ਮੇਰੀ ਨਸ਼ੇ ਦੀ ਆਦਤ ਨੇ ਮੇਰੀ ਮਾਂ ਵਰਗੀ ਨਾਨੀ ਨੂੰ ਮਾਰ ਦਿੱਤਾ : ਪ੍ਰਤੀਕ ਬੱਬਰ

ਤਸਵੀਰ ਸਰੋਤ, fb/prateikbabbar
- ਲੇਖਕ, ਮਧੁ ਪਾਲ
- ਰੋਲ, ਮੁੰਬਈ ਤੋਂ ਬੀਬੀਸੀ ਦੇ ਲਈ
ਮਰਹੂਮ ਅਦਾਕਾਰ ਸਮਿਤਾ ਪਾਟਿਲ ਅਤੇ ਅਦਾਕਾਰ ਤੇ ਕਾਂਗਰਸੀ ਆਗੂ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ 12 ਸਾਲ ਦੀ ਉਮਰ ਵਿੱਚ ਹੀ ਡਰੱਗਸ ਦੇ ਆਦੀ ਹੋ ਗਏ ਸਨ।
ਇਸ ਤੋਂ ਪਿੱਛਾ ਛੁਡਾਉਣ ਲਈ ਉਨ੍ਹਾਂ ਨੂੰ ਦੋ ਵਾਰ ਮੁੜ ਵਸੇਬਾ ਕੇਂਦਰ 'ਚ ਵੀ ਭੇਜਿਆ ਗਿਆ ਸੀ। ਅੱਜ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੋ ਗਏ ਹਨ।
ਨਸ਼ੇ ਦੇ ਆਦੀ ਹੋਣ ਦੇ ਕਾਰਨ ਉਹ ਆਪਣੇ ਅੰਦਰ ਦੇ ਗੁੱਸੇ ਬਾਰੇ ਦੱਸਦੇ ਹਨ। ਇਹ ਗੁੱਸਾ ਆਪਣੀ ਮਾਂ ਨੂੰ ਨਾ ਮਿਲ ਸਕਨ ਦੇ ਦੁਖ ਅਤੇ ਪਿਤਾ ਤੋਂ ਵਧਦੀ ਦੂਰੀ ਦੇ ਕਾਰਨ ਸੀ।
ਇਹ ਵੀ ਪੜ੍ਹੋ:
ਪ੍ਰਤੀਕ ਬੱਬਰ ਨੇ 2008 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਜਾਨੇ ਤੂ ਯਾ ਜਾਨੇ ਨਾ' ਦੇ ਨਾਲ ਕੀਤੀ ਸੀ।
ਇਸ ਫ਼ਿਲਮ ਦੇ ਨਿਰਮਾਤਾ ਆਮਿਰ ਖ਼ਾਨ ਸਨ। ਇਸ ਤੋਂ ਬਾਅਦ ਉਹ ਆਮਿਰ ਖ਼ਾਨ ਦੀ ਇੱਕ ਹੋਰ ਫ਼ਿਲਮ 'ਧੋਬੀ ਘਾਟ' 'ਚ ਵੀ ਨਜ਼ਰ ਆਏ ਸਨ।

ਤਸਵੀਰ ਸਰੋਤ, DNH MEDIA
ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਝਾ ਦੀ ਫ਼ਿਲਮ 'ਆਰਕਸ਼ਣ' 'ਚ ਵੀ ਉਹ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ। ਪਰ ਉਸ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਫ਼ਿਲਮੀ ਦੁਨੀਆ ਤੋਂ ਗਾਇਬ ਰਹੇ।
ਬੀਤੇ ਸਾਲ ਹੀ ਟਾਈਗਰ ਸ਼ਰਾਫ਼ ਦੇ ਨਾਲ 'ਬਾਗੀ 2' ਵਿੱਚ ਨਜ਼ਰ ਆਏ ਪ੍ਰਤੀਕ ਬੱਬਰ ਹੁਣ ਨਿਰਦੇਸ਼ਕ ਅਨੁਭਵ ਸਿਨ੍ਹਾ ਦੀ ਫ਼ਿਲਮ 'ਮੁਲਕ' ਵਿੱਚ ਨਜ਼ਰ ਆਏ ਹਨ।
ਇਸ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਪ੍ਰਤੀਕ ਬੱਬਰ ਨੇ ਕਿਹਾ, ''ਮੈਂ ਮਰਨ ਦੇ ਕੰਢੇ 'ਤੇ ਸੀ, ਡਰੱਗਸ ਦੀ ਆਦਤ ਨੇ ਮੈਨੂੰ ਲਗਭਗ ਮਾਰ ਦਿੱਤਾ ਸੀ, ਮੇਰੀ ਨਾਨੀ, ਜੋ ਮੇਰੀ ਮਾਂ ਵਰਗੀ ਸੀ, ਦੀ ਇਸ ਚਿੰਤਾ ਵਿੱਚ ਹੀ ਮੌਤ ਹੋ ਗਈ ਕਿ ਮੈਂ ਨਸ਼ੇ ਦਾ ਆਦੀ ਹਾਂ।''
''ਉਨ੍ਹਾਂ ਦੀ ਮੌਤ ਨਾਲ ਮੈਨੂੰ ਸਦਮਾ ਲੱਗਿਆ, ਮੇਰੀ ਨਾਨੀ ਅਤੇ ਨਾਨਾ ਦੋਵਾਂ ਨੇ ਮੈਨੂੰ ਬਚਪਨ ਤੋਂ ਹੀ ਪਾਲਿਆ ਸੀ। ਅੱਜ ਮੇਰੇ ਦੋਸਤ, ਪਿਤਾ, ਭਰਾ ਹਨ ਪਰ ਉਹ ਦੋਵੇਂ ਨਹੀਂ ਹਨ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੈ, ਉਨ੍ਹਾਂ ਲਈ ਮੈਂ ਮਰਦੇ ਦਮ ਤੱਕ ਕਦੇ ਡਰੱਗਸ ਨੂੰ ਹੱਥ ਨਹੀਂ ਲਗਾਵਾਂਗਾ।''
'ਅਦਾਕਾਰ ਅਕਸਰ ਆਪਣੀ ਨਸ਼ੇ ਦੀਆਂ ਆਦਤਾਂ ਨੂੰ ਲੁਕਾਉਂਦੇ ਹਨ। ਉਸ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦੇ। ਪ੍ਰਤੀਕ ਕਹਿੰਦੇ ਹਨ, ''ਡਰੱਗਸ ਦੇ ਨਾਲ ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ।''
''ਮੇਰੇ ਦਿਮਾਗ ਵਿੱਚ ਆਵਾਜ਼ਾਂ ਆਉਂਦੀਆਂ ਸਨ ਕਿ ਮੇਰੀ ਮਾਂ ਕੌਣ ਸੀ? ਹੋਣਗੇ ਉਹ ਬਹੁਤ ਕਾਮਯਾਬ ਪਰ ਮੇਰੇ ਨਾਲ ਕਿਉਂ ਨਹੀਂ ਹਨ, ਕਿਉਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹਾਂ?"
"ਕਿਉਂ ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ? ਕਿਉਂ ਉਨ੍ਹਾਂ ਕੋਲ ਮੇਰੇ ਲਈ ਸਮਾਂ ਨਹੀਂ ਹੈ? ਪਿਤਾ ਜੀ ਮਿਲਣ ਆਉਂਦੇ ਸਨ ਪਰ ਮੇਰੇ ਨਾਲ ਨਹੀਂ ਰਹਿੰਦੇ ਸਨ। ਮੇਰੇ ਪਿਤਾ ਮੇਰੇ ਹੀਰੋ ਹਨ ਪਰ ਉਹ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਨੇਤਾ ਵੀ ਸਨ, ਜਿਸਦੇ ਚਲਦਿਆਂ ਉਹ ਹਮੇਸ਼ਾ ਮਸਰੂਫ਼ ਰਹਿੰਦੇ ਸਨ।''
ਪ੍ਰਤੀਕ ਕਹਿੰਦੇ ਹਨ, ''ਉਨ੍ਹਾਂ ਕੋਲ ਮੇਰੀ ਗੱਲ ਸੁਣਨ ਦਾ ਸਮਾਂ ਨਹੀਂ ਸੀ। ਪਿਤਾ ਦਾ ਮੇਰੇ ਤੋਂ ਦੂਰ ਰਹਿਣਾ ਮੇਰੇ ਗੁੱਸੇ ਦਾ ਕਾਰਨ ਵੀ ਸੀ। ਸਾਰੇ ਲੋਕ ਮੈਨੂੰ ਮੇਰੀ ਮਾਂ ਦੀ ਕਾਮਯਾਬੀ ਬਾਰੇ ਦੱਸਦੇ ਸਨ ਪਰ ਮੈਨੂੰ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ।"
"ਮੈਂ ਅਕਸਰ ਆਪਣੇ ਨਾਨਾ-ਨਾਨੀ ਨਾਲ ਲੜਦਾ ਸੀ, ਉਨ੍ਹਾਂ 'ਤੇ ਗੁੱਸਾ ਕਰਦਾ ਸੀ ਅਤੇ ਕਹਿੰਦਾ ਸੀ ਮੈਨੂੰ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਉਹ ਕਿੰਨੀ ਕਾਮਯਾਬ ਸੀ। ਮੈਨੂੰ ਬਸ ਇਸ ਗੱਲ ਨਾਲ ਫ਼ਰਕ ਪੈਂਦਾ ਸੀ ਕਿ ਉਹ ਮੇਰੇ ਨਾਲ ਕਿਉਂ ਨਹੀਂ ਹਨ। ਮੈਂ ਬਚਪਨ 'ਚ ਕਈ ਵਾਰ ਘਰ ਛੱਡ ਕੇ ਚਲਾ ਜਾਂਦਾ ਸੀ।''

ਤਸਵੀਰ ਸਰੋਤ, dnh media
ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪ੍ਰਤੀਕ ਕਹਿੰਦੇ ਹਨ, ''ਇਸ ਸਭ ਦੇ ਚਲਦਿਆਂ ਪਹਿਲੀ ਵਾਰ 12 ਸਾਲ ਦੀ ਉਮਰ ਵਿੱਚ ਡਰੱਗਸ ਲੈਣਾ ਸ਼ੁਰੂ ਕੀਤਾ। 15 ਸਾਲ ਦੀ ਉਮਰ ਵਿੱਚ ਮੁੜ ਵਸੇਬਾ ਕੇਂਦਰ ਗਿਆ ਅਤੇ ਇੱਕ ਸਾਲ ਬਾਅਦ ਵਾਪਸ ਆਇਆ, ਪਰ ਡਰੱਗਸ ਦੀ ਆਦਤ ਇੰਨੀ ਸੀ ਕਿ ਮੈਂ ਫ਼ਿਰ ਤੋਂ ਡਰੱਗਸ ਲੈਣਾ ਸ਼ੁਰੂ ਕਰ ਦਿੱਤਾ।''
ਪ੍ਰਤੀਕ ਦੱਸਦੇ ਹਨ ਕਿ ਉਹ ਬਿਨ੍ਹਾਂ ਡਰੱਗਸ ਦੇ ਰਹਿ ਨਹੀਂ ਸਕਦੇ ਸੀ। ਉਹ ਆਪਣੀ ਜ਼ਿੰਦਗੀ ਨੂੰ ਹਨੇਰੇ ਵਿੱਚ ਪਾਉਂਦੇ ਸੀ, ਪਰ ਅੱਜ ਉਹ ਬਦਲ ਗਏ ਹਨ ਅਤੇ ਹੁਣ ਉਹ ਆਪਣੇ ਕੰਮ ਦੇ ਪ੍ਰਤੀ ਬਹੁਤ ਸੰਜੀਦਾ ਹਨ।
ਪ੍ਰਤੀਕ ਆਪਣੀ ਮਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦੇ ਹਨ, ''ਸਾਰੇ ਦੱਸਦੇ ਹਨ ਕਿ ਮਾਂ ਦਿਲ ਦੀ ਬਹੁਤ ਚੰਗੀ ਸੀ, ਸਭ ਨੂੰ ਖ਼ੁਸ਼ ਹੋਕੇ ਮਿਲਦੀ ਸੀ। ਕਈ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਨੇ ਆਪਣੀ ਥਾਂ ਬਣਾਈ ਹੋਈ ਹੈ। ਮੇਰੀ ਵੀ ਕੋਸ਼ਿਸ਼ ਰਹੇਗੀ ਉਨ੍ਹਾਂ ਵਾਂਗ ਬਣਨ ਦੀ।''
ਫ਼ਿਲਮ 'ਮੁਲਕ' ਵਿੱਚ ਅਦਾਕਾਰ ਰਿਸ਼ੀ ਕਪੂਰ ਅਤੇ ਤਾਪਸੀ ਪਨੂੰ ਦੇ ਨਾਲ ਪ੍ਰਤੀਕ ਬੱਬਰ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:












