ਤੁਸੀਂ ਕਿੰਨਾਂ ਸਮਾਂ ਸੋਸ਼ਲ ਮੀਡੀਆ ਜਾਂ ਕਿਸੇ ਸਕਰੀਨ ਨੂੰ ਦੇਖਦੇ ਹੋ ?

ਤਸਵੀਰ ਸਰੋਤ, Getty Images
- ਲੇਖਕ, ਐਮੀ ਓਰਬਿਨ
- ਰੋਲ, ਆਕਸਫੋਰਡ ਯੂਨੀਵਰਸਿਟੀ, ਬੀਬੀਸੀ ਲਈ
ਸਕਰੀਨਾਂ ਦੇ ਨੁਕਸਾਨ ਦੀ ਗੱਲ ਆਮ ਹੀ ਹੁੰਦੀ ਹੈ। ਖ਼ਾਸ ਕਰਕੇ ਜਦੋਂ ਸੋਸ਼ਲ ਮੀਡੀਆ ਤੇ ਬਿਤਾਏ ਸਮੇਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਆਖ਼ਰ ਕਿੰਨਾ ਸਮਾਂ ਮੋਬਾਈਲ ਜਾਂ ਕਿਸੇ ਹੋਰ ਸਕਰੀਨ ਸਾਹਮਣੇ ਬਿਤਾਉਣਾ ਠੀਕ ਹੈ।
ਐਪਲ ਦੇ ਸੀਈਓ ਟੌਮ ਕੁੱਕ ਨੇ ਇੱਕ ਵਾਰ ਕਿਹਾ ਸੀ ਕਿ ਉਹ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਭਤੀਜਾ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਏ।
ਬੱਚਿਆਂ ਦੀ ਸਿਹਤ ਦੇ ਮਾਹਿਰ ਵੀ ਫੇਸਬੁੱਕ ਨੂੰ ਲਿਖ ਚੁੱਕੇ ਹਨ ਕਿ ਜ਼ਿਆਦਾ ਸਮਾਂ ਡਿਜੀਟਲ ਉਪਕਰਨਾਂ ਜਾਂ ਸੋਸ਼ਲ ਮੀਡੀਆ ਤੇ ਬਿਤਾਉਣਾ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ ਹੈ।
ਇਸ ਦੀਆਂ ਕਈ ਮਿਸਾਲਾਂ ਹਨ। ਜਿਵੇਂ- ਸੋਸ਼ਲ ਮੀਡੀਆ ਤੇ ਬੱਚੇ ਮਜ਼ਾਕ ਦਾ ਪਾਤਰ ਬਣ ਸਕਦੇ ਹਨ ਜੋ ਬੱਚਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਦਾ ਇਹ ਮਤਲਬ ਕਤਈ ਨਹੀਂ ਹੈ ਕਿ ਤਕਨੀਕ ਦੀ ਵਰਤੋਂ ਬਿਲਕੁਲ ਹੀ ਗਲਤ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸ ਵਿਅਕਤੀ ਨੂੰ ਕਿੰਨਾ ਪ੍ਰਭਾਵਿਤ ਕਰੇਗੀ।
ਇਸਦੇ ਉਲਟ ਕੁਝ ਅਧਿਐਨਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਦੇ ਲਾਭ ਵੀ ਹੋ ਸਕਦੇ ਹਨ।
ਨਿੱਜੀ ਫੈਸਲਾ
ਸੋਸ਼ਲ ਮੀਡੀਆ ਤੇ ਕਿੰਨਾਂ ਸਮਾਂ ਬਿਤਾਉਣਾ ਚਾਹੀਦਾ ਹੈ ਇਸ ਬਾਰੇ ਹਰੇਕ ਨੂੰ ਨਿੱਜੀ ਫੈਸਲਾ ਕਰਨਾ ਹੋਵੇਗਾ।
ਯੂਨੀਸੈੱਫ ਨੇ ਮੌਜੂਦਾ ਅਧਿਐਨਾਂ ਦੇ ਆਧਾਰ ਤੇ ਕਿਹਾ ਹੈ ਕਿ ਸੋਸ਼ਲ ਮੀਡੀਆ ਬੱਚਿਆਂ ਦੀ ਮਾਨਸਿਕ ਸਿਹਤ ਲਈ ਨੁਕਸਾਨਦਾਇਕ ਹੀ ਨਹੀਂ ਬਲਕਿ ਇਸ ਦੇ ਕਾਫੀ ਗੁੰਝਲਦਾਰ ਪ੍ਰਭਾਵ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਯੂਨੀਸੈੱਫ ਨੇ ਸਾਲ 2017 ਦੀ ਮੇਰੇ ਆਕਸਫੋਰਡ ਯੂਨੀਵਰਸਿਟੀ ਦੇ ਸਹਿਕਰਮੀਆਂ ਦੇ ਕੀਤੇ ਇੱਕ ਅਧਿਐਨ ਦਾ ਜ਼ਿਕਰ ਕੀਤਾ ਹੈ। ਇਸ ਵਿੱਚ 15 ਸਾਲਾਂ ਦੇ 1,20,000 ਬਰਤਾਨਵੀ ਸ਼ਾਮਲ ਸਨ।
ਦੇਖਿਆ ਗਿਆ ਕਿ ਸੋਸ਼ਲ ਮੀਡੀਆ ਘੱਟ ਵਰਤਣ ਵਾਲਿਆਂ ਗਭਰੇਟਾਂ ਦਾ ਇਹੀ ਸਮਾਂ ਵਧਾਉਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਹੋਇਆ। ਸ਼ਾਇਦ ਇਸ ਦਾ ਇੱਕ ਕਾਰਨ ਦੋਸਤਾਂ ਨਾਲ ਬਿਤਾਏ ਸਮੇਂ ਵਿੱਚ ਹੋਇਆ ਵਾਧਾ ਸੀ।
ਦੂਸਰੇ ਪਾਸੇ ਜਿਹੜੇ ਪਹਿਲਾਂ ਹੀ ਜ਼ਿਆਦਾ ਵਰਤਦੇ ਸਨ ਜਦੋਂ ਉਨ੍ਹਾਂ ਦਾ ਸਮਾਂ ਵਧਾਇਆ ਗਿਆ ਤਾਂ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਨਿਘਾਰ ਆਇਆ। ਸ਼ਾਇਦ ਇਸ ਕਰਕੇ ਕਿ ਇਸ ਨਾਲ ਹੋਰ ਕੰਮਾਂ ਲਈ ਉਨ੍ਹਾਂ ਕੋਲ ਸਮਾਂ ਹੀ ਨਹੀਂ ਸੀ ਬਚ ਰਿਹਾ।
ਵਿਗਿਆਨੀਆਂ ਨੇ ਦੇਖਿਆ ਕਿ ਤਕਨੀਕ ਕਦੋਂ ਦਵਾਈ ਤੇ ਕਦੋਂ ਜ਼ਹਿਰ ਬਣ ਰਹੀ ਸੀ ਇਹ ਹਰ ਵਰਗ ਲਈ ਵੱਖਰੀ ਮਿਆਦ ਸੀ।
ਮਿਸਾਲ ਵਜੋਂ ਕਿਸੇ ਦਿਨ ਦੋ ਘੰਟੇ ਦੀ ਸੋਸ਼ਲ ਮੀਡੀਆ ਵਰਤੋਂ ਅਤੇ ਛੁੱਟੀ ਵਾਲੇ ਦਿਨ ਚਾਰ ਘੰਟਿਆਂ ਦੀ ਵਰਤੋਂ ਨਾਲ ਸਿਹਤ ਖ਼ਰਾਬ ਹੋ ਰਹੀ ਸੀ।
ਸਕਰੀਨ ਦੇਖਣਾ ਸਿਹਤ ਲਈ ਵਧੀਆ
ਇਹ ਅਸਰ ਕੋਈ ਵੱਡੀ ਗਿਣਤੀ 'ਤੇ ਨਹੀਂ ਸਗੋਂ ਮਹਿਜ਼ 1 ਫ਼ੀਸਦ ਗਭਰੇਟਾਂ ਤੇ ਹੀ ਦੇਖਿਆ ਗਿਆ ਸੀ।
ਇਸ ਦੇ ਮੁਕਾਬਲੇ ਦੇਖਿਆ ਗਿਆ ਕਿ ਸਮੇਂ ਸਿਰ ਨਾਸ਼ਤਾ ਕਰਨ, ਰਾਤ ਨੂੰ ਢੁਕਵੀਂ ਨੀਂਦ ਲੈਣ ਦਾ ਅਸਰ ਕਿਤੇ ਵਧੇਰੇ ਸੀ।
ਕੁੱਲ ਮਿਲਾ ਕੇ ਯੂਨੀਸੈੱਫ ਦੇ ਅਧਿਐਨ ਨੇ ਸੁਝਾਇਆ ਕਿ ਕੁਝ ਸਮੇਂ ਲਈ ਸਕਰੀਨ ਦੇਖਣਾ ਸਿਹਤ ਲਈ ਵਧੀਆ ਸੀ।

ਤਸਵੀਰ ਸਰੋਤ, Getty Images
ਰਿਪੋਰਟ ਵਿੱਚ ਕਿਹਾ ਗਿਆ, "ਡੀਜੀਟਲ ਟੈਕਨੌਲੋਜੀ ਦਾ ਬੱਚਿਆਂ ਦੇ ਸਮਾਜਿਕ ਰਿਸ਼ਤਿਆਂ 'ਤੇ ਲਾਭਕਾਰੀ ਪ੍ਰਭਾਵ ਲਗਦਾ ਹੈ।" ਇਸ ਦੇ ਮੁਕਾਬਲੇ ਸਰੀਰਕ ਗਤੀਵਿਧੀਆਂ ਦੇ ਪ੍ਰਭਾਵ ਬਾਰੇ 'ਕੋਈ ਨਤੀਜਾ ਨਹੀਂ' ਕੱਢਿਆ ਜਾ ਸਕਿਆ।
ਡੀਜੀਟਲ ਟੈਕਨੌਲੋਜੀ ਬਾਰੇ ਅਜਿਹੇ ਹੀ ਨਤੀਜੇ ਅਮਰੀਕੀ ਗਭਰੇਟਾਂ 'ਤੇ ਕੀਤੇ ਗਏ ਅਧਿਐਨ ਤੋ ਵੀ ਕੱਢੇ ਗਏ ਜਿੱਥੇ ਕਸਰਤ ਦੇ ਪ੍ਰਭਾਵ ਕਿਤੇ ਵਧੇਰੇ ਸਪਸ਼ਟ ਅਤੇ ਹਾਂਮੁਖੀ ਸਨ।
ਖੋਜੀਆਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਸੋਸ਼ਲ ਮੀਡੀਆ ਅਤੇ ਡੀਜੀਟਲ ਟੈਕਨੌਲੋਜੀ ਦੀ ਵਰਤੋਂ ਬੱਚਿਆਂ 'ਤੇ ਮਾੜਾ ਅਸਰ ਪਾਉਂਦੀ ਹੈ।
ਔਕਸਫੋਰਡ ਯੂਨੀਵਰਸਿਟੀ ਦੇ ਉਲਟ ਇਸ ਅਧਿਐਨ ਨੇ ਬੱਚਿਆਂ ਲਈ ਘੱਟ ਸਮੇਂ ਦੀ ਸ਼ਿਫਾਰਿਸ਼ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਅੱਧੇ ਘੰਟੇ ਲਈ ਸਕਰੀਨ ਦੇਖਣਾ ਗਭਰੇਟਾਂ ਲਈ ਸਭ ਤੋਂ ਵਧੀਆ ਹੈ।
ਸਾਲ 2013 ਵਿੱਚ ਬਰਤਾਨੀਆ ਦੇ 11,000 ਪੰਜ ਸਾਲ ਦੇ ਬੱਚਿਆਂ ਉੱਪਰ ਉਨ੍ਹਾਂ ਦੀਆਂ ਟੈਲੀਵਿਜ਼ਨ ਅਤੇ ਵੀਡੀਓ ਗੇਮ ਦੀਆਂ ਆਦਤਾਂ ਬਾਰੇ ਲੰਮੇ ਸਮੇਂ ਤੱਕ ਅਧਿਐਨ ਕੀਤਾ ਗਿਆ।
ਦੇਖਿਆ ਗਿਆ ਕਿ ਦਿਨ ਵਿੱਚ ਇੱਕ ਘੰਟਾ ਜਾਂ ਉਸ ਤੋਂ ਘੱਟ ਸਮਾਂ ਟੀਵੀ ਦੇਖਣ ਵਾਲੇ ਬੱਚਿਆਂ ਦੇ ਮੁਕਾਬਲੇ ਤਿੰਨ ਘੰਟੇ ਜਾਂ ਉਸ ਤੋਂ ਵੱਧ ਟੀਵੀ ਦੇਖਣ ਵਾਲਿਆਂ ਦਾ ਇਹੀ ਸਮਾਂ ਜਦੋਂ ਵਧਾਇਆ ਗਿਆ ਤਾਂ ਉਨ੍ਹਾਂ ਦੇ ਵਿਹਾਰ ਵਿੱਚ ਮੁਸ਼ਕਿਲਾਂ ਦੇਖੀਆਂ ਗਈਆਂ।
ਵੀਡੀਓ ਗੇਮਜ਼ ਨਾਲ ਹਾਲਾਂਕਿ ਅਜਿਹਾ ਕੋਈ ਖ਼ਤਰਾ ਨੋਟ ਨਹੀਂ ਕੀਤਾ ਗਿਆ।
ਤਾਂ ਫਿਰ ਆਖ਼ਰ ਕਿੰਨੀਂ ਦੇਰ ਅਸੀਂ ਤੇ ਸਾਡੇ ਬੱਚੇ ਸਕਰੀਨ ਦੇਖ ਸਕਦੇ ਹਨ?
ਸਟੀਕ ਰੂਪ ਵਿੱਚ ਇਹ ਦੱਸ ਸਕਣਾ ਮੁਸ਼ਕਿਲ ਹੈ।
ਮਿਸਾਲ ਵਜੋਂ ਦੋਸਤਾਂ ਨਾਲ ਚੈਟ ਕਰਨ ਵਾਲਾ ਵਿਅਕਤੀ, ਆਪਣੇ ਨਾਲ ਜੁੜੇ ਲੋਕਾਂ ਦੀਆਂ ਮਹਿਜ਼ ਤਸਵੀਰਾਂ ਦੇਖਣ ਵਾਲੇ ਨਾਲੋਂ ਬਿਲਕੁਲ ਵੱਖਰੇ ਤਰੀਕੇ ਨਾਲ ਸੋਸ਼ਲ ਮੀਡ ਵਰਤੋਂ ਕਰ ਰਿਹਾ ਹੈ।
ਜਾਪਦਾ ਹੈ ਕਿ ਇਸ ਬਾਰੇ ਗੱਲ ਨੂੰ ਬਹੁਤੀ ਹੀ ਸੌਖੀ ਕਰਕੇ ਦੇਖਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਇਸ ਦੀ ਤੁਲਨਾ ਖੰਡ ਨਾਲ ਕੀਤੀ ਜਾ ਸਕਦੀ ਹੈ। ਜ਼ਿਆਦਾ ਖੰਡ ਸਾਡੇ ਲਈ ਨੁਕਸਾਨਦਾਇਕ ਹੈ ਇਸ ਬਾਰੇ ਸਾਰੇ ਸਹਿਮਤ ਹਨ।
ਹਾਂ ਇਸ ਦਾ ਅਸਰ ਕਿਹੋ ਜਿਹਾ ਹੋਵੇਗਾ ਇਹ ਖੰਡ ਦੀ ਕਿਸਮ (ਫਲ, ਰਿਫਾਇੰਡ) ਅਤੇ ਨਾਲ ਹੀ ਖਾਣ ਵਾਲੇ (ਖਿਡਾਰੀ ਹੈ, ਮੋਟਾ ਹੈ ਜਾਂ ਸ਼ੂਗਰ ਦਾ ਮਰੀਜ਼) 'ਤੇ ਅਤੇ ਇਸ ਦੇ ਨਾਲ ਹੀ ਮਾਤਰਾ 'ਤੇ ਵੀ ਨਿਰਭਰ ਕਰਦਾ ਹੈ।
ਇਸ ਬਾਰੇ ਅਸੀਂ ਤੁਰੰਤ ਹੀ ਕਿਸੇ ਦੇ ਦਾਅਵਿਆਂ ਨੂੰ ਸਵੀਕਾਰ ਨਹੀਂ ਕਰ ਸਕਦੇ।
ਇਹੀ ਗੱਲ ਸੋਸ਼ਲ ਮੀਡੀਆ ਬਾਰੇ ਹੈ। ਇਸ ਦੇ ਨਤੀਜੇ ਕਈ ਕਾਰਨਾਂ 'ਤੇ ਨਿਰਭਰ ਕਰਦੇ ਹਨ ਜਿਸ ਕਰਕੇ ਸਿਰਫ ਅੰਦਾਜ਼ੇ ਹੀ ਲਾਏ ਜਾ ਸਕਦੇ ਹਨ।
ਵਿਗਿਆਨਕ ਅਧਿਐਨ ਇਸ ਵਿੱਚ ਸਾਡੀ ਮਦਦ ਕਰ ਸਕਦੇ ਹਨ ਪਰ ਕੋਈ ਪੱਕੇ ਸਬੂਤ ਹਾਲੇ ਨਹੀਂ ਹਨ।
ਆਉਂਦੇ ਸਾਲਾਂ ਵਿੱਚ ਜਦੋਂ ਇਸ ਸਬੰਧੀ ਹੋਰ ਜਾਣਕਾਰੀ ਮਿਲੇਗੀ ਤਾਂ ਸਥਿਤੀ ਹੋਰ ਸਾਫ਼ ਹੋਵੇਗੀ।
ਫਿਲਹਾਲ ਤਾਂ ਸਾਨੂੰ ਆਪਣੇ ਵਿਵੇਕ ਤੇ ਹੀ ਨਿਰਭਰ ਕਰਨਾ ਪਵੇਗਾ ਕਿ ਸਾਡੇ ਲਈ ਸੋਸ਼ਲ ਮੀਡੀਆ ਜਾਂ ਕਿਸੇ ਸਕਰੀਨ ਨੂੰ ਕਿੰਨਾਂ ਸਮਾਂ ਦੇਣਾ ਸਹੀ ਹੈ ਅਤੇ ਕਿੰਨੇ ਸਮੇਂ ਤੋਂ ਵੱਧ ਇਹ ਸਾਡੇ ਲਈ ਜਾਂ ਸਾਡੇ ਬੱਚਿਆਂ ਲਈ ਸਮੱਸਿਆ ਬਣ ਜਾਂਦਾ ਹੈ।

ਇਸ ਲੇਖ ਬਾਰੇ꞉
ਬੀਬੀਸੀ ਨੇ ਇਹ ਵਿਸ਼ਲੇਸ਼ਣੀ ਲੇਖ ਲਿਖਣ ਲਈ ਬਾਹਰੀ ਸੰਸਥਾ ਦੀ ਮਾਹਿਰ ਨੂੰ ਬੇਨਤੀ ਕੀਤੀ ਸੀ। ਐਮੀ ਓਰਬਿਨ ਆਕਸਫੋਰਡ ਯੂਨੀਵਰਸਿਟੀ ਵਿੱਚ ਸੋਸ਼ਲ ਮੀਡੀਆ ਦੇ ਮਨੁੱਖੀ ਰਿਸ਼ਤਿਆਂ ਉੱਪਰ ਪ੍ਰਭਾਵ ਦਾ ਅਧਿਐਨ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਟਵਿੱਟਰ ਪਤੇ @OrbenAmy 'ਤੇ ਸੰਪਰਕ ਕਰ ਸਕਦੇ ਹੋ।
ਸੰਪਾਦਕ- ਡੰਕਨ ਵਾਕਰ












