ਏਸੀ 24 ਡਿਗਰੀ 'ਤੇ ਰੱਖਣ ਨਾਲ ਕੀ ਹੋਵੇਗਾ?

ਤਸਵੀਰ ਸਰੋਤ, Kirtish/BBC
- ਲੇਖਕ, ਭਰਤ ਸ਼ਰਮਾ
- ਰੋਲ, ਬੀਬੀਸੀ ਪੱਤਰਕਾਰ
'ਗਰਮੀ ਬਹੁਤ ਹੈ, ਏਸੀ 18 ਡਿਗਰੀ 'ਤੇ ਕਰੋ'। ਮਈ ਜੂਨ ਦੀ ਤਿੱਖੀ ਗਰਮੀ ਹੋਵੇ ਜਾਂ ਫੇਰ ਮੀਂਹ ਤੋਂ ਬਾਅਦ ਜੁਲਾਈ ਅਗਸਤ ਦੀ ਚਿਪਚਿਪੀ ਗਰਮੀ, ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਏਸੀ ਬਿਨਾਂ ਕੰਮ ਨਹੀਂ ਚੱਲਦਾ।
ਇੱਕ ਜ਼ਮਾਨੇ ਵਿੱਚ ਕਿਸੇ ਦੇ ਘਰ ਏਸੀ ਲੱਗਣ 'ਤੇ ਉਸਦੀ ਰਈਸੀ ਦੀ ਚਰਚਾ ਹੋਣ ਲੱਗਦੀ ਸੀ, ਪਰ ਹੁਣ ਇਹ ਆਮ ਹੈ।
ਅੱਜ ਕਲ੍ਹ ਏਸੀ ਕਿਸੇ ਹੋਰ ਕਾਰਨ ਕਰਕੇ ਚਰਚਾ ਵਿੱਚ ਹਨ। ਖਬਰਾਂ ਸਨ ਕਿ ਏਸੀ ਨੂੰ ਹੁਣ 24 ਡਿਗਰੀ ਤੋਂ ਘੱਟ ਤਾਪਮਾਨ 'ਤੇ ਨਹੀਂ ਚਲਾਇਆ ਜਾ ਸਕੇਗਾ।
ਇਹ ਅਧੂਰਾ ਸੱਚ ਹੈ। ਦਰਅਸਲ ਊਰਜਾ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਏਸੀ ਦੀ ਡਿਫਾਲਟ ਸੈਟਿੰਗ 24 ਡਿਗਰੀ ਸੈਲਸੀਅਸ 'ਤੇ ਰੱਖੀ ਜਾਵੇ ਤਾਂ ਜੋ ਊਰਜਾ ਦਾ ਬਚਾਅ ਹੋ ਸਕੇ।
ਊਰਜਾ ਮੰਤਰਾਲੇ ਦਾ ਕਹਿਣਾ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ ਤੇ ਪ੍ਰਤਿਕਿਰਿਆ ਲਿੱਤੀ ਜਾਵੇਗੀ।
ਜੇ ਸਭ ਕੁਝ ਠੀਕ ਰਿਹਾ ਤਾਂ ਏਸੀ ਨੂੰ 24 ਡਿਗਰੀ 'ਤੇ ਸੈੱਟ ਕਰਨਾ ਲਾਜ਼ਮੀ ਹੋ ਜਾਵੇਗਾ। ਮੰਤਰਾਲੇ ਦਾ ਦਾਅਵਾ ਹੈ ਕਿ ਇਸ ਨਾਲ ਇੱਕ ਸਾਲ ਵਿੱਚ 20 ਅਰਬ ਯੁਨਿਟ ਬਿਜਲੀ ਬਚਾਈ ਜਾ ਸਕੇਗੀ।

ਤਸਵੀਰ ਸਰੋਤ, Chet_W/GettyImages
ਊਰਜਾ ਰਾਜ ਮੰਤਰੀ ਆਰ ਕੇ ਸਿੰਘ ਨੇ ਸਾਰਾ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ, ''ਏਸੀ 'ਤੇ 1 ਡਿਗਰੀ ਸੈਲਸੀਅਸ ਤਾਪਮਾਨ ਵਧਾਉਣ ਨਾਲ 6 ਫੀਸਦ ਊਰਜਾ ਬੱਚਦੀ ਹੈ। ਘੱਟੋ ਘੱਟ ਤਾਪਮਾਨ 21 ਡਿਗਰੀ ਰੱਖਣ ਦੀ ਬਜਾਏ 24 ਡਿਗਰੀ 'ਤੇ ਸੈੱਟ ਕਰਨ ਨਾਲ 18 ਫੀਸਦ ਬਿਜਲੀ ਬਚੇਗੀ।''
ਊਰਜਾ ਮੰਤਰੀ ਨੇ ਕਿਹਾ ਕਿ ਕਮਰੇ ਵਿੱਚ ਤਾਪਮਾਨ ਘੱਟ ਰੱਖਣ ਲਈ ਕੰਪ੍ਰੈਸਰ ਨੂੰ ਵੱਧ ਸਮੇਂ ਲਈ ਮਿਹਨਤ ਕਰਨੀ ਹੁੰਦੀ ਹੈ। ਤਾਪਮਾਨ 24 ਤੋਂ 18 ਡਿਗਰੀ ਕਰਨ 'ਤੇ ਬਹੁਤਾ ਫਰਕ ਨਹੀਂ ਪੈਂਦਾ।
ਏਸੀ ਦੇ ਤਾਪਮਾਨ ਨੂੰ ਲੈ ਕੇ ਬਵਾਲ ਕਿਉਂ?
ਇਹ ਪੂਰਾ ਮਾਮਲਾ ਹੈ ਕੀ? ਕੀ ਵਾਕੇਈ ਕੋਈ ਸਰਕਾਰ ਤੈਅ ਕਰੇਗੀ ਕਿ ਸਾਡਾ ਏਸੀ ਕਿਸ ਤਾਪਮਾਨ 'ਤੇ ਚੱਲੇਗਾ?
ਜੇ ਅਜਿਹਾ ਹੋਵੇ ਤਾਂ ਇਸ ਨਾਲ ਕੀ ਲਾਭ ਹੋਵੇਗਾ, ਕੀ ਤਾਪਮਾਨ ਵੱਧ ਰੱਖਣ ਤੋਂ ਕੁਦਰਤ ਨੂੰ ਕੁਝ ਫਾਇਦਾ ਹੋਵੇਗਾ?
ਸੈਂਟਰ ਫਾਰ ਸਾਈਂਸ ਐਂਡ ਐਨਵਾਇਰਮੈਂਟ ਵਿੱਚ ਪ੍ਰੋਗਰਾਮ ਮੈਨੇਜਰ ਅਵਿਕਲ ਸੋਮਵੰਸ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਸਰਕਾਰ ਇਹ ਪ੍ਰਯੋਗ ਕਰਕੇ ਵੇਖਣਾ ਚਾਹੁੰਦੀ ਹੈ।
ਇਸ ਵਿੱਚ ਏਸੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਡਿਫਾਲਟ ਸੈਟਿੰਗ 24 ਡਿਗਰੀ 'ਤੇ ਰੱਖਣ ਲਈ ਕਿਹਾ ਜਾਂਦਾ ਹੈ। ਫਿਲਹਾਲ ਕੰਪਨੀਆਂ 18 ਤੋਂ 26 ਡਿਗਰੀ ਵਿਚਾਲੇ ਇਹ ਤਾਪਮਾਨ ਰੱਖਦੀਆਂ ਹਨ।
ਉਨ੍ਹਾਂ ਕਿਹਾ, ''ਜੇ ਗੱਲ ਬਣਦੀ ਹੈ ਤਾਂ ਅੱਗੇ ਬਣਨ ਵਾਲੇ ਏਸੀਆਂ ਵਿੱਚ 24 ਡਿਗਰੀ ਸੈਲਸੀਅਸ ਤਾਪਮਾਨ ਸੈੱਟ ਕੀਤਾ ਜਾਵੇਗਾ, ਜਿਸਨੂੰ ਗਾਹਕ ਜ਼ਰੂਰਤ ਪੈਣ 'ਤੇ ਉੱਤੇ ਥੱਲੇ ਕਰ ਸਕਦਾ ਹੈ।''
ਸੋਮਵੰਸ਼ੀ ਨੇ ਕਿਹਾ, ''ਅਸਲ ਵਿੱਚ ਏਸੀ ਕਮਰੇ ਦਾ ਤਾਪਮਾਨ 18 ਡਿਗਰੀ ਤੱਕ ਲੈ ਕੇ ਜਾਣ ਲਈ ਬਣੇ ਹੀ ਨਹੀਂ ਹਨ। ਏਸੀ ਦਾ ਤਾਪਮਾਨ 18-20 ਡਿਗਰੀ 'ਤੇ ਸੈੱਟ ਹੁੰਦਾ ਹੈ ਤੇ ਲੋਕ ਉਸਨੂੰ ਬਦਲਦੇ ਹੀ ਨਹੀਂ। ਅਜਿਹਾ ਕਰਨ 'ਤੇ ਉਹ ਵੱਧ ਬਿਜਲੀ ਖਾਂਦੇ ਹਨ।''
''ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਜਦ ਏਸੀ ਦਾ ਬੋਰਡ 18 ਡਿਗਰੀ ਸੈਲਸੀਅਸ ਤਾਪਮਾਨ ਵਿਖਾਉਂਦਾ ਹੈ ਤਾਂ ਅਸਲ ਵਿੱਚ ਕਮਰੇ ਦਾ ਇੰਨਾ ਤਾਪਮਾਨ ਨਹੀਂ ਹੁੰਦਾ।''
ਪੁਰਾਣੇ ਏਸੀਆਂ ਦਾ ਕੀ ਇਲਾਜ?
ਜੇ ਅਜਿਹਾ ਹੁੰਦਾ ਹੈ ਕਿ ਤਾਂ ਪੁਰਾਣੇ ਏਸੀਆਂ ਦਾ ਕੀ ਹੋਵੇਗਾ? ਸੋਮਵੰਸ਼ੀ ਨੇ ਕਿਹਾ, ''ਊਰਜਾ ਮੰਤਰਾਲੇ ਦਾ ਬਿਆਨ ਇਹੀ ਇਸ਼ਾਰਾ ਕਰਦਾ ਹੈ ਕਿ ਏਸੀ ਦਾ ਤਾਪਮਾਨ 24 ਜਾਂ ਉਸ ਤੋਂ ਵੱਧ ਰੱਖਣ ਲਈ ਲੋਕਾਂ ਨੂੰ ਪ੍ਰੋਤਸ਼ਾਹਿਤ ਕੀਤਾ ਜਾਵੇਗਾ।''
ਸੈਂਟਰ ਫਾਰ ਸਾਈਂਸ ਐਂਡ ਐਨਵਾਇਰਮੈਂਟ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨੂੰ ਏਸੀ ਕੰਪਨੀਆਂ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ, ਪਰ ਇਹ ਇੰਨਾ ਸੌਖਾ ਨਹੀਂ।
ਕੰਪਨੀਆਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੋਇਆ ਤਾਂ ਗਾਹਕ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ ਅਤੇ ਹਰ ਵਾਰ ਏਸੀ ਚਲਾਉਣ 'ਤੇ ਤਾਪਮਾਨ ਬਦਲਣਾ ਹੋਵੇਗਾ।

ਤਸਵੀਰ ਸਰੋਤ, excentric_01/GettyImages
ਜਾਪਾਨ 2005 ਤੋਂ ਕੰਪਨੀਆਂ ਅਤੇ ਘਰਾਂ ਵਿੱਚ ਏਸੀ ਦਾ ਤਾਪਮਾਨ 28 ਡਿਗਰੀ 'ਤੇ ਰੱਖਣ ਲਈ ਅਭਿਆਨ ਚਲਾ ਰਿਹਾ ਹੈ।
ਦੁਨੀਆਂ ਦੀ ਮਸ਼ਹੂਰ ਹਾਰਵਰਡ ਯੁਨੀਵਰਸਿਟੀ ਵਿੱਚ ਤਾਪਮਾਨ 23.3 ਤੋਂ 25.6 ਡਿਗਰੀ ਤੱਕ ਰੱਖਣ ਲਈ ਕਿਹਾ ਜਾਂਦਾ ਹੈ ਅਤੇ ਲੰਡਨ ਸਕੂਲ ਆਫ ਇਕੋਨੋਮਿਕਸ ਵਿੱਚ 24 ਡਿਗਰੀ ਰੱਖਣ ਦੇ ਆਦੇਸ਼ ਹਨ।
ਸੀਐਸਆਈ ਮੁਤਾਬਕ ਕਿਸੇ ਵੀ ਪਰਿਵਾਰ ਦੇ ਬਿਜਲੀ ਦੇ ਬਿੱਲ ਦਾ 80 ਫੀਸਦ ਹਿੱਸਾ ਏਸੀ ਦਾ ਹੁੰਦਾ ਹੈ। ਏਅਰ ਕਨਡੀਸ਼ਨਰ ਚਲਾਉਣ ਲਈ ਬਿਜਲੀ ਦਾ ਇਸਤੇਮਾਲ ਵੱਧ ਹੁੰਦਾ ਹੈ।
ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ 2001 ਤੋਂ ਬਾਅਦ ਦੇ 17 ਸਾਲਾਂ 'ਚੋਂ 16 ਸਾਲ ਵੱਧ ਗਰਮ ਰਹੇ ਹਨ।
ਅਜਿਹੇ ਵਿੱਚ ਏਸੀ ਦੀ ਵੱਧਦੀ ਡਿਮਾਂਡ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
ਇੰਟਰਨੈਸ਼ਨਲ ਐਨਰਜੀ ਏਜੰਸੀ ਮੁਤਾਬਕ 2050 ਤੱਕ ਏਅਰ ਕਨਡੀਸ਼ਨਰ ਚਲਾਉਣ ਲਈ ਲੱਗਣ ਵਾਲੀ ਐਨਰਜੀ ਅੱਜ ਦੇ ਮੁਕਾਬਲੇ ਤਿੰਨ ਗੁਣਾ ਹੋ ਜਾਵੇਗੀ।
ਏਸੀ ਬਨਾਮ ਕੂਲਰ
ਪਰ ਕੀ ਏਸੀ ਗਰਮੀ ਭਜਾਉਂਦਾ ਹੈ? ਅਵਿਕਲ ਸੋਮਵੰਸ਼ੀ ਨੇ ਕਿਹਾ, ''ਪੱਕੇ ਤੌਰ 'ਤੇ ਤਾਂ ਇਹ ਨਹੀਂ ਕਿਹਾ ਜਾ ਸਕਦਾ। ਪਰ ਅਜਿਹੀ ਕਈ ਰਿਸਰਚ ਹੋਈਆਂ ਹਨ ਜੋ ਦੱਸਦੀਆਂ ਹਨ ਕਿ ਏਸੀ ਘਰ ਦੀ ਗਰਮੀ ਬਾਹਰ ਸੁੱਟਦਾ ਹੈ। ਉਹ ਗਰਮੀ ਖਤਮ ਨਹੀਂ ਕਰਦਾ, ਉਸਦੀ ਥਾਂ ਬਦਲ ਦਿੰਦਾ ਹੈ।''
''ਦੂਜੀ ਤਰਫ ਡੈਜ਼ਰਟ ਕੂਲਰ ਦੇ ਮਾਮਲੇ ਵਿੱਚ ਵੱਖਰੀ ਤਕਨੀਕ ਕੰਮ ਕਰਦੀ ਹੈ। ਕੂਲਰ ਗਰਮ ਹਵਾ ਲੈਂਦਾ ਹੈ, ਉਸਨੂੰ ਘੁਮਾਉਂਦਾ ਹੈ, ਪਾਣੀ ਦੀ ਮਦਦ ਨਾਲ ਉਸੇ ਹਵਾ ਨੂੰ ਠੰਡਾ ਕਰਦਾ ਹੈ ਅਤੇ ਫੇਰ ਬਾਹਰ ਸੁੱਟਦਾ ਹੈ।''
ਸੋਮਵੰਸ਼ੀ ਨੇ ਅੱਗੇ ਕਿਹਾ, ''ਕੂਲਰ ਨੂੰ ਲੈ ਕੇ ਪ੍ਰੇਸ਼ਾਨੀ ਇਹ ਹੈ ਕਿ ਭਾਰਤ ਵਿੱਚ ਉਨ੍ਹਾਂ ਦਾ ਏਸੀ ਜਾਂ ਫੈਨ ਵਾਂਗ ਕੋਈ ਸਟਾਰ ਰੇਟਿੰਗ ਸਿਸਟਮ ਨਹੀਂ ਹੈ।''

ਭਾਰਤ ਵਿੱਚ ਗਰਮੀ ਬਹੁਤ ਪੈਂਦੀ ਹੈ, ਇਸਲਈ ਇੱਥੇ ਰਹਿਣ ਵਾਲੇ ਲੋਕ ਉਸਨੂੰ ਝੱਲਣ ਦਾ ਸਮਰੱਥ ਵੀ ਰੱਖਦੇ ਹਨ।
ਉਨ੍ਹਾਂ ਕਿਹਾ, ''ਯੁਰਪ ਦੇ ਕੁਝ ਮੁਲਕਾਂ ਵਿੱਚ ਜੇ ਤਾਪਮਾਨ 28 ਡਿਗਰੀ ਤੋਂ ਪਾਰ ਚਲਿਆ ਜਾਵੇ ਤਾਂ ਲੋਕ ਕਹਿੰਦੇ ਹਨ ਕਿ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਦਕਿ ਭਾਰਤ ਵਿੱਚ 40 ਡਿਗਰੀ ਆਮ ਹੈ।''
ਕੀ ਸਿਰਫ ਏਸੀ ਜਾਂ ਕੂਲਰ ਦੇ ਦਮ 'ਤੇ ਗਰਮੀ ਤੋਂ ਨਿਪਟਿਆ ਜਾ ਸਕਦਾ ਹੈ? ਜਾਣਕਾਰ ਦੱਸਦੇ ਹਨ ਕਿ ਭਾਰਤ ਦੀਆਂ ਇਮਾਰਤਾਂ ਵਿੱਚ ਬਣਨ ਵਾਲਾ ਸਾਮਾਨ ਅਤੇ ਉਨ੍ਹਾਂ ਦਾ ਡੀਜ਼ਾਈਨ ਗਰਮੀ ਵਧਾਉਂਦਾ ਹੈ।
ਸੋਮਵੰਸ਼ੀ ਨੇ ਕਿਹਾ, ''ਇੱਥੇ ਵਧੇਰੇ ਮਕਾਨ ਕੰਕ੍ਰੀਟ ਨਾਲ ਬਣਦੇ ਹਨ। ਆਬਾਦੀ ਵੱਧ ਹੋਣ ਕਰਕੇ ਮਕਾਨ ਕੋਲ ਕੋਲ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਇਮਾਰਤ ਬਣਾਉਣ ਵੇਲੇ ਵੈਨਟੀਲੇਸ਼ਨ 'ਤੇ ਵੀ ਘੱਟ ਧਿਆਨ ਦਿੱਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਰਾਤ ਵਿੱਚ ਵੀ ਮਕਾਨ ਠੰਡੇ ਨਹੀਂ ਰਹਿੰਦੇ।''













