You’re viewing a text-only version of this website that uses less data. View the main version of the website including all images and videos.
'ਸਕਲੇਰੋਡਰਮਾ' ਨੇ ਇੱਕ ਕੁੜੀ ਦਾ ਸਰੀਰ ਪੱਥਰ ਵਰਗਾ ਬਣਾ ਦਿੱਤਾ
'ਮੇਰੀਆਂ ਬਾਹਾਂ 'ਚ ਉੱਠਦੀ ਪੀੜ ਹਰ ਵੇਲੇ ਯਾਦ ਦਿਵਾਉਂਦੀ ਹੈ ਕਿ ਮੇਰਾ ਸਰੀਰ ਛੇਤੀ ਹੀ ਪੱਥਰ ਹੋਣ ਵਾਲਾ ਹੈ।'
ਇਹ ਕਹਿਣਾ ਹੈ 37 ਸਾਲ ਦੀ ਜੇਅ ਵਰਡੀ ਦਾ। ਕੁਝ ਸਾਲ ਪਹਿਲਾਂ ਉਹ ਸਕੂਲ 'ਚ ਅਧਿਆਪਕਾ ਸੀ, ਪਰ ਇੱਕ ਗੰਭੀਰ ਬਿਮਾਰੀ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।
ਜੇਅ ਵਰਡੀ ਅਜਿਹੀ ਲਾ-ਇਲਾਜ ਬਿਮਾਰੀ ਨਾਲ ਪੀੜ੍ਹਤ ਹੈ ਕਿ ਉਨ੍ਹਾਂ ਦਾ ਸਰੀਰ ਹੌਲੀ-ਹੌਲੀ ਪੱਥਰ ਵਰਗਾ ਸਖ਼ਤ ਹੁੰਦਾ ਜਾ ਰਿਹਾ ਹੈ।
ਇਸ ਬਿਮਾਰੀ ਦਾ ਨਾਮ ਹੈ 'ਸਕਲੇਰੋਡਰਮਾ'।
ਸਕਲੇਰੋਡਰਮਾ ਕਾਰਨ ਜੇਅ ਵਰਡੀ ਦੀ ਚਮੜੀ ਅਤੇ ਜੋੜ ਸਖ਼ਤ ਹੋਣ ਲੱਗ ਪਏ ਹਨ। ਉਨ੍ਹਾਂ ਦੇ ਫੇਫੜਿਆਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਲੇ ਉਨ੍ਹਾਂ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ।
ਮੁਸ਼ਕਲਾਂ ਭਰਿਆ ਜੀਵਨ
ਬਾਹਰੋਂ ਆਮ ਦਿਖਣ ਵਾਲਾ ਵਰਡੀ ਦਾ ਸਰੀਰ ਅੰਦਰੋਂ-ਅੰਦਰ ਕਈ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਕੱਪੜਿਆਂ ਅੰਦਰ ਉਹ ਜੋ ਵੀ ਮਹਿਸੂਸ ਕਰ ਰਹੀ ਹੈ, ਉਹ ਬਾਹਰ ਕਿਸੇ ਨੂੰ ਨਹੀਂ ਦੱਸਿਆ ਜਾ ਸਕਦਾ।
ਅਧੂਰੇ ਸੁਪਨੇ
ਆਪਣੀ ਬਿਮਾਰੀ ਕਰਕੇ ਵਰਡੀ ਦੇ ਕਈ ਸੁਪਨੇ ਅਧੂਰੇ ਰਹਿ ਗਏ ਹਨ। ਵਿਆਹ ਕਰਵਾਉਣਾ ਅਤੇ ਮਾਂ ਬਣਨਾ ਉਸ ਦੇ ਸੁਪਨਿਆਂ ਦਾ ਇੱਕ ਹਿੱਸਾ ਸੀ।
ਵਰਡੀ ਕਹਿੰਦੀ ਹੈ, "ਮੈਨੂੰ ਲਗਦਾ ਹੈ ਇੱਕ ਦਿਨ ਮੇਰਾ ਪੂਰਾ ਸਰੀਰ ਪੱਥਰ ਹੋ ਜਾਏਗਾ, ਮੈਂ ਮੁਸਕਰਾ ਵੀ ਨਹੀਂ ਪਾਵਾਂਗੀ, ਮੈਂ ਇੱਕ ਪੱਥਰ ਦੀ ਮੂਰਤੀ ਬਣ ਕੇ ਰਹਿ ਜਾਵਾਂਗੀ।"
ਖੁਸ਼ਨੁਮਾ ਸੀ ਜ਼ਿੰਦਗੀ
ਸਾਲ 2010 ਦੌਰਾਨ ਉਹ ਮਿਡਲ ਸਕੂਲ 'ਚ ਸੂਚਨਾ ਤਕਨੀਕ ਦੀ ਅਧਿਆਪਕਾ ਸੀ। ਉਸ ਨੂੰ ਛੁੱਟੀਆਂ 'ਚ ਘੁੰਮਣਾ ਬਹੁਤ ਚੰਗਾ ਸੀ। ਇੱਕ ਵਾਰੀ ਉਹ ਗ੍ਰੀਕ ਆਈਲੈਂਡ ਘੁੰਮਣ ਗਈ ਸੀ, ਜਦੋਂ ਪਹਿਲੀ ਵਾਰੀ ਉਸ ਦੀ ਸਹੇਲੀ ਕੈਰੋਲੀਨ ਨੇ ਚਮੜੀ 'ਚ ਕੁਝ ਬਦਲਾਅ ਦੇਖਿਆ।
ਸ਼ੁਰੂਆਤ 'ਚ ਵਰਡੀ ਨੇ ਆਪਣੀ ਚਮੜੀ 'ਚ ਆ ਰਹੇ ਬਦਲਾਅ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਇਹ ਮਾਮੂਲੀ ਜਿਹੀ ਲੱਗਣ ਵਾਲੀ ਸਮੱਸਿਆ ਇੰਨੀ ਗੰਭੀਰ ਬਿਮਾਰੀ ਬਣ ਜਾਵੇਗੀ।
ਜਦੋਂ ਬਿਮਾਰੀ ਦਾ ਪਤਾ ਲੱਗਿਆ
ਵਰਡੀ ਨੂੰ ਆਪਣੀ ਬਿਮਾਰੀ ਬਾਰੇ ਪਤਾ ਲੱਗਣ 'ਚ ਤਿੰਨ ਸਾਲ ਲੱਗ ਗਏ। ਕਈ ਟੈਸਟ ਕਰਵਾਏ, ਡਾਕਟਰਾਂ ਦੀ ਸਲਾਹ ਲਈ।
ਵਰਡੀ ਦੱਸਦੀ ਹੈ, "ਤਕਰੀਬਨ 18 ਮਹੀਨੇ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ, ਮੈਨੂੰ ਇਹ ਲੱਗਿਆ। ਮੈਨੂੰ ਯਾਦ ਹੈ ਮੈਂ ਉਸ ਵੇਲੇ ਕਾਰ ਚਲਾ ਰਹੀ ਸੀ ਅਤੇ ਅਚਾਨਕ ਹੀ ਮੈਂ ਰੋਣ ਲੱਗ ਗਈ। ਮੈਂ ਆਪਣੇ ਡਾਕਟਰ ਨੂੰ ਮਿਲੀ ਅਤੇ ਸਪੱਸ਼ਟ ਤੌਰ ਤੇ ਪੁੱਛਿਆ ਕਿ ਮੈਨੂੰ ਕੀ ਬਿਮਾਰੀ ਹੈ?"
ਇਸ ਤੋਂ ਬਾਅਦ ਵਰਡੀ ਨੇ ਆਪਣਾ ਸਕੂਲ ਛੱਡ ਦਿੱਤਾ। ਉਨ੍ਹਾਂ ਦਾ ਕਰੀਅਰ, ਸੁਪਨੇ ਸਭ ਕੁਝ ਵਿੱਚੇ ਹੀ ਰਹਿ ਗਏ।
ਕੀ ਕਹਿਣਾ ਹੈ ਡਾਕਟਰ ਦਾ?
ਇਹ ਬਿਮਾਰੀ ਵਰਡੀ ਦੇ ਫੇਫੜਿਆਂ ਤੱਕ ਪਹੁੰਚ ਗਈ ਹੈ। ਉਸ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸੇ ਤਰ੍ਹਾਂ ਉਸ ਦੀ ਅਵਾਜ਼ ਨਲੀ (ਵੋਕਲ ਕੋਰਡ) ਵਿੱਚ ਵੀ ਮੁਸ਼ਕਲ ਪੈਦਾ ਹੋਣ ਲੱਗੀ ਹੈ।
ਵਰਡੀ ਦਾ ਇਲਾਜ ਕਰ ਰਹੇ ਡਾਕਟਰ ਰਿਚਰਡ ਰਸੈਲ ਕਹਿੰਦੇ ਹਨ ਕਿ ਇਨਹੇਲਰ ਦੀ ਮਦਦ ਨਾਲ ਵਰਡੀ ਸਾਹ ਤਾਂ ਲੈ ਸਕਦੀ ਹੈ, ਪਰ ਇਸ ਬਿਮਾਰੀ ਦਾ ਕੋਈ ਪੁਖ਼ਤਾ ਇਲਾਜ ਉਸ ਕੋਲ ਨਹੀਂ ਹੈ।
ਕੀ ਹੈ ਸਕਲੇਰੋਡਰਮਾ?
- ਇਹ ਇੱਕ ਲਾਈਲਾਜ ਬਿਮਾਰੀ ਹੈ, ਜਿਸ ਵਿੱਚ ਸਰੀਰ ਦੇ ਸਿਹਤਮੰਦ ਟਿਸ਼ੂਆਂ 'ਤੇ ਅਸਰ ਪੈਂਦਾ ਹੈ। ਇਸ ਕਰਕੇ ਚਮੜੀ ਦਾ ਹਿੱਸਾ ਸਖ਼ਤ ਹੋਣ ਲੱਗਦਾ ਹੈ। ਇਹ ਇਸ ਬਿਮਾਰੀ ਦਾ ਪਹਿਲਾ ਲੱਛਣ ਹੈ।
- ਠੰਡ ਵਿੱਚ ਹੌਲੀ-ਹੌਲੀ ਉਂਗਲੀਆਂ ਅਤੇ ਪੈਰ ਦੇ ਅੰਗੂਠੇ ਚਿੱਟੇ ਹੋਣ ਲਗਦੇ ਹਨ, ਜੋ ਬਾਅਦ 'ਚ ਸਖ਼ਤ ਹੋ ਜਾਂਦੇ ਹਨ।
- ਸਕਲੇਰੋਡਰਮਾ ਦੀ ਇੱਕ ਕਿਸਮ ਹੈ, 'ਸਿਸਟਮਿਕ ਸਕਲੇਰੋਸਿਸ', ਇਸ ਨਾਲ ਸਰੀਰ ਦੇ ਅੰਦਰਲੇ ਅੰਗਾਂ ਖਾਸ ਕਰਕੇ ਫੇਫੜਿਆਂ 'ਤੇ ਅਸਰ ਪੈਂਦਾ ਹੈ।
- ਇਸ ਬਿਮਾਰੀ ਦਾ ਨਾਮ ਗ੍ਰੀਕ ਸ਼ਬਦ ਸਕਲੇਰੋ ਅਤੇ ਡਰਮਾ ਤੋਂ ਮਿਲ ਕੇ ਬਣਿਆ ਹੈ, ਜਿਸਦਾ ਮਤਲਬ ਹੈ ਸਖ਼ਤ ਚਮੜੀ
- ਇਹ ਬਿਮਾਰੀ ਮਰਦਾਂ ਮੁਕਾਬਲੇ ਔਰਤਾਂ 'ਚ 4 ਗੁਣਾ ਜ਼ਿਆਦਾ ਹੁੰਦੀ ਹੈ।