ਪੱਤਾ ਗੋਭੀ ਦੀ ਸਬਜ਼ੀ ਇਸ ਤਰ੍ਹਾਂ ਹੋ ਜਾਂਦੀ ਹੈ ਖਤਰਨਾਕ

ਤਸਵੀਰ ਸਰੋਤ, Getty Images
ਅੱਠ ਸਾਲ ਦੀ ਬੱਚੀ ਦੇ ਦਿਮਾਗ਼ 'ਚ 100 ਤੋਂ ਜ਼ਿਆਦਾ ਕੀੜਿਆਂ ਦੇ ਆਂਡੇ।
ਮਾਤਾ-ਪਿਤਾ ਲਈ ਸਮਝਣਾ ਬਹੁਤ ਮੁਸ਼ਕਲ ਸੀ ਕਿ ਆਖ਼ਿਰ ਕਿਉਂ ਉਨ੍ਹਾਂ ਦੀ ਕੁੜੀ ਲਗਭਗ ਹਰ ਮਹੀਨੇ ਸਿਰ ਦਰਦ ਦੀ ਸ਼ਿਕਾਇਤ ਕਰਦੀ ਰਹਿੰਦੀ ਹੈ। ਕਿਉਂ ਉਸ ਨੂੰ ਵਾਰ-ਵਾਰ ਦੌਰੇ ਪੈਣ ਲਗਦੇ ਹਨ।
ਕਰੀਬ 6 ਮਹੀਨਿਆਂ ਤੋਂ ਅਜਿਹਾ ਹੋ ਰਿਹਾ ਸੀ, ਪਰ ਜਦੋਂ ਇਸ ਦੇ ਕਾਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ।
"ਬੱਚੀ ਦੇ ਦਿਮਾਗ਼ ਵਿੱਚ 100 ਤੋਂ ਵੱਧ ਟੇਪਵਰਮ ਯਾਨਿ ਕੀੜਿਆਂ ਦੇ ਆਂਡੇ ਸਨ ਜੋ ਦਿਮਾਗ਼ ਵਿੱਚ ਛੋਟੇ-ਛੋਟੇ ਕਲਾਟ ਵਜੋਂ ਨਜ਼ਰ ਆ ਰਹੇ ਸਨ।"
ਇਹ ਵੀ ਪੜ੍ਹੋ:
ਗੁੜਗਾਓਂ ਸਥਿਤ ਫੋਰਟਿਸ ਹਸਪਤਾਲ ਵਿੱਚ ਨਿਊਰਾਲੋਜੀ ਡਿਪਾਰਟਮੈਂਟ ਦੇ ਡਾਇਰੈਕਟਰ ਡਾ. ਪ੍ਰਵੀਨ ਗੁਪਤਾ ਦੀ ਦੇਖ-ਰੇਖ 'ਚ ਬੱਚੀ ਦਾ ਇਲਾਜ ਚੱਲ ਰਿਹਾ ਹੈ।
ਡਾਕਟਰ ਗੁਪਤਾ ਦੱਸਦੇ ਹਨ, "ਸਾਡੇ ਕੋਲ ਆਉਣ ਤੋਂ ਪਹਿਲਾਂ ਉਹ ਇਲਾਜ ਕਰਵਾ ਰਹੀ ਸੀ। ਉਸ ਨੂੰ ਤੇਜ਼ ਸਿਰ ਦਰਦ ਦੀ ਸ਼ਿਕਾਇਤ ਸੀ ਅਤੇ ਦੌਰੇ ਪੈਂਦੇ ਸਨ। ਉਹ ਦਿਮਾਗ਼ ਵਿੱਚ ਸੋਜਿਸ਼ ਅਤੇ ਦੌਰੇ ਪੈਣ ਦਾ ਹੀ ਇਲਾਜ ਕਰਵਾ ਰਹੀ ਸੀ।"

ਤਸਵੀਰ ਸਰੋਤ, Dr Praveen Gupta
ਬੱਚੀ ਦੇ ਦਿਮਾਗ਼ ਦੀ ਸੋਜਿਸ਼ ਘੱਟ ਕਰਨ ਲਈ ਬੱਚੀ ਨੂੰ ਸਟੇਰੋਇਡ ਦਿੱਤਾ ਜਾ ਰਿਹਾ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਅੱਠ ਸਾਲ ਦੀ ਬੱਚੀ ਦਾ ਭਾਰ 40 ਕਿਲੋ ਤੋਂ ਵਧ ਕੇ 60 ਕਿਲੋ ਹੋ ਗਿਆ।
ਭਾਰ ਵਧਿਆ ਤਾਂ ਤਕਲੀਫ਼ ਵੀ ਵਧ ਗਈ। ਤੁਰਨ-ਫਿਰਨ ਵਿੱਚ ਦਿੱਕਤ ਆਉਣ ਲੱਗੀ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ੁਰੂ ਹੋ ਗਈ। ਉਹ ਪੂਰੀ ਤਰ੍ਹਾਂ ਸਟੇਰੋਇਡ 'ਤੇ ਨਿਰਭਰ ਹੋ ਚੁੱਕੀ ਸੀ।
ਡਾਕਟਰ ਗੁਪਤਾ ਕੋਲ ਆਈ ਤਾਂ ਉਸ ਦਾ ਸਿਟੀ-ਸਕੈਨ ਕੀਤਾ ਗਿਆ ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਨਿਊਰੋਸਿਸਸੇਰਸੋਸਿਸ ਬਿਮਾਰੀ ਨਾਲ ਪੀੜਤ ਨਿਕਲੀ ਸੀ।
ਡਾ. ਗੁਪਤਾ ਦੱਸਦੇ ਹਨ, "ਜਿਸ ਸਮੇਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਹੋਸ਼ ਵਿੱਚ ਨਹੀਂ ਸੀ। ਸਿਟੀ ਸਕੈਨ ਵਿੱਚ ਸਫੈਦ ਦਾਗ਼ ਨਜ਼ਰ ਆਏ। ਇਹ ਦਾਗ਼ ਕੁਝ ਹੋਰ ਨਹੀਂ ਟੇਪਵਰਮ ਦੇ ਆਂਡੇ ਸਨ। ਉਹ ਵੀ ਇੱਕ ਜਾਂ ਦੋ ਨਹੀਂ ਬਲਕਿ 100 ਤੋਂ ਵੱਧ।"
ਜਦੋਂ ਬੱਚੀ ਡਾਕਟਰ ਕੋਲ ਪਹੁੰਚੀ ਤਾਂ ਉਸ ਦੇ ਦਿਮਾਗ਼ ਵਿੱਚ ਪ੍ਰੈਸ਼ਰ ਬਹੁਤ ਵਧ ਗਿਆ ਸੀ। ਆਂਡਿਆਂ ਦਾ ਪ੍ਰੈਸ਼ਰ ਦਿਮਾਗ਼ 'ਤੇ ਇਸ ਤਰ੍ਹਾਂ ਹੋ ਗਿਆ ਸੀ ਕਿ ਉਸ ਦੇ ਦਿਮਾਗ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਤਸਵੀਰ ਸਰੋਤ, Dr. Praveen Gupta
ਡਾਕਟਰ ਗੁਪਤਾ ਦੱਸਦੇ ਹਨ, "ਸਭ ਤੋਂ ਪਹਿਲਾਂ ਤਾਂ ਅਸੀਂ ਦਵਾਈਆਂ ਨਾਲ ਉਸ ਦੇ ਦਿਮਾਗ਼ ਦਾ ਪ੍ਰੈਸ਼ਰ (ਦਿਮਾਗ਼ 'ਚ ਕੋਈ ਵੀ ਬਾਹਰੀ ਚੀਜ਼ ਆ ਜਾਵੇ ਤਾਂ ਉਸ ਨਾਲ ਦਿਮਾਗ਼ ਦਾ ਸੰਤੁਲਨ ਵਿਗੜ ਜਾਂਦਾ ਹੈ) ਘੱਟ ਕੀਤਾ। ਉਸ ਤੋਂ ਬਾਅਦ ਉਸ ਨੂੰ ਸਿਸਟ ਮਾਰਨ ਦੀ ਦਵਾਈ ਦਿੱਤੀ ਗਈ। ਇਹ ਕਾਫ਼ੀ ਖ਼ਤਰਨਾਕ ਵੀ ਹੁੰਦਾ ਹੈ ਕਿਉਂਕਿ ਇਸ ਦੌਰਾਨ ਦਿਮਾਗ਼ ਦਾ ਪ੍ਰੈਸ਼ਰ ਵਧ ਵੀ ਸਕਦਾ ਹੈ।"
ਫਿਲਹਾਲ ਆਂਡਿਆਂ ਨੂੰ ਖ਼ਤਮ ਕਰਨ ਵਾਲੀ ਪਹਿਲੀ ਖੁਰਾਕ ਬੱਚੀ ਨੂੰ ਦਿੱਤੀ ਗਈ ਹੈ, ਪਰ ਅਜੇ ਵੀ ਸਾਰੇ ਆਂਡੇ ਖ਼ਤਮ ਨਹੀਂ ਹੋਏ ਹਨ।
ਡਾਕਟਰ ਗੁਪਤਾ ਦੱਸਦੇ ਹਨ ਕਿ ਦਿਮਾਗ਼ ਵਿੱਚ ਇਹ ਆਂਡੇ ਲਗਾਤਾਰ ਵਧ ਰਹੇ ਹਨ। ਇਹ ਆਂਡੇ ਸੋਜਿਸ਼ ਅਤੇ ਦੌਰੇ ਦਾ ਕਾਰਨ ਬਣਦੇ ਹਨ।
ਪਰ ਆਂਡੇ ਦਿਮਾਗ਼ ਤੱਕ ਪਹੁੰਚੇ ਕਿਵੇਂ?
ਡਾਕਟਰ ਗੁਪਤਾ ਦੱਸਦੇ ਹਨ ਕਿ ਕੋਈ ਵੀ ਚੀਜ਼ ਜੋ ਅੱਧਪੱਕੀ ਰਹਿ ਜਾਵੇ ਉਸ ਨੂੰ ਖਾਣ ਨਾਲ, ਸਾਫ-ਸਫਾਈ ਨਾ ਰੱਖਣ ਨਾਲ ਟੇਪਵਰਮ ਪੇਟ ਵਿੱਚ ਚਲੇ ਜਾਂਦੇ ਹਨ। ਇਸ ਤੋਂ ਬਾਅਦ ਖ਼ੂਨ ਦੇ ਪ੍ਰਵਾਹ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲੇ ਜਾਂਦੇ ਹਨ।

ਤਸਵੀਰ ਸਰੋਤ, Dr. Praveen Gupta
"ਭਾਰਤ ਵਿੱਚ ਮਿਰਗੀ ਦੌਰੇ ਦੀ ਇੱਕ ਜੋ ਵੱਡੀ ਪ੍ਰੇਸ਼ਾਨੀ ਹੈ ਉਸ ਦਾ ਇੱਕ ਪ੍ਰਮੁੱਖ ਕਾਰਨ ਟੇਪਵਰਮ ਹੈ। ਭਾਰਤ ਵਿੱਚ ਟੇਪਵਰਮ ਨਾਲ ਬਿਮਾਰ ਹੋਣਾ ਬੇਹੱਦ ਆਮ ਹੈ। ਕਰੀਬ 12 ਲੱਖ ਲੋਕ ਨਿਊਰੋਸਿਸਟਿਸੇਰਸੋਸਿਸ ਨਾਲ ਪੀੜਤ ਹਨ, ਜੋ ਮਿਰਗੀ ਦੇ ਦੌਰੇ ਦਾ ਇੱਕ ਮੁੱਖ ਕਾਰਨ ਹੈ।"
ਟੇਪਵਰਮ ਕੀ ਹੈ?
ਟੇਪਵਰਮ ਇੱਕ ਤਰ੍ਹਾਂ ਦਾ ਪੈਰਾਸਾਇਟ ਹੈ। ਇਹ ਆਪਣੇ ਪੋਸ਼ਣ ਲਈ ਦੂਜਿਆਂ 'ਤੇ ਨਿਰਭਰ ਰਹਿਣ ਵਾਲਾ ਜੀਵ ਹੈ। ਇਸ ਲਈ ਇਹ ਸਰੀਰ ਦੇ ਅੰਦਰ ਪਾਇਆ ਜਾਂਦਾ ਹੈ ਤਾਂ ਜੋ ਉਸ ਨੂੰ ਖਾਣਾ ਮਿਲ ਸਕੇ। ਇਸ ਵਿੱਚ ਰੀੜ੍ਹ ਦੀ ਹੱਡੀ ਨਹੀਂ ਹੁੰਦੀ ਹੈ।
ਇਸ ਦੀਆਂ 5000 ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਇੱਕ ਮਿਲੀਮੀਟਰ ਤੋਂ 15 ਮੀਟਰ ਤੱਕ ਲੰਬਾ ਹੋ ਸਕਦਾ ਹੈ। ਇਸ ਦਾ ਸਰੀਰ ਖੰਡਾਂ ਵਿੱਚ ਵੰਡਿਆਂ ਹੁੰਦਾ ਹੈ।
ਇਸ ਦੇ ਸਰੀਰ ਵਿੱਚ ਹੁੱਕ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ, ਜਿਸ ਨਾਲ ਇਹ ਨਿਰਭਰ 'ਤੇ ਅੰਗਾਂ ਨਾਲ ਚਿਪਕਿਆਂ ਰਹਿੰਦਾ ਹੈ। ਸਰੀਰ 'ਚ ਮੌਜੂਦ ਕਿਊਟੀਕਲ ਦੀ ਮਦਦ ਨਾਲ ਇਹ ਆਪਣਾ ਭੋਜਨ ਲੈਂਦਾ ਹੈ।
ਇਹ ਪਚਿਆ ਹੋਇਆ ਭੋਜਨ ਹੀ ਲੈਂਦੇ ਹਨ ਕਿਉਂਕਿ ਇਨ੍ਹਾਂ ਵਿੱਚ ਪਾਚਨ ਤੰਤਰ ਨਹੀਂ ਹੁੰਦਾ।
ਇਹ ਵੀ ਪੜ੍ਹੋ:
ਕਿਵੇਂ ਫੈਲਦਾ ਹੈ ਇਹ?
ਟੇਪਵਰਮ ਫਲੈਟ, ਰਿਬਨ ਵਰਗੀ ਸੰਰਚਨ ਵਾਲੇ ਹੁੰਦੇ ਹਨ। ਜੇਕਰ ਟੇਪਵਰਮ ਦਾ ਆਂਡਾ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਇਹ ਅੰਤੜੀ 'ਚ ਆਪਣਾ ਘਰ ਬਣਾ ਲੈਂਦੇ ਹਨ। ਹਾਲਾਂਕਿ ਜ਼ਰੂਰੀ ਨਹੀਂ ਕਿ ਇਹ ਪੂਰੇ ਜੀਵਨਕਾਲ ਅੰਤੜੀ 'ਚ ਹੀ ਰਹੇ, ਖ਼ੂਨ ਦੇ ਨਾਲ ਇਹ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਪਹੁੰਚ ਜਾਂਦਾ ਹੈ।

ਤਸਵੀਰ ਸਰੋਤ, Getty Images
ਜਿਗਰ ਵਿੱਚ ਪਹੁੰਚ ਕੇ ਇਹ ਸਿਸਟਮ ਬਣਾ ਲੈਂਦਾ ਹੈ, ਜਿਸ ਨਾਲ ਪਸ ਹੋ ਜਾਂਦੀ ਹੈ। ਕਈ ਵਾਰ ਇਹ ਅੱਖਾਂ ਅਤੇ ਦਿਮਾਗ਼ ਤੱਕ ਵੀ ਪਹੁੰਚ ਜਾਂਦਾ ਹੈ।
ਏਸ਼ੀਆ ਦੀ ਤੁਲਨਾ ਵਿੱਚ ਯੂਰਪੀ ਦੇਸਾਂ ਵਿੱਚ ਇਸਦਾ ਖ਼ਤਰਾ ਘੱਟ ਹੈ। ਐਨਐਚਐਸ ਮੁਤਾਬਕ ਜੇਕਰ ਸਰੀਰ ਵਿੱਚ ਟੇਪਵਰਮ ਹੈ ਤਾਂ ਜ਼ਰੂਰੀ ਨਹੀਂ ਕਿ ਇਸ ਦੇ ਕੁਝ ਲੱਛਣ ਨਜ਼ਰ ਆਉਣ ਪਰ ਕਈ ਵਾਰ ਇਹ ਸਰੀਰ ਦੇ ਕੁਝ ਅਤਿ-ਸੰਵੇਦਨਸ਼ੀਲ ਅੰਗਾਂ ਵਿੱਚ ਪਹੁੰਚ ਜਾਂਦਾ ਹੈ, ਜਿਸ ਨਾਲ ਖ਼ਤਰਾ ਹੋ ਸਕਦਾ ਹੈ।
ਹਾਲਾਂਕਿ ਇਸ ਦਾ ਇਲਾਜ ਵੀ ਸੌਖਾ ਹੈ, ਦਿੱਲੀ ਸਥਿਤ ਸਰ ਗੰਗਾਰਾਮ ਹਸਪਤਾਲ ਵਿੱਚ ਅੰਤੜੀ ਰੋਗ ਦੇ ਮਾਹਿਰ ਡਾਕਟਰ ਨਰੇਸ਼ ਬੰਸਲ ਮੁਤਾਬਕ ਬੇਸ਼ੱਕ ਹੀ ਟੇਪਵਰਮ ਖ਼ਤਰਨਾਕ ਨਹੀਂ ਹਨ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਡਾਕਟਰ ਬਾਂਸਲ ਮੰਨਦੇ ਹਨ ਕਿ ਵੈਸੇ ਤਾਂ ਟੇਪਵਰਮ ਦੁਨੀਆਂ ਭਰ ਵਿੱਚ ਹੁੰਦੇ ਹਨ ਅਤੇ ਇਨ੍ਹਾਂ ਨਾਲ ਜੁੜੀਆਂ ਸਿਹਤ ਸੇਵਾਵਾਂ ਵੀ, ਪਰ ਭਾਰਤ ਵਿੱਚ ਇਸ ਸੰਬੰਧੀ ਮਾਮਲੇ ਵਧੇਰੇ ਸਾਹਮਣੇ ਆਉਂਦੇ ਹਨ।
ਟੇਪਵਰਮ ਦੇ ਕਾਰਨ
- ਅੱਧ ਪੱਕਿਆ ਜਾਂ ਕੱਚਾ ਪੋਰਕ ਜਾਂ ਬੀਫ਼ ਖਾਣ ਨਾਲ, ਅੱਧ-ਪੱਕੀ ਜਾਂ ਕੱਚੀ ਮੱਛੀ ਨੂੰ ਖਾਣ ਨਾਲ। ਦਰਅਸਲ ਇਨ੍ਹਾਂ ਜੀਵਾਂ ਵਿੱਚ ਟੇਪਵਰਮ ਦਾ ਲਾਰਵਾ ਹੁੰਦਾ ਹੈ। ਅਜਿਹੇ 'ਚ ਜੇਕਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਨਹੀਂ ਖਾਧਾ ਗਿਆ ਤਾਂ ਟੇਪਵਰਮ ਸਰੀਰ ਵਿੱਚ ਪਹੁੰਚ ਜਾਂਦੇ ਹਨ।
- ਗੰਦਾ ਪਾਣੀ ਪੀਣ ਨਾਲ
- ਪੱਤਾ ਗੋਭੀ, ਪਾਲਕ ਨੂੰ ਵੀ ਜੇਕਰ ਚੰਗੀ ਤਰ੍ਹਾਂ ਨਾ ਪਕਾਇਆ ਜਾਵੇ ਤਾਂ ਵੀ ਟੇਪਵਰਮ ਸਰੀਰ ਵਿੱਚ ਪਹੁੰਚ ਸਕਦੇ ਹਨ।
- ਇਸ ਲਈ ਗੰਦੇ ਪਾਣੀ ਜਾਂ ਮਿੱਟੀ ਦੇ ਸੰਪਰਕ ਨਾਲ ਉਗਣ ਵਾਲੀਆਂ ਸਬਜ਼ੀਆਂ ਨੂੰ ਧੋ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਟੇਪਵਰਮ ਪੀੜਤ ਦੇ ਲੱਛਣ
ਆਮ ਤੌਰ 'ਤੇ ਇਸ ਦਾ ਕੋਈ ਬਹੁਤ ਸਟੀਕ ਲੱਛਣ ਨਜ਼ਰ ਨਹੀਂ ਆਉਂਦੇ ਪਰ ਟੇਪਵਰਮ ਸਰੀਰ ਵਿੱਚ ਹੋਵੇ ਤਾਂ ਟਾਇਲਟ ਨਾਲ ਪਤਾ ਲੱਗ ਜਾਂਦਾ ਹੈ।
ਇਸ ਤੋਂ ਇਲਾਵਾ ਪੇਟ 'ਚ ਦਰਦ, ਡਾਇਰੀਆ, ਕਮਜ਼ੋਰੀ ਅਤੇ ਉਲਟੀ, ਲਗਾਤਾਰ ਭੁੱਖ ਲੱਗਣਾ ਇਸਦੇ ਮੁੱਖ ਲੱਛਣ ਹਨ।
ਜੇਕਰ ਸਰੀਰ ਵਿੱਚ ਟੇਪਵਰਮ ਜਾਂ ਆਂਡਿਆਂ ਦੀ ਗਿਣਤੀ ਵਧੇਰੇ ਹੈ ਤਾਂ ਚੱਕਰ ਆਉਣਾ, ਸਕਿਨ ਦਾ ਪੀਲਾ ਪੈਣਾ, ਖਾਂਸੀ, ਸਾਹ ਚੜ੍ਹਣਾ ਅਤੇ ਦੇਖਣ ਵਿੱਚ ਪ੍ਰੇਸ਼ਾਨੀ ਆਦਿ ਦੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ।
ਬਚਾਅ ਦੇ ਉਪਾਅ
- ਟੇਪਵਰਮ ਇੱਕ ਵਾਰ ਸਰੀਰ ਵਿੱਚ ਪਹੁੰਚ ਜਾਵੇ ਤਾਂ ਇਸ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
- ਕਿਸੇ ਵੀ ਕਿਸਮ ਦੇ ਮਾਸ ਨੂੰ ਬਿਨਾਂ ਚੰਗੀ ਤਰ੍ਹਾਂ ਪਕਾਏ ਨਾ ਖਾਓ।
- ਫ਼ਲ-ਸਬਜ਼ੀ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਵੋ।
- ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਵੋ। ਬਾਥਰੂਮ ਜਾਣ ਤੋਂ ਬਾਅਦ ਹੱਥਾਂ ਅਤੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਪਸ਼ੂਆਂ ਨਾਲ ਸਿੱਧੇ ਸੰਪਰਕ ਤੋਂ ਬਚੋ ਜਾਂ ਉਸ ਦੌਰਾਨ ਵਿਸ਼ੇਸ਼ ਸਾਵਧਾਨੀ ਰੱਖੋ।
ਡਾਕਟਰ ਬਾਂਸਲ ਮੰਨਦੇ ਹਨ ਕਿ ਟੇਪਵਰਮ ਘਾਤਕ ਨਹੀਂ ਹਨ ਇਹ ਮੰਨ ਕੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ।
ਇਹ ਸਰੀਰ ਦੇ ਕਿਸੇ ਅਜਿਹੇ ਅੰਗ ਵਿੱਚ ਵੀ ਜਾ ਸਕਦੇ ਹਨ, ਜਿਸ ਨਾਲ ਸਰੀਰ ਦਾ ਉਹ ਹਿੱਸਾ ਅਧਰੰਗ ਪੀੜਤ ਵੀ ਹੋ ਸਕਦਾ ਹੈ।












