ਐਂਟੀ-ਏਜਿੰਗ ਦਾ ਮਤਲਬ ਵਾਕਈ 'ਅਨ-ਏਜਿੰਗ' ਹੁੰਦਾ ਹੈ?

    • ਲੇਖਕ, ਇੰਦਰਜੀਤ ਕੌਰ
    • ਰੋਲ, ਪੱਤਰਕਾਰ, ਬੀਬੀਸੀ

'ਐਂਟੀ-ਏਜਿੰਗ' ਜੇ ਇਹ ਸ਼ਬਦ ਗੂਗਲ 'ਤੇ ਸਰਚ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੀਆਂ ਕਰੀਮਾਂ ਅਤੇ ਫੇਸ ਵਾਸ਼ ਸਾਹਮਣੇ ਆ ਜਾਂਦੇ ਹਨ ਜੋ ਤੁਹਾਡੀ ਉਮਰ ਘੱਟ ਕਰਨ ਦਾ ਦਾਅਵਾ ਕਰਦੇ ਹਨ।

ਇਸ ਵਿੱਚ ਕਈ ਪ੍ਰਕਾਰ ਹਨ। ਦਿਨ ਵੇਲੇ ਲਾਉਣ ਵਾਲੀਆਂ ਕਰੀਮਾਂ ਵੱਖਰੀਆਂ ਹਨ ਅਤੇ ਰਾਤ ਨੂੰ ਲਾਉਣ ਵਾਲੀਆਂ ਕਰੀਮਾਂ ਵੱਖਰੀਆਂ ਹਨ।

ਇਸ ਤੋਂ ਇਲਾਵਾ ਝੁਰੜੀਆਂ ਘਟਾਉਣ ਵਾਲੀਆਂ ਵੀ ਕਈ ਕਰੀਮਾਂ ਹਨ ਜੋ ਦਾਅਵਾ ਕਰਦੀਆਂ ਹਨ ਕਿ ਉਮਰ ਘੱਟ ਦਿਖੇਗੀ।

ਇਹ ਵੀ ਪੜ੍ਹੋ:

ਐਂਟੀ-ਏਜਿੰਗ ਕਰੀਮ ਦੀ ਮਸ਼ਹੂਰੀ ਲਈ ਟਰੋਲਿੰਗ

ਹਾਲ ਹੀ ਵਿੱਚ ਮੀਰਾ ਰਾਜਪੂਤ ਨੂੰ ਐਂਟੀ-ਏਜਿੰਗ ਕਰੀਮ ਦੀ ਮਸ਼ਹੂਰੀ ਕਰਨ ਕਾਰਨ ਟਰੋਲ ਕੀਤਾ ਗਿਆ।

ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਿਆ। ਇਹ ਵੀਡੀਓ ਉਨ੍ਹਾਂ ਨੇ ਇੰਸਟਾਗਰਾਮ 'ਤੇ ਵੀ ਪੋਸਟ ਕੀਤੀ ਹੈ।

ਮੀਰਾ ਨੇ ਲਿਖਿਆ, "ਮਾਂ ਬਣਨ ਦਾ ਮਤਲਬ ਇਹ ਨਹੀਂ ਕੀ ਤੁਸੀਂ ਖੁਦ ਨੂੰ ਭੁੱਲ ਜਾਓ? ਮੈਂ 'ਸਕਿਨ ਟਰਾਂਸਫਾਰਮੇਸ਼ਨ' ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਇਹ ਮੇਰੇ ਪੁਨਰ ਜਨਮ ਦੀ ਕਹਾਣੀ ਹੈ। ਤੁਹਾਡੀ ਕੀ ਹੈ?"

ਪਰ ਕੀ ਵਾਕਈ ਐਂਟੀ-ਏਜਿੰਗ ਕਰੀਮਾਂ ਪੁਨਰਜਨਮ ਵਾਂਗ ਹੁੰਦੀਆਂ ਹਨ? ਕੀ ਇਨ੍ਹਾਂ ਕਰੀਮਾਂ ਰਾਹੀਂ ਅਸੀਂ ਆਪਣੀ ਉਮਰ ਲੁਕਾ ਸਕਦੇ ਹਾਂ? ਕੀ ਇਨ੍ਹਾਂ ਰਾਹੀਂ ਜਵਾਨ ਨਜ਼ਰ ਆ ਸਕਦੇ ਹਾਂ?

ਕੀ ਇਨ੍ਹਾਂ ਕਰੀਮਾਂ ਦੇ ਕੋਈ ਸਾਈਡ-ਇਫੈਕਟ ਵੀ ਹੁੰਦੇ ਹਨ?

ਮੀਰਾ ਰਾਜਪੂਤ ਨੂੰ ਇੱਕ ਟਰੋਲਰ ਨੇ ਇਹ ਵੀ ਪੁੱਛਿਆ ਕਿ ਇੰਨੀ ਘੱਟ ਉਮਰ ਵਿੱਚ ਐਂਟੀ-ਏਜਿੰਗ ਕਰੀਮ! ਤਾਂ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਐਂਟੀ-ਏਜਿੰਗ ਕਰੀਮ ਲਾਉਣ ਦੀ ਉਮਰ ਕੀ ਹੈ?

ਇਹ ਵੀ ਪੜ੍ਹੋ:

ਐਂਟੀ-ਏਜਿੰਗ ਕਰੀਮਾਂ ਕਿੰਨੀਆਂ ਕਾਰਗਰ?

ਇਹ ਜਾਣਨ ਲਈ ਅਸੀਂ ਚਮੜੀ ਰੋਗਾਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ।

ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਚਮੜੀ ਰੋਗਾਂ ਦੇ ਡਾਕਟਰ ਵਿਕਾਸ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਜ਼ਾਨਾ 10-15 ਮਰੀਜ਼ ਐਂਟੀ-ਏਜਿੰਗ ਜਾਂ ਇਸ ਨਾਲ ਜੁੜੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ।

ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਐਂਟੀ-ਏਜਿੰਗ ਇਲਾਜ ਦੀ ਲੋੜ ਵੀ ਹੈ ਜਾਂ ਨਹੀਂ। ਐਂਟੀ-ਏਜਿੰਗ ਦਾ ਮਤਲਬ ਅਨ-ਏਜਿੰਗ ਨਹੀਂ ਹੈ। ਇਹ ਕਰੀਮਾਂ ਜਾਂ ਐਂਟੀ-ਏਜਿੰਗ ਇਲਾਜ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਜ਼ਰੂਰ ਕਰਦਾ ਹੈ ਪਰ ਕੋਈ ਵੀ ਕਰੀਮ ਕੁਦਰਤੀ ਦਿਖ ਨਹੀਂ ਲਿਆ ਸਕਦੀ।"

"ਉਮਰ ਤੋਂ ਪਹਿਲਾਂ ਜੇ ਝੁਰੜੀਆਂ ਪੈ ਜਾਣ ਤਾਂ ਇਨ੍ਹਾਂ ਕਰੀਮਾਂ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਾਅਦ ਕੀਤੀ ਜਾ ਸਕਦੀ ਹੈ, ਪਰ ਕੋਈ ਵੀ ਕਰੀਮ ਪੂਰੀ ਤਰ੍ਹਾਂ ਨਾਲ ਚਮਤਕਾਰ ਨਹੀਂ ਕਰਦੀ। ਕੁਝ ਮੈਡੀਕਲ ਇਲਾਜ ਰਾਹੀਂ ਅਤੇ ਲਾਈਫਸਟਾਈਲ ਅਤੇ ਖਾਣ-ਪੀਣ ਵਿੱਚ ਬਦਲਾਅ ਕਰਕੇ ਚਮੜੀ 'ਤੇ ਜ਼ਰੂਰ ਫਰਕ ਪੈ ਸਕਦਾ ਹੈ ਜਿਸ ਕਾਰਨ ਤੁਹਾਡੀ ਅਸਲ ਉਮਰ ਲੁੱਕ ਸਕਦੀ ਹੈ।"

ਉਨ੍ਹਾਂ ਨੇ ਕਿਹਾ, "ਬਾਜ਼ਾਰ ਵਿੱਚ ਆਉਣ ਵਾਲੀਆਂ ਕਈ ਕਰੀਮਾਂ ਦੇ ਤੱਤ ਇੰਨੇ ਕਾਰਗਰ ਨਹੀਂ ਹੁੰਦੇ। ਇੰਨ੍ਹਾਂ ਦੇ ਦਾਅਵੇ ਵਧਾ-ਚੜ੍ਹਾ ਕੇ ਦੱਸੇ ਹੁੰਦੇ ਹਨ ਅਤੇ ਇਹ ਕਰੀਮਾਂ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ। ਸ਼ੁਰੂਆਤ ਵਿੱਚ ਚਮੜੀ ਜ਼ਰੂਰ ਚਮਕਦਾਰ ਲੱਗ ਸਕਦੀ ਹੈ ਪਰ ਬਾਅਦ ਵਿੱਚ ਇਸ ਕਾਰਨ ਕਈ ਸਾਈਡ-ਇਫੈਕਟ ਵੀ ਹੋ ਸਕਦੇ ਹਨ।''

"ਚਮੜੀ ਵਧੇਰੇ ਪਤਲੀ ਅਤੇ ਸੰਵੇਦਨਸ਼ੀਲ ਹੋ ਸਕਦੀ ਹੈ, ਧੁੱਪ ਵਿੱਚ ਚਮੜੀ ਲਾਲ ਹੋ ਸਕਦੀ ਹੈ, ਰਸੋਈ ਵਿੱਚ ਕੰਮ ਕਰਨਾ ਵੀ ਔਖਾ ਲੱਗ ਸਕਦਾ ਹੈ, ਖਾਰਿਸ਼ ਹੋਣਾ ਆਮ ਗੱਲ ਹੈ।"

ਇਸ ਬਾਰੇ ਚੰਡੀਗੜ੍ਹ ਦੀ ਚਮੜੀ ਰੋਗਾਂ ਦੀ ਮਾਹਿਰ ਡਾਕਟਰ ਅਪਰਨਾ ਬੈਂਸ ਦਾ ਵੀ ਕਹਿਣਾ ਹੈ ਕਿ ਐਂਟੀ-ਏਜਿੰਗ ਕਰੀਮਾਂ ਉਮਰ ਘੱਟ ਨਜ਼ਰ ਆਉਣ ਵਿੱਚ ਮਦਦ ਜ਼ਰੂਰ ਕਰਦੀਆਂ ਹਨ ਪਰ ਇਨ੍ਹਾਂ ਦਾ ਸਾਈਡ-ਇਫੈਕਟ ਵੀ ਹੁੰਦਾ ਹੈ।

ਉਨ੍ਹਾਂ ਕਿਹਾ, "ਬਾਜ਼ਾਰ ਵਿੱਚ ਮਿਲ ਰਹੀਆਂ ਕੁਝ ਐਂਟੀ-ਏਜਿੰਗ ਕਰੀਮਾਂ ਜ਼ਰੂਰ ਮਦਦਗਾਰ ਹਨ ਪਰ ਕੋਈ ਚਮਤਕਾਰ ਨਹੀਂ ਹੋ ਸਕਦਾ ਕਿ ਕਰੀਮ ਲਾ ਕੇ ਹੀ ਜਵਾਨ ਦਿਖੋਗੇ।''

"ਇਸ ਲਈ ਰੋਜ਼ਾਨਾ ਕਸਰਤ, ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਿਸੇ ਵੀ ਦਵਾਈ ਨੂੰ ਲਗਾਤਾਰ ਖਾਣ ਜਾਂ ਲਗਾਉਣ 'ਤੇ ਸਾਈਡ-ਇਫੈਕਟ ਹੁੰਦਾ ਹੈ। ਉਸੇ ਤਰ੍ਹਾਂ ਹੀ ਐਂਟੀ-ਏਜਿੰਗ ਕਰੀਮਾਂ ਨਾਲ ਵੀ ਹੁੰਦਾ ਹੈ।"

ਹਾਲਾਂਕਿ ਉਨ੍ਹਾਂ ਨੇ ਕਈ ਐਂਟੀ-ਏਜਿੰਗ ਕਰੀਮਾਂ ਦੇ ਦਾਅਵਿਆਂ ਨੂੰ ਝੂਠਾ ਵੀ ਕਰਾਰ ਦਿੱਤਾ।

ਉਨ੍ਹਾਂ ਕਿਹਾ, "ਉਮਰ ਘੱਟ ਦਿਖਾਉਣ ਦੇ ਲਈ ਮੈਡੀਕਲ ਵਿੱਚ ਕਈ ਇਲਾਜ ਹਨ ਇਸ ਲਈ ਕਈ ਸਿਟਿੰਗਜ਼ ਲੈਣੀਆਂ ਪੈਂਦੀਆਂ ਹਨ। ਐਂਟੀ-ਏਜਿੰਗ ਕਰੀਮਾਂ ਦੀਆਂ ਕਈ ਮਸ਼ਹੂਰੀਆਂ ਧੋਖੇ ਵਿੱਚ ਰੱਖਦੀਆਂ ਹਨ। ਇਹ ਕੌਸਮੈਟਿਕ ਸਨਅਤ ਨਾਲ ਸਬੰਧਤ ਹਨ ਅਤੇ ਪੈਸਾ ਬਣਾਉਣਾ ਇਨ੍ਹਾਂ ਦਾ ਮਕਸਦ ਹੁੰਦਾ ਹੈ।"

ਇਹ ਵੀ ਪੜ੍ਹੋ:

ਉੱਥੇ ਹੀ ਦਿੱਲੀ ਵਿੱਚ ਇੱਕ ਨਿੱਜੀ ਕਲੀਨਿਕ ਚਲਾ ਰਹੀ ਚਮੜੀ ਰੋਗਾਂ ਦੀ ਮਾਹਿਰ ਡਾ. ਪ੍ਰਿਆ ਪੂਜਾ ਦਾ ਕਹਿਣਾ ਹੈ ਕਿ ਜੇ ਉਮਰ ਤੋਂ ਪਹਿਲਾਂ ਹੀ ਤੁਹਾਡੇ ਚਿਹਰੇ 'ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਣ, ਚਮੜੀ ਢਿੱਲੀ ਪੈ ਜਾਵੇ ਤਾਂ ਤੁਹਾਨੂੰ ਡਾਟਕਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

"ਡਾਕਟਰੀ ਸਲਾਹ ਮੁਤਾਬਕ ਹੀ ਸਕਿਨ ਪੈਚ ਟੈਸਟ ਕਰਵਾਉਣਾ ਚਾਹੀਦਾ ਹੈ ਕਿਉਂਕਿ ਸਭ ਦੀ ਚਮੜੀ ਵੱਖਰੇ ਤਰ੍ਹਾਂ ਦੀ ਹੁੰਦੀ ਹੈ। ਚਮੜੀ ਰੁੱਖੀ, ਤੇਲਈ ਜਾਂ ਦੋਹਾਂ ਹੀ ਤਰ੍ਹਾਂ ਦੀ ਹੋ ਸਕਦੀ ਹੈ। ਇਸ ਲਈ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਐਂਟੀ-ਏਜਿੰਗ ਕਰੀਮ ਜਾਂ ਦਵਾਈ ਨਹੀਂ ਲੈਣੀ ਚਾਹੀਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)