ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਕਿਉਂ ਅਹਿਮ ਹੈ ਤੁਹਾਡੇ ਲਈ ਕਾਪੀਰਾਇਟ ਬਾਰੇ ਜਾਣਨਾ

ਤਸਵੀਰ ਸਰੋਤ, Getty Images
"ਮੈਂ ਇਹ ਗੀਤ 9ਵੀਂ ਕਲਾਸ ਵਿੱਚ ਲਿਖਿਆ ਸੀ। ਸਾਲ 1990 ਵਿੱਚ ਤਿੰਨ ਗੀਤ ਰਿਕਾਰਡ ਹੋਏ ਸਨ। ਕਾਲਾ ਚਸ਼ਮਾ, ਆਜਾ ਨੀ ਆਜਾ ਤੈਨੂੰ ਨੱਚਣਾ ਸਿਖਾ ਦਿਆਂ, ਗੁਆਂਢੀਆਂ ਦੇ ਢੋਲ ਵੱਜਦਾ ਮੇਰਾ ਨੱਚਣ ਨੂੰ ਜੀਅ ਕਰਦਾ। ਇਹ ਤਿੰਨੋਂ ਗੀਤ ਇੰਗਲੈਂਡ ਵਿਚ ਇੱਕ ਵਿਦੇਸ਼ੀ ਕੰਪਨੀ ਨੇ ਰਿਕਾਰਡ ਕੀਤੇ ਸਨ।
ਫਿਰ 1995 ਵਿੱਚ ਚੰਡੀਗੜ੍ਹ ਦੀ ਇੱਕ ਕੰਪਨੀ ਨੇ 'ਕਾਲਾ ਚਸ਼ਮਾ' ਗੀਤ ਰਿਕਾਰਡ ਕੀਤਾ।
ਇਹ ਦਾਅਵਾ ਹੈ ਕਪੂਰਥਲਾ ਪੁਲਿਸ ਵਿੱਚ ਕੰਮ ਕਰਦੇ ਅਮਰੀਕ ਸਿੰਘ ਦਾ ਜਿਨ੍ਹਾਂ ਨੂੰ ਗੀਤ ਲਿਖਣ ਦਾ ਸ਼ੌਂਕ ਹੈ ਪਰ ਬਾਲੀਵੁੱਡ ਜਾਂ ਸੰਗੀਤ ਜਗਤ ਦੀ ਵੱਡੀ ਦੁਨੀਆ ਤੋਂ ਉਹ ਪੂਰੀ ਤਰ੍ਹਾਂ ਬੇਖਬਰ ਸਨ।
ਇੱਕ ਦਿਨ ਉਨ੍ਹਾਂ ਨੂੰ ਇੱਕ ਫੋਨ ਆਇਆ ਜਿਸ ਨੇ ਉਨ੍ਹਾਂ ਨੂੰ ਖੁਸ਼ੀ ਵੀ ਦਿੱਤੀ ਅਤੇ ਮਾਯੂਸੀ ਵੀ।
ਉਨ੍ਹਾਂ ਦੱਸਿਆ, "ਸਾਲ 2016 ਵਿੱਚ ਮੈਨੂੰ ਇੱਕ ਪੰਜਾਬੀ ਗਾਇਕ ਦਾ ਫੋਨ ਆਇਆ। ਉਨ੍ਹਾਂ ਕਿਹਾ ਮੁੰਬਈ ਤੋਂ ਕੁਝ ਲੋਕ ਹਨ ਜੋ ਕਿ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਹ ਤੁਹਾਡੇ ਗੀਤ ਕਾਲਾ ਚਸ਼ਮਾ ਦਾ ਰੀਮਿਕਸ ਕਰਨਗੇ।
''ਇੱਕ ਸੀਮਿੰਟ ਦੀ ਕੰਪਨੀ ਹੈ, ਜਿਸ ਦੇ ਇੱਕ ਪ੍ਰੋਗਰਾਮ ਦੌਰਾਨ ਇਹ ਗੀਤ ਗਾਇਆ ਜਾਵੇਗਾ। ਮੈਂ ਖੁਸ਼ ਸੀ ਕਿ ਇੱਕ ਵਾਰੀ ਫਿਰ ਇਹ ਗੀਤ ਗਾਇਆ ਜਾਵੇਗਾ ਅਤੇ ਸਭ ਦੀ ਨਜ਼ਰ ਵਿੱਚ ਆਵੇਗਾ।"
ਇਹ ਵੀ ਪੜ੍ਹੋ:
ਇਸ ਦੌਰਾਨ ਫਿਲਮ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਲਈ ਅਮਰੀਕ ਨੂੰ 11 ਹਜ਼ਾਰ ਰੁਪਏ ਮਿਹਨਤਾਨੇ ਵਜੋਂ ਵੀ ਦਿੱਤੇ ਜਾਣਗੇ।
"ਫਿਰ ਉਹ ਮੇਰੇ ਘਰ ਆ ਗਏ, ਮੈਂ ਸਰਕਾਰੀ ਨੌਕਰੀ ਦੀ ਟਰੇਨਿੰਗ ਕਰ ਰਿਹਾ ਸੀ, ਮੈਂ ਸਮਝੌਤਾ ਪੜ੍ਹ ਨਹੀਂ ਸਕਿਆ ਅਤੇ ਦਸਤਖਤ ਕਰ ਦਿੱਤੇ। ਫਿਰ ਤਿੰਨ ਮਹੀਨਿਆਂ ਬਾਅਦ ਮੁੰਬਈ ਰਹਿੰਦੇ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਗੀਤ ਫਿਲਮ ਵਿੱਚ ਆ ਰਿਹਾ ਹੈ। ਮੈਂ ਹੈਰਾਨ ਸੀ।"

ਤਸਵੀਰ ਸਰੋਤ, Amrik Singh/BBC
ਫਿਰ ਅਮਰੀਕ ਸਿੰਘ ਨੇ ਉਸ ਪੰਜਾਬੀ ਗਾਇਕ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਇਸ ਸਾਰੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।
ਅਮਰੀਕ ਸਿੰਘ ਮੁਤਾਬਕ, "ਫਿਰ ਪਤਾ ਲੱਗਿਆ ਕਿ ਵਿੱਚੋਂ ਪੈਸੇ ਇੱਕ ਕੰਪਨੀ ਮਾਲਕ ਤੇ ਗਾਇਕ ਨੇ ਖਾਧੇ ਸਨ। ਮੈਂ ਦਸਤਖਤ ਕਰਕੇ ਕਾਪੀਰਾਈਟ ਦੇ ਚੁੱਕਿਆ ਸੀ। ਇਸ ਕਰਕੇ ਕੇਸ ਨਹੀਂ ਕਰ ਸਕਦਾ ਸੀ।"
"ਮੈਨੂੰ ਕਾਪੀਰਾਈਟ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਬਾਲੀਵੁੱਡ ਇੰਡਸਟਰੀ ਦੀ।"
ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਕਾਪੀਰਾਇਟ
ਇਹ ਘਟਨਾ ਸਾਲ 2016 ਦੀ ਹੈ ਪਰ ਅਜਿਹੇ ਕਈ ਮਾਮਲੇ ਹੁੰਦੇ ਹਨ ਪਰ ਸਾਨੂੰ ਜਾਣਕਾਰੀ ਹੀ ਨਹੀਂ ਹੁੰਦੀ ਕਿ ਸਾਡੇ ਅਧਿਕਾਰ ਕੀ ਹਨ। ਅਸੀਂ ਕੀ ਕਾਰਵਾਈ ਕਰ ਸਕਦੇ ਹਾਂ।
ਸੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਜਦੋਂ ਹਰ ਕੋਈ ਵਾਇਰਲ ਹੋ ਰਹੀਆਂ ਰਚਨਾਵਾਂ/ ਵੀਡੀਓਜ਼ ਦੀ ਵਰਤੋਂ ਸੋਚੇ ਸਮਝੇ ਕਰ ਲੈਂਦਾ ਹੈ, ਅਜਿਹੇ ਵਿਚ ਕਾਪੀਰਾਇਟ ਐਕਟ ਬਾਰੇ ਜਾਣਕਾਰੀ ਰੱਖਣਾ ਹਰ ਕਿਸੇ ਲਈ ਅਹਿਮ ਹੋ ਜਾਂਦੀ ਹੈ।

ਤਸਵੀਰ ਸਰੋਤ, Wavebreakmedia/Getty Images
ਜੇ ਤੁਸੀਂ ਕੋਈ ਕਵਿਤਾ, ਕਹਾਣੀ, ਗੀਤ ਜਾਂ ਫਿਰ ਲਿਟਰੇਚਰ ਨਾਲ ਜੁੜਿਆ ਕੋਈ ਕੰਮ ਕਰਦੇ ਹੋ ਜਾਂ ਫ਼ਿਲਮ ਜਗਤ ਨਾਲ ਸਬੰਧਤ ਕੋਈ ਕੰਮ ਕਰਦੇ ਹੋ ਤਾਂ ਕਾਪੀਰਾਈਟ ਐਕਟ, 1957 ਤੁਹਾਨੂੰ ਕਈ ਅਧਿਕਾਰ ਦਿੰਦਾ ਹੈ।
ਕਾਪੀਰਾਈਟ ਐਕਟ ਵਿੱਚ ਕੰਪਿਊਟਰ ਨਾਲ ਸਬੰਧਤ ਕਈ ਅਧਿਕਾਰਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਸਬੰਧੀ ਸੈਕੰਡਰੀ ਸਿੱਖਿਆ ਅਤੇ ਉਚੇਰੀ ਸਿੱਖਿਆ ਸਬੰਧੀ HRD ਮਹਿਕਮੇ ਦੀ ਵੈੱਬਸਾਈਟ 'ਤੇ ਪੂਰੀ ਜਾਣਕਾਰੀ ਹੈ।
ਇਹ ਵੀ ਪੜ੍ਹੋ:
ਕਾਪੀਰਾਈਟ ਐਕਟ ਕੀ ਹੈ?
ਕਾਪੀਰਾਈਟ ਇੱਕ ਅਧਿਕਾਰ ਹੈ ਜੋ ਕਿ ਲਿਟਰੇਚਰ, ਡਰਾਮਾ, ਸੰਗੀਤ, ਕਲਾਕਾਰਾਂ, ਪ੍ਰੋਡਿਊਸਰਾਂ ਨੂੰ ਦਿੱਤਾ ਗਿਆ ਹੈ। ਕੰਮ ਦੇ ਆਧਾਰ 'ਤੇ ਕਾਪੀਰਾਈਟ ਅਧਿਕਾਰਾਂ ਵਿੱਚ ਥੋੜ੍ਹਾ ਫਰਕ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਕਾਪੀਰਾਈਟ ਰਾਹੀਂ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ, ਪ੍ਰੋਡਿਊਸਰਾਂ, ਕੰਪਿਊਟਰ ਸਾਫ਼ਟਵੇਅਰ ਇੰਜੀਨੀਅਰਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ।
ਕੀ ਬਿਨਾਂ ਇਜਾਜ਼ਤ ਦੇ ਵੀ ਕਿਸੇ ਦੇ ਕੰਮ ਜਾਂ ਕਲਾ ਦੀ ਵਰਤੋਂ ਕੀਤੀ ਜਾ ਸਕਦੀ ਹੈ?
ਕਾਪੀਰਾਈਟ ਐਕਟ ਤਹਿਤ ਕੁਝ ਛੋਟ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਬਿਨਾਂ ਇਜਾਜ਼ਤ ਵੀ ਕਿਸੇ ਦੀ ਕਲਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
-ਰਿਸਰਚ ਜਾਂ ਨਿੱਜੀ ਪੜ੍ਹਾਈ ਲਈ
-ਰਿਵੀਊ ਜਾਂ ਅਲੋਚਨਾ ਲਈ
-ਨਿਆਂਇਕ ਕਾਰਵਾਈ ਲਈ
-ਕਿਸੇ ਸ਼ਖ਼ਸ ਜਾਂ ਗਰੁੱਪ ਵੱਲੋਂ ਪੇਸ਼ਕਾਰੀ ਕੀਤੀ ਜਾ ਸਕਦੀ ਹੈ, ਬਸ਼ਰਤੇ ਇਸ ਨੂੰ ਦੇਖਣ ਲਈ ਦਰਸ਼ਕਾਂ ਤੋਂ ਪੈਸੇ ਨਾ ਲਏ ਜਾ ਰਹੇ ਹੋਣ।
-ਲਿਟਰੇਚਰ, ਡਰਾਮਾ ਅਤੇ ਸੰਗੀਤਮਈ ਕੰਮ ਦੀਆਂ ਕੁਝ ਸ਼ਰਤਾਂ ਤਹਿਤ ਆਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ।
ਕੰਮ ਦਾ ਪਹਿਲਾ ਕਾਪੀਰਾਈਟ ਮਾਲਕਾਨਾ ਹੱਕ ਕਿਸ ਦਾ ਹੈ?
- ਲੇਖਕ ਹੀ ਕਿਸੇ ਕੰਮ ਦਾ ਪਹਿਲਾ ਕਾਪੀਰਾਈਟ ਅਧਿਕਾਰੀ ਹੁੰਦਾ ਹੈ।
- ਸੰਗੀਤ ਦੇ ਕੰਮ ਵਿੱਚ ਕੰਪੋਜ਼ਰ ਹੱਕਦਾਰ
- ਸਿਨੇਮੈਟੋਗ੍ਰਾਫ਼ ਵਿੱਚ ਪ੍ਰੋਡਿਊਸਰ ਕੰਮ ਦਾ ਹੱਕਦਾਰ ਹੁੰਦਾ ਹੈ
- ਸਾਊਂਡ ਰਿਕਾਰਡਿੰਗ ਵਿੱਚ ਪ੍ਰੋਡਿਊਸਰ ਕਾਪੀਰਾਈਟ ਹੱਕਦਾਰ
- ਫੋਟੋਗ੍ਰਾਫ਼ ਦੇ ਕੰਮ ਲਈ ਫੋਟੋਗ੍ਰਾਫ਼ਰ ਕੋਲ ਕਾਪੀਰਾਈਟ ਦਾ ਅਧਿਕਾਰ ਹੁੰਦਾ ਹੈ
- ਕੰਪਿਊਟਰ ਨਾਲ ਸਬੰਧਤ ਕੰਮ ਦੌਰਾਨ ਉਸ ਕੰਮ ਨੂੰ ਕਰਨ ਵਾਲਾ ਸ਼ਖ਼ਸ (ਸਾਫ਼ਟਵੇਅਰ ਬਣਾਉਣ ਵਾਲਾ ਸ਼ਖ਼ਸ)
ਕੀ ਜਨਤਕ ਪੇਸ਼ਕਾਰੀ ਲਈ ਸਬੰਧਤ ਗੀਤਕਾਰ ਤੋਂ ਇਜਾਜ਼ਤ ਲੈਣੀ ਜ਼ਰੂਰੀ?
ਆਡੀਓ ਰਿਕਾਰਡਿੰਗ ਜਾਂ ਜਨਤਕ ਪੇਸ਼ਕਾਰੀ ਲਈ ਜ਼ਰੂਰੀ ਹੈ ਕਿ ਗੀਤ ਨਾਲ ਸਬੰਧਤ ਹਰ ਇੱਕ ਤੋਂ ਇਜਾਜ਼ਤ ਲਈ ਜਾਵੇ।
ਗੀਤ ਦੇ ਪ੍ਰੋਡਿਊਸਰ, ਗੀਤ ਲਿਖਣ ਵਾਲੇ ਗੀਤਕਾਰ, ਗੀਤ ਦਾ ਸੰਗੀਤ ਬਣਾਉਣ ਵਾਲੇ ਸੰਗੀਤਕਾਰ (ਮਿਊਜ਼ਿਕ ਕੰਪੋਜ਼ਰ)।
ਕੀ ਕੋਈ ਸ਼ਖ਼ਸ ਕਾਪੀਰਾਈਟ ਅਧਿਕਾਰੀ ਦੀ ਇਜਾਜ਼ਤ ਬਿਨਾਂ ਉਸ ਦਾ ਕੰਮ ਟਰਾਂਸਲੇਟ ਕਰ ਸਕਦਾ ਹੈ?
ਕਾਪੀਰਾਈਟ ਅਧਿਕਾਰੀ ਦੀ ਇਜਾਜ਼ਤ ਬਿਨਾਂ ਉਸ ਦਾ ਕੰਮ ਟਰਾਂਸਲੇਟ ਨਹੀਂ ਕੀਤਾ ਜੀ ਸਕਦਾ।

ਤਸਵੀਰ ਸਰੋਤ, Bombaert/Getty Images
ਕੀ ਕਾਪੀਰਾਈਟ ਦਾ ਦਾਅਵਾ ਕਰਨ ਲਈ ਕੰਮ ਨੂੰ ਰਜਿਸਟਰ ਕਰਨਾ ਜ਼ਰੂਰੀ ਹੈ?
ਕੰਮ ਖ਼ਤਮ ਹੁੰਦਿਆਂ ਹੀ ਕਾਪੀਰਾਈਟ ਦਾ ਅਧਿਕਾਰ ਆਟੋਮੈਟਿਕ ਮਿਲ ਜਾਂਦਾ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ।
ਹਾਲਾਂਕਿ ਕੋਈ ਵਿਵਾਦ ਹੋਣ 'ਤੇ ਕਾਪੀਰਾਈਟ ਅਧੀਨ ਰਜਿਸਟਰ ਕਰਨ 'ਤੇ ਇਹ ਅਦਾਲਤ ਵਿੱਚ ਇੱਕ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ।
ਕਾਪੀਰਾਈਟ ਐਕਟ ਤਹਿਤ ਕੰਮ ਕਿਵੇਂ ਰਜਿਸਟਰ ਕਰਵਾਇਆ ਜਾ ਸਕਦਾ ਹੈ?
-ਕੰਮ ਖ਼ਤਮ ਹੁੰਦਿਆਂ ਹੀ ਤੁਹਾਡਾ ਇਸ 'ਤੇ ਕਾਪੀਰਾਈਟ ਹੁੰਦਾ ਹੈ।
-ਕਾਪੀਰਾਈਟ ਐਕਟ ਤਹਿਤ ਕੰਮ ਰਜਿਸਟਰ ਕਰਵਾਉਣ ਲਈ ਸਿੱਖਿਆ ਵਿਭਾਗ ਦੇ ਕਾਪੀਰਾਈਟ ਦਫ਼ਤਰ ਵਿੱਚ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਇਸ ਦਫ਼ਤਰ ਦਾ ਮੁਖੀ ਰਜਿਸਟਰਾਰ ਹੁੰਦਾ ਹੈ।
ਕਿੰਨੇ ਸਾਲ ਤੱਕ ਕਾਪੀਰਾਈਟ ਦੇ ਅਧਿਕਾਰ ਦੀ ਮਿਆਦ ਹੁੰਦੀ ਹੈ?
-ਕਿਸੇ ਵੀ ਕਲਾਕਾਰ ਦਾ ਆਪਣੇ ਕੰਮ 'ਤੇ ਅਧਿਕਾਰ 60 ਸਾਲ ਤੱਕ ਹੀ ਰਹਿੰਦਾ ਹੈ।
-ਲਿਟਰੇਚਰ, ਡਰਾਮਾ, ਸੰਗੀਤ ਅਤੇ ਕਲਾਕਾਰੀ ਸਬੰਧੀ ਕੰਮ ਦੇ 60 ਸਾਲ ਸ਼ੁਰੂ ਹੋ ਕੇ ਲੇਖਕ ਦੀ ਮੌਤ ਹੋਣ ਤੱਕ ਰਹਿੰਦਾ ਹੈ।
-ਸਿਨੇਮਾਟੋਗ੍ਰਾਫ਼ ਫਿਲਮਾਂ, ਸਾਊਂਡ ਰਿਕਾਰਡਿੰਗ, ਫੋਟੋਆਂ, ਸਰਕਾਰੀ ਕੰਮ, ਮੌਤ ਤੋਂ ਬਾਅਦ ਪਬਸਲਿਸ਼ ਕੀਤੇ ਲੇਖ, ਕੌਮਾਂਤਰੀ ਸੰਸਥਾਵਾਂ ਦੇ ਕੰਮ ਦੇ 60 ਸਾਲ ਸ਼ੁਰੂ ਹੁੰਦੇ ਹਨ ਪਬਲੀਕੇਸ਼ਨ ਦੀ ਤਰੀਕ ਤੋਂ।
ਕੀ ਕਾਪੀਰਾਈਟ ਲਈ ਕੋਈ ਵਿਸ਼ੇਸ਼ ਅਦਾਲਤਾਂ ਹਨ?
-ਕਾਪੀਰਾਈਟ ਲਈ ਕੋਈ ਵਿਸ਼ੇਸ਼ ਅਦਾਲਤਾਂ ਨਹੀਂ ਹਨ । ਰੈਗੁਲਰ ਅਦਾਲਤਾਂ ਹੀ ਕਾਪੀਰਾਈਟ ਸਬੰਧੀ ਮਾਮਲਿਆਂ ਦੀ ਸੁਣਵਾਈ ਕਰਦੀਆਂ ਹਨ।

ਤਸਵੀਰ ਸਰੋਤ, Getty Images
- ਕਾਪੀਰਾਈਟ ਉਲੰਘਣਾ ਮਾਮਲੇ ਦੀ ਸੁਣਵਾਈ ਕਰਨ ਲਈ ਮੈਟਰੋਪੋਲੀਟੀਨ ਮਜਿਸਟ੍ਰੇਟ ਜਾਂ ਪਹਿਲੇ ਦਰਜੇ ਦਾ ਨਿਆਂਇਕ ਮਜਿਸਟ੍ਰੇਟ ਹੋਣਾ ਜ਼ਰੂਰੀ ਹੈ।
ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰਨ 'ਤੇ ਕਿੰਨੀ ਸਜ਼ਾ?
-ਕਾਪੀਰਾਈਟ ਐਕਟ ਦੀ ਉਲੰਘਣਾ ਕਰਨ ਤੇ 6 ਮਹੀਨੇ ਦੀ ਜੇਲ੍ਹ ਅਤੇ ਘੱਟੋ-ਘੱਟ 50,000 ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।
-ਦੂਜੀ ਵਾਰੀ ਉਲੰਘਣਾ ਕਰਨ 'ਤੇ ਘੱਟੋ-ਘੱਟ ਸਜ਼ਾ ਇੱਕ ਸਾਲ ਅਤੇ ਇੱਕ ਲੱਖ ਰੁਪਏ ਜੁਰਮਾਨਾ।
ਕਾਪੀਰਾਈਟ ਦੀ ਉਲੰਘਣਾ ਕਰਨ 'ਤੇ ਕੀ ਹੋ ਸਕਦੀ ਹੈ ਮੁਲਜ਼ਮ ਖਿਲਾਫ਼ ਕਾਰਵਾਈ?
ਘੱਟੋ-ਘੱਟ ਸਬ ਇੰਸਪੈਕਟਰ ਅਹੁਦੇ 'ਤੇ ਤਾਇਨਾਤ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਇਹ ਲਗਦਾ ਹੈ ਕਿ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਜਾਂ ਫਿਰ ਕੀਤੀ ਜਾ ਸਕਦੀ ਹੈ ਤਾਂ ਬਿਨਾਂ ਵਾਰੰਟ ਉਸ ਕੰਮ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰ ਸਕਦਾ ਹੈ। ਇਹ ਸਾਰੀਆਂ ਕਾਪੀਆਂ ਜਿੰਨੀ ਜਲਦੀ ਹੋ ਸਕੇ ਮਜਿਸਟ੍ਰੇਟ ਸਾਹਮਣੇ ਪੇਸ਼ ਕਰਨੀਆਂ ਜ਼ਰੂਰੀ ਹਨ।












