ਸਪੋਰਟਸ ਜਹਾਜ਼ 'ਤੇ ਦੁਨੀਆਂ ਦੀ ਸੈਰ ਕਰਨ ਨਿਕਲੀਆਂ ਪੰਜਾਬੀ ਕੁੜੀਆਂ

ਤਸਵੀਰ ਸਰੋਤ, Social Access Communication Pvt Ltd
23 ਸਾਲ ਦੀ ਕੀਥਿਅਰ ਮਿਸੀਕਵਟਾ ਤੇ 21 ਸਾਲ ਦੀ ਆਰੋਹੀ ਪੰਡਿਤ ਦੁਨੀਆਂ ਦੀ ਸੈਰ 'ਤੇ ਨਿਕਲੀਆਂ ਹਨ, ਆਪਣੇ ਸਪੋਰਟਸ ਜਹਾਜ਼ 'ਮਾਹੀ' ਵਿੱਚ।
'ਮਾਹੀ' ਇਨ੍ਹਾਂ ਦੇ ਲਾਈਟ ਸਪੋਰਟਸ ਏਅਰਕ੍ਰਾਫਟ ਦਾ ਨਾਂ ਹੈ, ਜਿਸ ਰਾਹੀਂ ਇਹ 100 ਦਿਨਾਂ ਵਿੱਚ ਤਿੰਨ ਮਹਾ ਟਾਪੂਆਂ ਦੇ 23 ਦੇਸਾਂ ਦਾ ਦੌਰਾ ਕਰਕੇ ਭਾਰਤ ਵਾਪਸ ਪਰਤਣਗੀਆਂ।
ਐਤਵਾਰ ਨੂੰ ਪਟਿਆਲਾ ਏਅਰ ਬੇਸ ਤੋਂ ਇਨ੍ਹਾਂ ਕੁੜੀਆਂ ਨੇ ਉਡਾਨ ਭਰੀ।
ਇਹ ਵੀ ਪੜ੍ਹੋ:
ਵਧੇਰੇ ਲੋਕ ਜ਼ਮੀਨ ਤੋਂ ਅਸਮਾਨ ਵੱਲ ਜਾਣ ਦੀ ਕਲਪਨਾ ਕਰਦੇ ਹਨ ਪਰ ਇਹ ਦੋਵੇਂ ਕੁੜੀਆਂ ਅਸਮਾਨ ਤੋਂ ਧਰਤੀ ਨੂੰ ਸਮਝਣਾ ਚਾਹੁੰਦੀਆਂ ਹਨ।
ਜੇ ਇਹ ਸਫਲ ਰਹੀ ਤਾਂ ਇਹ ਇਤਿਹਾਸਕ ਹੋਵੇਗਾ। ਲਾਈਟ ਸਪੋਰਟਸ ਏਅਰਕ੍ਰਾਫਟ ਵਿੱਚ ਧਰਤੀ ਦਾ ਚੱਕਰ ਲਗਾਉਣ ਵਾਲੀਆਂ ਇਹ ਪਹਿਲੀਆਂ ਭਾਰਤੀ ਕੁੜੀਆਂ ਹੋਣਗੀਆਂ।
ਸਫ਼ਰ ਦੌਰਾਨ ਉਹ ਕਈ ਥਾਵਾਂ 'ਤੇ ਰੁਕਣਗੀਆਂ, ਜਿੱਥੇ ਗਰਾਊਂਡ ਸਟਾਫ ਉਨ੍ਹਾਂ ਦੇ ਰਹਿਣ ਤੋਂ ਲੈ ਕੇ ਫਲਾਈਟ ਪਾਰਕਿੰਗ ਅਤੇ ਅੱਗੇ ਦਾ ਰੂਟ ਤੈਅ ਕਰਨਗੇ। ਖਾਸ ਗੱਲ ਕਿ ਗਰਾਊਂਡ ਸਟਾਫ ਵਿੱਚ ਵੀ ਸਾਰੀਆਂ ਕੁੜੀਆਂ ਹੀ ਹੋਣਗੀਆਂ।
'ਮਾਹੀ'ਨਾਂ ਕਿਸ ਤੋਂ ਪ੍ਰਭਾਵਿਤ?
ਸਪੋਰਟਸ ਏਅਰਕ੍ਰਾਫਟ 'ਮਾਹੀ' ਦਾ ਨਾਂ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਤੋਂ ਨਹੀਂ ਬਲਕਿ ਆਪਣੇ ਮਤਲਬ ਤੋਂ ਪ੍ਰਭਾਵਿਤ ਹੈ। ਸੰਸਕ੍ਰਿਤ ਭਾਸ਼ਾ ਵਿੱਚ ਮਾਹੀ ਦਾ ਮਤਲਬ 'ਧਰਤੀ' ਹੁੰਦਾ ਹੈ।
'ਮਾਹੀ' ਭਾਰਤ ਦਾ ਪਹਿਲਾ ਰਜਿਸਟਰਡ ਲਾਇਟ ਸਪੋਰਟਸ ਏਅਰਕ੍ਰਾਫਟ ਹੈ।
'ਮਾਹੀ' ਦਾ ਇੰਜਨ ਗੱਡੀ ਮਾਰੂਤੀ ਬਲੇਨੋ ਜਿੰਨਾ ਸ਼ਕਤੀਸ਼ਾਲੀ ਹੈ। ਇਹ 215 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਅਸਮਾਨ ਵਿੱਚ ਤੈਰ ਸਕਦਾ ਹੈ।

ਤਸਵੀਰ ਸਰੋਤ, Social Access Communication Pvt Ltd
ਇੱਕ ਵਾਰ ਵਿੱਚ 60 ਲੀਟਰ ਤੇਲ ਪੈ ਸਕਦਾ ਹੈ, ਜਿਸ ਕਰਕੇ ਇੱਕ ਵਾਰ ਵਿੱਚ ਇਹ ਸਾਢੇ ਚਾਰ ਘੰਟੇ ਲਈ ਹੀ ਉੱਡ ਸਕਦਾ ਹੈ।
ਲਾਇਟ ਸਪੋਰਟਸ ਏਅਰਕ੍ਰਾਫਟ 'ਮਾਹੀ' ਵਿੱਚ ਦੋ ਲੋਕ ਬੈਠ ਸਕਦੇ ਹਨ ਯਾਨੀ ਕਿ ਕੌਕਪਿੱਟ ਵਿੱਚ ਆਟੋ ਜਿੰਨੇ ਬੈਠਣ ਦੀ ਥਾਂ ਹੈ। ਇਸ ਲਈ ਵੀ ਏਅਰਕ੍ਰਾਫਟ ਵਿੱਚ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਲਈ ਬੈਠਣਾ ਔਖਾ ਹੈ।
ਕਿਸੇ ਅਨਹੋਣੀ ਵਿੱਚ ਪੈਰਾਸ਼ੂਟ ਤੋਂ ਥੱਲੇ ਆਉਣ ਦਾ ਵੀ ਉਪਾਅ ਹੈ।
ਆਰੋਹੀ ਤੇ ਕੀਥਿਅਰ ਦੀ ਜ਼ਿੰਦਗੀ
ਪਟਿਆਲਾ ਤੋਂ ਦੋਵੇਂ ਕੁੜੀਆਂ ਦੱਖਣੀ-ਪੂਰਬੀ ਏਸ਼ੀਆ, ਜਾਪਾਨ, ਰੂਸ, ਕੈਨੇਡਾ, ਅਮਰੀਕਾ, ਗ੍ਰੀਨਲੈਂਡ, ਆਈਸਲੈਂਡ ਤੇ ਯੁਰਪ ਵੱਲ ਵਧਣਗੀਆਂ।
ਇਹ ਦੋਵੇਂ ਦੇਸ ਦੀਆਂ ਪਹਿਲੀ ਲਾਇਟ ਸਪੋਰਟਸ ਏਅਰਕ੍ਰਾਫਟ ਲਾਇਸੈਂਸ ਹੋਲਡਰ ਹਨ।
ਦੋਹਾਂ ਨੇ ਮੁੰਬਈ ਫਲਾਈਂਗ ਕਲੱਬ ਤੋਂ ਏਵੀਏਸ਼ਨ ਵਿੱਚ ਬੈਚਲਰਜ਼ ਦੀ ਪੜ੍ਹਾਈ ਕੀਤੀ ਹੈ।

ਤਸਵੀਰ ਸਰੋਤ, Social Access Communication Pvt Ltd
ਆਰੋਹੀ 4 ਸਾਲ ਦੀ ਉਮਰ ਤੋਂ ਹੀ ਪਾਇਲਟ ਬਣਨਾ ਚਾਹੁੰਦੀ ਸੀ। ਉਨ੍ਹਾਂ ਪਹਿਲੀ ਵਾਰ ਜਦ ਜਹਾਜ਼ ਵਿੱਚ ਸਫਰ ਕੀਤਾ ਤਾਂ ਇੱਕ ਔਰਤ ਜਹਾਜ਼ ਉਡਾ ਰਹੀ ਸੀ।
ਉਸੇ ਦਿਨ ਤੋਂ ਉਨ੍ਹਾਂ ਤੈਅ ਕਰ ਲਿਆ ਕਿ ਉਹ ਪਾਇਲਟ ਬਣਨਗੀ ਤੇ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ।
ਕੀਥਿਅਰ ਚਾਰਾਂ ਭੈਣਾਂ 'ਚੋਂ ਸਭ ਤੋਂ ਵੱਡੀ ਹੈ, ਉਹ ਬਿਜ਼ਨਸ ਪਰਿਵਾਰ ਤੋਂ ਹਨ। ਕੀਥਿਅਰ ਨੇ ਆਪਣੇ ਪਿਤਾ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਕੀਤਾ ਹੈ।
ਮਹਿਲਾ ਸਸ਼ਕਤੀਕਰਨ ਦਾ ਮਿਸ਼ਨ
ਦੁਨੀਆਂ ਦੀ ਸੈਰ ਦੇ ਇਸ ਮਿਸ਼ਨ ਨੂੰ WE ਯਾਨੀ ਕਿ ਮਹਿਲਾ ਸਸ਼ਕਤੀਕਰਨ ਦਾ ਨਾਂ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਮਹਿਲਾ ਤੇ ਬਾਲ ਕਲਿਆਣ ਮੰਤਰਾਲੇ ਦਾ ਬੇਟੀ ਪੜ੍ਹਾਓ ਬੇਟੀ ਬਚਾਉ ਮੁਹਿੰਮ ਵੀ ਇਸ ਮਿਸ਼ਨ ਦਾ ਹਿੱਸਾ ਰਹੇਗਾ।
ਪ੍ਰੋਗ੍ਰਾਮ ਕੋਆਡੀਨੇਟਰ ਦੇਵਕੰਨਿਆ ਧਰ ਨੇ ਦੱਸਿਆ, ''ਔਰਤਾਂ ਦੀ ਆਜ਼ਾਦੀ ਤੇ ਸਸ਼ਕਤੀਕਰਨ ਨੂੰ ਦੱਸਣ ਦਾ ਇਸ ਤੋਂ ਬਿਹਤਰ ਤਰੀਕਾ ਨਹੀਂ ਹੋ ਸਕਦਾ। ਆਰੋਹੀ ਅਤੇ ਕੀਥਿਅਰ ਹਰ ਦੇਸ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦਾ ਪ੍ਰਚਾਰ ਕਰਨਗੀਆਂ।''
ਇਸ ਮਿਸ਼ਨ ਲਈ ਦੋਹਾਂ ਨੇ ਅਪ੍ਰੈਲ ਤੋਂ ਤਿਆਰੀ ਸ਼ੁਰੂ ਕੀਤੀ ਸੀ।

ਤਸਵੀਰ ਸਰੋਤ, Social Access Communication Pvt Ltd
ਦੇਵਕੰਨਿਆ ਮੁਤਾਬਕ ਇਹ ਮਿਸ਼ਨ ਹੋਰਾਂ ਕੁੜੀਆਂ ਨੂੰ ਵੀ ਪ੍ਰੇਰਿਤ ਕਰੇਗਾ।
ਉਨ੍ਹਾਂ ਦੱਸਿਆ, ''ਛੋਟੀ ਉਮਰ ਵਿੱਚ ਅਜਿਹਾ ਕਦਮ ਚੁੱਕਣਾ ਪ੍ਰੇਰਣਾਦਾਇਕ ਹੈ, ਹਰ ਕੋਈ ਇਨ੍ਹਾਂ ਤੋਂ ਸਿੱਖਣਾ ਚਾਹੇਗਾ।''
''ਮਿਸ਼ਨ 'ਤੇ ਕਰਾਊਡਫੰਡਿਂਗ ਰਾਹੀਂ ਇਕੱਠਾ ਹੋਏ ਪੈਸੇ ਨਾਲ ਦੇਸ ਭਰ ਦੇ 110 ਸ਼ਹਿਰਾਂ ਦੀਆਂ ਗਰੀਬ ਕੁੜੀਆਂ ਨੂੰ ਏਵੀਏਸ਼ਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।''












