ਆਈਆਈਟੀ 'ਚ ਕੁੜੀਆਂ ਘੱਟ ਕਿਉਂ ਪੜ੍ਹਦੀਆਂ ਨੇ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਦੇਸ ਦੀ ਆਬਾਦੀ 'ਚ ਔਰਤਾਂ ਦੀ ਭਾਗੀਦਾਰੀ 48.5 ਫੀਸਦ ਹੈ।
- 12ਵੀਂ ਪਾਸ ਕਰਨ ਵਾਲੀਆਂ ਕੁੜੀਆਂ ਕਰੀਬ 45 ਫੀਸਦ ਦੇ ਆਲੇ-ਦੁਆਲੇ ਹੀ ਰਹਿੰਦੀਆਂ ਹਨ।
- ਦੇਸ ਦੇ ਵੱਖ-ਵੱਖ ਕਾਲਜਾਂ ਵਿੱਚ ਇੰਜਨੀਅਰਿੰਗ ਕਰਨ ਵਾਲੀਆਂ ਕੁੜੀਆਂ 28 ਫੀਸਦ ਹਨ।
- ਪਰ ਆਈਆਈਟੀ ਤੋਂ ਬੀਟੈੱਕ ਕਰਨ ਵਾਲੀਆਂ ਕੁੜੀਆਂ ਕੇਵਲ 8-10 ਫੀਸਦ ਹੀ ਹੁੰਦੀਆਂ ਹਨ।
20 ਜੁਲਾਈ ਨੂੰ ਦੇਸ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਈਆਈਟੀ ਖੜਗਪੁਰ ਵਿੱਚ ਇੱਕ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਕਿਹਾ ਸੀ, "ਇੱਕ ਗੱਲ ਮੇਰੇ ਲਈ ਅਜੇ ਤੱਕ ਬੁਝਾਰਤ ਬਣੀ ਹੋਈ ਹੈ। 12ਵੀਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ, ਪਰ ਆਈਆਈਟੀ ਵਿੱਚ ਉਨ੍ਹਾਂ ਦੀ ਗਿਣਤੀ ਚਿੰਤਾ ਦਾ ਕਾਰਨ ਹੈ। ਸਾਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ।"
ਉਪਰ ਜੋ ਅੰਕੜੇ ਦਿੱਤੇ ਗਏ ਹਨ ਉਹ ਰਾਸ਼ਟਰਪਤੀ ਕੋਵਿੰਦ ਦੇ ਮਨ ਦੀ ਬੁਝਾਰਤ ਨੂੰ ਸਾਫ਼ ਕਰ ਦਿੰਦੇ ਹਨ। ਆਖ਼ਿਰ ਆਈਆਈਟੀ ਵਿੱਚ ਕੁੜੀਆਂ ਇੰਨੀਆਂ ਘੱਟ ਕਿਉਂ ਹਨ? ਰਾਸ਼ਟਰਪਤੀ ਦੀ ਇਸ ਬੁਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੀ ਕਹਿੰਦੇ ਨੇ ਅੰਕੜੇ?
ਸਰਕਾਰੀ ਅੰਕੜਿਆਂ ਮੁਤਾਬਕ 2017 ਵਿੱਚ ਦੇਸ ਦੀਆਂ 23 ਆਈਆਈਟੀ ਵਿੱਚ ਕੁੱਲ 10,878 ਵਿਦਿਆਰਥੀਆਂ ਨੇ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਲਿਆ, ਜਿਨ੍ਹਾਂ ਵਿੱਚ ਕੇਵਲ 995 ਕੁੜੀਆਂ ਸਨ।
ਇਨ੍ਹਾਂ ਕੁੜੀਆਂ ਵਿਚੋਂ ਆਈਆਈਟੀ ਮਦਰਾਸ ਵਿੱਚ ਪੜ੍ਹਨ ਵਾਲੀ ਨਿਤਿਆ ਸੇਤੁਗਣਪਤੀ ਵੀ ਇੱਕ ਹੈ। ਉਨ੍ਹਾਂ ਨੇ ਕੈਮੀਕਲ ਇੰਜੀਨੀਅਰਿੰਗ ਬਰਾਂਚ ਚੁਣੀ ਹੈ।
ਨਿਤਿਆ ਨੇ ਬੀਬੀਸੀ ਨੂੰ ਦੱਸਿਆ, "ਵੈਸੇ ਤਾਂ ਮੇਰੇ ਘਰ ਮੇਰੇ ਇੰਜੀਨੀਅਰ ਬਣਨ ਨੂੰ ਲੈ ਕੇ ਕੋਈ ਦੁਚਿੱਤੀ ਨਹੀਂ ਸੀ। ਸਾਰਿਆਂ ਨੇ ਮੇਰੇ ਫ਼ੈਸਲੇ ਦਾ ਹਮੇਸ਼ਾ ਸਮਰਥਨ ਕੀਤਾ। ਪਰ ਜਦੋਂ ਮੈਂ ਕਾਊਂਸਲਿੰਗ ਤੋਂ ਬਾਅਦ ਕੈਮੀਕਲ ਇੰਜੀਨੀਅਰਿੰਗ ਬਰਾਂਚ ਚੁਣੀ ਤਾਂ ਮੇਰੀ ਮਾਂ ਨੇ ਇਸ 'ਤੇ ਇਤਰਾਜ਼ ਕੀਤਾ।"
ਨਿਤਿਆ ਕਹਿੰਦੀ ਹੈ, "ਮੇਰੀ ਮਾਂ ਦਾ ਕਹਿਣਾ ਸੀ ਕਿ ਕੁੜੀਆਂ ਲਈ ਇਹ ਬਰਾਂਚ ਨਹੀਂ ਹੈ। ਮੈਨੂੰ ਆਈਟੀ ਜਾਂ ਕੰਪਿਊਟਰ ਸਾਇੰਸ ਵਰਗੀ ਕੋਈ ਬਰਾਂਚ ਲੈਣੀ ਚਾਹੀਦੀ ਸੀ।"
ਨਿਤਿਆ ਨੇ ਆਪਣੇ ਅਧਿਆਪਕ ਅਤੇ ਦੂਜੇ ਸੀਨੀਅਰ ਵਿਦਿਆਰਥੀਆਂ (ਜਿਨ੍ਹਾਂ ਵਿੱਚ ਕੁੜੀਆਂ ਵੀ ਸਨ) ਦੇ ਨਾਲ ਆਪਣੀ ਮੰਮੀ ਦੀ ਗੱਲ ਕਰਵਾਈ, ਤਾਂ ਜਾ ਕੇ ਉਹ ਇਸ ਬਰਾਂਚ ਲਈ ਸਹਿਮਤ ਹੋਏ। ਇਹੀ ਗੱਲ ਸਭ ਤੋਂ ਅਹਿਮ ਹੈ।
ਆਈਆਈਟੀ 'ਚ ਘੱਟ ਕੁੜੀਆਂ ਕਿਉਂ ?
ਇਹ ਸਵਾਲ ਕੇਂਦਰ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਅਧਿਅਨ ਲਈ ਕੇਂਦਰ ਸਰਕਾਰ ਨੇ ਆਈਆਈਟੀ ਮੰਡੀ (ਹਿਮਾਚਲ ਪ੍ਰਦੇਸ਼) ਦੇ ਡਾਇਰੈਕਟਰ ਪ੍ਰੋਫੈਸਰ ਤਿਮੋਥੀ ਏ ਗੋਂਜ਼ਾਲਵਿਸ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਵੀ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ।

ਤਸਵੀਰ ਸਰੋਤ, BBC/Nitya
ਰਿਪੋਰਟ 'ਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਆਈਆਈਟੀ ਮੰਡੀ ਦੇ ਡਾਇਰੈਕਟਰ ਪ੍ਰੋਫੈਸਰ ਤਿਮੋਥੀ ਏ ਗੋਂਜ਼ਾਲਵਿਸ ਨੇ ਕਿਹਾ, "ਆਈਆਈਟੀ ਵਿੱਚ ਕੁੜੀਆਂ ਦੇ ਘੱਟ ਆਉਣ ਪਿੱਛੇ ਦੋ ਅਹਿਮ ਕਾਰਨ ਹਨ। ਪਹਿਲਾਂ ਇਹ ਕਿ ਕੁੜੀਆਂ ਨੂੰ ਲੈ ਕੇ ਸਮਾਜ ਵਿੱਚ ਮੌਜੂਦ ਧਾਰਨਾਵਾਂ ਅਤੇ ਦੂਜਾ ਰੋਲ ਮਾਡਲ ਦੀ ਘਾਟ।"
ਸ਼੍ਰੇਆ ਆਈਆਈਟੀ ਗਾਂਧੀਨਗਰ (ਗੁਜਰਾਤ) ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜਾਈ ਕਰ ਰਹੀ ਹੈ। ਉਨ੍ਹਾਂ ਦੀ ਕਲਾਸ ਵਿੱਚ 170 ਮੁੰਡਿਆਂ 'ਚ ਕੇਵਲ 15 ਕੁੜੀਆਂ ਹਨ। ਉਨ੍ਹਾਂ ਨੂੰ ਜਦੋਂ ਇਸ ਬਾਰੇ ਬੀਬੀਸੀ ਨੇ ਪੁੱਛਿਆ ਤਾਂ ਉਨ੍ਹਾਂ ਦਾ ਵੀ ਜਵਾਬ ਮਿਲਦਾ-ਜੁਲਦਾ ਹੀ ਸੀ।
ਇਹ ਵੀ ਪੜ੍ਹੋ:
ਸ਼੍ਰੇਆ ਨੇ ਕੋਟਾ (ਰਾਜਸਥਾਨ) ਤੋਂ ਇੰਜੀਨੀਅਰਿੰਗ ਦੀ ਕੋਚਿੰਗ ਲਈ, ਇੱਥੇ ਵੀ ਉਨ੍ਹਾਂ ਦੇ ਨਾਲ ਕੋਚਿੰਗ ਵਿੱਚ ਬਹੁਤ ਘੱਟ ਕੁੜੀਆਂ ਸਨ। ਉਹ ਦੱਸਦੀਆਂ ਹਨ ਕਿ ਉਨ੍ਹਾਂ ਕਈ ਸਹੇਲੀਆਂ ਦੇ ਮਾਪਿਆਂ ਦੀ ਇੰਜੀਨੀਅਰਿੰਗ ਵਿੱਚ ਦਿਲਚਸਪੀ ਹੋਣ ਦੇ ਬਾਵਜੂਦ ਕੋਚਿੰਗ ਕਰਨ ਲਈ ਉਨ੍ਹਾਂ ਨੂੰ ਬਾਹਰ ਨਹੀਂ ਭੇਜਿਆ।
ਇਹੀ ਗੱਲ ਪ੍ਰੋਫੈਸਰ ਗੋਂਜ਼ਾਲਵਿਸ ਨੇ ਵੀ ਆਪਣੀ ਰਿਪੋਰਟ ਵਿੱਚ ਕਹੀ ਹੈ। ਉਨ੍ਹਾਂ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਪਹਿਲਾਂ ਤਾਂ ਕੁੜੀਆਂ ਨੂੰ ਕੋਚਿੰਗ ਲੈਣ ਦੀ ਇਜਾਜ਼ਤ ਨਹੀਂ ਮਿਲਦੀ। ਕਦੇ ਮਿਲ ਵੀ ਜਾਂਦੀ ਹੈ ਤਾਂ ਕਾਊਂਸਲਿੰਗ ਵਿੱਚ ਦਿੱਕਤ ਆਉਂਦੀ ਹੈ। ਪਰਿਵਾਰ ਵਾਲੇ ਚਾਹੁੰਦੇ ਹਨ ਕਿ ਘਰ ਦੇ ਨੇੜੇ ਆਈਆਈਟੀ ਵਿੱਚ ਮਨ ਮੁਤਾਬਕ ਬਰਾਂਚ ਮਿਲ ਜਾਵੇ, ਪਰ ਅਕਸਰ ਅਜਿਹਾ ਨਹੀਂ ਹੁੰਦਾ।

ਤਸਵੀਰ ਸਰੋਤ, Twitter/ rashtrapatibhawan
ਆਈਆਈਟੀ ਵਿੱਚ ਕੁੜੀਆਂ ਦੀ ਘੱਟ ਗਿਣਤੀ 'ਤੇ ਰਾਜ ਸਭਾ ਵਿੱਚ ਵੀ ਬਹਿਸ ਹੋ ਚੁੱਕੀ ਹੈ। ਜਵਾਬ ਵਿੱਚ ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਵੱਲੋਂ ਕਿਹਾ ਗਿਆ ਕਿ 2015 'ਚ 26.73 ਫੀਸਦ ਕੁੜੀਆਂ ਨੇ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ 17 ਫੀਸਦ ਨੇ ਜੇਈਈ ਐਡਵਾਂਸ ਪਾਸ ਕੀਤਾ ਪਰ ਅਖ਼ੀਰ ਵਿੱਚ ਦਾਖ਼ਲਾ ਲੈਣ ਵਾਲਿਆਂ ਦੀ ਗਿਣਤੀ ਸਿਰਫ਼ 8.8 ਫੀਸਦ ਸੀ।
ਇਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਕੁੜੀਆਂ ਆਈਆਈਟੀ ਵਿੱਚ ਦਾਖ਼ਲੇ ਲਈ ਫਾਰਮ ਭਰਦੀਆਂ ਹਨ, ਕਈ ਵਾਰ ਚੁਣੀਆਂ ਵੀ ਜਾਂਦੀਆਂ ਹਨ ਪਰ ਮਰਜ਼ੀ ਮੁਤਾਬਕ ਬਰਾਂਚ ਨਾ ਮਿਲਣ ਕਾਰਨ ਪਾਸ ਹੋਣ 'ਤੇ ਵੀ ਕੁੜੀਆਂ ਆਈਆਈਟੀ ਵਿੱਚ ਦਾਖ਼ਲਾ ਨਹੀਂ ਲੈ ਸਕਦੀਆਂ।
ਕੀ ਹੈ ਹੱਲ?
ਆਈਆਈਟੀ ਮੰਡੀ ਦੀ ਰਿਪੋਰਟ ਵਿੱਚ ਸਮੱਸਿਆ ਦੇ ਹੱਲ 'ਤੇ ਵੀ ਗੱਲ ਕੀਤੀ ਗਈ ਹੈ।
ਰਿਪੋਰਟ ਵਿੱਚ ਹੱਲ ਵਜੋਂ ਕੁੜੀਆਂ ਲਈ ਸੀਟ ਵਧਾਉਣ ਦੀ ਗੱਲ ਕਹੀ ਗਈ ਹੈ ਤਾਂ ਕਿ 2020 ਤੱਕ ਆਈਆਈਟੀ ਵਿੱਚ ਕੁੜੀਆਂ ਦਾ ਅੰਕੜਾ 20 ਫੀਸਦ ਤੋਂ ਉਪਰ ਪਹੁੰਚ ਸਕੇ। ਇਸ ਲਈ ਇਸ ਸਾਲ ਦੇਸ ਦੇ ਕੁੱਲ 23 ਆਈਆਈਟੀ ਨੂੰ ਮਿਲਾ ਕੇ 800 ਸੀਟਾਂ ਵਧਾਈਆਂ ਗਈਆਂ ਹਨ।
ਇਸ ਦਾ ਉਦੇਸ਼ ਬਸ ਇਹੀ ਹੈ ਕਿ ਮੁੰਡਿਆਂ ਦੀਆਂ ਸੀਟਾਂ ਨਾ ਘਟਾ ਕੇ ਕੁੜੀਆਂ ਦੀ ਗਿਣਤੀ ਆਈਆਈਟੀ ਵਿੱਚ ਵਧਾਈ ਜਾ ਸਕੇ।

ਤਸਵੀਰ ਸਰੋਤ, Twitter/rashtrapatibhawan
ਆਈਆਈਟੀ ਕਾਊਂਸਿਲ ਨੇ ਇਹ ਫ਼ੈਸਲਾ 2018-19 ਦੇ ਸੈਸ਼ਨ ਲਈ ਕੀਤਾ ਹੈ। ਇਸ ਦਾ ਨਤੀਜਾ ਹੈ ਕਿ ਇਸ ਸਾਲ ਆਈਆਈਟੀ ਵਿੱਚ ਪਹੁੰਚਣ ਵਾਲੀਆਂ ਕੁੜੀਆਂ ਦੀ ਗਿਣਤੀ 15 ਫੀਸਦ ਦੇ ਨੇੜੇ ਪਹੁੰਚ ਗਈ ਹੈ। ਇਹ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਹੈ।
ਦੂਜੇ ਤਰੀਕਿਆਂ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਆਈਟੀ ਰੋਲ ਮਾਡਲ ਤਿਆਰ ਕੀਤੇ ਜਾਣ, ਵਿਦਿਆਰਥੀਆਂ ਲਈ ਵੱਖਰੀ ਸਕੀਮ ਕੱਢੀ ਜਾਵੇ, ਜਿਸ ਨਾਲ ਹੋਰ ਉਤਸ਼ਾਹ ਮਿਲੇ, ਵਜੀਫ਼ਾ ਦੇਣਾ ਅਤੇ ਟਿਊਸ਼ਨ ਫੀਸ ਵਿਚ ਛੋਟ ਦੀ ਗੱਲ ਵੀ ਇਸ ਵਿੱਚ ਕਹੀ ਗਈ ਹੈ।
ਆਈਆਈਟੀ ਮੰਡੀ ਨੇ ਇਸ'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਸਕਾਰਾਤਮਕ ਨਤੀਜੇ ਆ ਰਹੇ ਹਨ।
ਰਿਪੋਰਟ ਵਿੱਚ ਭਵਿੱਖ 'ਚ ਅਜਿਹੀਆਂ ਯੋਜਨਾਵਾਂ 'ਤੇ ਕੰਮ ਕਰਨ ਨੂੰ ਕਿਹਾ ਗਿਆ ਹੈ ਜਿਸ ਨਾਲ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਆਈਆਈਟੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾ ਸਕੇ।

ਵਿਦੇਸਾਂ ਵਿੱਚ ਕੀ ਕਹਿੰਦੇ ਨੇ ਅੰਕੜੇ?
ਅਜਿਹਾ ਨਹੀਂ ਕਿ ਭਾਰਤ ਵਿੱਚ ਇੰਜੀਨੀਅਰਿੰਗ ਦੀ ਪੜਾਈ ਕਰਨ ਵਾਲੀਆਂ ਕੁੜੀਆਂ ਘੱਟ ਹਨ। 2016 ਵਿੱਚ 3 ਲੱਖ ਕੁੜੀਆਂ ਨੇ ਬੀਟੈੱਕ ਦੀਆਂ ਵੱਖ-ਵੱਖ ਬ੍ਰਾਂਚਾਂ 'ਚ ਦਾਖ਼ਲਾ ਲਿਆ ਪਰ ਆਈਆਈਟੀ ਵਿੱਚ ਇਹ ਅੰਕੜਾ ਘੱਟ ਹੋ ਜਾਂਦਾ ਹੈ।
ਇਸ ਲਈ ਇਹ ਕਹਿਣਾ ਹੈ ਕਿ ਕੁੜੀਆਂ ਦਾ ਦਿਮਾਗ਼ ਇੰਜੀਨੀਅਰਿੰਗ ਵਰਗੇ ਵਿਸ਼ਿਆਂ 'ਚ ਘੱਟ ਚਲਦਾ ਹੈ, ਇਹ ਗ਼ਲਤ ਧਾਰਨਾ ਹੈ।
ਅਮਰੀਕਾ ਦੀ ਐਮਆਈਟੀ ਦੇ 2016 ਦੇ ਅੰਕੜੇ ਦੱਸਦੇ ਹਨ ਕਿ ਉਥੇ ਇੰਜੀਨੀਅਰਿੰਗ ਵਿੱਚ ਅੰਡਰਗ੍ਰੈਜੂਏਟ 'ਚ ਦਾਖ਼ਲਾ ਲੈਣ ਵਾਲਿਆਂ ਵਿੱਚ 50 ਫੀਸਦ ਕੁੜੀਆਂ ਸ਼ਾਮਲ ਸਨ।
ਅਮਰੀਕਾ ਦੇ ਹੀ ਮੋਹਰੀ ਅਦਾਰਿਆਂ ਵਿੱਚ ਇੱਕ ਕਾਰਨੇਗੀ ਵਿੱਚ ਵੀ 2016 ਵਿੱਚ ਇੰਜੀਨੀਅਰਿੰਗ ਵਿੱਚ ਅੰਡਰਗ੍ਰੈਜੂਏਟ 'ਚ ਦਾਖ਼ਲਾ ਲੈਣ ਵਾਲਿਆਂ 'ਚ ਕੁੜੀਆਂ 50 ਫੀਸਦ ਸਨ।
ਆਈਆਈਟੀ ਵਿੱਚ ਸਰਕਾਰ ਨੇ, ਜੋ ਮਿਸ਼ਨ ਬੇਟੀ ਪੜ੍ਹਾਓ ਸ਼ੁਰੂ ਕੀਤਾ ਹੈ, ਹੁਣ ਇਸ ਨਾਲ ਹੀ ਆਸ ਵਧੀ ਹੈ। ਟੀਚਾ 2020 ਤੱਕ ਆਈਆਈਟੀ ਵਿੱਚ 20 ਫੀਸਦ ਕੁੜੀਆਂ ਦੇ ਦਾਖ਼ਲੇ ਦਾ ਹੈ।












