'ਰੈਫਰੈਂਡਮ 2020' "ਹਥਿਆਰਾਂ ਅਤੇ ਹਿੰਸਾ ਨੂੰ ਸੱਦਾ" : ਪ੍ਰੈੱਸ ਰਿਵੀਊ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਭਾਰਤੀ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਸਿੱਖਸ ਫਾਰ ਜਸਟਿਸ ਵੱਲੋਂ ਲੰਡਨ ਦੇ ਟ੍ਰੇਫਲਗਰ ਸੁਕੇਅਰ ਵਿੱਚ ਕਰਵਾਏ ਜਾ ਰਹੇ "ਰੈਫਰੈਂਡਮ 2020" ਨੂੰ "ਹਥਿਆਰਾਂ ਅਤੇ ਹਿੰਸਾ ਨੂੰ ਸੱਦਾ ਹੈ" ਕਿਹਾ ਜਾ ਰਿਹਾ ਹੈ।

ਖ਼ਬਰ ਵਿੱਚ ਲਿਖਿਆ ਹੈ ਕਿ ਇੱਕ ਵੀਡੀਓ ਵਿੱਚ ਗੁਰਪਤਵੰਤ ਸਿੰਘ ਪਨੂੰ ਦੇ ਸਹਾਇਕ ਹਰਮੀਤ ਸਿੰਘ ਉਰਫ਼ ਰਾਣਾ (ਸੋਸ਼ਲ ਮੀਡੀਆ ਨਾਮ) ਉਕਸਾਉਂਦੇ ਹੋਏ ਨਜ਼ਰ ਆਏ ਹਨ ਕਿ ਸਿੱਖ "ਹਥਿਆਰ ਚੁੱਕਣ" ਅਤੇ ਭਾਰਤ ਸਰਕਾਰ ਨੂੰ ਸਬਕ ਸਿਖਾਉਣ।

ਖ਼ਬਰ ਮੁਤਾਬਕ ਇਹ ਵੀਡੀਓ ਸੁਰੱਖਿਆ ਏਜੰਸੀਆਂ ਨੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਟੈਰੀਟੋਰੀਅਲ ਆਰਮੀ ਦੇ ਧਰਮਿੰਦਰ ਸਿੰਘ ਦੇ ਫੋਨ 'ਚੋਂ ਬਰਾਮਦ ਕੀਤਾ ਸੀ। ਉਸ ਨੂੰ ਇਹ ਵੀਡੀਓ 24 ਮਈ ਨੂੰ ਆਇਆ ਸੀ।

ਐਨਆਈਏ ਅਤੇ ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਧਰਮਿੰਦਰ ਅਤੇ ਉਸ ਦੇ ਸਾਥੀ ਕਿਰਪਾਲ ਸਿੰਘ ਨੂੰ ਹਰਮੀਤ ਸਿੰਘ ਨੇ ਇਹ ਸਭ ਕਰਨ ਲਈ ਉਕਸਾਇਆ ਸੀ।

ਇਹ ਵੀ ਪੜ੍ਹੋ:

ਬਹਿਲਬਲ ਕਲਾਂ ਗੋਲੀਬਾਰੀ ਕੇਸ 'ਚ 4 ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਿਲ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਬਹਿਬਲ ਕਲਾਂ ਗੋਲੀਬਾਰੀ ਕੇਸ ਵਿੱਚ ਮੁੱਖ ਮੰਤਰੀ ਨੂੰ ਸੌਂਪੀ ਗਈ ਪਹਿਲੀ ਰਿਪੋਰਟ ਵਿੱਚ 4 ਪੁਲਿਸ ਅਧਿਕਾਰੀਆਂ ਦੇ ਨਾਮ ਦਰਜ ਹਨ।

ਜਿਨ੍ਹਾਂ ਵਿੱਚ ਪੀਪੀਐਸ ਅਧਿਕਾਰੀ ਚਰਨਜੀਤ ਸਿੰਘ, ਬਿਕਰਮਜੀਤ ਸਿੰਘ, ਇੰਸਪੈਕਟ ਪਰਦੀਪ ਸਿੰਘ ਅਤੇ ਐਸਆਈ ਅਮਰਜੀਤ ਸਿੰਘ ਦੇ ਨਾਮ ਸ਼ਾਮਿਲ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਪੁਲਿਸ ਅਧਿਕਾਰੀ ਇਸ ਐਫਆਈਆਰ 'ਚ ਦੋਸ਼ੀ ਹੋ ਸਕਦੇ ਹਨ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਹੋਵੇਗੀ।

ਇਹ ਨਾਮ 2015 ਵਿੱਚ ਵਾਪਰੀ ਬਹਿਬਲ ਕਲਾਂ ਦੀ ਘਟਨਾ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤੋਂ ਬਾਅਦ ਦਰਜ ਕੀਤੇ ਗਏ।

ਇਹ ਵੀ ਪੜ੍ਹੋ:

ਭਾਰਤ ਦਾ ਪਹਿਲਾਂ ਮਹਿਲਾ ਕਮਾਂਡੋ ਦਸਤਾ

ਬਿਜ਼ਨਿਸ ਸਟੈਂਡਰਡ ਦੀ ਖ਼ਬਰ ਮੁਤਾਬਕ ਸੁਤੰਤਰਤਾ ਦਿਵਸ ਮੌਕੇ ਦਿੱਲੀ ਪੁਲਿਸ ਅੱਤਵਾਦ ਵਿਰੋਧੀ ਮੁਹਿੰਮ ਦੇ ਖ਼ਿਲਾਫ਼ ਪਹਿਲਾਂ ਮਹਿਲਾਂ ਸਪੈਸ਼ਲ ਵੈਪਨਜ਼ ਅਤੇ ਟੈਕਟਿਕਸ (ਸਵਾਟ) ਟੀਮ ਦਾ ਆਗਾਜ਼ ਕਰੇਗੀ।

ਇਸ ਵਿੱਚ ਸ਼ਾਮਿਲ ਪੂਰਬੀ ਭਾਰਤ ਦੀਆਂ 36 ਮਹਿਲਾ ਕਮਾਂਡੋ ਨੇ ਦੇਸ ਭਰ ਦੇ ਮਾਹਿਰਾਂ ਕੋਲੋਂ 15 ਮਹੀਨੇ ਦੀ ਸਿਖਲਾਈ ਹਾਸਿਲ ਕੀਤੀ ਹੈ।

ਟੀਮ ਨੂੰ ਤਿਆਰ ਕਰਵਾਉਣ ਵਾਲੇ ਦਿੱਲੀ ਦੇ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਕਿਹਾ, "ਟੀਮ ਸ਼ਹਿਰੀ ਖੇਤਰਾਂ ਵਿੱਚ ਬੰਧਕਾਂ ਅਤੇ ਅੱਤਵਾਦੀ ਹਮਲਿਆਂ ਨਾਲ ਟੱਕਰ ਲੈਣ ਲਈ ਤਿਆਰ ਹੈ। ਇਸ ਟੀਮ ਨੂੰ ਝਰੋਦਾ ਕਲਾਂ ਦੇ ਪੁਲਿਸ ਸਿਖਲਾਈ ਕਾਲਜ ਵਿੱਚ ਆਪਣੇ ਹਮ-ਅਹੁਦਾ ਪੁਰਸ਼ ਕਰਮੀਆਂ ਨਾਲੋਂ ਵੱਧ ਰੇਟਿੰਗ ਹਾਸਿਲ ਹੈ।"

ਨਨ ਰੇਪ ਕੇਸ: ਕੇਰਲਾ ਪੁਲਿਸ ਨੇ ਕੀਤੀ 4 ਨਨਸ ਕੋਲੋਂ ਪੁੱਛਗਿੱਛ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਜਲੰਧਰ 'ਚ ਪਾਧਰੀ ਫ੍ਰਾਂਕੋ ਮੁਲੱਕਲ ਦੇ ਖ਼ਿਲਾਫ਼ ਨਨ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਦੇ ਆਧਾਰ 6 ਮੈਂਬਰੀ ਕੇਰਲਾ ਪੁਲਿਸ ਟੀਮ ਨੇ 4 ਨਨਸ ਕੋਲੋਂ ਪੁੱਛਗਿੱਛ ਕੀਤੀ ਹੈ।

ਇਨ੍ਹਾਂ ਨਨਸ ਨੇ ਆਪਣਾ ਲਿਖਤੀ ਬਿਆਨ ਦਰਜ ਕਰਵਾਇਆ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਦਿੱਤਾ।

ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਨੇ ਦੱਸਿਆ ਹੈ, "ਜਲੰਧਰ ਦੇ ਏਸੀਪੀ ਜੰਗ ਬਹਾਦੁਰ ਸ਼ਰਮਾ ਕੇਰਲਾ ਪੁਲਿਸ ਅਧਿਕਾਰੀਆਂ ਦੇ ਨਾਲ ਹਨ। ਉਨ੍ਹਾਂ ਨੇ ਆਪਣੀ ਮੂਲ ਭਾਸ਼ਾ ਮਲਿਆਲਮ ਵਿੱਚ ਬਿਆਨ ਦਰਜ ਕੀਤੇ ਹਨ, ਜੋ ਸਾਡੀ ਪੁਲਿਸ ਨੂੰ ਨਹੀਂ ਆਉਂਦੀ।"

ਦਰਅਸਲ 54 ਸਾਲਾ ਮੁਲੱਕਲ ਦਾ 29 ਜੂਨ ਨੂੰ ਕੋਟਿਆਮ ਵਿੱਚ 43 ਸਾਲਾ ਨਨ ਨਾਲ 13 ਵਾਰ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਨਾਮ ਆਇਆ ਸੀ। ਇਸ ਦੌਰਾਨ ਉਹ 2014 ਅਤੇ 2016 ਵਿਚਾਲੇ ਜਲੰਧਰ ਵਿੱਚ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)