨ।''

ਥੋੜ੍ਹੀ ਦੇਰ ਬਾਅਦ ਪੁਲਿਸ ਉਸੇ ਰਾਹ ਵਾਪਸ ਚਲੀ ਗਈ, ਜਿੱਥੇ ਮਹਿਲਾ ਨੂੰ ਘਸੀਟਦੇ ਹੋਏ ਸੈਂਕੜੇ ਲੋਕਾਂ ਦਾ ਹਜੂਮ ਪਰਤਿਆ ਸੀ।

ਮ੍ਰਿਤਕ ਵਿਅਕਤੀ ਨਜ਼ਦੀਕ ਦੇ ਸ਼ਾਹਪੁਰ ਦੇ ਸਨ

ਪੁਲਿਸ ਦੇ ਚਲੇ ਜਾਣ ਤੋਂ ਬਾਅਦ ਲੋਕ ਵਾਪਸ ਚਾਂਦ ਮਹਿਲ ਦੀਆਂ ਦੀਵਾਰਾਂ ਦੇ ਨਜ਼ਦੀਕ ਆ ਗਿਆ ਅਤੇ ਅੰਦਰ-ਬਾਹਰ ਦੇਖਕੇ ਆਪਸ ਵਿੱਚ ਗੱਲ ਕਰਨ ਲੱਗੇ।

ਉਨ੍ਹਾਂ ਵਿੱਚ ਇੱਕ ਵਿਅਕਤੀ, ਜਿਸ ਨੇ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਦਾ ਘਰ ਰੇਲ ਦੀ ਪਟੜੀ ਦੇ ਦੂਜੇ ਪਾਸੇ ਹੈ। ਉਸ ਨੇ ਨਾਂ ਨਾ ਛਾਪਣ ਦੀ ਸ਼ਰਤ ਤੇ ਕਿਹਾ, "ਅਸੀਂ ਲੋਕ ਪਟੜੀ 'ਤੇ ਦੂਜੇ ਪਾਸੇ ਸੀ, ਮਾਲ ਗੱਡੀ ਗੁਜ਼ਰ ਰਹੀ ਸੀ। ਇੱਕ ਬਜ਼ੁਰਗ ਨੇ ਕੁਝ ਲੋਕਾਂ ਨੂੰ ਉੱਥੇ ਲਾਸ਼ ਸੁੱਟਦੇ ਹੋਏ ਦੇਖ ਲਿਆ ਸੀ। ਜਿਵੇਂ ਹੀ ਮਾਲ ਗੱਡੀ ਪਾਰ ਹੋਈ ਤਾਂ ਲੋਕ ਲਾਸ਼ ਨੂੰ ਸੁੱਟ ਕੇ ਭੱਜ ਰਹੇ ਸਨ।''

ਪੀੜਤ ਮਹਿਲਾ ਤੇ ਦੇਹ ਵਪਾਰ ਕਰਨ ਦੇ ਇਲਜ਼ਾਮ ਲਾਏ ਜਾਂਦੇ ਰਹੇ ਹਨ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਪੀੜਤ ਮਹਿਲਾ ਤੇ ਦੇਹ ਵਪਾਰ ਕਰਨ ਦੇ ਇਲਜ਼ਾਮ ਲਾਏ ਜਾਂਦੇ ਰਹੇ ਹਨ

"ਮੈਂ ਸੁਣਿਆ ਸੀ ਉਹ ਲੋਕ ਇਸੇ ਘਰ ਵਿੱਚ ਆਏ ਸਨ, ਸ਼ੁਰੂ ਵਿੱਚ ਕੁਝ ਲੋਕ ਗਏ ਅਤੇ ਪੁੱਛਗਿੱਛ ਕੀਤੀ ਸੀ। ਉਹ ਇੱਕ ਵਾਰ ਬਾਹਰ ਨਿਕਲੀ ਸੀ। ਲੋਕਾਂ ਨਾਲ ਉਸ ਦੀ ਗੱਲਬਾਤ ਵੀ ਹੋਈ।''

"ਜਾਂਚ ਵਿੱਚ ਮ੍ਰਿਤਕ ਨੌਜਵਾਨ ਦੀ ਜੇਬ ਤੋਂ ਇੱਕ ਪਛਾਣ ਪੱਤਰ ਮਿਲਿਆ ਸੀ ਜਿਸ ਨਾਲ ਪਤਾ ਲੱਗਿਆ ਕਿ ਉਸ ਦਾ ਨਾਂ ਵਿਮਲੇਸ਼ ਕੁਮਾਰ ਸ਼ਾਹ ਹੈ ਅਤੇ ਘਰ ਸ਼ਾਹਪੁਰ (ਬਿਹੀਆ ਤੋਂ ਕਰੀਬ 8 ਕਿਲੋਮੀਟਰ ਦੂਰ) ਦੇ ਦਾਮੋਦਰਨਗਰ ਵਿੱਚ ਰਹਿੰਦਾ ਹੈ।''

ਚਾਂਦ ਮਹਿਲ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਸਥਾਨਕ ਲੋਕਾਂ ਅਨੁਸਾਰ ਕਦੇ ਚਾਂਦ ਮਹਿਲ ਤੇ ਖੂਬ ਰੌਣਕਾਂ ਲਗਦੀਆਂ ਸਨ

"ਥੋੜ੍ਹੀ ਦੇਰ ਲਈ ਸਭ ਸ਼ਾਂਤ ਹੋ ਗਿਆ ਸੀ। ਪੁਲਿਸ ਵੀ ਆ ਗਈ ਪਰ ਫਿਰ ਅਚਾਨਕ ਅੱਧੇ ਘੰਟੇ ਬਾਅਦ ਕਰੀਬ 300-400 ਲੋਕਾਂ ਦੀ ਭੀੜ ਆਈ। ਉਨ੍ਹਾਂ ਨੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਭੀੜ ਨੇ ਉਸ ਦੀ ਸਾੜ੍ਹੀ ਖਿੱਚੀ। ਉਸਦਾ ਪੇਟੀਕੋਟ ਖਿੱਚਿਆ ਅਤੇ ਘਸੀਟ ਦਿੱਤਾ। ਇਹੀ ਗਲਤ ਹੋਇਆ ਪਰ ਭੀੜ ਕਿੱਥੇ ਕਿਸੇ ਦੇ ਕੰਟਰੋਲ ਵਿੱਚ ਰਹਿੰਦੀ ਹੈ।''

ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ

ਸਥਾਨਕ ਪੱਤਕਾਰ ਮੁਕੇਸ਼ ਕੁਮਾਰ ਦੱਸਦੇ ਹਨ ਕਿ ਸਥਾਨਕ ਲੋਕਾਂ ਵਿੱਚ ਪਹਿਲਾਂ ਤੋਂ ਮਹਿਲਾ ਲਈ ਗੁੱਸਾ ਸੀ। ਲੋਕ ਅਜਿਹੇ ਇਲਜ਼ਾਮ ਲਾਉਂਦੇ ਰਹੇ ਹਨ ਕਿ ਉਹ ਹਲਚਲ ਥੀਏਟਰ ਗਰੁੱਪ ਦੀ ਆੜ ਵਿੱਚ ਦੇਹ ਵਪਾਰ ਕਰਦੀ ਸੀ।

ਮੁਕੇਸ਼ ਕਹਿੰਦੇ ਹਨ, "ਮਹਿਲਾ ਦੇ ਘਰ ਦੇ ਸਾਹਮਣੇ ਤੋਂ ਲਾਸ਼ ਮਿਲਣ ਨੇ ਅੱਗ 'ਤੇ ਘਿਓ ਪਾਉਣ ਦਾ ਕੰਮ ਕੀਤਾ। ਉਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਈ। ਪੁਲਿਸ ਦੀ ਵੀ ਲਾਪਰਵਾਹੀ ਸੀ। ਪੁਲਿਸ ਚਾਹੁੰਦੀ ਤਾਂ ਔਰਤ ਨੂੰ ਬਚਾਇਆ ਜਾ ਸਕਦਾ ਸੀ। ਥਾਣੇ ਤੋਂ ਸਿਰਫ਼ ਤਿੰਨ ਸੋ ਮੀਟਰ 'ਤੇ ਇਹ ਹਾਦਸਾ ਵਾਪਰਿਆ ਹੈ।

ਇਸ ਪੂਰੇ ਮਾਮਲੇ ਵਿੱਚ ਸੋਮਵਾਰ ਦਾ ਦਿਨ ਅਤੇ ਉਸੇ ਦਿਨ ਨਾਲ ਜੁੜੀਆਂ ਘਟਨਾਵਾਂ ਬਹੁਤ ਮਾਅਨੇ ਰੱਖਦੀਆਂ ਹਨ।

ਲਾਪਰਵਾਹੀ ਦੇ ਇਲਜ਼ਾਮ ਕਰਕੇ ਥਾਣੇਦਾਰ ਕੁੰਵਰ ਗੁਪਤਾ ਸਮੇਤ 6 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਲਾਪਰਵਾਹੀ ਦੇ ਇਲਜ਼ਾਮ ਕਰਕੇ ਥਾਣੇਦਾਰ ਕੁੰਵਰ ਗੁਪਤਾ ਸਮੇਤ 6 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ

ਪੀੜਤ ਮਹਿਲਾ ਦੇ ਬੇਟੇ ਨੇ ਬੀਬੀਸੀ ਨੂੰ ਦੱਸਿਆ, "ਸਾਉਣ ਦੇ ਆਖਰੀ ਸੋਮਵਾਰ ਨੂੰ ਮੈਂ ਬ੍ਰਹਮਪੁੱਤਰ ਜਲ ਚੜ੍ਹਾਉਣ ਗਿਆ ਸੀ। ਕੱਲ੍ਹ ਸਵੇਰ ਨੂੰ ਪਰਤਿਆ ਸੀ ਇਸ ਲਈ ਥੱਕ ਕੇ ਸੌਂ ਗਿਆ ਸੀ। ਅਚਾਨਕ ਭੀੜ ਨੇ ਘਰ ਦੇ ਸਾਹਮਣੇ ਸ਼ੋਰ ਮਚਾਇਆ ਤਾਂ ਨੀਂਦ ਖੁੱਲ੍ਹੀ ਅਤੇ ਪਤਾ ਲੱਗਾ ਕਿ ਘਰ ਦੇ ਬਾਹਰ ਲਾਸ਼ ਮਿਲੀ ਹੈ।''

ਉਨ੍ਹਾਂ ਨੇ ਕਿਹਾ, "ਮੇਰੀ ਮਾਂ ਉਨ੍ਹਾਂ ਨੂੰ ਮਿਨਤਾਂ ਕਰਦੀ ਰਹਿ ਗਈ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਉਨ੍ਹਾਂ ਨੂੰ ਘਰ ਤੋਂ ਖਿੱਚ ਕੇ ਘਸੀਟਿਆ ਗਿਆ। ਸਾਰੇ ਉਨ੍ਹਾਂ 'ਤੇ ਮਿਲ ਕੇ ਟੁੱਟ ਪਏ, ਗੰਦੀ ਹਰਕਤ ਕੀਤੀ।

ਮੇਰੀ ਮਾਂ ਦੀ ਇੱਜ਼ਤ ਸ਼ਰੇਆਮ ਲੁੱਟੀ ਗਈ। ਉਸ ਨੇ ਕਿਸੇ ਦਾ ਕੀ ਵਿਗਾੜਿਆ ਸੀ। ਪੂਰੇ ਬਿਹੀਆ ਬਾਜ਼ਾਰ ਤੋਂ ਪੁੱਛ ਲਓ। ਸਾਰਿਆਂ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਸਨ। ਪੁਲਿਸ ਅਤੇ ਦੁਕਾਨਦਾਰਾਂ ਨਾਲ ਉਹ ਮਿਲ-ਜੁਲ ਕੇ ਰਹਿੰਦੀ ਸੀ। ਉਹ ਮੰਦਰ ਵੀ ਜਾਂਦੀ ਸੀ। ਸੋਮਵਾਰ ਨੂੰ ਵੀ ਮੰਦਰ ਗਈ ਸੀ। ਉੱਥੋਂ ਵਾਪਸ ਆਉਣ ਤੋਂ ਬਾਅਦ ਹੀ ਇਹ ਸਭ ਹੋਇਆ।''

ਮਹਿਲਾ ਨੂੰ ਇਲਾਜ ਦੀ ਲੋੜ

ਪੀੜਤ ਮਹਿਲਾ ਨੂੰ ਪੁਲਿਸ ਨੇ ਪੂਰੇ ਦਿਨ ਥਾਣੇ ਵਿੱਚ ਰੱਖਿਆ, ਇੱਥੇ ਡਾਕਟਰ, ਨਰਸ ਅਤੇ ਕਾਊਂਸਲਰ ਨੇ ਮਹਿਲਾ ਦੀ ਜਾਂਚ ਕੀਤੀ।

ਪੁਲਿਸ ਦੀ ਹਿਰਾਸਤ ਵਿੱਚ ਪੀੜਤ ਔਰਤ ਦਾ ਮੈਡੀਕਲ ਕਰਵਾ ਕੇ ਬਾਹਰ ਨਿਕਲੇ ਆਰਾ ਸਦਰ ਹਸਪਤਾਲ ਦੇ ਇੰਚਾਰਜ ਐਸਪੀ ਸਤੀਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਹੁਣ ਉਹ ਵਾਰ-ਵਾਰ ਬੇਹੋਸ਼ ਨਹੀਂ ਹੋ ਰਹੀ। ਭਾਵੇਂ ਉਸ ਦੀ ਪਿੱਠ ਤੇ ਗੰਭੀਰ ਸੱਟਾਂ ਹਨ। ਇੱਥੇ ਡਾਕਟਰਾਂ ਦੀ ਟੀਮ ਹੈ।''

ਅੱਗ ਲਾਉਣ ਤੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਸੱਤ ਨਾਮਜ਼ਦ ਅਤੇ 300 ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਅੱਗ ਲਾਉਣ ਤੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਸੱਤ ਨਾਮਜ਼ਦ ਅਤੇ 300 ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ

ਸਾਡੇ ਕਾਊਂਸਲਰ ਵੀ ਹਨ ਜੋ ਘਟਨਾ ਦੇ ਮਾਨਸਿਕ ਅਸਰ ਤੋਂ ਬਾਹਰ ਨਿਕਲਣ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਅਜੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।

ਉੱਧਰ ਪੁਲਿਸ ਨੇ ਰੇਲ ਦੀ ਪਟੜੀ ਕੋਲ ਮਿਲੀ ਨੌਜਵਾਨ ਦੀ ਲਾਸ਼ ਦੀ ਜਾਂਚ ਕਰਕੇ ਕਤਲ ਦੀ ਪੁਸ਼ਟੀ ਕਰ ਦਿੱਤੀ ਹੈ।

ਪੋਸਸਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਐਸਪੀ ਅਵਕਾਸ਼ ਕੁਮਾਰ ਨੇ ਕਿਹਾ, "ਪਹਿਲੀ ਨਜ਼ਰ ਵਿੱਚ ਇਹ ਮਾਮਲਾ ਕਤਲ ਦਾ ਹੀ ਲਗਦਾ ਹੈ ਕਿਉਂਕਿ ਪੋਸਟਮਾਰਟ ਰਿਪੋਰਟ ਅਨੁਸਾਰ ਗਲੇ 'ਤੇ ਸੱਟ ਦੇ ਡੂੰਘੇ ਨਿਸ਼ਾਨ ਮਿਲੇ ਹਨ। ਅਜਿਹਾ ਲੱਗ ਰਿਹਾ ਹੈ ਕਿ ਨੌਜਵਾਨ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ। ਪੁਲਿਸ ਹੁਣ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।''

ਇਹ ਵੀ ਪੜ੍ਹੋ:

ਭੋਜਪੁਰ ਦੇ ਡੀਐੱਮ ਸੰਜੀਵ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਲਾਪਰਵਾਹੀ ਦੇ ਇਲਜ਼ਾਮ ਕਰਕੇ ਥਾਣੇਦਾਰ ਕੁੰਵਰ ਗੁਪਤਾ ਸਮੇਤ 6 ਲੋਕਾਂ ਨੂੰ ਮੁਅੱਤਲ ਕੀਤਾ ਗਿਆ ਹੈ। ਪੀੜਤ ਮਹਿਲਾ ਪੁਲਿਸ ਦੀ ਸੁਰੱਖਿਆ ਵਿੱਚ ਹੈ। ਵੀਡੀਓ ਫੁਟੇਜ ਤੋਂ ਪਛਾਣ ਦੇ ਆਧਾਰ 'ਤੇ ਨਿਰਵਸਤਰ ਕਰਨ ਦੇ ਮਾਮਲੇ ਵਿੱਚ ਹੁਣ ਤੱਕ 15 ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ।''

ਉਨ੍ਹਾਂ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਚੱਲ ਰਹੀ ਹੈ।

ਚਾਂਦ ਮਹਿਲ ਦੀਆਂ ਭੰਨੀਆਂ ਖਿੜਕੀਆਂ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਪੀੜਤ ਔਰਤ ਦੀ ਹਾਲਤ ਹੁਣ ਬਿਹਤਰ ਹੈ ਪਰ ਅਜੇ ਉਸ ਨੂੰ ਇਲਾਜ ਦੀ ਲੋੜ ਹੈ

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ, ਕੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਲੋਕਾਂ ਦੇ ਰਾਜਨੀਤਿਕ ਕਨੈਕਸ਼ਨ ਦੀ ਗੱਲ ਸਾਹਮਣੇ ਆਈ ਹੈ। ਇਸ ਗੱਲ ਤੋਂ ਇਨਕਾਰ ਕਰਦਿਆਂ ਡੀਐੱਮ ਨੇ ਕਿਹਾ ਕਿ ਹੁਣ ਤੱਕ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਸਥਾਨਕ ਲੋਕਾਂ ਦਾ ਦਾਅਵਾ, ਸ਼ਾਹਪੁਰ ਤੋਂ ਆਈ ਸੀ ਭੀੜ

ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਮੈਨੂੰ ਬਿਹੀਆ ਪੁਲਿਸ ਥਾਣੇ ਦੀ ਹਿਰਾਸਤ ਵਿੱਚ ਬੰਦ ਸਤਿਅ ਨਾਰਾਇਣ ਪ੍ਰਸਾਦ ਉਰਫ ਰੌਸ਼ਨ ਰਾਜ ਨੇ ਦੱਸੀ। ਇਨ੍ਹਾਂ ਨੂੰ ਸਬਜ਼ੀ ਟੋਲ ਸਥਿਤ ਉਨ੍ਹਾਂ ਦੇ ਘਰ ਤੋਂ ਬੁੱਧਵਾਰ ਸਵੇਰੇ ਪੁਲਿਸ ਨੇ ਫੜਿਆ ਸੀ।

ਸਤਿਆ ਨਰਾਇਣ ਪ੍ਰਸਾਦ ਨੇ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਪੁਲਿਸ ਨੇ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਮਾਹੌਲ ਖਰਾਬ ਕਰਨ ਵਾਲੇ ਬਿਹੀਆ ਬਾਜ਼ਾਰ ਦੇ ਨਹੀਂ ਸਨ ਸਗੋਂ ਸ਼ਾਹਪੁਰ ਤੋਂ ਆਏ ਸਨ।

ਕਈ ਲੋਕਾਂ ਦਾ ਮੰਨਣਾ ਹੈ ਕਿ ਹਮਲਾਵਰ ਭੀੜ ਵਿੱਚ ਸ਼ਹਿਰ ਤੋਂ ਬਾਹਰ ਦੇ ਵੀ ਲੋਕ ਸ਼ਾਮਲ ਸਨ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਕਈ ਲੋਕਾਂ ਦਾ ਮੰਨਣਾ ਹੈ ਕਿ ਹਮਲਾਵਰ ਭੀੜ ਵਿੱਚ ਸ਼ਹਿਰ ਤੋਂ ਬਾਹਰ ਦੇ ਵੀ ਲੋਕ ਸ਼ਾਮਲ ਸਨ

ਉਨ੍ਹਾਂ ਨੇ ਕਿਹਾ, "ਅਸੀਂ ਬਿਹੀਆ ਦੇ ਲੋਕ ਇਸ ਘਟਨਾ ਵਿੱਚ ਸ਼ਾਮਿਲ ਨਹੀਂ ਹਨ ਜਦਕਿ ਪੁਲਿਸ ਇੱਥੋਂ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਸਾਡੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਮੁੰਡੇ ਬਾਹਰੋਂ ਆਏ ਸਨ। ਪੁਲਿਸ ਉਨ੍ਹਾਂ ਸਬੂਤਾਂ ਨੂੰ ਦੇਖ ਕੇ ਪਤਾ ਨਹੀਂ ਲਗਾ ਸਕਦੀ? ਵੀਡੀਓ ਵਿੱਚ ਕੇਵਲ ਬਿਹੀਆ ਦੇ ਲੋਕ ਹੀ ਤਾਂ ਨਹੀਂ ਦਿਖ ਰਹੇ ਨਾ।''

ਸਦਮੇ ' ਮ੍ਰਿਤਕ ਵਿਅਕਤੀ ਦੀ ਭੈਣ ਦੀ ਮੌਤ

ਸ਼ਾਹਪੁਰ ਦੇ ਦਾਮੋਦਰਨਗਰ ਵਿੱਚ ਮ੍ਰਿਤਕ ਵਿਮਲੇਸ਼ ਦੇ ਪਰਿਵਾਰ ਵਿਚ ਵੀ ਫ਼ਿਲਹਾਲ ਹਾਲਾਤ ਵਿਗੜ ਗਏ ਹਨ। ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਛੋਟੀ ਭੈਣ ਸ਼ੋਭਾ ਨੂੰ ਦਿਲ ਦਾ ਦੌਰਾ ਪਿਆ ਅਤੇ ਮੰਗਲਵਾਰ ਸਵੇਰੇ ਉਸਦੀ ਮੌਤ ਹੋ ਗਈ।

ਚਾਂਦ ਮਹਿਲ ਦੇ ਸਾਹਮਣੇ ਦੀਆਂ ਰੇਲ ਪਟੜੀਆਂ

ਤਸਵੀਰ ਸਰੋਤ, NEERAJ PRIYADARSHY/BBC

ਤਸਵੀਰ ਕੈਪਸ਼ਨ, ਪੂਰਾ ਮਾਮਲਾ ਚਾਂਦ ਮਹਿਲ ਦੇ ਸਾਹਮਣੇ ਦੀਆਂ ਰੇਲ ਪਟੜੀਆਂ ਨੇੜੇ ਮਿਲੀ ਨੌਜਵਾਨ ਦੀ ਲਾਸ਼ ਮਿਲਣ ਨਾਲ ਸ਼ੁਰੂ ਹੋਇਆ

ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਐਫਆਈਆਰ ਵਿਮਲੇਸ਼ ਦੇ ਚਾਚੇ ਨੇ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਮਲੇਸ਼ ਦੇ ਪਿਤਾ ਗਣੇਸ਼ ਸ਼ਾਹ ਅਤੇ ਦੂਜਾ ਭਰਾ ਜੋਧਪੁਰ ਵਿੱਚ ਹਨ ਤੇ ਮੰਗਲਵਾਰ ਸ਼ਾਮ ਤੱਕ ਸ਼ਾਹਪੁਰ ਨਹੀਂ ਪਹੁੰਚ ਸਕਦੇ ਸਨ।

ਐਫਆਈਆਰ ਅਨੁਸਾਰ ਵਿਮਲੇਸ਼ ਐਤਵਾਰ ਨੂੰ ਆਪਣੇ ਘਰ ਤੋਂ ਸਕਿੱਲ ਡਿਵੈਲਪਮੈਂਟ ਕੇਂਦਰ ਵਿੱਚ ਦਾਖਲੇ ਸਬੰਧੀ ਕੰਮ ਕਰਨ ਲਈ ਨਿਕਲਿਆ ਸੀ। ਅਗਲੇ ਦਿਨ ਉਸ ਦੀ ਲਾਸ਼ ਬਿਹੀਆ ਦੇ ਚਾਂਦ ਮਹਿਲ ਨੇੜੇ ਰੇਲ ਦੀ ਪਟੜੀ ਦੇ ਕੰਢੇ ਮਿਲੀ ਸੀ।

ਪੂਰੇ ਮਾਮਲੇ ਵਿੱਚ ਹੁਣ ਤੱਕ ਤਿੰਨ ਵੱਖ-ਵੱਖ ਐਫਆਈਆਰ ਦਰਜ ਹੋਈਆਂ ਹਨ। ਪੁਲਿਸ ਐਸਪੀ ਅਵਕਾਸ਼ ਕੁਮਾਰ ਦੱਸਦੇ ਹਨ ਕਿ ਵਿਮਲੇਸ਼ ਦੇ ਚਾਚਾ ਦੇ ਬਿਆਨਾਂ ਦੇ ਆਧਾਰ ਉੱਤੇ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ।

ਮਹਿਲਾ ਨੂੰ ਨਗਨ ਕਰਕੇ ਘੁੰਮਾਉਣ ਤੇ ਮਾੜਾ ਵਤੀਰਾ ਕਰਨ ਦੇ ਮਾਮਲੇ ਵਿੱਚ 15 ਨਾਮਜ਼ਦ ਅਤੇ 7 ਅਣਪਛਾਤੇ ਲੋਕਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਤੀਜੀ ਐਫ਼ਆਈਆਰ ਹੁੜਦੰਗ ਕਰਦੇ ਹੋਏ ਅੱਗ ਲਾਉਣ ਤੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਸੱਤ ਨਾਮਜ਼ਦ ਅਤੇ 300 ਅਣਪਛਾਤੇ ਲੋਕਾਂ ਖਿਲਾਫ਼ ਦਰਜ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)