ਖੁਦ ਨੂੰ ਭਾਰਤੀ ਨਾਗਰਿਕ ਸਾਬਤ ਕਰਨਾ ਕਿੰਨਾ ਔਖਾ?

ਤਸਵੀਰ ਸਰੋਤ, Getty Images
- ਲੇਖਕ, ਲਾਲਟੂ
- ਰੋਲ, ਬੀਬੀਸੀ ਪੰਜਾਬੀ ਲਈ
ਗੰਗਾ ਆਮਾਰ ਮਾਂ ਪੌਦਮਾ ਆਮਾਰ ਮਾਂ' ਅਤੇ 'ਗੰਗਾ ਬਹਤੀ ਹੈ ਕਿਉਂ' ਵਰਗੇ ਗੀਤਾਂ ਦੇ ਗਾਇਕ ਭੂਪੇਨ ਹਜ਼ਾਰਿਕਾ ਆਪਣੀ ਮੂਲ ਭਾਸ਼ਾ ਅਖਹੋਮਿਆ ਤੋਂ ਵੱਧ ਬਾਂਗਲਾ ਵਿੱਚ ਗਾਉਣ ਲਈ ਜਾਣੇ ਜਾਂਦੇ ਹਨ।
ਇਹ ਕਿਹੋ ਜਿਹੀ ਤ੍ਰਾਸਦੀ ਹੈ ਕਿ ਆਸਾਮ ਵਿੱਚ ਕਈ ਦਹਾਕਿਆਂ ਤੋਂ ਰਹਿ ਰਹੇ ਕਥਿਤ ਬੰਗਲਾਦੇਸ਼ੀਆਂ ਨੂੰ ਕੱਢਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਹਨ ਅਤੇ ਇਸ ਨੂੰ ਵੱਡਾ ਸਿਆਸੀ ਮੁੱਦਾ ਬਣਾ ਦਿੱਤਾ ਗਿਆ ਹੈ।
ਇਨ੍ਹਾਂ ਵਿੱਚੋਂ ਵਧੇਰੇ ਲੋਕ ਗ਼ਰੀਬ ਹਨ ਜੋ ਉਜਾੜੇ ਦੀ ਮਾਰ ਨਹੀਂ ਝੱਲ ਪਾਉਣਗੇ ਅਤੇ ਉਜਾੜੇ ਜਾਣ ਦੀ ਹਾਲਤ ਵਿੱਚ ਉਨ੍ਹਾਂ ਕੋਲ ਸਿਰ ਲੁਕਾਉਣ ਲਈ ਕੋਈ ਥਾਂ ਨਹੀਂ ਹੈ।
ਇਹ ਵੀ ਪੜ੍ਹੋ:
ਕਿਵੇਂ ਮਾਂ ਨੂੰ ਭਾਰਤੀ ਸਾਬਿਤ ਕਰਾਂਗਾ?
ਮੇਰੇ ਮਾਂ ਦਾ ਜਨਮ ਮੌਜੂਦਾ ਬੰਗਲਾਦੇਸ਼ ਵਿੱਚ ਹੋਇਆ ਸੀ। ਸੰਨ 2012 ਦੇ ਅਗਸਤ ਮਹੀਨੇ ਵਿੱਚ ਮੈਂ ਕਾਲਾਮ੍ਰਿਧਾ ਨਾਂ ਦੇ ਪਿੰਡ ਵਿੱਚ ਪਹੁੰਚਿਆ ਜਿੱਥੇ ਮੇਰੀ ਮਾਂ ਦਾ ਜਨਮ ਹੋਇਆ ਸੀ।
ਮੈਨੂੰ ਜੇਸੋਰ ਦੀ ਯੂਨੀਵਰਸਿਟੀ ਨੇ ਕੂੰਜੀਵਤ ਭਾਸ਼ਣ ਲਈ ਬੁਲਾਇਆ ਸੀ ਅਤੇ ਉੱਥੋਂ ਇੱਕ ਅਧਿਆਪਕ ਬਾਬਲੂ ਮੰਡਲ ਮੈਨੂੰ ਕਾਲਾਮ੍ਰਿਧਾ ਲੈ ਗਏ।
ਸੱਤਰ ਸਾਲ ਪਹਿਲਾਂ ਮੇਰੀ ਮਾਂ ਦੇ ਨਾਨਾ ਨੇੜੇ ਦੇ ਪਿੰਡ ਵਿੱਚ ਪ੍ਰਿੰਸੀਪਲ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਹਾਈ ਸਕੂਲ ਵਿੱਚ ਪ੍ਰਿੰਸੀਪਲ ਰਹੇ ਸਨ।

ਤਸਵੀਰ ਸਰੋਤ, Getty Images
ਅਧਿਆਪਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਉਹ ਘਰ ਲੱਭਣ ਲੱਗਿਆ ਜਿੱਥੇ ਮੇਰੀ ਮਾਂ ਦਾ ਜਨਮ ਹੋਇਆ ਸੀ।
ਪਹਿਲਾਂ ਤਾਂ ਇੱਕ ਕਿਸਾਨ ਮਿਲਿਆ ਜਿਸ ਨੇ ਗ਼ੈਰ-ਦੋਸਤਾਨਾ ਰਵੱਈਆ ਦਿਖਾਇਆ। ਉਸ ਨੂੰ ਡਰ ਸੀ ਕਿ ਮੈਂ ਸ਼ਾਇਦ ਕੋਈ ਦਾਅਵਾ ਠੋਕਣ ਆਇਆ ਹਾਂ।
ਫਿਰ ਇੱਕ ਚੰਗਾ ਬੰਦਾ ਮਿਲਿਆ ਜਿਸ ਦੇ ਨਾਲ ਮੇਰੀ ਮਾਂ ਦੇ ਨਾਨਾ ਨੇ ਜ਼ਮੀਨ ਦੀ ਤਬਦੀਲੀ ਕੀਤੀ ਸੀ।
ਮੇਰੀ ਮਾਂ ਦੇ ਪਿਤਾ ਯਾਨੀ ਮੇਰੇ ਨਾਨਾ ਪੱਛਮ ਬੰਗਾਲ ਦੇ ਸਨ ਅਤੇ ਆਜ਼ਾਦੀ ਤੋਂ ਕਈ ਸਾਲ ਪਹਿਲਾਂ ਹੀ ਮਾਂ ਇਸ ਪਾਸੇ ਆ ਗਈ ਸੀ। ਅੱਜ ਮੈਂ ਸੋਚਦਾ ਹਾਂ ਕਿ ਜੇ ਮੈਨੂੰ ਕਿਤੇ ਇਹ ਸਾਬਿਤ ਕਰਨਾ ਹੋਵੇ ਕਿ ਮੇਰੀ ਮਾਂ ਭਾਰਤੀ ਹੀ ਹੈ ਤਾਂ ਮੈਂ ਕਿਵੇਂ ਕਰਾਂਗਾ।
ਇਹ ਵੀ ਪੜ੍ਹੋ:
ਦੱਖਣ ਭਾਰਤ ਵਿੱਚ ਉੱਤਰ ਭਾਰਤੀ ਵਸੇ
ਮੇਰੇ ਬਾਪੂ ਨੇ ਮਾਂ ਨਾਲ ਵਿਆਹ ਦੇ ਕੁਝ ਸਾਲ ਪਹਿਲਾਂ ਇੱਕ ਮੁਸਲਮਾਨ ਕੁੜੀ ਨਾਲ ਵਿਆਹ ਕੀਤਾ ਸੀ। ਆਜ਼ਾਦੀ ਤੋਂ ਪਹਿਲਾਂ ਹੋਏ ਦੰਗਿਆਂ ਦੌਰਾਨ ਉਸ ਔਰਤ ਨੂੰ ਬਾਪੂ ਨੇ ਪਨਾਹ ਦਿੱਤੀ ਸੀ ਜਾਂ ਜ਼ਬਰਨ ਉਸ ਨੂੰ ਘਰ ਰੱਖ ਲਿਆ ਸੀ।
ਇੱਕ ਦਿਨ ਉਸ ਔਰਤ ਦੇ ਰਿਸ਼ਤੇਦਾਰ ਆਏ ਅਤੇ ਬਾਪੂ ਦੀ ਗ਼ੈਰ-ਹਾਜ਼ਰੀ ਵਿੱਚ ਉਸ ਨੂੰ ਲੈ ਗਏ। ਬਾਪੂ ਨੇ ਲੰਬੇ ਅਰਸੇ ਤੱਕ ਕੇਸ ਲੜਿਆ ਪਰ ਨਾ ਤਾਂ ਉਹ ਪਤਨੀ ਮਿਲੀ ਅਤੇ ਨਾਂ ਹੀ ਉਨ੍ਹਾਂ ਦੀ ਧੀ ਜਿਸ ਦਾ ਨਾਂ ਉਨ੍ਹਾਂ ਨੇ ਜਸਵੰਤ ਕੌਰ ਰੱਖਿਆ ਸੀ।
ਮੈਂ ਅਕਸਰ ਸੋਚਦਾ ਹਾਂ ਕਿ ਪਾਕਿਸਤਾਨ ਵਿੱਚ ਜਾਂ ਬੰਗਲਾਦੇਸ਼ ਵਿੱਚ ਕਿਤੇ ਮੇਰੀ ਉਹ ਵੱਡੀ ਭੈਣ ਹੈ, ਪਤਾ ਨਹੀਂ ਜ਼ਿੰਦਾ ਵੀ ਹੈ ਜਾਂ ਨਹੀਂ।
ਅੱਜ ਜਦੋਂ ਆਸਾਮ ਵਿੱਚ ਜ਼ਬਰਨ ਐੱਨ.ਆਰ.ਸੀ. ਵਿੱਚ ਦਾਖਲੇ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ ਤਾਂ ਇਹ ਗੱਲਾਂ ਯਾਦ ਕਰ ਦਾ ਹੋਇਆ ਮੈਂ ਹੈਦਰਾਬਾਦ ਵਿੱਚ ਬੈਠਾ ਹਾਂ।

ਤਸਵੀਰ ਸਰੋਤ, Getty Images
ਇੱਕ ਜ਼ਮਾਨੇ ਵਿੱਚ ਇਹ ਸ਼ਹਿਰ ਮੁਸਲਮਾਨ ਬਹੁਗਿਣਤੀ ਵਾਲਾ ਹੁੰਦਾ ਸੀ ਅੱਜ ਇੱਥੇ ਮੁਸਲਮਾਨਾਂ ਦੀ ਗਿਣਤੀ ਇੱਕ ਤਿਹਾਈ ਤੋਂ ਵੀ ਘੱਟ ਹੈ।
ਸ਼ਹਿਰ ਵਿੱਚ ਉੱਤਰੀ ਭਾਰਤੀਆਂ ਦੀ ਤਾਦਾਦ ਪਿਛਲੇ ਦਹਾਕਿਆਂ ਦੌਰਾਨ ਤੇਜ਼ੀ ਨਾਲ ਵਧੀ ਹੈ ਜਿਵੇਂ ਬੈਂਗਲੁਰੂ ਅਤੇ ਦੂਜੇ ਸੂਚਨਾ ਤਕਨਾਲੋਜੀ ਕੇਂਦਰ ਮੰਨੇ ਜਾਣ ਵਾਲੇ ਸ਼ਹਿਰਾਂ ਵਿੱਚ ਵਧੀ ਹੈ।
ਬੈਂਗਲੁਰੂ ਬਾਰੇ ਤਾਂ ਮੰਨਿਆ ਜਾਂਦਾ ਹੈ ਕਿ ਉੱਤਰ-ਭਾਰਤੀਆਂ ਨੇ ਸ਼ਹਿਰ ਦਾ ਮਿਜਾਜ਼ ਅਤੇ ਮਾਹੌਲ ਹੀ ਬਦਲ ਦਿੱਤਾ ਹੈ ਅਤੇ ਉੱਥੇ ਪਹਿਲਾਂ ਤੋਂ ਰਹਿਣ ਵਾਲੇ ਕੰਨੜ ਅਤੇ ਤਮਿਲ ਭਾਸ਼ਾ ਬੋਲਣ ਵਾਲੇ ਲੋਕ ਪ੍ਰੇਸ਼ਾਨ ਹਨ।
ਗ਼ਰੀਬ ਹਰ ਹਾਲਾਤ ਵਿੱਚ ਜਿਊਂਦੇ ਹਨ
ਦਰਅਸਲ ਜਿੱਥੇ ਕਿਤੇ ਵੀ ਬਿਹਤਰ ਮਾਲੀ ਮਾਹੌਲ ਹੋਵੇਗਾ, ਲੋਕ ਦੂਜੇ ਇਲਾਕਿਆਂ ਤੋਂ ਉੱਥੇ ਆ ਜਾਂਦੇ ਹਨ ਅਤੇ ਅਕਸਰ ਅਜਿਹੀ ਸੰਕਟ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਗ਼ਰੀਬ ਲੋਕ ਜ਼ਿੰਦਾ ਰਹਿਣ ਲਈ ਮੁਕਾਮੀ ਸੱਭਿਆਚਾਰ ਦੇ ਨਾਲ ਜਿਊਣਾ ਸਿੱਖ ਜਾਂਦੇ ਹਨ ਪਰ ਆਪਣੀ ਵਿਰਾਸਤ ਨਹੀਂ ਛੱਡਦੇ। ਭਾਵੇਂ ਜਿਵੇਂ ਵੀ ਕਰਨ, ਆਪਣੀਆਂ ਮਾਨਤਾਵਾਂ ਮੁਤਾਬਕ ਜਿਊਣ ਲਈ ਜ਼ਮੀਨ ਲੱਭ ਹੀ ਲੈਂਦੇ ਹਨ।
ਜਦੋਂ ਹਾਲਾਤ ਮੁਕਾਮੀ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੋਣ ਲਗਦੇ ਹਨ ਤਾਂ ਕੁਝ ਜ਼ਬਰ ਅਤੇ ਕੁਝ ਸਰਕਾਰੀ ਦਖ਼ਲ ਨਾਲ ਬਾਹਰ ਤੋਂ ਆ ਰਹੇ ਲੋਕਾਂ ਉੱਤੇ ਰੋਕ ਲਗਾਈ ਜਾਂਦੀ ਹੈ ਪਰ ਵਸ ਚੁੱਕੇ ਲੋਕਾਂ ਨੂੰ ਉੱਥੋਂ ਬਾਹਰ ਭੇਜਣ ਦੀ ਗੱਲ ਨਹੀਂ ਹੁੰਦੀ।

ਤਸਵੀਰ ਸਰੋਤ, Getty Images
ਆਸਾਮ ਵਿੱਚ 40 ਲੱਖ ਲੋਕਾਂ ਨੂੰ ਬਾਹਰ ਭੇਜਣ ਦੀ ਗੱਲ ਹੋ ਰਹੀ ਹੈ। ਕਿੱਥੇ? ਕੋਈ ਨਹੀਂ ਜਾਣਦਾ। ਸ਼ੁਕਰ ਹੈ ਕਿ ਹੁਣ ਤੱਕ ਉਨ੍ਹਾਂ ਦੇ ਹਾਲਾਤ ਮਿਆਂਮਾਰ ਤੋਂ ਖਦੇੜੇ ਰੋਹਿੰਗਿਆ ਮੁਸਲਮਾਨਾਂ ਵਾਂਗ ਨਹੀਂ ਹਨ।
ਕਦੋਂ ਬਣੇਗਾ ਇਨਸਾਨ ਸੱਭਿਅਕ?
ਇਹ ਸਹੀ ਹੈ ਸਿਆਸੀ ਭ੍ਰਿਸ਼ਟਾਚਾਰ ਤੋਂ ਲੋਕ ਪ੍ਰੇਸ਼ਾਨ ਹਨ ਪਰ ਇਸ ਦਾ ਹੱਲ ਤਾਂ ਬਿਹਤਰ ਸਿਆਸੀ ਅਗਵਾਈ ਦੀ ਪਛਾਣ ਕਰਕੇ ਉਸ ਨੂੰ ਅੱਗੇ ਵਧਾਉਣ ਨਾਲ ਹੀ ਹੋ ਸਕਦਾ ਹੈ ਨਾ ਕਿ ਗ਼ਰੀਬ ਬੰਗਾਲੀਆਂ ਨੂੰ ਖਦੇੜਨਾ ਇਸ ਦਾ ਹੱਲ ਹੈ।
ਪਤਾ ਨਹੀਂ ਇਨਸਾਨ ਕਦੋਂ ਸਹੀ ਮਾਅਨੇ ਵਿੱਚ ਸੱਭਿਅਕ ਬਣਨਗੇ।
ਬੰਗਲਾਦੇਸ਼ ਦੇ ਫਿਲਮ ਨਿਰਦੇਸ਼ਕ ਕੈਥਰੀਨ ਅਤੇ ਤਾਰੀਕ ਮਸੂਦ ਦੀ ਬਣਾਈ ਫਿਲਮ ਔਂਤੋਰਜਾਤਰਾ (ਅੰਤ ਯਾਤਰਾ) ਵਿੱਚ ਪੁੱਤਰ ਦੀ ਮੌਤ ਤੋਂ ਦੁਖੀ ਇੱਕ ਬਜ਼ੁਰਗ ਆਪਣੇ ਜਵਾਨ ਪੋਤੇ ਨੂੰ ਰਾਤ ਵੇਲੇ ਦੂਰ ਤੋਂ ਸੁਣਾਈ ਦੇ ਰਹੇ ਭਜਨ ਗਾਉਣ ਵਾਲਿਆਂ ਬਾਰੇ ਦੱਸਦਾ ਹੈ ਕਿ ਉਹ ਕਦੇ ਉਡੀਸਾ ਤੋਂ ਆ ਕੇ ਚਾਹ ਦੇ ਬਾਗ਼ਾਨ ਵਿੱਚ ਵਸ ਗਏ ਮਜ਼ਦੂਰ ਹਨ ਜੋ ਹੁਣ ਬੰਗਲਾਦੇਸ਼ ਦੇ ਬਾਸ਼ਿੰਦੇ ਹਨ।
ਰਾਤ ਵਿੱਚ ਉਹ ਆਵਾਜ਼ ਸਾਨੂੰ ਸੁਚੇਤ ਕਰਦੀ ਹੈ ਕਿ ਇਨਸਾਨ ਦਾ ਜੀਵਨ ਕਿੰਨੀਆਂ ਮੁਸ਼ਕਿਲਾਂ ਨਾਲ ਭਰਿਆ ਹੈ ਅਤੇ ਕਿਵੇਂ ਅਸੀਂ ਸਾਰੇ ਹਾਲਾਤ ਨਾਲ ਸਮਝੌਤਾ ਕਰ ਲੈਂਦੇ ਹਾਂ।

ਤਸਵੀਰ ਸਰੋਤ, Getty Images
ਇਹ ਵੀ ਪੜ੍ਹੋ:
ਬੰਗਲਾਦੇਸ਼ ਬਣਨ ਤੋਂ ਬਾਅਦ ਉੱਥੇ ਵਸੇ ਬਿਹਾਰੀ ਮੁਸਲਮਾਨਾਂ ਲਈ ਜਾਣ ਲਈ ਕੋਈ ਥਾਂ ਨਹੀਂ ਰਹੀ। ਹੌਲੀ-ਹੌਲੀ ਉਹ ਬਾਂਗਲਾ ਸਮਾਜ ਦਾ ਹਿੱਸਾ ਬਣ ਗਏ। ਪੂਰੀ ਦੁਨੀਆਂ ਵਿੱਚ ਇਹ ਹਮੇਸ਼ਾ ਹੁੰਦਾ ਰਿਹਾ ਹੈ।
ਖੁਦ ਅਖਹੋਮ (ਅਸਮਿਆ) ਲੋਕ ਕੁਝ ਹੀ ਸਦੀਆਂ ਪਹਿਲਾਂ ਬਾਹਰ ਤੋਂ ਆ ਕੇ ਆਸਾਮ ਵਿੱਚ ਵਸੇ ਹਨ। ਇਹ ਕਿਹੋ ਜਿਹੀ ਇਨਸਾਨੀ ਫਿਤਰਤ ਹੈ ਕਿ ਅਸੀਂ ਜਿਸ ਥਾਂ ਉੱਤੇ ਜੰਮ ਜਾਈਏ, ਉੱਥੇ ਦੂਜਿਆਂ ਦਾ ਕੋਲ ਆ ਕੇ ਵਸਣਾ ਸਹਾਰ ਨਹੀਂ ਸਕਦੇ।
(ਲੇਖਕ ਪੇਸ਼ੇ ਵਜੋਂ ਵਿਗਿਆਨੀ ਹਨ ਅਤੇ ਹਿੰਦੀ ਦੇ ਮੰਨੇ-ਪ੍ਰਮੰਨੇ ਕਵੀ ਹਨ।)












