‘ਪਾਪਾ ਫੇਸਬੁੱਕ ‘ਤੇ ਰਹਿੰਦੇ ਹਨ, ਸਾਡੇ ਨਾਲ ਨਹੀਂ’

ਮਾਪਿਆਂ ਦੇ ਮੋਬਾਈਲ ਵਿੱਚ ਰੁੱਝੇਵੇਂ ਕਾਰਨ ਬੱਚੇ ਆਪਣੀ ਗੱਲ ਨਹੀਂ ਦੱਸ ਸਕਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਪਿਆਂ ਦੇ ਮੋਬਾਈਲ ਵਿੱਚ ਰੁੱਝੇਵੇਂ ਕਾਰਨ ਬੱਚੇ ਆਪਣੀ ਗੱਲ ਨਹੀਂ ਦੱਸ ਸਕਦੇ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਅਸੀਂ ਮਾਪਿਆਂ ਨੂੰ ਕਹਿੰਦੇ ਹਾਂ ਅਸੀਂ ਗੱਲ ਕਰਨੀ ਹੈ ਪਰ ਉਹ ਕਹਿੰਦੇ ਹਨ ਬਸ ਇੱਕ ਮਿੰਟ- ਇੱਕ ਮਿੰਟ, ਫਿਰ ਅਸੀਂ ਵੀ ਮੋਬਾਈਲ ਵਿੱਚ ਰੁੱਝ ਜਾਂਦੇ ਹਾਂ।''

ਇਹ ਕਹਿਣਾ ਹੈ ਦਿੱਲੀ ਵਿੱਚ ਰਹਿੰਦੀ ਹਰਲੀਨ ਕੌਰ ਦਾ ਜੋ ਆਪਣੇ ਮਾਪਿਆਂ ਦੀ ਮੋਬਾਈਲ ਦੀ ਆਦਤ ਕਾਰਨ ਕਈ ਵਾਰ ਖਫ਼ਾ ਹੋ ਜਾਂਦੀ ਹੈ।

ਇਸ ਮਸਲੇ 'ਤੇ ਹੋਏ ਫੇਸਬੁੱਕ ਲਾਈਵ ਨੂੰ ਦੇਖਣ ਲਈ ਕਲਿੱਕ ਕਰੋ

ਅਮਰੀਕੀ ਸਕੂਲ ਅਧਿਆਪਕ ਜੈਨ ਐਡਮਜ਼ ਬੀਸਨ ਨੇ ਫੇਸਬੁੱਕ 'ਤੇ ਇਹ ਲਿਖਿਆ ਅਤੇ ਕਿਹਾ ਕਿ 21 ਵਿੱਚੋਂ ਚਾਰ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਮੋਬਾਈਲ ਫੋਨ ਦੀ ਖੋਜ ਹੀ ਨਹੀਂ ਹੋਣੀ ਚਾਹੀਦੀ ਸੀ।

ਬੱਚਿਆਂ ਤੇ ਮਾਪਿਆਂ ਦੇ ਰਿਸ਼ਤੇ ਵਿਚਾਲੇ ਮੋਬਾਈਲ ਦੇ ਦਖਲ ਬਾਰੇ ਬੀਬੀਸੀ ਨੇ ਬੱਚਿਆਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਜਾਣਿਆ ਕਿ ਆਖਿਰ ਇਸ ਪੂਰੇ ਮਸਲੇ ਵਿੱਚ ਦੋਸ਼ੀ ਕੌਣ ਹੈ ਅਤੇ ਮੁੱਦੇ ਦਾ ਹੱਲ ਕੀ ਹੈ।

'ਸਾਡਾ ਸਾਰਾ ਵਕਤ ਫੋਨ ਲੈਂਦਾ ਹੈ'

ਤਰਨਪ੍ਰੀਤ ਅਨੁਸਾਰ ਉਹ ਮਾਪਿਆਂ ਦੇ ਹਰ ਵੇਲੇ ਮੋਬਾਈਲ ਫੋਨ ਦੇ ਇਸਤੇਮਾਲ ਕਾਰਨ ਮਾਪਿਆਂ ਨੂੰ ਦਿਲ ਦੀ ਗੱਲ ਨਹੀਂ ਦਸ ਸਕਦੀ।

ਤਰਨਪ੍ਰੀਤ ਕੌਰ ਨੇ ਕਿਹਾ, "ਸਾਨੂੰ ਲਗਦਾ ਹੈ ਕਿ ਸਾਡੇ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਰਾ ਦਿਨ ਤਾਂ ਅਸੀਂ ਵੀ ਕੰਮ ਵਿੱਚ ਲੱਗੇ ਰਹਿੰਦੇ ਹਾਂ, ਕਦੇ ਸਕੂਲ ਦਾ ਕਦੇ ਕੁਝ ਹੋਰ। ਰਾਤ ਨੂੰ ਖਾਣਾ ਖਾਣ ਵੇਲੇ ਜਾਂ ਸੌਣ ਤੋਂ ਪਹਿਲਾਂ ਦਾ ਵਕਤ, ਸਾਨੂੰ ਲੱਗਦਾ ਹੈ ਕਿ ਸਾਡਾ ਹੈ। ਅਸੀਂ ਸਕੂਲ ਵਿੱਚ ਵਾਪਰੀਆਂ ਸਾਰੀਆਂ ਘਟਨਾਵਾਂ ਦੱਸਣਾ ਚਾਹੁੰਦੇ ਹਾਂ।''

ਕਈ ਪਿਤਾ ਘਰ ਵਿੱਚ ਵੀ ਦਫ਼ਤਰ ਦਾ ਕੰਮ ਕਰਨ ਕਰਕੇ ਬੱਚਿਆਂ ਦੇ ਕਹਿਣ 'ਤੇ ਵੀ ਗੱਲ ਨਹੀਂ ਕਰਦੇ
ਤਸਵੀਰ ਕੈਪਸ਼ਨ, ਕਈ ਪਿਤਾ ਘਰ ਵਿੱਚ ਵੀ ਦਫ਼ਤਰ ਦਾ ਕੰਮ ਕਰਨ ਕਰਕੇ ਬੱਚਿਆਂ ਦੇ ਕਹਿਣ 'ਤੇ ਵੀ ਗੱਲ ਨਹੀਂ ਕਰਦੇ

"ਪਰ ਕੁਝ ਵਕਤ ਤੋਂ ਸਾਡਾ ਟਾਈਮ ਫੋਨ ਨੇ ਲੈ ਲਿਆ ਹੈ। ਪਹਿਲਾਂ ਨੌਜਵਾਨਾਂ ਦੇ ਹੱਥਾਂ ਵਿੱਚ ਮੋਬਾਈਲ ਹੁੰਦਾ ਸੀ ਪਰ ਹੁਣ ਮਾਪਿਆਂ ਦੇ ਹੱਥਾਂ ਵਿੱਚ ਮੋਬਾਈਲ ਆਉਣ ਨਾਲ ਸਾਨੂੰ ਲਗਦਾ ਹੈ ਕਿ ਸਾਡਾ ਟਾਈਮ ਖਿੱਚਿਆ ਜਾ ਰਿਹਾ ਹੈ।''

"ਉਹ ਗੇਮ ਖ਼ਤਮ ਨਹੀਂ ਹੁੰਦੀ, ਉਹ ਚੈਟ ਖ਼ਤਮ ਨਹੀਂ ਹੁੰਦੀ, ਅਸੀਂ ਕਹਿੰਦੇ ਹਾਂ ਇੱਕ ਮਿੰਟ ਸੁਣ ਲਓ, ਪਰ ਉਹ ਸੁਣਦੇ ਨਹੀਂ।''

ਹਰਲੀਨ ਕੌਰ ਕਹਿੰਦੀ ਹੈ, "ਕਈ ਵਾਰ ਤਾਂ ਗੁੱਸਾ ਵੀ ਬਹੁਤ ਆਉਂਦਾ ਹੈ, ਪਾਪਾ ਫੋਨ 'ਤੇ ਲੱਗੇ ਰਹਿੰਦੇ ਹਨ, ਅਸੀਂ ਸੋਚਦੇ ਹਾਂ ਕਿ ਇਹ ਸਾਡੀ ਗੱਲ ਨਹੀਂ ਸੁਣਦੇ ਅਸੀਂ ਵੀ ਨਹੀਂ ਸੁਣਾਂਗੇ।''

"ਪਾਪਾ ਵੀ ਆ ਕੇ ਤਸਵੀਰਾਂ ਸ਼ੇਅਰ ਤੇ ਲਾਈਕ ਤਾਂ ਕਰਦੇ ਹਨ ਪਰ ਅਸੀਂ ਪਾਪਾ ਨਾਲ ਗੱਲ ਸ਼ੇਅਰ ਨਹੀਂ ਕਰ ਸਕਦੇ।''

ਬੱਚਿਆਂ ਦੇ ਵਤੀਰੇ ਵਿੱਚ ਬਦਲਾਅ

ਗਗਨਦੀਪ ਜੋ ਇੱਕ ਬੱਚੇ ਦੇ ਪਿਤਾ ਹਨ ਤੇ ਉਹ ਨਾਈਟ ਡਿਊਟੀ ਕਰਦੇ ਹਨ, ਉਹ ਮੰਨਦੇ ਹਨ ਕਿ ਬੱਚਿਆਂ ਨੂੰ ਵਕਤ ਦੇਣਾ ਚਾਹੀਦਾ ਹੈ।

ਗਗਨਦੀਪ ਸਿੰਘ ਨੇ ਦੱਸਿਆ, "ਜਦੋਂ ਮੈਂ ਮੋਬਾਈਲ ਵੱਧ ਇਸਤੇਮਾਲ ਕਰਦਾ ਹਾਂ ਤਾਂ ਮੇਰਾ ਬੇਟਾ ਮੇਰੇ ਤੋਂ ਮੋਬਾਈਲ ਮੰਗਣ ਲਗਦਾ ਹੈ।''

"ਕਈ ਵਾਰ ਉਹ ਮੇਰੇ ਤੋਂ ਔਖਾ ਵੀ ਹੋ ਜਾਂਦਾ ਹੈ ਤੇ ਪੁੱਠਾ ਜਵਾਬ ਵੀ ਦੇਣ ਲੱਗ ਪੈਂਦਾ ਹੈ। ਜੇ ਸਾਨੂੰ ਅਜਿਹੇ ਸਵਾਲਾਂ ਤੋਂ ਬਚਣਾ ਹੈ ਤਾਂ ਸਾਨੂੰ ਉਨ੍ਹਾਂ ਦੇ ਲਈ ਵਕਤ ਕੱਢਣਾ ਹੀ ਪਵੇਗਾ।''

ਮਾਪਿਆਂ ਦੇ ਮੋਬਾਈਲ ਵਿੱਚ ਵੱਧ ਰੁੱਝੇਵੇਂ ਕਾਰਨ ਬੱਚੇ ਵੀ ਮੋਬਾਈਲ ਵੱਲ ਧਿਆਨ ਦਿੰਦੇ ਹਨ
ਤਸਵੀਰ ਕੈਪਸ਼ਨ, ਮਾਪਿਆਂ ਦੇ ਮੋਬਾਈਲ ਵਿੱਚ ਵੱਧ ਰੁੱਝੇਵੇਂ ਕਾਰਨ ਬੱਚੇ ਵੀ ਮੋਬਾਈਲ ਵੱਲ ਧਿਆਨ ਦਿੰਦੇ ਹਨ

ਬੱਚਿਆਂ ਨੇ ਵੀ ਮੰਨਿਆ ਕਿ ਉਹ ਮਾਪਿਆਂ ਦੇ ਫੋਨ ਵਿੱਚ ਲੱਗਣ ਕਾਰਨ ਖੁਦ ਵੀ ਫੋਨ ਵੱਲ ਜ਼ਿਆਦਾ ਖਿੱਚ ਮਹਿਸੂਸ ਕਰਦੇ ਹਨ।

ਕਾਲਜ ਵਿਦਿਆਰਥਣ ਪੜ੍ਹਨ ਵਾਲੀ ਚਰਨਜੀਤ ਕੌਰ ਨੇ ਦੱਸਿਆ, "ਮੇਰੇ ਤੇ ਮੇਰੇ ਛੋਟੇ ਭਰਾ ਦੋਵਾਂ ਕੋਲ ਮੋਬਾਈਲ ਫੋਨ ਹੈ। ਸਾਨੂੰ ਮਾਪਿਆਂ ਕਾਰਨ ਹੀ ਮੋਬਾਈਲ ਫੋਨ ਦੀ ਆਦਤ ਪਈ ਹੈ।''

"ਹੁਣ ਅਸੀਂ ਦੋਵੇਂ ਭੈਣ-ਭਰਾ ਆਪਸ ਵਿੱਚ ਵੀ ਬਹੁਤ ਘੱਟ ਖੇਡਦੇ ਹਾਂ ਕਿਉਂਕਿ ਅਸੀਂ ਦੋਵੇਂ ਆਪਣੇ ਮੋਬਾਈਲ ਵਿੱਚ ਲੱਗੇ ਰਹਿੰਦੇ ਹਾਂ।''

'ਸਾਨੂੰ ਫੋਨ ਨਾਲ ਕੰਮ ਹੁੰਦੇ ਹਨ'

ਬੀਬੀਸੀ ਦਰਸ਼ਕ ਗੁਰਸੇਵਕ ਸਿੰਘ ਨੇ ਬੱਚਿਆਂ ਤੋਂ ਫੇਸਬੁੱਕ ਕੁਮੈਂਟ ਰਾਹੀਂ ਪੁੱਛਿਆ ਕਿ ਤੁਸੀਂ ਹੁਣ ਮੋਬਾਈਲ ਫੋਨ ਛੱਡ ਸਕਦੇ ਹੋ ਤਾਂ ਤਰਨਪ੍ਰੀਤ ਕੌਰ ਨੇ ਕਿਹਾ, "ਅਸੀਂ ਕਿਸੇ ਵੀ ਚੀਜ਼ ਨੂੰ ਪੂਰੇ ਤਰੀਕੇ ਨਾਲ ਖ਼ਤਮ ਨਹੀਂ ਕਰ ਸਕਦੇ।''

"ਹਰ ਕਿਸੇ ਦੇ ਮਾੜੇ ਤੇ ਚੰਗੇ ਅਸਰ ਹੁੰਦੇ ਹਨ ਤੇ ਕਿਸੇ ਨੂੰ ਕੇਵਲ ਮਾੜੇ ਅਸਰ ਕਾਰਨ ਹੀ ਉਸ ਨੂੰ ਨਹੀਂ ਛੱਡਿਆ ਜਾ ਸਕਦਾ, ਉਸਦਾ ਇਸਤੇਮਾਲ ਘੱਟ ਕੀਤਾ ਜਾ ਸਕਦਾ ਹੈ।''

ਇੱਕ ਹੋਰ ਪਿਤਾ ਗਗਨਦੀਪ ਸਿੰਘ ਜੋ ਇੱਕ ਨਿੱਜੀ ਕੰਪਨੀ ਵਿੱਚ ਮੈਨੇਜਰ ਹਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਫ਼ਤਰ ਦਾ ਕੰਮ ਘਰ ਵਿੱਚ ਵੀ ਕਰਨਾ ਪੈਂਦਾ ਹੈ ਇਸ ਕਾਰਨ ਉਨ੍ਹਾਂ ਨੂੰ ਘਰ ਵਿੱਚ ਵੀ ਫੋਨ ਦਾ ਵਧੇਰੇ ਇਸਤੇਮਾਲ ਕਰਨਾ ਪੈਂਦਾ ਹੈ।

ਖਾਣਾ ਖਾਣ ਵੇਲੇ ਮੋਬਾਈਲ ਦਾ ਇਸਤੇਮਾਲ ਨਾ ਕਰਨ ਦੀ ਆਦਤ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ

ਤਸਵੀਰ ਸਰੋਤ, PJPhoto69/GETTY IMAGES

ਤਸਵੀਰ ਕੈਪਸ਼ਨ, ਖਾਣਾ ਖਾਣ ਵੇਲੇ ਮੋਬਾਈਲ ਦਾ ਇਸਤੇਮਾਲ ਨਾ ਕਰਨ ਦੀ ਆਦਤ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ

ਗਗਨਦੀਪ ਨੇ ਦੱਸਿਆ, "ਦਫਤਰ ਦੇ ਸਾਰੇ ਕੰਮ ਕਈ ਵਾਰ ਪੂਰੇ ਨਹੀਂ ਹੋ ਪਾਉਂਦੇ ਤੇ ਘਰ ਆ ਕੇ ਵੀ ਮੈਂ ਆਪਣੇ ਪਰਿਵਾਰ ਨੂੰ ਵਕਤ ਨਹੀਂ ਦੇ ਪਾਉਂਦਾ। ਮੇਰਾ ਡੇਢ ਸਾਲ ਦਾ ਬੇਟਾ ਵੀ ਮੋਬਾਈਲ ਦਾ ਇਸਤੇਮਾਲ ਕਰਦਾ ਹੈ।

"ਮੈਂ ਤੇ ਮੇਰੀ ਪਤਨੀ ਕਈ ਵਾਰ ਕੰਮ ਵਿੱਚ ਲੱਗੇ ਰਹਿੰਦੇ ਹਾਂ ਉਸ ਵੇਲੇ ਬੱਚੇ ਦਾ ਦਿਲ ਬਹਿਲਾਉਣ ਲਈ ਅਸੀਂ ਉਸ ਨੂੰ ਮੋਬਾਈਲ ਦਿੰਦੇ ਹਾਂ।''

'ਬੱਚਿਆਂ ਨੂੰ ਸਮਝਣਾ ਪਵੇਗਾ'

ਮਹਿੰਦਰ ਕੌਰ ਮੰਨਦੇ ਹਨ ਕਿ ਗਲਤੀ ਬੱਚਿਆਂ ਦੀ ਵੀ ਹੈ। ਉਹ ਕਹਿੰਦੇ ਹਨ, "ਬੱਚੇ ਕਹਿੰਦੇ ਹਨ ਅਸੀਂ ਮੋਬਾਈਲ 'ਤੇ ਹੋਮਵਰਕ ਤੇ ਸਕੂਲ ਦਾ ਹੋਰ ਕੰਮ ਦੇਖਣਾ ਹੈ, ਮੇਰਾ ਸਾਰਾ ਹੋਮਵਰਕ ਮੋਬਾਈਲ 'ਤੇ ਹੈ। ਹੁਣ ਇਹ ਦੱਸੋ ਮਾਪਿਆਂ ਕੋਲ ਟਾਈਮ ਨਹੀਂ ਹੈ ਜਾਂ ਗੱਲਬਾਤ ਦੇ ਲਈ ਬੱਚਿਆਂ ਕੋਲ ਟਾਈਮ ਨਹੀਂ ਹੈ।''

"ਬੱਚਿਆਂ ਨੂੰ ਜੇ ਲੱਗਦਾ ਹੈ ਕਿ ਮਾਪੇ ਉਨ੍ਹਾਂ ਨਾਲ ਵਕਤ ਨਹੀਂ ਗੁਜ਼ਾਰ ਰਹੇ ਤਾਂ ਉਹ ਮਾਪਿਆਂ ਨੂੰ ਬੋਲ ਸਕਦੇ ਹਨ ਪਰ ਬੱਚਿਆਂ ਨੂੰ ਮਾਪਿਆਂ ਦੇ ਨਾਲ ਇਸ ਬਾਰੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।''

ਗੁਰਦੀਪ ਕੌਰ ਮੰਨਦੇ ਹਨ ਕਿ ਉਹ ਮੋਬਾਈਲ ਕਾਰਨ ਕਈ ਵਾਰ ਆਪਣੇ ਬੱਚਿਆਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ।

ਮੋਬਾਈਲ ਫੋਨ ਕਾਰਨ ਲੋਕ ਆਪਸ ਵਿੱਚ ਗੱਲਬਾਤ ਤੋਂ ਪਰਹੇਜ ਕਰਦੇ ਹਨ

ਤਸਵੀਰ ਸਰੋਤ, DragonImages/BBC

ਤਸਵੀਰ ਕੈਪਸ਼ਨ, ਮੋਬਾਈਲ ਫੋਨ ਕਾਰਨ ਲੋਕ ਆਪਸ ਵਿੱਚ ਗੱਲਬਾਤ ਤੋਂ ਪਰਹੇਜ ਕਰਦੇ ਹਨ

ਉਨ੍ਹਾਂ ਨੇ ਕਿਹਾ, "ਕਈ ਵਾਰ ਅਸੀਂ ਫੋਨ ਵਿੱਚ ਲੱਗੇ ਹੁੰਦੇ ਹਾਂ, ਤੇ ਕਹਿੰਦੇ ਹਾਂ ਕਿ ਥੋੜ੍ਹਾ ਰੁਕ ਜਾ ਪਰ ਬੱਚਿਆਂ ਨੂੰ ਸਾਡਾ ਅਣਗੌਲਿਆਂਪਣ ਮਹਿਸੂਸ ਹੁੰਦਾ ਹੈ।''

"ਬੱਚੇ ਅੱਜ ਕੱਲ੍ਹ ਆਪਣੀ ਗੱਲ ਸਾਂਝੀ ਇਸ ਲਈ ਨਹੀਂ ਕਰਦੇ ਕਿਉਂਕਿ ਅਸੀਂ ਉਨ੍ਹਾਂ ਨੂੰ ਟਾਈਮ ਨਹੀਂ ਦੇ ਰਹੇ। ਕਿਤੇ ਨਾ ਕਿਤੇ ਇਹ ਸਾਡੀ ਬਹੁਤ ਵੱਡੀ ਗਲਤੀ ਹੈ।''

"ਮੈਂ ਆਪਣੀ ਗਲਤੀ ਮੰਨਦੀ ਹਾਂ ਕਿ ਸਾਨੂੰ ਸਮਾਂ ਦੇਣਾ ਚਾਹੀਦਾ ਹੈ। ਸਾਨੂੰ ਬੱਚਿਆਂ ਦੀਆਂ ਸਾਰੀਆਂ ਗੱਲਾਂ ਪਤਾ ਹੋਣੀ ਚਾਹੀਦੀਆਂ ਹੈ ਸਗੋਂ ਉਨ੍ਹਾਂ ਬਾਰੇ ਸਾਨੂੰ ਬਾਹਰੋਂ ਨਹੀਂ ਪਤਾ ਚੱਲਣਾ ਚਾਹੀਦਾ।''

ਸਮਾਜ ਸੇਵੀ ਦਰਸ਼ਨ ਸਿੰਘ ਦੱਸਦੇ ਹਨ, "ਘਰ ਵਿੱਚ ਜੇ ਚਾਰ ਲੋਕ ਇਕੱਠੇ ਬੈਠੇ ਹਨ ਤੇ ਚਾਰਾਂ ਦੇ ਹੱਥਾਂ ਵਿੱਚ ਮੋਬਾਈਲ ਹੈ ਤਾਂ ਫਿਰ ਰਿਸ਼ਤਿਆਂ ਵਿੱਚ ਫਰਕ ਤਾਂ ਆਵੇਗਾ ਹੀ।''

"ਸਾਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਘੱਟੋ-ਘੱਟ ਇਹ ਕੋਸ਼ਿਸ਼ ਕਰੀਏ ਕਿ ਅਸੀਂ ਦਿਨ ਵਿੱਚ ਤਿੰਨ ਵਾਰੀ ਤਾਂ ਇਕੱਠੇ ਖਾਣਾ ਖਾਈਏ ਅਤੇ ਖਾਣੇ ਦੇ ਵੇਲੇ ਸਾਡੇ ਫੋਨ ਸਵਿਚ ਆਫ ਹੋਣੇ ਚਾਹੀਦੇ ਹਨ।''

ਦਰਸ਼ਨ ਸਿੰਘ ਨੇ ਕਿਹਾ, "ਫੋਨ ਦੀ ਆਪਣੀ ਲੋੜ ਹੈ ਅਤੇ ਫੋਨ ਤੋਂ ਲਾਹਾ ਲਿਆ ਜਾ ਸਕਦਾ ਹੈ ਅਤੇ ਉਹ ਜਾਣਕਾਰੀ ਦਾ ਇੱਕ ਸਰੋਤ ਹੈ।'' "ਜੇ ਤੁਸੀਂ ਕਿਤਾਬ ਵਾਰ-ਵਾਰ ਖੋਲ੍ਹ ਕੇ ਨਹੀਂ ਪੜ੍ਹ ਸਕਦੇ ਤਾਂ ਤੁਸੀਂ ਮੋਬਾਈਲ ਕਿਉਂ ਖੋਲ੍ਹ ਰਹੇ ਹੋ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)