ਮੁੰਬਈ ਦੇ ਜੈਨ ਭਾਈਚਾਰੇ ਵੱਲੋਂ ਬੱਕਰੀਆਂ ਦੀ ਬਰਾਮਦ 'ਤੇ ਪਾਬੰਦੀ ਦੀ ਮੰਗ

ਬੱਕਰੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਨ ਭਾਈਚਾਰੇ ਦਾ ਕਹਿਣਾ ਹੈ ਕਿ ਉਹ ਕਤਲ ਦੇ ਵਿਰੋਧ 'ਚ ਹਨ, ਕਿਸਾਨਾਂ ਦੇ ਨਹੀਂ।

ਮਹਾਰਾਸ਼ਟਰ ਸਰਕਾਰ ਨੇ ਨਾਗਪੁਰ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ ਨੂੰ ਬੱਕਰੀਆਂ ਬਰਾਮਦ ਕਰਨ 'ਤੇ ਰੋਕ ਲਾ ਦਿੱਤੀ ਹੈ।

ਨਾਗਪੁਰ ਤੋਂ ਸੰਯੁਕਤ ਅਰਬ ਅਮੀਰਾਤ ਲਈ ਲਗਪਗ ਦੋ ਹਜ਼ਾਰ ਬੱਕਰੀਆਂ ਭੇਜੀਆਂ ਜਾਣੀਆਂ ਸਨ ਜਿਸ ਦੀ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਿਕਾਇਤ ਕਰ ਦਿੱਤੀ ਗਈ ਅਤੇ ਸੋਸ਼ਲ ਮੀਡੀਆ ਉੱਪਰ ਚਰਚਾ ਸ਼ੁਰੂ ਹੋ ਗਈ।

ਭਾਜਪਾ ਆਗੂ ਸ਼ਾਇਨਾ ਐਨਸੀ ਅਤੇ ਮੰਗਲ ਪ੍ਰਭਾਤ ਲੋਢਾ ਨੇ ਰਾਜਪਾਲ ਸੀ ਵਿਦਿਆਸਾਗਰ ਰਾਓ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਚੁੱਕਿਆ ਅਤੇ ਬਰਾਮਦ ਰੋਕਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬੱਕਰੀਆਂ ਦੀ ਹੋ ਰਹੀ ਬਰਾਮਦ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਹੈ।

ਇਹ ਵੀ ਪੜ੍ਹੋ꞉

ਇਸ ਪਾਬੰਦੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਪਸ਼ੂਪਾਲਣ ਵਿੱਚ ਲੱਗੇ ਲੋਕ ਅਤੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਜਦ ਕਿ ਜੈਨ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬੀਬੀਸੀ ਨੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ।

ਭਾਜਪਾ ਦੇ ਰਾਜਸਭਾ ਮੈਂਬਰ ਡਾ਼ ਵਿਕਾਸ ਮਹਾਤਮੇ ਨੇ ਬੀਬੀਸੀ ਨੂੰ ਦੱਸਿਆ, "ਜੈਨ ਭਾਈਚਾਰੇ ਨੇ ਬੱਕਰੀਆਂ ਦੀ ਬਰਾਮਦ ਉੱਪਰ ਪਾਬੰਦੀ ਲਾਉਣ ਨੂੰ ਕਿਹਾ ਪਰ ਬੱਕਰੀਆਂ ਪਾਲਣ ਵਾਲਿਆਂ ਦਾ ਕੀ ਹੋਵੇਗਾ? ਇਹ ਬੱਕਰੀਆਂ ਦੁੱਧ ਨਹੀਂ ਦਿੰਦੀਆਂ। ਕੁਝ ਲੋਕ ਇਨ੍ਹਾਂ ਪਸ਼ੂਆਂ ਬਾਰੇ ਫਿਕਰਮੰਦ ਹਨ ਪਰ ਇਨ੍ਹਾਂ ਨੂੰ ਪਾਲਣ ਵਾਲਿਆਂ ਦੀ ਫਿਕਰ ਨਹੀਂ ਹੈ।"

"ਇਹ ਸਿਰਫ਼ ਦੋ ਹਜ਼ਾਰ ਬੱਕਰੀਆਂ ਦੀ ਗੱਲ ਨਹੀਂ ਹੈ। ਇਸ ਰਾਹੀਂ ਵਿਧਰਭ ਦੇ ਕਿਸਾਨਾਂ ਨੂੰ ਰੋਜ਼ੀ-ਰੋਟੀ ਦਾ ਇੱਕ ਨਵਾਂ ਸਾਧਨ ਖੋਜਣ ਵਿੱਚ ਮਦਦ ਮਿਲੀ ਹੈ। ਸਿਰਫ਼ ਨਾਗਪੁਰ ਵਿੱਚ ਹੀ 46 ਹਜ਼ਾਰ ਭੇਡਾਂ ਅਤੇ ਬੱਕਰੀਆਂ ਹਨ। ਬੱਕਰੀਆਂ ਅਤੇ ਭੇਡੂਆਂ ਦੀ ਬਰਾਮਦ ਨਾਲ ਪਸ਼ੂ ਪਾਲਣ ਵਿੱਚ ਲੱਗੇ ਇਨ੍ਹਾਂ ਲੋਕਾਂ ਨੂੰ ਮਦਦ ਮਿਲਦੀ। ਇਸ ਨੂੰ ਸ਼ੁਰੂ ਕਰਨ ਨਾਲ ਪਿੱਛੇ ਇਹੀ ਸੋਚ ਸੀ ਪਰ ਜੈਨ ਭਾਈਚਾਰੇ ਦੇ ਵਿਰੋਧ ਨੇ ਇਸ ਨੂੰ ਰੋਕ ਦਿੱਤਾ।"

ਬੱਕਰੀਆਂ

ਤਸਵੀਰ ਸਰੋਤ, Reuters

ਮਹਾਤਮੇ ਨੇ ਦੱਸਿਆ ਕਿ ਉਹ ਜੈਨ ਭਾਈਚਾਰੇ ਦੇ ਨੁਮਾਂਇੰਦਿਆਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕਰਨਗੇ।

ਕਤਲ ਦਾ ਵਿਰੋਧ ਹੈ, ਕਿਸਾਨਾਂ ਦਾ ਨਹੀਂ

ਦਿਗੰਬਰ ਜੈਨ ਸਮਿਤੀ ਦੇ ਪ੍ਰਧਾਨ ਡਾਕਟਰ ਰਿਚਾ ਜੈਨ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਖਿਲਾਫ ਨਹੀਂ ਹਨ।

"ਭਗਵਾਨ ਮਹਾਵੀਰ ਨੇ ਦੁਨੀਆਂ ਨੂੰ ਅਹਿੰਸਾ ਪਰਮੋ ਧਰਮ ਦੀ ਸਿੱਖਿਆ ਦਿੱਤੀ ਸੀ। ਜੇ ਇੱਕ ਕੀੜੀ ਵੀ ਮਰਦੀ ਹੈ ਤਾਂ ਜੈਨੀਆਂ ਨੂੰ ਬੁਰਾ ਲਗਦਾ ਹੈ। ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਲੱਖ ਪਸ਼ੂਆਂ ਨੂੰ ਮਾਰਿਆ ਜਾਵੇਗਾ ਤਾਂ ਸਾਨੂੰ ਇਹ ਬਹੁਕ ਡਰਾਉਣਾ ਲੱਗਿਆ ਅਤੇ ਅਸੀਂ ਸਰਕਾਰ ਨੂੰ ਸੰਪਰਕ ਕੀਤਾ। ਅਸੀਂ ਗੱਲਬਾਤ ਲਈ ਤਿਆਰ ਹਾਂ। ਅਸੀਂ ਕਤਲ ਦਾ ਵਿਰੋਧ ਕਰ ਰਹੇ ਹਾਂ ਕਿਸਾਨਾਂ ਦਾ ਨਹੀਂ।"

ਬੱਕਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੰਗ ਕਰਨ ਵਾਲੇ ਜੈਨ ਭਾਈਚਾਰੇ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ।

ਡਾ਼ ਮਹਾਤਮੇ ਕਹਿੰਦੇ ਹਨ ਕਿ ਬੱਕਰੀਆਂ ਦੀ ਬਰਾਮਦਗੀ ਦਾ ਵਿਰੋਧ ਗਲਤ ਹੈ।

ਉਹ ਕਿਹੰਦੇ ਹਨ, "ਬੱਕਰੀਆਂ ਮੁੰਬਈ ਤੋਂ ਜਹਾਜ਼ਾਂ ਰਾਹੀਂ ਬਰਾਮਦ ਕੀਤੀਆਂ ਜਾਂਦੀਆਂ ਹਨ। ਮੁੰਬਈ ਦੇ ਪਸ਼ੂ ਪਾਲਣ ਵਪਾਰ ਨੂੰ ਇਸ ਨਾਲ ਲਾਭ ਹੁੰਦਾ ਹੈ। ਨਾਗਪੁਰ ਅਤੇ ਹੋਰ ਖੇਤਰਾਂ ਨੂੰ ਅਜਿਹਾ ਫਾਇਦਾ ਨਹੀਂ ਹੁੰਦਾ, ਜੈਨ ਭਾਈਚਾਰਾ ਨਾਗਪੁਰ ਤੋਂ ਬਰਾਮਦ ਕਰਨ ਦਾ ਵਿਰੋਧ ਕਰ ਰਿਹਾ ਹੈ, ਨਾ ਕਿ ਮੁੰਬਈ ਤੋਂ।"

ਬੱਕਰੀ ਦਾ ਦੁੱਧ ਵੇਚਣਾ ਇੱਕ ਚੰਗਾ ਵਿਕਲਪ

ਜਦੋਂ ਬੀਬੀਸੀ ਨੇ ਡਾ਼ ਜੈਨ ਨੂੰ ਬਰਾਮਦ ਉੱਪਰ ਪਾਬੰਦੀ ਲਾਉਣ ਮਗਰੋਂ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦਾ ਬਦਲ ਹੈ।

ਬੱਕਰੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸਾਨਾਂ ਨੁੰ ਦੁੱਧ ਅਤੇ ਉੱਨ ਦੇ ਵਪਾਰ ਵਿੱਚ ਕੋਈ ਲਾਭ ਨਹੀਂ ਹੁੰਦਾ।

ਉਨ੍ਹਾਂ ਕਿਹਾ, "ਬੱਕਰੀ ਦਾ ਦੁੱਧ ਸਿਹਤ ਲਈ ਲਾਹੇਵੰਦ ਹੈ, ਤੁਸੀਂ ਇਹ ਵੇਚ ਕੇ ਰੋਜ਼ੀ-ਰੋਟੀ ਕਮਾ ਸਕਦੇ ਹੋ। ਇਸ ਵਿੱਚ ਦਵਾਈਆਂ ਵਾਲੇ ਗੁਣ ਹਨ। ਗਰਭਵਤੀ ਔਰਤਾਂ ਨੂੰ ਬੱਕਰੀ ਦੇ ਦੁੱਧ ਨਾਲ ਲਾਭ ਹੁੰਦਾ ਹੈ, ਤਾਂ ਬੱਕਰੀਆਂ ਨੂੰ ਮਾਰਨ 'ਤੇ ਤੁਸੀਂ ਕਿਉਂ ਤੁਲੇ ਹੋਏ ਹੋ। ਇੱਥੋਂ ਤੱਕ ਕਿ ਭੇਡ ਦੀ ਉੱਨ ਵੇਚ ਕੇ ਕਮਾਈ ਹੁੰਦੀ ਹੈ।"

ਦੁੱਧ ਅਤੇ ਉੱਨ ਦੇ ਵਪਾਰ ਵਿੱਚ ਕੋਈ ਲਾਭ ਨਹੀਂ

ਹਾਲਾਂਕਿ ਡਾ਼ ਜੈਨ ਮੁਤਾਬਕ ਦੁੱਧ ਵੇਚਣਾ ਇੱਕ ਵਿਕਲਪ ਹੈ ਪਰ ਡਾ਼ ਮਹਾਤਮੇ ਇਸ ਨਾਲ ਇਤਿਫਾਕ ਨਹੀਂ ਰੱਖਦੇ।

ਉਹ ਕਹਿੰਦੇ ਹਨ, "ਵਿਧਰਭ ਵਿੱਚ ਕਿਸਾਨਾਂ ਦੀ ਖ਼ੁਦਕੁਸ਼ੀ ਇੱਕ ਗੰਭੀਰ ਮਾਮਲਾ ਹੈ। ਇੱਥੋਂ ਤੱਕ ਕਿ ਸਰਕਾਰ ਨੇ ਵੀ ਇਹ ਮਹਿਸੂਸ ਕੀਤਾ ਹੈ ਕਿਸਨਾਂ ਕੋਲ ਖੇਤੀ ਤੋਂ ਬਿਨਾਂ ਵੀ ਕੋਈ ਧੰਦਾ ਹੋਣਾ ਚਾਹੀਦਾ ਹੈ। ਜੇ ਉਹ ਪਸ਼ੂ ਪਾਲਣ ਵਿੱਚ ਜਾਣਾ ਚਾਹੁਣ ਤਾਂ ਮੁਰਗੀ ਜਾਂ ਬੱਕਰੀ ਪਾਲਣ ਚੁਣਦੇ ਹਨ। ਮੀਟ ਲਈ ਉਨ੍ਹਾਂ ਨੂੰ ਵੇਚਣਾ ਲਾਭਦਾਇਕ ਹੁੰਦਾ ਹੈ।"

ਬੱਕਰੀਆਂ

ਤਸਵੀਰ ਸਰੋਤ, Getty Images

"ਬੱਕਰੀ ਦੁੱਧ ਘੱਟ ਦਿੰਦੀ ਹੈ, ਉਨ੍ਹਾਂ ਨੂੰ ਵੇਚ ਕੇ ਵੀ ਕੋਈ ਜ਼ਿਆਦਾ ਆਮਦਨੀ ਨਹੀਂ ਹੁੰਦੀ। ਇਸੇ ਕਰਕੇ ਬੱਕਰੀਆਂ ਬਰਾਮਦ ਕਰਨ ਦੇ ਵਿਚਾਰ ਨੂੰ ਉਤਸ਼ਾਹਤ ਕੀਤਾ ਗਿਆ ਪਰ ਇਸ ਦਾ ਵਿਰੋਧ ਕੀਤਾ ਗਿਆ। ਇਹ ਦੁੱਖ ਦੀ ਗੱਲ ਹੈ ਕਿ ਲੋਕ ਬੱਕਰੀਆਂ ਦੀ ਫ਼ਿਕਰ ਤਾਂ ਕਰਦੇ ਹਨ ਪਰ ਇਨਸਾਨਾਂ ਦੀ ਨਹੀਂ।"

ਪਸ਼ੂ ਪਾਲਣ ਦਾ ਬਦਲ ਕੀ ਹੈ?

ਮਹਾਤਮੇ ਦਾ ਸਵਾਲ ਹੈ, ਕਿਸਾਨ ਤਾਂ ਕੁਝ ਹੋਰ ਬਦਲ ਆਜ਼ਮਾ ਸਕਦੇ ਹਨ ਪਰ ਉਨ੍ਹਾਂ ਦਾ ਕੀ ਜੋ ਪਹਿਲਾਂ ਹੀ ਪਸ਼ੂ ਪਾਲਣ ਉੱਪਰ ਨਿਰਭਰ ਹਨ?"

ਇਹ ਵੀ ਪੜ੍ਹੋ꞉

ਪਸ਼ੂਆਂ ਨੂੰ ਪਾਲਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੈਨ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਹੋਰ ਕਿੱਤਾ ਅਪਨਾਉਣਾ ਚਾਹੀਦਾ ਹੈ। ਜਦਕਿ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਰਾਤੋ-ਰਾਤ ਤਿਤਰਬਿਤਰ ਕਰ ਦਿੱਤਾ ਗਿਆ ਤਾਂ ਉਹ ਇਸ ਮੁਸ਼ਕਿਲ ਸਮੇਂ ਵਿੱਚ ਕਿਸ ਰੁਜ਼ਗਾਰ ਉੱਪਰ ਨਿਰਭਰ ਕਰਨਗੇ? ਇਹ ਭਾਈਚਾਰਾ ਕਾਫ਼ੀ ਘੱਟ ਪੜ੍ਹਿਆ-ਲਿਖਿਆ ਹੈ। ਜਦੋਂ ਤੱਕ ਉਹ ਵਿਦਿਅਕ ਪੱਖ ਤੋਂ ਉੱਪਰ ਨਹੀਂ ਉਠਦੇ, ਉਹ ਇਹ ਕੰਮ ਨਹੀਂ ਛੱਡ ਸਕਦੇ।"

"ਅਸੀਂ ਜੈਨ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ"

"ਲੋਕਤੰਤਰ ਵਿੱਚ ਸਾਨੂੰ ਸਾਰੇ ਭਾਈਚਾਰਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਜੈਨ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ। ਮੈਂ ਇੱਕ ਸ਼ਾਕਾਹਾਰੀ ਹਾਂ। ਬਹੁਤ ਸਾਰੇ ਲੋਕ ਸਿਹਤ ਕਰਕੇ ਮਾਸ ਖਾਣ ਤੋਂ ਗੁਰੇਜ਼ ਕਰਦੇ ਹਨ।"

ਬੱਕਰੀਆਂ ਛਾਂਟਦੇ ਲੋਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਾਲ ਇਹ ਵੀ ਉੱਠਾਇਆ ਜਾ ਰਿਹਾ ਹੈ ਕਿ ਜੋ ਕਿਸਾਨ ਪਹਿਲਾਂ ਹੀ ਪਸ਼ੂ ਪਾਲਣ ਉੱਪਰ ਨਿਰਭਰ ਹਨ ਉਹ ਕੀ ਕਰਨ।

ਡਾ਼ ਮਹਾਤਮੇ ਕਹਿੰਦੇ ਹਨ ਕਿ ਜੇ ਨਾਗਪੁਰ ਤੋਂ ਬੱਕਰੀਆਂ ਬਰਾਮਦ ਕਰਨ ਨਾਲ ਜੈਨੀਆਂ ਦੀਆਂ ਧਾਰਮਿਕ ਭਾਵਨਾਵਾਂ ਦੁਖਦੀਆਂ ਹਨ ਤਾਂ ਹਰ ਰੋਜ਼ ਮਾਸ, ਆਂਡੇ, ਮਟਨ ਆਦਿ ਖਾਣ ਵਾਲਿਆਂ ਦਾ ਕੀ ਹੋਵੇਗਾ?

ਗੱਲਬਾਤ ਲਈ ਤਿਆਰ ਜੈਨ ਭਾਈਚਾਰਾ

ਡਾ਼ ਮਹਾਤਮੇ ਕਹਿੰਦੇ ਹਨ ਕਿ ਇਹ ਇੱਕ ਰੁਕਾਵਟ ਹੈ ਅਤੇ ਇਸ ਮੁੱਦੇ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੀ ਲੋੜ ਹੈ। ਡਾਕਟਰ ਜੈਨ ਨੇ ਵੀ ਇਸ ਬਾਰੇ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਉਹ ਕਹਿੰਦੇ ਹਨ, "ਜੇ ਇਸ ਮਸਲੇ ਉੱਪਰ ਗੱਲਬਾਤ ਨਾਲ ਹੱਲ ਨਿਕਲਦਾ ਹੈ ਤਾਂ ਅਸੀਂ ਇਸ ਲਈ ਤਿਆਰ ਹਾਂ। ਵਿਧਾਨ ਸਭਾ ਦੇ ਮਾਨਸੂਨ ਇਜਲਾਸ ਲਈ ਸਾਰੇ ਵਿਧਾਇਕ ਇਸ ਸਮੇਂ ਨਾਗਪੁਰ ਵਿੱਚ ਹਨ। ਜੇ ਉਹ ਸਹਿਯੋਗ ਕਰਨ ਤਾਂ ਅਸੀਂ ਇਸ ਬਾਰੇ ਗੱਲਬਾਤ ਕਰ ਸਕਦੇ ਹਾਂ। ਇਸ ਗੱਲਬਾਤ ਵਿੱਚ ਜੈਨ ਭਾਈਚਾਰੇ ਦੇ ਬਜ਼ੁਗਰ ਹਿੱਸਾ ਲੈਣਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)